07-04-26
ਰਸਤਿਆਂ 'ਤੇ ਨਾਜਾਇਜ਼ ਕਬਜ਼ੇ
ਪੰਜਾਬ ਦੇ ਦਿਹਾਤੀ ਤੇ ਸ਼ਹਿਰੀ ਖੇਤਰ 'ਚ ਬਹੁਤ ਸਾਰੇ ਲੋਕਾਂ ਦੇ ਅਣਅਧਿਕਾਰਤ ਤੌਰ 'ਤੇ ਕਬਜ਼ੇ ਕੀਤੇ ਹੋਏ ਹਨ। ਪਿੰਡਾਂ ਦੀਆਂ ਕੱਚੀਆਂ ਪਹੀਆਂ ਜੋ ਖੇਤਾਂ ਨੂੰ ਜਾਂਦੀਆਂ ਹਨ, ਨੂੰ ਲੋਕਾਂ ਨੇ ਵੱਢ-ਵੱਢ ਕੇ ਆਪਣੇ ਖੇਤਾਂ ਵਿੱਚ ਰਲਾਈਆਂ ਹੋਈਆਂ ਹਨ, ਜਿਸ ਕਾਰਨ ਜਿੱਥੇ ਆਮ ਲੋਕਾਂ ਨੂੰ ਲੰਘਣ ਜਾਂ ਆਪਣੇ ਟ੍ਰੈਕਟਰ-ਟਰਾਲੀਆਂ, ਪੱਠੇ ਵਾਲੀਆਂ ਰੇਹੜੀਆਂ ਲੰਘਾਉਣ 'ਚ ਵੱਡੀ ਮੁਸ਼ਕਿਲ ਆਉਂਦੀ ਹੈ, ਉੱਥੇ ਸੰਬੰਧਿਤ ਖੇਤ ਵਾਲੇ ਦੀ ਖ਼ੁਦ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ, ਜਿਸ ਕਾਰਨ ਲੜਾਈ-ਝਗੜੇ ਦੀ ਨੌਬਤ ਤੋਂ ਬਾਅਦ ਕਤਲਾਂ ਤੱਕ ਦੀ ਨੌਬਤ ਵੀ ਆ ਜਾਂਦੀ ਹੈ।
ਇਸੇ ਤਰ੍ਹਾਂ ਸ਼ਹਿਰਾਂ ਵਿਚ ਵੀ ਲੋਕਾਂ ਨੇ ਗਲੀਆਂ ਵਿਚ 5-5 ਫੁੱਟ ਤੱਕ ਰੈਂਪ ਬਣਾਏ ਹੋਏ ਹਨ, ਜਿਸ ਕਾਰਨ ਆਂਢੀ-ਗੁਆਂਢੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪਰ ਹੁਣ ਤੱਕ ਕਿਸੇ ਪ੍ਰਸ਼ਾਸਨ ਜਾਂ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਹੁਣ 'ਆਪ' ਸਰਕਾਰ ਨੇ ਇਸ ਪਾਸੇ ਸਖ਼ਤੀ ਦਾ ਫ਼ੈਸਲਾ ਲਿਆ ਹੈ, ਜੋ ਇੱਕ ਸ਼ਲਾਘਾਯੋਗ ਕਦਮ ਹੈ। ਇਹ ਫੈਸਲਾ ਸਿਰਫ ਕਾਗਜ਼ੀ ਕਾਰਵਾਈ ਨਾ ਰਹੇ, ਬਲਕਿ ਇਸ ਨੂੰ ਅਮਲੀ ਜਾਮਾਂ ਪਹਿਨਾਇਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
-ਇੰਜੀ. ਰਛਪਾਲ ਸਿੰਘ ਚੰਨੂੰਵਾਲਾ
ਡੀ. ਐਸ. ਪੀ. ਵਾਲੀ ਗਲੀ,
ਅਕਾਲਸਰ ਰੋਡ, ਮੋਗਾ।
ਸਿਹਤ ਅਤੇ ਤੰਦਰੁਸਤੀ
ਸਿਹਤ ਅਤੇ ਫਿਟਨੈੱਸ ਮਨੁੱਖੀ ਜੀਵਨ ਦੇ ਬੁਨਿਆਦੀ ਆਧਾਰ ਹਨ। ਜੇ ਮਨੁੱਖ ਦੀ ਸਿਹਤ ਚੰਗੀ ਹੋਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ। ਸਿਹਤ ਦਾ ਅਰਥ ਸਿਰਫ਼ ਬਿਮਾਰੀਆਂ ਤੋਂ ਬਚੇ ਰਹਿਣਾ ਹੀ ਨਹੀਂ, ਬਲਕਿ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਤੰਦਰੁਸਤ ਹੋਣਾ ਵੀ ਹੈ। ਤੰਦਰੁਸਤੀ ਸਾਨੂੰ ਤਾਕਤ, ਸਹਿਣਸ਼ਕਤੀ ਅਤੇ ਚੁਸਤੀ ਪ੍ਰਦਾਨ ਕਰਦੀ ਹੈ, ਜਿਸ ਨਾਲ ਅਸੀਂ ਆਪਣੇ ਰੋਜ਼ਾਨਾ ਦੇ ਕੰਮ ਆਸਾਨੀ ਨਾਲ ਕਰ ਸਕਦੇ ਹਾਂ। ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਲੋਕ ਆਪਣੀ ਸਿਹਤ ਵੱਲ ਘੱਟ ਧਿਆਨ ਦੇ ਰਹੇ ਹਨ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਸਿਹਤਮੰਦ ਰਹਿਣ ਲਈ ਸੰਤੁਲਿਤ ਆਹਾਰ ਬਹੁਤ ਜ਼ਰੂਰੀ ਹੈ। ਤਾਜ਼ੇ ਫਲ, ਦੁੱਧ, ਪ੍ਰੋਟੀਨ ਅਤੇ ਹਰੀਆਂ ਸਬਜ਼ੀਆਂ ਵਾਲਾ ਭੋਜਨ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਨਾਲ ਯੋਗਾ ਅਤੇ ਦੌੜ ਲਗਾਉਣਾ ਵੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਅਤੇ ਮਨ ਨੂੰ ਸ਼ਾਂਤੀ ਦਿੰਦੇ ਹਨ। ਸਿਹਤ ਅਤੇ ਫਿਟਨੈੱਸ ਲਈ ਪੂਰੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਤਣਾਅ ਤੋਂ ਬਚਣਾ ਵੀ ਲਾਜ਼ਮੀ ਹੈ, ਕਿਉਂਕਿ ਮਾਨਸਿਕ ਦਬਾਅ ਸਿਹਤ 'ਤੇ ਨਕਾਰਾਤਮਿਕ ਅਸਰ ਪਾਉਂਦਾ ਹੈ। ਜੇ ਅਸੀਂ ਸਹੀ ਖੁਰਾਕ, ਨਿਯਮਿਤ ਕਸਰਤ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਈਏ ਤਾਂ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਾਂ। ਸਿਹਤ ਹੀ ਅਸਲੀ ਧਨ ਹੈ, ਇਸ ਲਈ ਇਸਦੀ ਸੰਭਾਲ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ।
-ਸਤਵਿੰਦਰ ਕੌਰ ਮੱਲੇਵਾਲ
ਸਿਲੰਡਰਾਂ ਦੀ ਕਾਲਾਬਾਜ਼ਾਰੀ
ਅੱਜਕੱਲ੍ਹ ਕਈ ਥਾਵਾਂ 'ਤੇ ਗੈਸ ਏਜੰਸੀਆਂ ਵਲੋਂ ਅਮੀਰ ਲੋਕਾਂ ਨੂੰ ਸਿਲੰਡਰ ਬਲੈਕ ਵਿਚ ਉੱਚੇ ਭਾਅ 'ਤੇ ਵੇਚੇ ਜਾ ਰਹੇ ਹਨ, ਜਦਕਿ ਗਰੀਬ ਅਤੇ ਆਮ ਲੋਕਾਂ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ, ਉਨ੍ਹਾਂ ਨੂੰ ਹੀ ਸਮੇਂ 'ਤੇ ਗੈਸ ਨਹੀਂ ਮਿਲਦੀ। ਦੂਜੇ ਪਾਸੇ, ਪੈਸੇ ਵਾਲੇ ਲੋਕ ਵਾਧੂ ਪੈਸੇ ਦੇ ਕੇ ਤੁਰੰਤ ਸਿਲੰਡਰ ਪ੍ਰਾਪਤ ਕਰ ਲੈਂਦੇ ਹਨ।
ਇਸ ਤਰ੍ਹਾਂ ਦੀ ਕਾਲਾਬਾਜ਼ਾਰੀ ਨਾ ਸਿਰਫ਼ ਗਲਤ ਹੈ, ਸਗੋਂ ਇਹ ਸਮਾਜ ਵਿਚ ਅਸਮਾਨਤਾ ਨੂੰ ਵੀ ਵਧਾਉਂਦੀ ਹੈ। ਇਸ ਨਾਲ ਗਰੀਬ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ, ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਰਗ ਦੇ ਲੋਕਾਂ ਨੂੰ ਸਮੇਂ 'ਤੇ ਅਤੇ ਠੀਕ ਕੀਮਤ 'ਤੇ ਸਿਲੰਡਰ ਮਿਲ ਸਕੇ।
-ਮਨਪ੍ਰੀਤ
ਜਲੰਧਰ।
ਬੱਚਿਆਂ ਨੂੰ ਤਰਾਸ਼ਣ ਦੀ ਚੁਣੌਤੀ
ਬੱਚਿਆਂ ਨੂੰ ਤਰਾਸ਼ਣਾ ਅੱਜ ਦੇ ਸਮੇਂ ਵਿਚ ਇਕ ਵੱਡੀ ਚੁਣੌਤੀ ਬਣ ਚੁੱਕੀ ਹੈ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਕਾਰਨ ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਹਟ ਰਿਹਾ ਹੈ। ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਵਧਦੀਆਂ ਉਮਰਾਂ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਜ਼ਰੂਰਤਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਮਾਪੇ ਆਪਣੇ ਕੰਮਾਂ ਵਿਚ ਰੁੱਝੇ ਹੋਣ ਕਾਰਨ ਬੱਚਿਆਂ ਨਾਲ ਘੱਟ ਸਮਾਂ ਬਿਤਾਉਂਦੇ ਹਨ, ਜਿਸ ਨਾਲ ਉਨਾਂ ਨੂੰ ਸਹੀ ਮਾਰਗਦਰਸ਼ਨ ਨਹੀਂ ਮਿਲਦਾ। ਜਦੋਂ ਬੱਚੇ ਕੋਈ ਗਲਤੀ ਕਰਦੇ ਹਨ ਤਾਂ ਮਾਪੇ ਉਨਾਂ ਨੂੰ ਪਿਆਰ ਨਾਲ ਸਮਝਾ ਕੇ ਗਲਤੀ ਨਾ ਕਰਨ ਤੋਂ ਪ੍ਰੇਰਿਤਕਰ ਸਕਦੇ ਹਨ। ਪਰ ਜੇਕਰ ਬੱਚੇ ਨਾ ਸਮਝ ਰਹੇ ਹੋਣ ਤਾਂ ਮਾਂ-ਬਾਪ ਨੂੰ ਖ਼ੁਦ ਉਨ੍ਹਾਂ ਨੂੰ ਇਸ ਗਲਤੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਣਾ ਚਾਹੀਦਾ ਹੈ। ਇਸ ਚੁਣੌਤੀ ਨੂੰ ਪਾਰ ਕਰਨ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਬੱਚਿਆਂ ਨੂੰ ਪਿਆਰ, ਸਮਝ ਅਤੇ ਸਹੀ ਸਿੱਖਿਆ ਦੇਣੀ ਚਾਹੀਦੀ ਹੈ। ਤਾਂ ਜੋ ਉਹ ਇਕ ਜ਼ਿੰਮੇਵਾਰ ਨਾਗਰਿਕ ਬਣ ਸਕਣ।
-ਕਮਲਦੀਪ ਕੌਰ,
ਨੌਧਰਾਣੀ (ਮਲੇਰਕੋਟਲਾ)