19-12-2025
ਸੱਚੀ ਜਿੱਤ
ਸਾਡੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁਸ਼ਮਣ ਕਿਧਰੇ ਬਾਹਰ ਨਹੀਂ, ਸਗੋਂ ਸਾਡੇ ਆਪਣੇ ਅੰਦਰ ਵੱਸਦੇ ਹਨ। ਗੁੱਸਾ ਮਨ ਨੂੰ ਅੰਨ੍ਹਾ ਕਰ ਦਿੰਦਾ ਹੈ, ਹੰਕਾਰ ਸਾਨੂੰ ਇਕੱਲਿਆ ਕਰ ਦਿੰਦਾ ਹੈ, ਲਾਲਚ ਸਾਡੀ ਸੰਤੁਸ਼ਟੀ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਨਫ਼ਰਤ ਦਿਲ ਦੀ ਸ਼ਾਂਤੀ ਖੋਹ ਲੈਂਦੀ ਹੈ। ਇਨ੍ਹਾਂ ਅੰਦਰੂਨੀ ਦੁਸ਼ਮਣਾਂ ਕਰਕੇ ਹੀ ਅਸੀਂ ਅਕਸਰ ਆਪਣੇ ਆਪ ਨਾਲ ਹੀ ਲੜਦੇ ਰਹਿੰਦੇ ਹਾਂ। ਜਦੋਂ ਅਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ 'ਤੇ ਕਾਬੂ ਪਾ ਲੈਂਦੇ ਹਾਂ, ਤਦ ਹੀ ਸੱਚੀ ਖ਼ਸ਼ੀ ਮਿਲਦੀ ਹੈ। ਮਾਫ਼ੀ, ਸਬਰ ਅਤੇ ਸੰਤੋਖ ਨੂੰ ਅਪਣਾਉਣਾ ਹੀ ਸ਼ਾਂਤ ਤੇ ਸੁਖਮਈ ਜੀਵਨ ਦਾ ਸੱਚਾ ਰਸਤਾ ਹੈ।
-ਬਲਦੇਵ ਸਿੰਘ ਬੇਦੀ, ਜਲੰਧਰ।
ਔਰਤ ਕੁਝ ਨਹੀਂ, ਬਹੁਤ ਕੁਝ ਕਰਦੀ ਹੈ
ਘਰ ਸੁਹਾਵੀ, ਦਰ ਸੁਹਾਵੀ ਔਰਤ ਮਰਦ ਪ੍ਰਧਾਨ ਸਮਾਜ ਵਿਚ ਅਜੇ ਬਹੁਤੀ ਉੱਭਰ ਨਹੀਂ ਸਕੀ। ਬੱਚੇ ਨੂੰ ਪੁੱਛੋ ਪਿਤਾ ਕੀ ਕਰਦੇ ਹਨ? ਝੱਟ ਕਹਿ ਦੇਣਗੇ ਨੌਕਰੀ ਜਾਂ ਖੇਤੀ ਕਰਦੇ ਹਨ। ਮਾਤਾ ਜੀ ਕੀ ਕਰਦੇ ਹਨ? ਬੱਚਾ ਮਾਸੂਮੀਅਤ ਵਿਚ ਕਹਿ ਦਵੇਗਾ, 'ਕੁਝ ਨਹੀਂ ਕਰਦੇ' ਇਸ ਉੱਤਰ ਸਮੇਂ ਮਾਤਾ ਦੇ ਸਵੇਰੇ ਉੱਠਣ ਤੋਂ ਆਥਣ ਮੰਜੇ 'ਤੇ ਪੈਣ ਤੱਕ ਦੇ ਕੰਮ ਅਤੇ ਟੱਬਰ ਦੀ ਜੂਠ ਧੋਣ ਤੱਕ ਦੇ ਸਫ਼ਰ ਦੀ ਕੋਈ ਕੀਮਤ ਨਹੀਂ ਸਮਝੀ ਜਾਂਦੀ। ਇਹ ਮਾਨਸਿਕਤਾ ਅਜੇ ਖੁੰਡੀ ਨਹੀਂ ਹੋ ਰਹੀ। ਔਰਤ ਸਵੇਰੇ ਉੱਠ ਕੇ ਚਾਹ ਪਾਣੀ ਤੇ ਚੁੱਲ੍ਹੇ ਚੌਂਕੇ ਸਾਂਭ ਕੇ ਬਾਹਰ ਜਾਣ ਵਾਲਿਆਂ ਨੂੰ ਤਿਆਰ ਕਰਕੇ ਆਪ ਫਿਰ ਕੰਮ ਵਿਚ ਮਗਨ ਹੋ ਜਾਂਦੀ ਹੈ। ਦੁਪਹਿਰ ਹੱਡ ਭੰਨਵੀਂ ਗਰਮੀ, ਸਰਦੀ ਅਤੇ ਬਰਸਾਤ ਵਿਚ ਕੰਮਾਂ 'ਚ ਲੱਗੀ ਰਹਿੰਦੀ ਹੈ। ਘਰ 'ਚ ਬਾਹਰ ਤੋਂ ਆਉਣ ਵਾਲਿਆਂ ਦਾ ਸਿਲਸਿਲਾ ਹੋਣ 'ਤੇ ਫਿਰ ਉਹੀ ਮਿਹਨਤ ਆਥਣ ਜੂਠੇ ਮਾਂਜਣੇ ਤੱਕ ਕਰਨੀ ਔਰਤ ਦੀ ਕਿਸਮਤ ਦਾ ਹਿੱਸਾ ਹੈ। ਅਜੇ ਵੀ ਔਰਤ ਕੁਝ ਨਹੀਂ ਕਰਦੀ? ਨਹੀਂ ਨਹੀਂ ਔਰਤ ਸਭ ਕੰਮਕਾਜ ਮਰਦ ਤੋਂ ਵੱਧ ਅਤੇ ਜ਼ਿੰਮੇਵਾਰੀ ਨਾਲ ਕਰਦੀ ਹੈ। ਔਰਤ ਘਰਵਾਲੀ ਕਹਾਉਂਦੀ ਹੋਈ ਘਰ ਦਾ ਸ਼ਿੰਗਾਰ ਵੀ ਹੁੰਦੀ ਹੈ। ਸ਼ੈਕਸਪੀਅਰ ਨੇ ਕਿਹਾ ਸੀ, 'ਮੈਨੂੰ ਵਧੀਆ ਔਰਤ ਦਿਓ ਮੈਂ ਤੁਹਾਨੂੰ ਵਧੀਆ ਸਮਾਜ ਦੇਵਾਂਗਾ' ਇਸ ਸਮਾਜ ਦੀ ਸਥਾਪਤੀ ਔਰਤ 'ਤੇ ਖੜ੍ਹੀ ਹੋਈ ਹੈ। ਔਰਤ ਤੋਂ ਬਿਨਾਂ ਮਰਦ ਅਤੇ ਬੱਚੇ ਹਨੇਰੀ ਵਿਚ ਭਟਕਦੇ ਪੰਛੀ ਵਾਂਗ ਹੁੰਦੇ ਹਨ। ਘਰ ਲਈ ਔਰਤ ਸਭ ਕੁਝ ਕਰਦੀ ਹੈ। ਸਾਰਾ ਘਰੇਲੂ ਦਰੋਮਦਾਰ ਔਰਤ ਉੱਤੇ ਟਿਕਿਆ ਹੋਇਆ ਹੈ। ਇਸ ਲਈ ਔਰਤ ਕੁਝ ਨਹੀਂ ਸਭ ਕੁਝ ਕਰਦੀ ਹੈ।
ਬੀ.ਐਲ.ਓਜ਼ ਦੀ ਮੌਤ ਦਾ ਮਸਲਾ
ਪਿਛਲੇ ਪੈਂਤੀ ਦਿਨਾਂ ਵਿਚ 30 ਬੀ.ਐਲ.ਓਜ਼ ਦੀ ਮੌਤ ਹੈਰਾਨੀਜਨਕ ਹੈ। ਇਨ੍ਹਾਂ 'ਚੋਂ 10 ਬੀ.ਐਲ.ਓਜ਼ ਨੇ ਖ਼ੁਦਕੁਸ਼ੀ ਕੀਤੀ। ਬੀ.ਐਲ.ਓਜ਼ ਦੀ ਮੌਤ ਦਾ ਮਸਲਾ ਸਿਸਟਮ ਦੇ ਮੂੰਹ 'ਤੇ ਚਪੇੜ ਹੈ। ਚੋਣ ਕਮਿਸ਼ਨ ਵਲੋਂ ਚੋਣ ਅਤੇ ਵੋਟ ਪ੍ਰਕਿਰਿਆ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਮੰਦਭਾਗਾ ਹੈ। ਕੰਮ ਹੋ ਜਾਂਦਾ ਹੈ। ਛੋਟਾ ਮੁਲਾਜ਼ਮ ਕਦੇ ਵੀ ਕੰਮ ਪ੍ਰਤੀ ਅਣਗਹਿਲੀ ਨਹੀਂ ਕਰਦਾ। ਮੁਲਾਜ਼ਮਾਂ ਦੀ ਘੱਟ ਨਫ਼ਰੀ ਵੀ ਇਨ੍ਹਾਂ ਮੌਤਾਂ ਦਾ ਕਾਰਨ ਹੈ। ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਬੀ.ਐਲ.ਓਜ਼. ਲਗਾ ਦਿੱਤਾ ਜਾਂਦਾ ਹੈ, ਇਸ ਨਾਲ ਉਨ੍ਹਾਂ ਦੇ ਪਿੱਤਰੀ ਵਿਭਾਗ ਦਾ ਕੰਮ ਪਛੜ ਜਾਂਦਾ ਹੈ। ਆਖ਼ਰ ਉਹ ਕੰਮ ਵੀ ਕਰਨਾ ਪੈਂਦਾ ਹੈ। ਹੁਣ ਖ਼ਬਰ ਆਈ ਕਿ ਤੀਹ ਮੌਤਾਂ ਤੋਂ ਇਲਾਵਾ ਹੋਰ ਵੀ ਖ਼ਦਸ਼ਾ ਹੈ। ਵੱਖ-ਵੱਖ ਰਾਜਾਂ 'ਚ ਕੰਮ ਦੇ ਬੋਝ ਕਰਕੇ ਇਨ੍ਹਾਂ ਬੁਝੇ ਚਿਰਾਗਾਂ ਦਾ ਜ਼ਿੰਮੇਵਾਰ ਕੌਣ ਹੈ? ਜਿਸ ਪ੍ਰੇਸ਼ਾਨੀ ਕਾਰਨ ਕਿਸੇ ਮੁਲਾਜ਼ਮ ਦੀ ਮੌਤ ਹੁੰਦੀ ਹੈ ਉਸ ਦੇ ਕਾਰਨ ਉਜਾਗਰ ਕਰਕੇ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉੱਚ ਅਧਿਕਾਰੀਆਂ ਵਲੋਂ ਹਉਮੈ ਕਾਰਨ ਅਧੀਨ ਮੁਲਾਜ਼ਮਾਂ ਦੀ ਵੀ ਸੁਣੀ ਜਾਣੀ ਚਾਹੀਦੀ ਹੈ। ਬੀ.ਐਲ.ਓਜ਼ ਦੀ ਮੌਤ ਦੇ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਛੁੱਟੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਕੋਈ ਵੀ ਅਧਿਕਾਰੀ ਛੋਟੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇ। ਕੰਮ ਸਹਿਜਤਾ ਅਤੇ ਸਲੀਕੇ ਨਾਲ ਲਿਆ ਜਾਵੇ। ਪੰਜਾਬ ਸਰਕਾਰ ਨੂੰ ਇਸ ਮਸਲੇ 'ਤੇ ਉਚੇਚਾ ਧਿਆਨ ਦੇਣ ਦੀ ਲੋੜ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਅਧੂਰੇ ਪਾਰਕ ਦਾ ਉਦਘਾਟਨ ਕਿਉਂ?
ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਵਿਖੇ ਪੰਜਾਬ ਦੀ ਹਕੂਮਤ ਦੇ ਇਕ ਨੇਤਾ ਨੇ ਅੱਜ ਤੋਂ ਤਕਰੀਬਨ ਪੌਣਾ ਸਾਲ ਪਹਿਲਾਂ ਹੀ ਉਦਘਾਟਨ ਕਰ ਦਿੱਤਾ ਸੀ। ਉਦਘਾਟਨ ਸਮੇਂ ਕਈ ਅਧਿਕਾਰੀ, ਕਰਮਚਾਰੀ ਅਤੇ ਪੰਚਾਇਤ ਵੀ ਹਾਜ਼ਰ ਸੀ। ਪ੍ਰੰਤੂ ਕਿਸੇ ਨੇ ਵੀ ਅਧੂਰੇ ਪਾਰਕ ਦੇ ਉਸ ਸਮੇਂ ਹੋ ਰਹੇ ਉਦਘਾਟਨ ਦਾ ਵਿਰੋਧ ਨਹੀਂ ਕੀਤਾ। ਇਹ ਤਾਂ ਉਹ ਗੱਲ ਹੋਈ 'ਅਖੇ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।' ਸਭ ਤੋਂ ਵੱਡੀ ਅਚੰਭੇ ਤੇ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਉਦਘਾਟਨ ਤੋਂ ਬਾਅਦ ਵੀ ਪੌਣਾ ਸਾਲ ਬੀਤਣ ਦੇ ਬਾਵਜੂਦ ਵੀ ਪਾਰਕ ਦੀ ਸਥਿਤੀ ਉਸੇ ਤਰ੍ਹਾਂ ਹੀ ਹੈ। ਪਾਰਕ ਵਿਚ ਬਹੁਤ ਜ਼ਿਆਦਾ ਕੰਮ ਕਰਨਾ ਅਜੇ ਬਾਕੀ ਹੀ ਪਿਆ ਹੈ। ਲੋੜ ਹੈ ਸਰਕਾਰ ਨੂੰ ਫੋਕੀ ਵਾਹ-ਵਾਹ ਖੱਟਣ ਦੀ ਬਜਾਏ ਹਕੀਕੀ ਰੂਪ ਵਿਚ ਪੂਰਾ ਤੇ ਸਹੀ ਕੰਮ ਕਰਕੇ ਅਧੂਰੇ ਪਾਰਕ ਦਾ ਕੰਮ ਮੁਕੰਮਲ ਕਰਨ ਦੀ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਰਾਜਸੀ ਨੇਤਾ ਅਤੇ ਜਨਤਾ
ਅਜੋਕੇ ਸਮੇਂ ਦੇਸ਼ ਦੇ ਰਾਜਨੀਤਕ ਖੇਤਰ ਅੰਦਰ ਰਾਜਸੀ ਨੇਤਾਵਾਂ ਦੇ ਇਖਲਾਕ ਵਿਚ ਕਾਫੀ ਗਿਰਾਵਟ ਦੇਖਣ-ਸੁਣਨ ਨੂੰ ਮਿਲ ਰਹੀ ਹੈ। ਪੁਰਾਣੇ ਸਮੇਂ ਵਿਚ ਰਾਜਨੀਤੀ ਨੂੰ ਸੇਵਾ ਦਾ ਖੇਤਰ ਸਮਝਦੇ ਹੋਏ ਰਾਜਸੀ ਨੇਤਾ ਜਨਤਾ ਪ੍ਰਤੀ ਦਿਲੋਂ ਸਨੇਹ, ਹਮਦਰਦੀ ਅਤੇ ਸੇਵਾ ਭਾਵ ਰੱਖਦੇ ਸਨ। ਉਹ ਜਿਥੇ ਲੋਕਾਂ ਪ੍ਰਤੀ ਆਪਣੇ-ਆਪ ਨੂੰ ਜਵਾਬਦੇਹ ਸਮਝਦੇ ਹੋਏ ਉਨ੍ਹਾਂ ਦੇ ਦੁੱਖ-ਸੁਖ ਵਿਚ ਸ਼ਾਮਿਲ ਹੁੰਦੇ ਸਨ, ਉਥੇ ਉਨ੍ਹਾਂ (ਜਨਤਾ) ਦੇ ਜੀਵਨ ਦੀ ਬਿਹਤਰੀ ਲਈ ਸਮਰਪਿਤ ਹੋ ਕੇ ਕੰਮ ਕਰਦੇ ਸਨ। ਪਰ ਸਮੇਂ ਦੇ ਬੀਤਣ ਨਾਲ ਰਾਜਸੀ ਲੋਕਾਂ ਵਿਚ ਇਖਲਾਕੀ ਗਿਰਾਵਟ ਆਉਣ ਕਰਕੇ ਉਹ ਨਾ ਕੇਵਲ ਸੁਆਰਥੀ ਅਤੇ ਮੌਕਾਪ੍ਰਸਤ ਹੀ ਹੋ ਗਏ, ਸਗੋਂ ਉਨ੍ਹਾਂ ਦੇ ਮਨਾਂ ਵਿਚੋਂ ਜਨਤਾ ਪ੍ਰਤੀ ਸਨੇਹ, ਹਮਦਰਦੀ ਅਤੇ ਸੇਵਾ-ਭਾਵ ਹੀ ਮਨਫੀ ਹੋ ਗਿਆ ਅਤੇ ਉਹ ਜਨਤਾ ਪ੍ਰਤੀ ਜਵਾਬਦੇਹ ਵੀ ਨਹੀਂ ਰਹੇ। ਇਸ ਦੀ ਥਾਵੇਂ ਉਹ ਲੋਕਾਂ ਨੂੰ ਆਪਣੀ ਖੇਤੀ ਸਮਝਦੇ ਹੋਏ, ਉਨ੍ਹਾਂ ਦੀਆਂ ਵੋਟਾਂ ਬਟੋਰਨ ਲਈ ਕਿਸੇ ਵੀ ਹੱਦ ਤੱਕ ਵੀ ਜਾ ਸਕਦੇ ਹਨ। ਅਰਥਾਤ ਉਹ ਲੋਕਾਂ ਨੂੰ ਆਪਣਾ ਵੋਟ ਬੈਂਕ ਹੀ ਸਮਝ ਰਹੇ ਹਨ ਅਤੇ ਇਸ ਦੀ (ਵੋਟ ਬੈਂਕ) ਸਲਾਮਤੀ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਜਦੋਂ ਤਾਂ ਉਨ੍ਹਾਂ ਨੇ ਲੋਕਾਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਹਨ, ਉਹ ਵਿਚਾਰੇ ਅਤੇ ਗਰੀਬੜੇ ਬਣ ਜਾਂਦੇ ਹਨ ਅਤੇ ਜਨਤਾ ਨੂੰ ਵੱਡੇ-ਵੱਡੇ ਲਾਰੇ ਲਾਉਂਦੇ ਅਤੇ ਵਾਅਦੇ ਕਰਦੇ ਹਨ, ਪਰ ਵੋਟਾਂ ਲੈਣ ਉਪਰੰਤ ਉਨ੍ਹਾਂ ਦੀਆਂ ਅੱਖਾਂ ਹੀ ਬਦਲ ਜਾਂਦੀਆਂ ਹਨ। ਉਨ੍ਹਾਂ ਵਿਚੋਂ ਲੋਕਾਂ ਕੋਲ ਆਉਣਾ ਤਾਂ ਇਕ ਪਾਸੇ ਰਿਹਾ, ਉਨ੍ਹਾਂ ਨੂੰ ਮਿਲਣਾ ਵੀ ਵਾਜਬ ਨਹੀਂ ਸਮਝਿਆ ਜਾਂਦਾ। ਕੀ ਇਹ ਲੋਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਗੱਲ ਨਹੀਂ? ਕੀ ਇਹ ਜਨਤਾ ਨਾਲ ਧੱਕਾ ਅਤੇ ਬੇਇਨਸਾਫੀ ਨਹੀਂ? ਸੋ, ਲੋੜ ਹੈ ਰਾਜਸੀ ਨੇਤਾਵਾਂ ਨੂੰ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਜਨਤਾ ਪ੍ਰਤੀ ਸੰਜੀਦਾ ਅਤੇ ਸਮਰਪਿਤ ਹੋ ਕੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣ ਦੀ ਅਤੇ ਉਨ੍ਹਾਂ ਦੇ ਜਾਇਜ਼ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ, ਜੋ ਕਿ ਸਮੇਂ ਦੀ ਵੱਡੀ ਲੋੜ ਹੈ ਅਤੇ ਅਜਿਹਾ ਕਰਕੇ ਹੀ ਰਾਜਸੀ ਨੇਤਾ ਜਨਤਾ ਦੇ ਸੱਚੇ-ਸੁੱਚੇ ਸੇਵਕ ਅਖਵਾ ਸਕਦੇ ਹਨ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।