12-12-2025
ਸਿਰਜਣਾਤਮਕ ਸੋਚ ਦੀਆਂ ਵਿਸ਼ੇਸ਼ਤਾਵਾਂ
ਸਿਰਜਣਾਤਮਕ ਸੋਚ ਨਾਲ ਕਿਸੇ ਨਵੀਂ ਵਸਤੂ ਨੂੰ ਉਤਪੰਨ ਕੀਤਾ ਜਾਂਦਾ ਹੈ, ਪਰੰਤੂ ਇਹ ਜ਼ਰੂਰੀ ਨਹੀਂ ਕਿ ਵਸਤੂ ਪੂਰੀ ਤਰ੍ਹਾਂ ਨਵੀਂ ਹੋਵੇ। ਪਹਿਲਾਂ ਤੋਂ ਜਾਣਕਾਰ ਤੱਥਾਂ ਅਤੇ ਸਿਧਾਂਤਾਂ ਦਾ ਪੁਨਰ-ਗਠਨ ਕਰਨਾ ਅਤੇ ਸੁਧਾਰ ਕਰਨਾ ਵੀ ਸਿਰਜਣਾਤਮਕ ਕੰਮ ਹਨ। ਸਿਰਜਕ ਵਿਅਕਤੀ ਆਪਣੇ ਨਿੱਜੀ ਢੰਗ ਨਾਲ ਵਸਤੂਆਂ, ਵਿਅਕਤੀਆਂ ਅਤੇ ਘਟਨਾਵਾਂ ਨੂੰ ਵੇਖਦਾ ਹੈ। ਇਸ ਨਾਲ ਸਿਰਜਕ ਅੰਦਰ ਖ਼ੁਸ਼ੀ ਅਤੇ ਹਊਮੈ ਦੀ ਭਾਵਨਾ ਪੈਦਾ ਹੁੰਦੀ ਹੈ। ਸਿਰਜਣਾਤਮਕ ਸੋਚ ਦਾ ਖੇਤਰ ਵਿਸ਼ਾਲ ਹੁੰਦਾ ਹੈ। ਜੀਵਨ ਦੇ ਹਰੇਕ ਖੇਤਰ ਵਿਚ ਸਿਰਜਣਾ ਦੇ ਮੌਕੇ ਹੁੰਦੇ ਹਨ। ਸਿਰਜਣਾਤਮਕ ਸੋਚ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਤੱਤਾਂ ਵਿਚ ਨਵੀਨਤਾ, ਮੌਲਿਕਤਾ, ਚਿੰਤਨ ਪ੍ਰਵਾਹ, ਉਪਯੋਗਤਾ, ਵਿਸਥਾਰ, ਵਿਚਾਰਧਾਰਾ, ਲਚਕੀਲਾਪਣ, ਆਜ਼ਾਦੀ, ਸਵੈ-ਵਿਸ਼ਵਾਸ, ਵੱਖ-ਵੱਖ ਪ੍ਰਕਾਰ ਦਾ ਚਿੰਤਨ ਅਤੇ ਸੰਬੰਧਾਂ ਨੂੰ ਵੇਖਣ ਅਤੇ ਬਣਾਉਣ ਦੀ ਯੋਗਤਾ ਆਦਿ ਸ਼ਾਮਿਲ ਹੁੰਦੇ ਹਨ। ਸਿਰਜਣਾਤਮਕ ਸੋਚ ਦੇ ਸਿੱਟੇ ਵਜੋਂ ਵਸਤੂਆਂ ਅਤੇ ਸਾਡੀ ਜੀਵਨ ਸ਼ੈਲੀ ਵਿਚ ਨਵੀਨਤਾ ਅਤੇ ਅਨੋਖਾਪਣ ਦਿਖਾਈ ਦਿੰਦਾ ਹੈ। ਰਚਨਾਤਮਕ ਚਿੰਤਨ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਅੱਜ ਸਿਰਜਣ ਹੋਈ ਵਸਤੂ ਵਿਚ ਹਮੇਸ਼ਾ ਸੁਧਾਰ ਤੇ ਨਵੀਨਤਾ ਦੇ ਮੌਕੇ ਬਣੇ ਰਹਿੰਦੇ ਹਨ। ਸਿਰਜਣਾਤਮਿਕ ਸੋਚ ਸਦਕਾ ਹੀ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਅਨੇਕਾਂ ਸਹੂਲਤਾਂ ਮੌਜੂਦ ਹਨ। ਇਹ ਨਵੀਆਂ ਖੋਜਾਂ ਅਤੇ ਸਹੂਲਤਾਂ ਸਾਰੀ ਦੁਨੀਆ ਵਿਚ ਮਨੁੱਖੀ ਜੀਵਨ ਨੂੰ ਸੁਧਾਰ ਰਹੀਆਂ ਹਨ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜਸ਼ੰਕਰ (ਹੁਸ਼ਿਆਰਪੁਰ)।
ਪ੍ਰਦੂਸ਼ਣ
ਤਿੰਨ ਦਸੰਬਰ ਨੂੰ 'ਵਧਦੇ ਪ੍ਰਦੂਸ਼ਣ ਦੀ ਚੁਣੌਤੀ' ਸਿਰਲੇਖ ਹੇਠ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੀ ਸੰਪਾਦਕੀ ਪੜ੍ਹਨ ਨੂੰ ਮਿਲੀ। ਸੰਪਾਦਕ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਉਨ੍ਹਾਂ ਨੇ ਹਵਾ ਪ੍ਰਦੂਸ਼ਣ ਲਈ ਇਕੱਲਾ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਨਾਲ-ਨਾਲ ਕਾਰਖਾਨੇ, ਸੜਕਾਂ 'ਤੇ ਦੌੜ ਰਹੇ ਵਾਹਨਾਂ ਅਤੇ ਹੋਰ ਕਾਰਨਾਂ ਨੂੰ ਵੀ ਇਸ ਵਿਚ ਜੋੜਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਸਾਲ ਵਿਚ ਦੋ ਵਾਰ ਫ਼ਸਲਾਂ ਦੀ ਰਹਿੰਦ-ਖੂੰਹਦ ਮਚਾਈ ਜਾਂਦੀ ਹੈ ਪਰ ਸੜਕਾਂ ਉੱਪਰ ਸਾਲ ਦੇ 365 ਦਿਨ ਹੀ ਪ੍ਰਦੂਸ਼ਣ ਚਾਰ ਪਹੀਆ ਦੋ ਪਹੀਆ ਵਲੋਂ ਫੈਲਾਇਆ ਜਾ ਰਿਹਾ ਹੈ । ਆਟੋ ਇਸ ਤੋਂ ਵੱਖਰੇ ਹਨ, ਜੋ ਆਪਣੀ ਮਿਆਦ ਪੁੱਗ ਚੁੱਕੇ ਹਨ ਫਿਰ ਵੀ ਸੜਕਾਂ 'ਤੇ ਦੌੜ ਰਹੇ ਹਨ। ਦਿੱਲੀ ਤੋਂ ਨਕਾਰਾ ਹੋਈਆਂ ਕਾਰਾਂ ਪੰਜਾਬ ਵਿਚ ਲੋਕ ਲਿਆ ਕੇ ਸੜਕ ਦੁਰਘਟਨਾ ਦੇ ਨਾਲ-ਨਾਲ ਪ੍ਰਦੂਸ਼ਣ ਵਿਚ ਵੀ ਵਾਧਾ ਕਰ ਰਹੇ ਹਨ। ਇਸੇ ਤਰ੍ਹਾਂ ਕੂੜੇ ਨੂੰ ਮਚਾਉਣ ਕਾਰਨ ਪ੍ਰਦੂਸ਼ਣ ਹੁੰਦਾ ਹੈ ਪਰ ਸਮਝੋ ਬਾਹਰ ਹੈ, ਜੋ ਸੈਟੇਲਾਈਟ ਤੇ ਧੂੰਆਂ ਪੈਦਾ ਕਰਨ ਦੀ ਖੋਜ ਲਈ ਪ੍ਰਬੰਧ ਕੀਤੇ ਹਨ। ਉਨ੍ਹਾਂ ਵਿਚ ਇਹ ਘਟਨਾਵਾਂ ਦਾ ਧੂੰਆਂ ਨਹੀਂ ਆਉਂਦਾ, ਇਸੇ ਤਰ੍ਹਾਂ ਹੋਰ ਇੰਡਸਟਰੀ ਵੀ ਲਗਾਤਾਰ ਧੂਆਂ ਪੈਦਾ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀ ਹੈ।
-ਫਤਿਹਵੀਰ ਸਿੰਘ
ਮੁਲਤਾਨੀਆ ਰੋਡ ਬਠਿੰਡਾ।
ਫੁੱਟਪਾਥਾਂ ਤੋਂ ਕਬਜ਼ੇ ਹਟਾਓ
ਪੰਜਾਬ ਦੇ ਤਕਰੀਬਨ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਅਤੇ ਦੁਕਾਨ ਦੀ ਮਸ਼ਹੂਰੀ ਦੇ ਬੋਰਡ ਦੁਕਾਨ ਤੋਂ ਬਾਹਰ ਕੱਢ ਕੇ ਸੜਕ ਜਾਂ ਫੁੱਟਪਾਥਾਂ ਉੱਪਰ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰਕੇ ਬਾਜ਼ਾਰਾਂ ਦੀਆਂ ਸੜਕਾਂ/ ਗਲੀਆਂ ਤੰਗ ਹੋ ਜਾਂਦੀਆਂ ਹਨ। ਜਿਸ ਕਰਕੇ ਆਮ ਲੋਕਾਂ ਨੂੰ ਲੰਘਣ ਸਮੇਂ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਤੰਗ ਬਾਜ਼ਾਰਾਂ ਕਰਕੇ ਜ਼ਿਆਦਾਤਰ ਥਾਂਵਾਂ 'ਤੇ ਅਕਸਰ ਹੀ ਟ੍ਰੈਫਿਕ ਦੇ ਜਾਮ ਲੱਗੇ ਰਹਿੰਦੇ ਹਨ। ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਅਜਿਹੇ ਨਾਜਾਇਜ਼ ਕਬਜ਼ੇ ਖੁਦ ਹੀ ਨੈਤਿਕ ਤੌਰ 'ਤੇ ਖ਼ਾਲੀ ਕਰਕੇ ਬਿਹਤਰ ਸਮਾਜ ਦੀ ਸਿਰਜਣਾ ਲਈ ਆਪਣਾ ਸਹਿਯੋਗ ਦੇਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਵਿਗੜੇ ਲੋਕ ਨਿਯਮਾਂ ਨੂੰ ਟਿੱਚ ਸਮਝਦੇ ਹਨ ਅਤੇ ਵਾਰ-ਵਾਰ ਸੜਕਾਂ ਅਤੇ ਫੁੱਟਪਾਥਾਂ ਤੇ ਨਾਜਾਇਜ਼ ਕਬਜ਼ੇ ਕਰਦੇ ਰਹਿੰਦੇ ਹਨ ਉਨ੍ਹਾਂ ਨੂੰ ਸਖ਼ਤੀ ਨਾਲ ਨੱਥ ਪਾਉਣੀ ਚਾਹੀਦੀ ਹੈ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)