08-12-2025
ਸੰਕਟ ਹੀ ਸੰਕਟ
ਸਾਰਾ ਸੰਸਾਰ ਇਸ ਵੇਲੇ ਇਕ ਗੰਭੀਰ ਖਾਦ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਕਈ ਦੇਸ਼ਾਂ ਵਿਚ ਚੱਲ ਰਹੀਆਂ ਜੰਗਾਂ, ਰਾਜਨੀਤਕ ਅਸਥਿਰਤਾ, ਵਧਦੀ ਮਹਿੰਗਾਈ ਅਤੇ ਮੌਸਮੀ ਬਦਲਾਅ ਨੇ ਅਨਾਜ ਦੀ ਉਪਲਬੱਧਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਯੂਕਰੇਨ-ਰੂਸ ਵਿਵਾਦ ਨੇ ਵਿਸ਼ਵ ਪੱਧਰ 'ਤੇ ਅਨਾਜ ਸਪਲਾਈ ਦੀ ਪੂਰੀ ਪ੍ਰਣਾਲੀ ਨੂੰ ਹਿਲਾ ਦਿੱਤਾ ਹੈ, ਜਿਸ ਕਰਕੇ ਗ਼ਰੀਬ ਦੇਸ਼ ਭੁੱਖ ਦੇ ਖਤਰੇ ਦੇ ਹੋਰ ਨੇੜੇ ਪਹੁੰਚ ਰਹੇ ਹਨ। ਅਫਰੀਕਾ ਅਤੇ ਏਸ਼ੀਆ ਦੇ ਕਈ ਖੇਤਰਾਂ ਵਿਚ ਸੋਕੇ ਅਤੇ ਹੜ੍ਹਾਂ ਨੇ ਖੇਤੀਬਾੜੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਤੀਜੇ ਵਜੋਂ ਅਨਾਜ ਦਾ ਉਤਪਾਦਨ ਲਗਾਤਾਰ ਘਟ ਰਿਹਾ ਹੈ ਅਤੇ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਇਹ ਹਾਲਾਤ ਸਪੱਸ਼ਟ ਕਰਦੇ ਹਨ ਕਿ ਖੁਰਾਕ ਦੀ ਸੁਰੱਖਿਆ ਲਈ ਸੰਸਾਰਕ ਪੱਧਰ 'ਤੇ ਸਾਂਝੀ ਯੋਜਨਾ ਅਤੇ ਮਿਲਜੁਲ ਕੇ ਯਤਨ ਕਰਨ ਦੀ ਲੋੜ ਹੈ। ਟਿਕਾਊ ਖੇਤੀ, ਅਨਾਜ ਦੀ ਸਹੀ ਸੰਭਾਲ ਅਤੇ ਸ਼ਾਂਤਮਈ ਅੰਤਰਰਾਸ਼ਟਰੀ ਵਾਤਾਵਰਨ ਹੀ ਇਸ ਸੰਕਟ ਤੋਂ ਬਚਾਅ ਦਾ ਰਸਤਾ ਹਨ। ਭਾਰਤ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਹ ਅਨਾਜ ਸਟੋਰੇਜ ਅਤੇ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇ ਤਾਂ ਕਿ ਬਾਹਰੀ ਸੰਕਟਾਂ ਦਾ ਅਸਰ ਘਟ ਰਹੇ।
-ਅਸ਼ੋਕ ਗਰੋਵਰ
ਬਠਿੰਡਾ।
ਪਲਾਸਟਿਕ ਪ੍ਰਦੂਸ਼ਣ ਤੋਂ ਬਚਣਾ ਜ਼ਰੂਰੀ
ਪਲਾਸਟਿਕ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਹੈ। ਪਲਾਸਟਿਕ ਸਸਤਾ ਤੇ ਆਸਾਨੀ ਨਾਲ ਉਪਲਬਧ ਹੈ। ਪਰ ਇਸ ਨੂੰ ਖਤਮ ਹੋਣ ਵਿਚ ਸੈਂਕੜੇ ਸਾਲ ਲੱਗ ਜਾਂਦੇ ਹਨ, ਜਿਸ ਕਾਰਨ ਇਹ ਧਰਤੀ, ਪਾਣੀ ਤੇ ਹਵਾ ਨੂੰ ਪ੍ਰਭਾਵਿਤ ਕਰਦਾ ਹੈ। ਨਦੀਆਂ, ਸਮੁੰਦਰ ਤੇ ਜੰਗਲ ਪਲਾਸਟਿਕ ਦੇ ਕੂੜੇ ਨਾਲ ਭਰ ਰਹੇ ਹਨ, ਜਿਸ ਨਾਲ ਮੱਛੀਆਂ, ਪੰਛੀਆਂ ਤੇ ਜਾਨਵਰਾਂ ਦੀਆਂ ਜਾਨਾਂ ਨੂੰ ਖਤਰਾ ਪੈਦਾ ਹੋ ਰਿਹਾ ਹੈ। ਮਾਈਕ੍ਰੋ ਪਲਾਸਟਿਕ ਸਾਡੇ ਭੋਜਨ ਤੇ ਪਾਣੀ ਤੱਕ ਪਹੁੰਚ ਕੇ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਬਣ ਰਿਹਾ ਹੈ। ਪਲਾਸਟਿਕ ਦੀ ਵਧਦੀ ਵਰਤੋਂ ਸਿਰਫ਼ ਵਾਤਾਵਰਨ ਨੂੰ ਗੰਦਾ ਨਹੀਂ ਕਰਦੀ ਸਗੋਂ ਮੌਸਮੀ ਤਬਦੀਲੀ ਨੂੰ ਵੀ ਤੇਜ਼ ਕਰਦੀ ਹੈ।
ਜੋ ਅਸੀਂ ਪਲਾਸਟਿਕ ਤੋਂ ਬਚਾਅ ਨਹੀਂ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਧਰਤੀ ਛੱਡਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਪਲਾਸਟਿਕ ਦਾ ਘੱਟ ਇਸਤੇਮਾਲ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਸਮਾਜ ਤੇ ਸਾਫ਼-ਸੁਥਰੀ ਧਰਤੀ ਮਿਲੇ।
-ਸਤਵਿੰਦਰ ਕੌਰ ਮੱਲੇਵਾਲ
ਆਪਸੀ ਵਿਸ਼ਵਾਸ ਦੀ ਲੋੜ
ਪਿਛਲੇ ਦਿਨੀਂ ਪ੍ਰਕਾਸ਼ਿਤ ਸੰਪਾਦਕੀ 'ਚੰਡੀਗੜ੍ਹ ਪੰਜਾਬ ਦਾ' ਦੇ ਹਵਾਲੇ ਵਿਚ ਹੈ। ਪਹਿਲਾਂ, ਭਾਖੜਾ ਬਿਆਸ ਪ੍ਰਬੰਧਨ ਬੋਰਡ, ਜਿਸ ਵਿਭਾਗ 'ਚ ਪੰਜਾਬ ਰਾਜ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ, ਵਿਚ ਦੋ ਵਾਧੂ ਪੂਰਨਕਾਲਿਕ ਮੈਂਬਰਾਂ, ਇਕ ਰਾਜਸਥਾਨ ਤੋਂ ਅਤੇ ਇਕ ਹਿਮਾਚਲ ਪ੍ਰਦੇਸ਼ ਤੋਂ, ਦੀ ਨਿਯੁਕਤੀ ਦਾ ਮੁੱਦਾ ਗਰਮਾਇਆ ਸੀ।
ਉਸ ਤੋਂ ਮਗਰੋਂ, ਪੰਜਾਬ ਯੂਨੀਵਰਸਿਟੀ ਦੇ ਪੁਨਰਗਠਨ ਦਾ ਮੁੱਦਾ ਆਇਆ ਅਤੇ ਹੁਣ ਵਧੇਰੇ ਸੰਵੇਦਨਸ਼ੀਲ ਅਤੇ ਵਿਵਾਦਪੂਰਨ ਚੰਡੀਗੜ੍ਹ ਨਾਲ ਸੰਬੰਧਿਤ ਮੁੱਦੇ ਨੇ ਕੇਂਦਰ-ਰਾਜ, ਯਾਨੀ ਕਿ ਕੇਂਦਰ-ਪੰਜਾਬ, ਸੰਬੰਧ ਵਿਚ ਬੇਲੋੜੀ ਕੁੜੱਤਣ ਪੈਦਾ ਕਰ ਦਿੱਤੀ ਹੈ। ਸਰਹੱਦੀ ਸੂਬਾ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਦੁਰਵਰਤੋਂ, ਬ੍ਰੇਨ-ਡ੍ਰੇਨ, ਗੈਂਗਸਟਰਵਾਦ, ਸਰਹੱਦ ਪਾਰ ਤਸਕਰੀ ਆਦਿ ਵਰਗੇ ਸੰਵੇਦਨਸ਼ੀਲ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਈ ਇਸ ਸਮੇਂ ਕੇਂਦਰ ਅਤੇ ਰਾਜ ਦਰਮਿਆਨ ਟਕਰਾਅ ਤੇ ਕੜਵਾਹਟ ਪੈਦਾ ਕਰਨ ਸੰਭਾਵਿਤ ਮਾਮਲਿਆਂ ਨੂੰ ਉਠਾਉਣਾ ਕੇਂਦਰ ਅਤੇ ਰਾਜ ਦੋਵਾਂ ਲਈ ਚੰਗੇ ਸੰਕੇਤ ਨਹੀਂ ਹਨ।
ਪੰਜਾਬ ਸਮੇਤ ਇਸ ਖੇਤਰ ਦੇ ਅਮਨ ਪਸੰਦ ਲੋਕ ਇਹ ਮਹਿਸੂਸ ਕਰਦੇ ਹੋਣਗੇ ਕਿ ਰਾਜਨੀਤਕ ਮਤਭੇਦਾਂ ਨੂੰ ਦਰਕਿਨਾਰ ਕਰਕੇ, ਸੰਘੀ ਢਾਂਚੇ ਦੇ ਸਿਧਾਂਤਾਂ ਤੇ ਲੋਕਾਚਾਰ ਨੂੰ ਧਿਆਨ 'ਚ ਰੱਖਦੇ ਹੋਏ, ਕੇਂਦਰ ਅਤੇ ਰਾਜ ਦਰਮਿਆਨ ਆਪਸੀ ਵਿਸ਼ਵਾਸ ਅਤੇ ਤਾਲਮੇਲ ਦੀ ਵਧਦੀ ਘਾਟ ਨੂੰ ਪੂਰਨ ਲਈ, ਰਾਜਨੀਤਕ ਸਾਧਨਾਂ ਦੇ ਨਾਲ-ਨਾਲ ਕਾਰਜਕਾਰੀ ਅਤੇ ਕੂਟਨੀਤਕ ਚੈਨਲਾਂ ਰਾਹੀਂ ਵਿਆਪਕ ਯਤਨ ਕਰਨ ਦੀ ਲੋੜ ਹੈ।
-ਇੰਜ. ਕ੍ਰਿਸ਼ਨ ਕਾਂਤ ਸੂਦ
ਨੰਗਲ।
ਅਧਿਆਪਕ ਦਾ ਦਰਜਾ ਸਨਮਾਨਯੋਗ
ਅਧਿਆਪਕ, ਜਿਸ ਨੂੰ ਕਿ ਸਕੂਲਾਂ ਵਿਚ ਅਧਿਆਪਕ ਜਾਂ ਸਿੱਖਿਅਕ ਕਿਹਾ ਜਾਂਦਾ ਹੈ, ਜਿਹੜਾ ਕਿ ਵਿਦਿਆਰਥੀਆਂ ਦੀ ਜਾਣਕਾਰੀ, ਯੋਗਤਾ ਜਾਂ ਕਦਰਾਂ-ਕੀਮਤਾਂ ਗ੍ਰਹਿਣ ਕਰਨ ਵਿਚ ਮਦਦ ਕਰਦਾ ਹੈ, ਦਾ ਪੁਰਾਣੇ ਸਮਿਆਂ ਵਿਚ ਬਹੁਤ ਹੀ ਆਦਰ-ਸਤਿਕਾਰ ਕੀਤਾ ਜਾਂਦਾ ਸੀ, ਇਕ ਅਧਿਆਪਕ ਦੀ ਭੂਮਿਕਾ ਸਦਾ ਰਸਮੀ ਅਤੇ ਨਿਰੰਤਰ, ਸਕੂਲ ਵਿਚ ਜਾਂ ਰਸਮੀ ਵਿੱਦਿਆ ਦੇ ਨਾਲ ਸੰਬੰਧਿਤ ਥਾਂ ਵਿਚ ਚਲਦੀ ਰਹਿੰਦੀ ਹੈ। ਅਧਿਆਪਕ ਹੀ ਇਕ ਜ਼ਰੀਆ ਹੁੰਦਾ ਹੈ, ਜਿਸ ਤੋਂ ਗਿਆਨ ਹਾਸਿਲ ਕਰਕੇ ਅਸੀਂ ਵੱਡੇ ਸਥਾਨ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਾਂ ਅਤੇ ਉਚਿਤ ਸਥਾਨ ਪ੍ਰਾਪਤ ਕਰਦੇ ਹਾਂ। ਅਧਿਆਪਕ ਤੋਂ ਗ੍ਰਹਿਣ ਕੀਤੀ ਸਿੱਖਿਆ ਦੁਆਰਾ ਹੀ ਚੰਗੇ ਅਤੇ ਬੁਰੇ ਵਿਚ ਫਰਕ ਕਰਨਾ ਸਿੱਖਦੇ ਹਾਂ।
ਅਧਿਆਪਕ ਦੀ ਸਿੱਖਿਆ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਨਿਰੰਤਰ ਚਲਦੀ ਰਹਿੰਦੀ ਹੈ। 5 ਸਤੰਬਰ ਨੂੰ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿਚ ਸੂਝਵਾਨ ਅਤੇ ਯੋਗ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਪ੍ਰੰਤੂ ਫਿਰ ਵੀ ਬਹੁਤ ਸਾਰੇ ਅਧਿਆਪਕ ਆਪਣੀ ਯੋਗਤਾ ਤੋਂ ਵਾਂਝੇ ਰਹਿ ਜਾਂਦੇ ਹਾਂ। ਅਧਿਆਪਕ ਦਾ ਇਹ ਕੰਮ ਵਿਦਿਆਰਥੀਆਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਜੀਵਨ ਮਿਆਰ ਨੂੰ ਵੀ ਸਾਕਾਰਾਤਮਿਕ ਰੂਪ ਵਿਚ ਪ੍ਰਭਾਵਿਤ ਕਰਦਾ ਹੈ।
-ਸਤਵੀਰ ਕੌਰ ਬੱਲੂਆਣਾ
ਬਠਿੰਡਾ।