JALANDHAR WEATHER

27-11-2525

 ਸੜਕਾਂ ਕਿਨਾਰੇ ਗੰਦਗੀ
ਸੜਕਾਂ ਦੇ ਕਿਨਾਰੇ ਗੰਦਗੀ ਕਾਰਨ ਫੈਲੀ ਬਦਬੂ ਕਾਰਨ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਅਕਸਰ ਲੋਕ ਅਜਿਹੀਆਂ ਥਾਵਾਂ ਤੋਂ ਮੂੰਹ ਢਕ ਕੇ ਲੰਘਦੇ ਨਜ਼ਰ ਆਉਂਦੇ ਹਨ | ਵਰਤਮਾਨ ਸਮੇਂ ਜ਼ਿਆਦਾਤਰ ਲੋਕ ਜਿੱਥੇ ਆਪਣੇ ਘਰਾਂ ਦਾ ਕੂੜਾ-ਕਰਕਟ ਸੜਕਾਂ ਦੇ ਕਿਨਾਰੇ ਸੁੱਟ ਦਿੰਦੇ ਹਨ ਉੱਥੇ ਹੀ ਗਲੀਆਂ-ਸੜੀਆਂ ਸਬਜ਼ੀਆਂ ਅਤੇ ਫਲ ਵੀ ਸੁੱਟੇ ਨਜ਼ਰ ਆਉਂਦੇ ਹਨ, ਜੋ ਰਾਹਗੀਰਾਂ ੱਤੇ ਵਾਤਾਵਰਨ ਦੋਵਾਂ ਲਈ ਘਾਤਕ ਸਿੱਧ ਹੁੰਦਾ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਅਜਿਹਾ ਪਾਇਆ ਜਾਂਦਾ ਹੈ ਤਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਕੂੜੇ ਨੂੰ ਨਿਰਧਾਰਿਤ ਥਾਵਾਂ 'ਤੇ ਸੁੱਟਣ ਲਈ ਸਖ਼ਤ ਤਾੜਨਾ ਕਰਨੀ ਚਾਹੀਦੀ ਹੈ | ਕਈ ਵਾਰ ਇਹ ਗੰਦਗੀ ਤੇਜ਼ ਹਵਾਵਾਂ ਕਾਰਨ ਸੜਕਾਂ ਦੇ ਕਿਨਾਰੇ ਤੋਂ ਸੜਕਾਂ ਦੇ ਵਿਚਕਾਰ ਆ ਜਾਂਦੀ ਹੈ ਜਿਸ ਵਿਚ ਵੱਡੇ-ਵੱਡੇ ਲਿਫਾਫੇ ਅਤੇ ਗਲੇ-ਸੜੇ ਪਦਾਰਥ ਆਦਿ ਸੜਕਾਂ 'ਤੇ ਆਮ ਨਜ਼ਰ ਆਉਂਦੇ ਹਨ | ਇਹ ਗੰਦਗੀ ਸੜਕਾਂ ਦੁਆਲੇ ਲਗਾਏ ਗਏ ਛੋਟੇ ਪੌਦਿਆਂ ਲਈ ਵੀ ਮਾਰੂ ਸਾਬਤ ਹੁੰਦੀ ਹੈ |

ਰਵਿੰਦਰ ਸਿੰਘ ਰੇਸ਼ਮ
ਪਿੰਡ ਨੱਥੂਮਾਜਰਾ, ਜ਼ਿਲਾ ਮਾਲੇਰਕੋਟਲਾ |

ਕਿੱਤਾ ਮੁਖੀ ਕੋਰਸਾਂ ਨਾਲ ਸੰਵਾਰੋ ਭਵਿੱਖ
ਅੱਜ ਦਾ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚੌਖਾ ਚਿੰਤਤ ਨਜ਼ਰ ਆਉਂਦਾ ਹੈ | ਜਿਸਦੀ ਮੁੱਖ ਵਜ੍ਹਾ ਇਹ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਖੇਤਰ 'ਚ ਨੌਕਰੀਆਂ ਦੇ ਮੌਕੇ ਹਰ ਰੋਜ਼ ਘਟਦੇ ਜਾ ਰਹੇ ਹਨ | ਜਿਨ੍ਹਾਂ ਕੋਲ ਮਾੜੀ ਮੋਟੀ ਗੁੰਜਾਇਸ਼ ਹੁੰਦੀ ਹੈ ਉਹ ਜਹਾਜ਼ ਚੜ੍ਹ ਵਿਦੇਸ਼ ਤੁਰ ਜਾਂਦੇ ਹਨ ਪਰ ਜੋ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਹਨ, ਉਸ ਨੂੰ ਇਧਰ ਹੀ ਛੋਟੀ ਮੋਟੀ ਨੌਕਰੀ ਲਈ ਤਰਲੇ ਮਾਰਨੇ ਪੈਂਦੇ ਹਨ | ਉਹ ਵੀ ਜੇ ਮਿਲ ਗਈ ਤਾਂ ਠੀਕ ਹੈ ਵਰਨਾ ਵੇਹਲੇ ਡੰਡੇ ਵਜਾਓ | ਦੂਜੇ ਪਾਸੇ ਜੇ ਤੁਸੀਂ ਦਸਵੀਂ-ਬਾਰ੍ਹਵੀਂ ਤੋਂ ਕੋਈ ਕਿੱਤਾ ਮੁਖੀ ਕੋਰਸ ਦੀ ਚੋਣ ਕਰਕੇ ਉਸ ਵਿਚ ਮੁਹਾਰਤਾ ਹਾਸਿਲ ਕਰ ਲਵੋਗੇ ਤਾਂ ਤੁਹਾਡਾ ਭਵਿੱਖ ਸੁਰੱਖਿਅਤ ਹੋ ਜਾਵੇਗਾ | ਕੁਝ ਕਿੱਤਾ ਮੁਖੀ ਕੋਰਸ ਅਜਿਹੇ ਵੀ ਹਨ ਜਿਸ ਨੂੰ ਕਰਨ ਨਾਲ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਹੈ ਤੇ ਜੇ ਨੌਕਰੀ ਨਹੀਂ ਵੀ ਮਿਲਦੀ ਤਾਂ ਤੁਸੀਂ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰ ਸਕਦੇ ਹੋ | ਅਜਿਹੇ ਕਿੱਤਾ ਮੁਖੀ ਕੋਰਸਾਂ ਵਿਚ ਤੁਸੀਂ ਆਪਣੀ ਰੁਚੀ ਮੁਤਾਬਿਕ ਚੋਣ ਕਰ ਸਕਦੇ ਹੋ | ਜਿਵੇਂ ਤੁਸੀਂ ਕੰਪਿਊਟਰ ਕੋਰਸ ਕਰ ਸਕਦੇ ਹੋ | ਲੜਕੀਆਂ ਬਿਊਟੀ ਐਂਡ ਵੈੱਲਨੈੱਸ ਦਾ ਕੋਰਸ ਕਰ ਸਕਦੀਆਂ ਹਨ | ਆਈ.ਟੀ.ਆਈ. ਤੋਂ ਇਲੈਕਟ੍ਰੀਸ਼ਨ, ਵੁੱਡ ਵਰਕ, ਕਾਰ, ਪੇਂਟਿੰਗ, ਬਿਲਡਿੰਗ ਵਗੈਰਾ ਆਦਿ ਕਿੱਤਾ ਮੁਖੀ ਕੋਰਸ ਕਰਕੇ ਨੌਜਵਾਨ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ |

-ਲੈਕਚਰਾਰ ਅਜੀਤ ਖੰਨਾ
ਐਮ.ਏ., ਐੱਮ.ਫਿਲ, ਮਾਸਟਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਬੀ.ਐੱਡ |

ਸੰਵਿਧਾਨ ਦਿਵਸ
ਸੰਵਿਧਾਨ ਦਿਵਸ ਹਰ ਸਾਲ 26 ਨਵੰਬਰ ਨੂੰ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਭਾਰਤੀ ਸੰਵਿਧਾਨ ਨੂੰ ਸੰਵਿਧਾਨ ਸਭਾ ਦੁਆਰਾ ਰਸਮੀ ਤੌਰ 'ਤੇ ਅਪਣਾਇਆ ਗਿਆ ਸੀ | ਸੰਵਿਧਾਨ ਸਭਾ ਨੇ 26 ਨਵੰਬਰ, 1949 ਨੂੰ ਸੰਵਿਧਾਨ ਨੂੰ ਅਪਣਾਇਆ | ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ | ਉਦੋਂ ਤੋਂ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ | ਸੰਵਿਧਾਨ ਦਿਵਸ ਦੇ ਮੌਕੇ 'ਤੇ ਅਸੀਂ ਨਾ ਸਿਰਫ਼ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਆਜ਼ਾਦ ਭਾਰਤ ਦੇ ਨਾਗਰਿਕ ਹਾਂ, ਸਗੋਂ ਅਸੀਂ ਸੰਵਿਧਾਨ 'ਚ ਦਰਜ ਮੌਲਿਕ ਅਧਿਕਾਰਾਂ ਤੋਂ ਆਪਣੇ ਅਧਿਕਾਰ ਪ੍ਰਾਪਤ ਕਰਦੇ ਹਾਂ ਅਤੇ ਲਿਖਤੀ ਮੌਲਿਕ ਕਰਤੱਵਾਂ ਰਾਹੀਂ ਸਾਨੂੰ ਨਾਗਰਿਕ ਵਜੋਂ ਸਾਡੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦੇ ਹਾਂ | ਇਹ ਸੰਵਿਧਾਨ ਸਾਨੂੰ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਆਪਣੇ ਕਰਤੱਵਾਂ ਬਾਰੇ ਵੀ ਦੱਸਦਾ ਹੈ |

-ਗੌਰਵ ਮੁੰਜਾਲ, ਪੀ.ਸੀ.ਐਸ. |

ਸਮੇਂ ਦੀ ਕਦਰ ਕਰੋ
ਸਮੇਂ ਦੀ ਕਦਰ ਕਰਨੀ ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਹੈ | ਸਮਾਂ ਇਕ ਵਾਰੀ ਲੰਘ ਜਾਵੇ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ | ਇਸ ਲਈ ਇਸ ਨੂੰ ਸਹੀ ਕੰਮਾਂ ਵਿਚ ਲਗਾਉਣਾ ਜੀਵਨ ਨੂੰ ਸਫਲ ਤੇ ਸੰਤੁਸ਼ਟ ਬਣਾਉਂਦਾ ਹੈ | ਜੋ ਵਿਅਕਤੀ ਸਮੇਂ ਦਾ ਸਦਉਪਯੋਗ ਕਰਦਾ ਹੈ, ਉਹ ਆਪਣੀ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ, ਜਦਕਿ ਸਮੇਂ ਦੀ ਬਰਬਾਦੀ ਆਲਸ, ਪਛਤਾਵੇ ਅਤੇ ਨਾਕਾਮੀ ਦਾ ਕਾਰਨ ਬਣਦੀ ਹੈ | ਵਿਦਿਆਰਥੀ ਤੋਂ ਲੈ ਕੇ ਕਿਸਾਨ, ਮਜ਼ਦੂਰ, ਵਪਾਰੀ ਜਾਂ ਕਿਸੇ ਵੀ ਪੇਸ਼ੇ ਨਾਲ ਜੁੜਿਆ ਮਨੁੱਖ ਹਰ ਕਿਸੇ ਲਈ ਸਮਾਂ ਸੋਨੇ ਤੋਂ ਵੀ ਕੀਮਤੀ ਹੈ | ਸਮੇਂ ਦੀ ਕਦਰ ਕਰਨ ਦਾ ਮਤਲਬ ਹੈ ਕੰਮ ਨੂੰ ਉਸ ਦੀ ਤਰਜੀਹ ਅਨੁਸਾਰ ਕਰਨਾ, ਅਨੁਸ਼ਾਸਨ ਵਿਚ ਰਹਿਣਾ ਅਤੇ ਫਜ਼ੂਲ ਗੱਲਾਂ ਤੋਂ ਦੂਰ ਰਹਿਣਾ | ਜਿਹੜੇ ਲੋਕ ਹਰ ਪਲ ਦੀ ਮਹੱਤਤਾ ਨੂੰ ਸਮਝਦੇ ਹਨ, ਉਹ ਜੀਵਨ ਵਿਚ ਕੇਵਲ ਤਰੱਕੀ ਹੀ ਨਹੀਂ ਕਰਦੇ, ਸਗੋਂ ਖੁਸ਼ਹਾਲ ਅਤੇ ਸੁਚੱਜਾ ਜੀਵਨ ਜਿਊਾਦੇ ਹਨ |

-ਸਤਵਿੰਦਰ ਕੌਰ ਮੱਲ੍ਹੇਵਾਲ