JALANDHAR WEATHER

18-02-26

 ਖ਼ਤਰਨਾਕ ਹਨ ਮਹਿੰਗੀਆਂ ਸਜਾਵਟਾਂ

ਸਜਾਵਟਾਂ ਕਰਨੀਆਂ ਕੋਈ ਮਾੜੀ ਗੱਲ ਨਹੀਂ ਹੈ। ਮੁੱਢ ਕਦੀਮ ਤੋਂ ਹੀ ਮਨੁੱਖ ਸੁੰਦਰਤਾ ਨੂੰ ਪਿਆਰ ਕਰਦਾ ਆਇਆ ਹੈ। ਆਪਣਾ ਆਲ਼ਾ-ਦੁਆਲ਼ਾ, ਗਲੀ, ਗਰਾਊਂਡ, ਪਾਰਕ, ਵਿਹੜਾ ਜੇ ਸਾਫ਼ ਸੁਥਰਾ ਹੋਵੇ, ਤਾਂ ਚੰਗਾ ਲਗਦਾ ਹੈ। ਪਰ ਅੱਜਕੱਲ੍ਹ ਜੋ ਸਜਾਵਟ ਦੇਖਣ ਨੂੰ ਮਿਲ ਰਹੀ ਹੈ ਉਹ ਬਹੁਤ ਹੀ ਮਹਿੰਗੀ ਹੈ।
ਬੁਹਤੇ ਲੋਕ ਘਰਾਂ ਦੇ ਵਿਹੜੇ ਪੱਥਰ ਜਾਂ ਟਾਈਲਾਂ ਨਾਲ ਪੱਕੇ ਕਰ ਲੈਂਦੇ ਹਨ। ਇਹ ਦੇਖਣ ਨੂੰ ਤਾਂ ਵਧੀਆ ਲਗਦੇ ਹਨ ਪਰ ਇਹ ਗਰਮੀਆਂ ਵਿਚ ਬਹੁਤ ਜ਼ਿਆਦਾ ਗਰਮ ਤੇ ਸਰਦੀਆਂ ਵਿਚ ਬਹੁਤ ਜ਼ਿਆਦਾ ਠੰਢੇ ਰਹਿੰਦੇ ਹਨ। ਉਨ੍ਹਾਂ 'ਤੇ ਚੱਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਮਾੜਾ ਜਿਹਾ ਵੀ ਪਾਣੀ ਡੁੱਲ੍ਹਿਆ ਹੋਵੇ ਤਾਂ ਪੱਕਾ ਕੋਈ ਨਾ ਕੋਈ ਹਾਦਸਾ ਹੋਇਆ ਸਮਝੋ। ਵਿਹੜੇ ਪੱਕੇ ਕਰਨ ਪਿੱਛੇ ਫਿਰ ਉਥੇ ਹਰਿਆਲੀ ਤੱਕਣ ਵਾਸਤੇ ਗਮਲਿਆਂ 'ਚ ਫੁੱਲ ਬੂਟੇ ਲਾਏ ਜਾਂਦੇ ਹਨ। ਗ਼ਮਲੇ ਰੱਖ ਕੇ ਹਰਿਆਲੀ ਭਾਲਣੀ, ਗਮਲਿਆਂ 'ਚੋਂ ਹਰਿਆਲੀ ਭਲਾ ਕਿੰਨੀ ਕੁ ਮਿਲ ਜਾਉ।
ਕਿੰਨਾ ਚੰਗਾ ਹੋਵੇ ਜੇ ਥੋੜ੍ਹਾ ਵਿਹੜਾ ਕੱਚਾ ਰੱਖ ਲਿਆ ਜਾਵੇ। ਉਸ ਵਿਚ ਅਸਲੀ ਕਿਆਰੀ ਬਣਾ ਕੇ ਫੁੱਲ-ਬੂਟੇ-ਘਾਹ ਆਦਿ ਲਾ ਲਿਆ ਜਾਵੇ। ਨਾਲੇ ਖਰਚਾ ਘੱਟ, ਨਾਲੇ ਕੁਦਰਤੀ ਨਜ਼ਰਾ ਬਣਿਆ ਰਹੇਗਾ।

-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।

ਪੰਜਾਬ ਲਈ ਚਿੰਤਾ ਦਾ ਵਿਸ਼ਾ

ਦਸ ਫਰਵਰੀ ਦੇ ਖੇਡ ਜਗਤ ਪੰਨੇ ਉਪਰ ਮਨਜੀਤ ਕੌਰ ਦੀ ਰਚਨਾ ਪੰਜਾਬ ਦੇ ਸਕੂਲੀ ਖੇਡ ਮੁਕਾਬਲਿਆਂ ਵਿਚ ਪਛੜਨ ਦੀ ਗੱਲ ਨੂੰ ਦਰਸਾਉਂਦੀ ਹੈ ਜੋ ਰੰਗਲੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹੋਰ ਵਧੇਰੇ ਫੰਡਾਂ ਦੀ ਖੇਪ ਸਕੂਲਾਂ ਲਈ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਖੇਡ ਅਧਿਆਪਕਾਂ ਦੀ ਭਰਤੀ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਇਸੇ ਪੰਨੇ ਵਿਚ ਮਨਪ੍ਰੀਤ ਸਿੰਘ ਦਾ ਲੇਖ ਵਧੇਰੇ ਮੁਨਾਫ਼ੇ ਲਈ ਬਹੁਤ ਫ਼ਸਲੀ ਖੇਤੀ ਕਰਨ ਬਾਰੇ ਜਾਣਕਾਰੀ ਕਿਸਾਨਾਂ ਲਈ ਲਾਹੇਵੰਦ ਹੈ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ, ਇਥੇ ਨੌਜਵਾਨਾਂ ਦੇ ਵਧਦੇ ਪ੍ਰਵਾਸ ਨੂੰ ਰੋਕਣ ਲਈ ਸਰਕਾਰ ਨੂੰ ਖੇਤੀਬਾੜੀ ਦੇ ਖੇਤਰ ਵਿਚ ਰੁਜ਼ਗਾਰ ਅਤੇ ਚੰਗੇ ਭਵਿੱਖ ਲਈ ਅਨੇਕਾਂ ਸੰਭਾਵਨਾਵਾਂ ਨੂੰ ਨੌਜਵਾਨਾਂ ਲਈ ਆਸਾਨੀ ਨਾਲ ਪ੍ਰਦਾਨ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਵਿਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ ।

-ਮੇਜਰ ਸਿੰਘ
ਨਾਭਾ

ਏ.ਆਈ. ਦਾ ਭਵਿੱਖ!

ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਦਾ ਭਵਿੱਖ ਮਨੁੱਖੀ ਜੀਵਨ ਦੇ ਲਗਭਗ ਹਰ ਪੱਖ ਨਾਲ ਗਹਿਰਾਈ ਨਾਲ ਜੁੜਿਆ ਹੋਵੇਗਾ। ਆਉਣ ਵਾਲੇ ਸਮੇਂ ਵਿਚ ਏ.ਆਈ. ਸਿਰਫ਼ ਮਸ਼ੀਨਾਂ ਤੱਕ ਸੀਮਤ ਨਹੀਂ ਰਹੇਗੀ, ਬਲਕਿ ਇਹ ਸਿੱਖਿਆ, ਸਿਹਤ, ਖੇਤੀਬਾੜੀ, ਉਦਯੋਗ ਅਤੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣ ਜਾਵੇਗੀ। ਸਿੱਖਿਆ ਦੇ ਖੇਤਰ ਵਿਚ ਏ.ਆਈ. ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਪਾਠ ਪੜ੍ਹਾਉਣ ਵਿਚ ਮਦਦ ਕਰੇਗੀ, ਜਦਕਿ ਸਿਹਤ ਸੇਵਾਵਾਂ ਵਿਚ ਇਹ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਨੂੰ ਹੋਰ ਤੇਜ਼ ਅਤੇ ਸਹੀ ਬਣਾਏਗੀ। ਖੇਤੀਬਾੜੀ ਵਿਚ ਫ਼ਸਲਾਂ ਦੀ ਦੇਖਭਾਲ, ਮੌਸਮ ਦੀ ਪੇਸ਼ਗੋਈ ਅਤੇ ਪੈਦਾਵਾਰ ਵਧਾਉਣ ਲਈ ਏ.ਆਈ. ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਦਯੋਗਿਕ ਖੇਤਰ ਵਿਚ ਆਟੋਮੇਸ਼ਨ ਵਧਣ ਨਾਲ ਕੰਮ ਦੀ ਗਤੀ ਤੇ ਗੁਣਵੱਤਾ ਵਿਚ ਸੁਧਾਰ ਆਵੇਗਾ, ਹਾਲਾਂਕਿ ਰੁਜ਼ਗਾਰ ਸਬੰਧੀ ਨਵੀਆਂ ਚੁਣੌਤੀਆਂ ਵੀ ਸਾਹਮਣੇ ਆ ਸਕਦੀਆਂ ਹਨ। ਭਵਿੱਖ ਵਿਚ ਏ.ਆਈ. ਦੇ ਨਾਲ ਨੈਤਿਕਤਾ ਅਤੇ ਸੁਰੱਖਿਆ ਜਿਹੇ ਮਸਲੇ ਹੋਰ ਵੀ ਮਹੱਤਵਪੂਰਨ ਹੋਣਗੇ, ਇਸ ਲਈ ਮਨੁੱਖੀ ਨਿਗਰਾਨੀ ਅਤੇ ਜ਼ਿੰਮੇਵਾਰ ਵਰਤੋਂ ਬਹੁਤ ਜ਼ਰੂਰੀ ਹੋਵੇਗੀ। ਕੁੱਲ ਮਿਲਾ ਕੇ ਆਰਟੀਫਿਸ਼ਲ ਇੰਟੈਲੀਜੈਂਸ ਦਾ ਭਵਿੱਖ ਉਮੀਦਾਂ ਤੇ ਜ਼ਿੰਮੇਵਾਰੀਆਂ ਦੋਹਾਂ ਨਾਲ ਭਰਿਆ ਹੋਇਆ ਹੈ।

-ਸਤਵਿੰਦਰ ਕੌਰ
ਮੱਲੇਵਾਲ