21-11-25
ਇਨਸਾਨਾਂ ਨੂੰ ਪੜ੍ਹਨਾ ਸਿੱਖੋ
ਜਦੋਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅਸੀਂ ਇਥੇ ਇਕੱਲੇ ਆਏ ਹਾਂ ਤੇ ਇਕੱਲਿਆਂ ਨੇ ਹੀ ਜਾਣੈ ਤਾਂ ਫਿਰ ਸਾਨੂੰ ਕਿਸੇ ਦੇ ਸਾਥ ਦੀ ਵੀ ਕੀ ਲੋੜ ਹੈ। ਅੱਜਕਲ੍ਹ ਮਤਲਬੀ ਲੋਕ ਆਪਣਾ ਸਵਾਰਥ ਕੱਢਣਾ ਜਾਣਦੇ ਹਨ ਕਿ ਆਪਣਾ ਕੰਮ ਕਿਵੇਂ ਕਰਾਉਣਾ ਹੈ। ਉਨ੍ਹਾਂ ਦੀ ਫਿਤਰਤ ਹੁੰਦੀ ਹੈ ਉਹ ਸਾਰਿਆਂ ਨਾਲ ਹੀ ਇੰਜ ਕਰਦੇ ਹਨ। ਉਮੀਦ ਕਿਸੇ ਤੋਂ ਵੀ ਨਾ ਰੱਖੋ, ਸਿਰਫ਼ ਆਪਣੇ-ਆਪ ਤੋਂ ਰੱਖੋ। ਤੁਸੀਂ ਆਪ ਹੀ ਆਪਣੇ ਵਧੀਆ ਸਾਥੀ ਹੋ। ਕੋਈ ਵੀ ਹੋਰ ਤੁਹਾਡਾ ਵਧੀਆ ਮਿੱਤਰ ਨਹੀਂ ਹੋ ਸਕਦਾ।
ਤੁਹਾਨੂੰ ਆਪਣੀ ਸਮੱਸਿਆ ਦਾ ਹੱਲ ਵੀ ਆਪਣੇ ਅੰਦਰ ਤੋਂ ਹੀ ਮਿਲ ਸਕਦਾ ਹੈ। ਅਕਸਰ ਜੋ ਇਨਸਾਨ ਹਰ ਇਕ ਦਾ ਕਰੀਬੀ ਹੋ ਜਾਂਦਾ, ਹਰ ਇਕ ਦਾ ਦੋਸਤ ਹੁੰਦਾ ਹੈ ਉਹ ਕਦੇ ਵੀ ਕਿਸੇ ਦਾ ਸੱਚਾ ਮਿੱਤਰ ਨਹੀਂ ਹੋ ਸਕਦਾ। ਅਜਿਹੇ ਇਨਸਾਨ ਦੇ ਦਿਲ ਵਿਚ ਖੋਟ ਹੁੰਦੀ ਹੈ। ਕਈ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਲੋਕਾਂ ਦੀਆਂ ਗੱਲਾਂ ਕਰ ਕੇ ਹੀ ਸਵਾਦ ਆਉਂਦਾ ਹੈ। ਅਜਿਹੇ ਲੋਕਾਂ ਨੂੰ ਸੱਚ ਝੂਠ ਤੇ ਝੂਠ-ਸੱਚ ਜਾਪਦਾ ਹੈ। ਉਹ ਚੁਗਲੀਆਂ, ਨਿੰਦਿਆ ਦੀ ਖੱਟੀ ਖਾਂਦੇ ਨੇ। ਅਜਿਹੇ ਲੋਕਾਂ ਨੂੰ ਪੜ੍ਹਨਾ ਸਿੱਖੋ। ਅਜਿਹੇ ਲੋਕਾਂ ਤੋਂ ਬਚੋ।
-ਸੰਜੀਵ ਸਿੰਘ ਸੈਣੀ
ਮੋਹਾਲੀ।
ਪ੍ਰਭਾਵਸ਼ਾਲੀ ਭਾਸ਼ਾ ਦੀ ਵਰਤੋਂ
ਭਾਸ਼ਾ ਮਨੁੱਖ ਦੀ ਸ਼ਖ਼ਸੀਅਤ ਨੂੰ ਦਰਸਾਉਂਦੀ ਹੈ। ਸਾਡਾ ਬੋਲਣ ਦਾ ਢੰਗ ਤਰੀਕਾ ਤੇ ਸ਼ਬਦਾਵਲੀ ਪ੍ਰਭਾਵਸ਼ਾਲੀ ਤੇ ਮਿੱਠੀ ਹੋਣੀ ਚਾਹੀਦੀ ਹੈ। ਗੱਲਬਾਤ ਕਰਦੇ ਸਮੇਂ ਹਮੇਸ਼ਾ ਸਹੀ ਤੇ ਸੁਚੱਜੀ ਭਾਸ਼ਾ ਦੀ ਵਰਤੋਂ ਕਰੋ। ਬੋਲਣ ਸਮੇਂ ਮੁਹਾਵਰਿਆਂ ਤੇ ਅਖੌਤਾਂ ਦੀ ਵਰਤੋਂ ਤੁਹਾਡੀ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਬੋਲਣ ਦਾ ਢੰਗ ਤਰੀਕਾ ਤੇ ਸਲਿਹਜਾ ਸਾਹਮਣੇ ਵਾਲੇ 'ਤੇ ਛਾਪ ਛੱਡਣ ਵਾਲਾ ਹੋਣਾ ਚਾਹੀਦਾ ਹੈ। ਖਰ੍ਹਵੇ ਬੋਲ ਕੇ ਆਪਣੀ ਸ਼ਖ਼ਸੀਅਤ ਨੂੰ ਨੀਵਾਂ ਨਾ ਕਰੋ। ਮਿੱਠੇ ਬੋਲ ਹਮੇਸ਼ਾ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਕਰਦੇ ਹਨ। ਕਦੇ ਵੀ ਮੂੰਹੋਂ ਭੱਦੀ ਸ਼ਬਦਾਵਲੀ ਨਾ ਬੋਲੋ। ਤੁਹਾਡੀ ਸ਼ਬਦਾਵਲੀ ਮਿੱਠੀ ਤੇ ਲਹਿਜ਼ੇ ਭਰਪੂਰ ਹੋਣੀ ਚਾਹੀਦੀ ਹੈ ਕਿ ਸਾਹਮਣੇ ਵਾਲਾ ਤੁਹਾਡਾ ਮੁਰੀਦ ਬਣ ਜਾਵੇ। ਹਮੇਸ਼ਾ ਬੋਲਣ ਸਮੇਂ ਸਾਹਮਣੇ ਵਾਲੇ ਦੀ ਸ਼ਖ਼ਸੀਅਤ ਤੇ ਹੈਸੀਅਤ ਨੂੰ ਖਿਆਲ 'ਚ ਰੱਖ ਕੇ ਸ਼ਬਦਾਂ ਦੀ ਵਰਤੋਂ ਕਰੋ। ਚੁੱਭਵੇਂ ਤੇ ਦਿਲ ਦੁਖਾਵੇਂ ਬੋਲ ਬੋਲਣ ਤੋਂ ਪ੍ਰਹੇਜ਼ ਕਰੋ।
-ਲੈਕਚਰਾਰ ਅਜੀਤ ਖੰਨਾ
ਬੱਸਾਂ 'ਚ ਸਵਾਰੀਆਂ ਦੀ ਓਵਰਲੋਡਿੰਗ ਕਿਉਂ?
ਪੰਜਾਬ ਦੇ ਕਈ ਰੂਟਾਂ 'ਤੇ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਿਚ ਖਤਰਨਾਕ ਓਵਰਲੋਡਿੰਗ ਦਾ ਦ੍ਰਿਸ਼ ਮਿਲਦਾ ਹੈ, ਜਿਥੇ 52 ਸੀਟਾਂ ਵਾਲੀਆਂ ਬੱਸਾਂ ਵਿਚ ਅਕਸਰ ਦੁੱਗਣੇ ਯਾਤਰੀ ਭਰੇ ਹੁੰਦੇ ਹਨ। ਕਈ ਵਾਰ ਤਾਂ ਯਾਤਰੀਆਂ ਨੂੰ ਖਿੜਕੀਆਂ 'ਚੋਂ ਲਟਕ ਕੇ ਸਫਰ ਕਰਨਾ ਪੈਂਦਾ ਹੈ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਓਵਰਲੋਡਿੰਗ ਕਾਰਨ ਬੱਸਾਂ ਵਿਚੋਂ ਉਤਰਨ ਵਾਲੀਆਂ ਸਵਾਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਭੀੜ ਵੱਧ ਹੋਣ ਕਾਰਨ ਕਈ ਵਾਰ ਬੱਸ ਰੁਕਣ ਦੇ ਬਾਵਜੂਦ ਯਾਤਰੀ ਸੁਰੱਖਿਅਤ ਤਰੀਕੇ ਨਾਲ ਬਾਹਰ ਨਹੀਂ ਨਿਕਲ ਸਕਦੇ, ਪਤਾ ਨਹੀਂ ਕਿਉਂ ਇਸ ਗੰਭੀਰ ਲਾਪ੍ਰਵਾਹੀ 'ਤੇ ਆਵਾਜਾਈ ਵਿਭਾਗ ਵਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ। ਸਾਡੀ ਬੇਨਤੀ ਹੈ ਕਿ ਸਰਕਾਰ ਤੇ ਟ੍ਰੈਫਿਕ ਅਥਾਰਟੀ ਇਸ ਖ਼ਤਰਨਾਕ ਰੁਝਾਨ ਨੂੰ ਰੋਕੇ, ਨਿਯਮ ਲਾਗੂ ਕਰੇ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਏ।
-ਅਸ਼ੋਕ ਗਰੋਵਰ
ਮਤਲਬੀ ਦੁਨੀਆ...
ਲੋਕ ਰਿਸ਼ਤਾ ਨਹੀਂ ਨਿਭਾਉਂਦੇ, ਸਿਰਫ ਦੂਜਿਆਂ ਨੂੰ ਵਰਤਦੇ ਹਨ? ਅੱਜ ਦੇ ਸਮੇਂ ਵਿਚ ਰਿਸ਼ਤਿਆਂ ਦਾ ਮਤਲਬ ਬਹੁਤ ਬਦਲ ਗਿਆ ਹੈ? ਪਹਿਲਾਂ ਰਿਸ਼ਤੇ ਪਿਆਰ, ਭਰੋਸੇ ਅਤੇ ਨਿਭਾਅ 'ਤੇ ਟਿਕੇ ਹੁੰਦੇ ਸਨ? ਪਰ ਹੁਣ ਜ਼ਿਆਦਾਤਰ ਰਿਸ਼ਤੇ ਸਿਰਫ਼ ਮਤਲਬ ਅਤੇ ਲਾਭ ਤੱਕ ਸੀਮਤ ਹੋ ਗਏ ਹਨ? ਜਦ ਤੱਕ ਕਿਸੇ ਤੋਂ ਫ਼ਾਇਦਾ ਮਿਲਦਾ ਹੈ, ਤਦ ਤੱਕ ਰਿਸ਼ਤਾ ਚਲਦਾ ਹੈ? ਜਿਵੇਂ ਹੀ ਫ਼ਾਇਦਾ ਖਤਮ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ। ਅਜਿਹੀ ਸੋਚ ਸਿਰਫ਼ ਘਰੇਲੂ ਜਾਂ ਨਿੱਜੀ ਰਿਸ਼ਤਿਆਂ ਨੂੰ ਹੀ ਨਹੀਂ, ਸਗੋਂ ਸਮਾਜ ਦੇ ਭਰੋਸੇ ਨੂੰ ਵੀ ਹਿਲਾ ਰਹੀ ਹੈ? ਸੋਸ਼ਲ ਮੀਡੀਆ ਨੇ ਵੀ ਇਸ ਰੁਝਾਨ ਨੂੰ ਹੋਰ ਵਧਾ ਦਿੱਤਾ ਹੈ? ਲੋਕ ਦਿਖਾਵੇ, ਚਮਕ-ਦਮਕ ਅਤੇ ਝੂਠੇ ਰੂਪ ਦੇ ਪਿੱਛੇ ਦੌੜ ਰਹੇ ਹਨ? ਹਰ ਕੋਈ ਆਪਣੀ ਅਸਲੀ ਸ਼ਖ਼ਸੀਅਤ ਦੀ ਬਜਾਏ ਇਕ ਬਨਾਵਟੀ ਚਿਹਰਾ ਵਿਖਾਉਣ ਵਿਚ ਜ਼ਿਆਦਾ ਰੁਚੀ ਲੈ ਰਿਹਾ ਹੈ? ਸਵਾਲ ਇਹ ਹੈ ਕਿ ਅਸੀਂ ਕਿੱਧਰ ਨੂੰ ਵਧ ਰਹੇ ਹਾਂ? ਕੀ ਰਿਸ਼ਤੇ ਸਿਰਫ਼ ਫਾਇਦੇ-ਨੁਕਸਾਨ ਤੱਕ ਹੀ ਸੀਮਤ ਰਹਿ ਜਾਣਗੇ? ਜੇ ਅਸੀਂ ਹੁਣ ਨਾ ਜਾਗੇ, ਤਾਂ ਭਵਿੱਖ ਦੀ ਪੀੜ੍ਹੀ ਲਈ ਪਿਆਰ, ਭਰੋਸਾ ਅਤੇ ਸੱਚਾਈ ਸਿਰਫ਼ ਕਿਤਾਬਾਂ ਵਿਚ ਹੀ ਰਹਿ ਜਾਵੇਗੀ। ਆਓ ਆਪਣੇ ਅੰਦਰ ਝਾਤੀ ਮਾਰੀਏ? ਰਿਸ਼ਤਿਆਂ ਨੂੰ ਸਿਰਫ਼ ਮਤਲਬ ਨਾਲ ਨਾ ਜੋੜੀਏ? ਪਿਆਰ, ਸੱਚਾਈ ਅਤੇ ਸਾਫ਼ਦਿਲੀ ਨੂੰ ਜੀਵਨ ਦਾ ਆਧਾਰ ਬਣਾਈਏ?
-ਰਸ਼ਪਾਲ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਜੀਤਪੁਰ।