JALANDHAR WEATHER

31-04-26

 ਕੁੜੀਆਂ ਤੇ ਚਿੜੀਆਂ

ਧੀਆਂ ਘਰ ਦੀ ਰੌਣਕ ਅਤੇ ਮਾਪਿਆਂ ਦਾ ਦੁੱਖ-ਸੁੱਖ ਵੰਡਾਉਣ ਵਾਲੀਆਂ ਹੁੰਦੀਆਂ ਹਨ। ਭਾਵੇਂ ਕਿ ਇਕ ਔਰਤ ਹੀ ਹੈ ਜੋ ਗੁਰੂਆਂ, ਪੀਰਾਂ, ਪਗੰਬਰਾਂ, ਰਹਿਬਰਾਂ, ਰਾਜਿਆਂ-ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਪਰੰਤੂ ਅਜੋਕੇ ਸਮਾਜ ਵਿਚ ਉਸ ਨੂੰ ਬਣਦਾ ਮਾਨ-ਸਤਿਕਾਰ ਨਹੀਂ ਮਿਲ ਰਿਹਾ। ਕੁਝ ਸਮਾਜ ਵਿਰੋਧੀ ਅਨਸਰ, ਅਕਸਰ ਹੀ ਕੁੜੀਆਂ ਨਾਲ ਅਜਿਹੇ ਘਿਨਾਉਣੇ ਕਾਰੇ ਕਰ ਜਾਂਦੇ ਹਨ, ਜਿਸ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਧੀਆਂ ਨੂੰ ਕੁਖਾਂ ਵਿਚ ਕਤਲ ਨਹੀਂ ਕਰਾਉਣਾ ਚਾਹੀਦਾ। ਇਕ ਧੀ ਨਾਲ ਹੀ ਮੁਕੰਮਲ ਪਰਿਵਾਰ ਤੇ ਰਿਸ਼ਤੇਦਾਰੀਆਂ ਹਨ ਅਤੇ ਬੇਟੀ ਬਿਨਾਂ ਘਰ ਅਧੂਰਾ ਹੈ। ਕੁੜੀਆਂ ਦੀ ਗਿਣਤੀ ਵੀ ਦਿਨੋ-ਦਿਨ ਘਟ ਰਹੀ ਹੈ। ਇਸੇ ਤਰ੍ਹਾਂ ਚਿੜੀਆਂ ਤਾਂ ਪੰਜਾਬ ਵਿਚ ਅਲੋਪ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਨਾ ਹੁਣ ਕੱਚੇ ਘਰ ਰਹੇ ਹਨ ਜਿਨ੍ਹਾਂ ਵਿਚ ਉਹ ਆਪਣੇ ਆਲ੍ਹਣੇ ਬਣਾ ਕੇ ਆਂਡੇ ਦਿੰਦੀਆਂ ਸਨ ਤੇ ਆਪਣੀ ਨਸਲ ਵਧਾਉਂਦੀਆਂ ਸਨ। ਬੇਸ਼ੁਮਾਰ ਹੋਈ ਦਰੱਖ਼ਤਾਂ ਦੀ ਕਟਾਈ ਅਤੇ ਕੱਚੇ ਘਰਾਂ ਦੀ ਜਗ੍ਹਾ ਪੱਕੇ ਘਰ ਬਣ ਜਾਣ ਨਾਲ ਚਿੜੀਆਂ ਦੀ ਨਸਲ ਵਿਚ ਭਾਰੀ ਕਮੀ ਆਈ ਹੈ। ਘਰਾਂ ਵਿਚ ਲੱਕੜੀ ਦੇ ਆਲ੍ਹਣੇ ਟੰਗਣ ਨਾਲੋਂ ਸਾਨੂੰ ਦਰੱਖ਼ਤ ਲਗਾਉਣ ਦੀ ਲੋੜ ਹੈ, ਸੋ, ਕੁੜੀਆਂ ਤੇ ਚਿੜੀਆਂ ਦੀ ਹੋਂਦ ਬਰਕਰਾਰ ਰੱਖਣ, ਸੁਰੱਖਿਆ ਤੇ ਆਬਾਦੀ ਵਿਚ ਸੰਤੁਲਨ ਰੱਖਣ ਲਈ ਢੁਕਵੇਂ ਪ੍ਰਬੰਦ ਕਰਨ ਦੀ ਲੋੜ ਹੈ, ਕਿਉਂਕਿ ਕੁੜੀਆਂ ਤੇ ਚਿੜੀਆਂ ਹੁੰਦੀਆਂ ਰੌਣਕ ਵਿਹੜੇ ਦੀ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਆਪਣੀ ਹਉਮੈ ਨੂੰ ਮਾਰੇ ਮਨੁੱਖ

ਇਨਸਾਨੀ ਬਿਰਤੀ ਹਉਮੈ ਨੂੰ ਪੱਠੇ ਪਾਉਣ ਵਾਲੀ ਹੈ। ਪਤਾ ਨਹੀਂ ਕਿਉਂ ਸਭ ਕੁਝ ਪਤਾ ਹੁੰਦੇ ਹੋਏ ਵੀ ਮਨੁੱਖ ਆਪਣੇ 'ਤੇ ਕਾਬੂ ਨਹੀਂ ਪਾਉਂਦਾ, ਜਿਸ ਕਰਕੇ ਉਸ ਦੇ ਜੀਵਨ ਵਿਚ ਸੁਖ-ਸਾਂਤੀ ਦੀ ਬਜਾਏ ਦੁੱਖ ਦਾ ਆਉਣਾ ਸੁਭਾਵਿਕ ਹੈ। ਅਮਰੀਕਾ, ਈਰਾਨ ਵਿਚਕਾਰ ਛਿੜੀ ਜੰਗ ਮਨੁੱਖੀ ਹਉਮੈ ਨੂੰ ਉਜਾਗਰ ਕਰਦੀ ਹੈ। ਇਸ ਤਰ੍ਹਾਂ ਨੇ ਅਸੀ ਆਮ ਜੀਵਨ ਚ ਵੀ ਨਜ਼ਰ ਮਾਰੀਏ ਤਾਂ ਇਹ ਵਰਤਾਰਾ ਤੁਹਾਨੂੰ ਖੁਦ-ਬ-ਖੁਦ ਨਜ਼ਰ ਆ ਜਾਵੇਗਾ। ਇਹੀ ਕਾਰਨ ਹੈ ਕਿ ਮਨੁੱਖੀ ਜੀਵਨ ਦੁੱਖਾਂ 'ਚ ਘਿਰਿਆ ਰਹਿੰਦਾ ਹੈ। ਮਨੁੱਖ ਨੂੰ ਆਪਣੀ ਅੰਦਰਲੀ ਈਰਖਾ ਅਤੇ ਹਉਮੈ ਨੂੰ ਮਾਰਨਾ ਪਵੇਗਾ ਤਾਂ ਜੋਂ ਉਹ ਜਿੰਦਗੀ 'ਚ ਆਉਣ ਦੇ ਅਸਲ ਮਕਸਦ ਪੂਰਾ ਹੋ ਸਕੇ ਤੇ ਮਨੁੱਖੀ ਜੀਵਨ ਨੂੰ ਸੁਖਾਲਾ ਗੁਜ਼ਰੇ।

-ਸਿਮਰਨਜੀਤ ਕੌਰ
ਫਿਰੋਜ਼ਪੁਰ ਕੁਠਾਲਾ।