JALANDHAR WEATHER

22-04-26

 ਮਾਨਸਿਕ ਸਿਹਤ ਦੀ ਮਹੱਤਤਾ

ਆਧੁਨਿਕ ਯੁੱਗ ਵਿਚ ਮਾਨਸਿਕ ਸਿਹਤ ਇਕ ਮਹੱਤਵਪੂਰਨ ਵਿਸ਼ਾ ਹੈ। ਲੋਕ ਆਪਣੇ ਕੰਮ, ਪੜ੍ਹਾਈ ਤੇ ਨਿੱਜੀ ਜੀਵਨ ਦੇ ਦਬਾਅ ਕਾਰਨ ਤਨਾਅ, ਚਿੰਤਾ ਤੇ ਉਦਾਸੀ ਦਾ ਸਾਹਮਣਾ ਕਰ ਰਹੇ ਹਨ।
ਮਾਨਸਿਕ ਸਿਹਤ ਦਾ ਸਿੱਧਾ ਪ੍ਰਭਾਵ ਸਾਡੀ ਸਰੀਰਕ ਸਿਹਤ 'ਤੇ ਪੈਂਦਾ ਹੈ। ਜੇ ਮਨ ਸ਼ਾਂਤ ਨਾ ਹੋਵੇ, ਤਾਂ ਮਨੁੱਖ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਸਕਦਾ। ਵਿਦਿਆਰਥੀਆਂ ਵਿਚ ਪੜ੍ਹਾਈ ਦਾ ਦਬਾਅ ਤੇ ਨੌਜਵਾਨਾਂ ਵਿਚ ਨੌਕਰੀ ਦੀ ਚਿੰਤਾ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ। ਕਈ ਵਾਰ ਡਿਜੀਟਲ ਦੁਨੀਆ ਦੀ ਬੇਲੋੜੀ ਜਾਣਕਾਰੀ ਵੀ ਮਾਨਸਿਕ ਥਕਾਵਟ ਦਾ ਕਾਰਨ ਬਣਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸਾਨੂੰ ਆਪਣੀ ਜੀਵਨ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਇਸ ਲਈ ਸਾਨੂੰ ਸਿਹਤਮੰਦ ਆਦਤਾਂ ਜਿਵੇਂ ਕਿ ਯੋਗਾ, ਕਸਰਤ, ਧਿਆਨ ਤੇ ਸਕਾਰਾਤਮਕ ਸੋਚ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਆਪਣੇ ਪਰਿਵਾਰ, ਦੋਸਤਾਂ ਨਾਲ ਸਮਾਂ ਬਿਤਾਉਣਾ ਵੀ ਬਹੁਤ ਜ਼ਰੂਰੀ ਹੈ।
ਮਾਨਸਿਕ ਤੌਰ 'ਤੇ ਸਿਹਤਮੰਦ ਵਿਅਕਤੀ ਨਾ ਸਿਰਫ ਆਪਣੀ ਨਿੱਜੀ ਤੇ ਪੇਸ਼ਾਵਾਰ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੇ ਤਨਾਅ ਦਾ ਡੱਟ ਕੇ ਸਾਹਮਣਾ ਕਰ ਸਕਦਾ ਹੈ ਸਗੋ ਉਸ ਸਮਾਜ ਵਿਚ ਵੀ ਆਪਣਾ ਸਾਰਥਕ ਯੋਗਦਾਨ ਪਾਉਣ ਦੇ ਯੋਗ ਹੁੰਦਾ ਹੈ। ਇਸ ਲਈ ਸਾਨੂੰ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।

-ਅਵਨੀਤ ਕੌਰ,
ਨੌਧਰਾਣੀ (ਮਲੇਰਕੋਟਲਾ)

ਸਮੇਂ ਦੀ ਬੱਚਤ ਜ਼ਰੂਰੀ

ਸਮੇਂ ਦੀ ਬੱਚਤ ਜੀਵਨ ਵਿਚ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਮਾਂ ਇਕ ਅਨਮੋਲ ਧਨ ਹੈ, ਜੋ ਇੱਕ ਵਾਰ ਲੰਘ ਜਾਵੇ ਤਾਂ ਮੁੜ ਕੇ ਨਹੀਂ ਆਉਂਦਾ। ਸਮੇਂ ਦੀ ਕਦਰ ਕਰਨ ਵਾਲੇ ਹੀ ਸੰਸਾਰ ਵਿਚ ਨਾਮਣਾ ਖੱਟਦੇ ਹਨ, ਜਦਕਿ ਆਲਸੀ ਲੋਕ ਪਛਤਾਉਂਦੇ ਹਨ। ਰੋਜ਼ਾਨਾ ਜੀਵਨ ਵਿਚ ਕੰਮਾਂ ਦੀ ਤਰਤੀਬ ਬਣਾ ਕੇ ਅਤੇ ਕੱਲ੍ਹ 'ਤੇ ਨਾ ਟਾਲ ਕੇ ਅਸੀਂ ਟੀਚੇ ਹਾਲ ਕਰ ਸਕਦੇ ਹਾਂ। ਸਮੇਂ ਦੀ ਬੱਚਤ ਲਈ ਆਪਣੇ ਕੰਮਾਂ ਦੀ ਤਰਤੀਬ ਨਿਰਧਾਰਤ ਕਰਨੀ ਬਹੁਤ ਜ਼ਰੂਰੀ ਹੈ। ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸਮੇਂ ਦੀ ਕਦਰ ਕਰੇ ਅਤੇ ਉਸ ਦਾ ਸਹੀ ਇਸਤੇਮਾਲ ਕਰੇ ਤਾਂ ਜੋ ਜੀਵਨ ਸੰਤੁਲਿਤ, ਸਫ਼ਲ ਅਤੇ ਸੁਖਮਈ ਬਣ ਸਕੇ।

-ਕੋਮਨਪ੍ਰੀਤ ਕੌਰ
ਸ਼ੇਰਗੜ ਚੀਮਾ (ਮਲੇਰਕੋਟਲਾ)

ਮੇਰਾ ਸੋਹਣਾ ਦੇਸ਼ ਪੰਜਾਬ

ਸਾਡਾ ਪੰਜਾਬ ਸੋਨੇ ਦੀ ਚਿੜੀ ਕਹਾਉਂਦਾ ਸੀ। ਪੰਜਾਬ 1990 ਦੇ ਦਹਾਕੇ ਤੱਕ ਬਹੁਤ ਵਧੀਆ ਤੇ ਤੰਦਰੁਸਤ ਹੁੰਦਾ ਸੀ। ਮੇਲੇ ਤੇ ਛਿੰਝਾਂ ਲੱਗਦੀਆਂ ਹੁੰਦੀਆਂ ਸੀ। ਕਦੇ ਪੰਜਾਬ ਦੇ ਮਨੋਰੰਜਨ ਦੇ ਸਾਧਨ ਰੇਡੀਓ, ਟੇਪ ਅਤੇ ਰੀਲ ਵਾਲਾ ਡੈੱਕ ਅਤੇ ਬਲੈਕ ਐਂਡ ਵਾਈਟ ਟੀ.ਵੀ. ਹੁੰਦੇ ਸੀ।
ਖੇਤੀ ਦੇ ਸਾਧਨ ਬੜੇ ਸੌਖੇ ਅਤੇ ਸਰਲ ਹੁੰਦੇ ਸਨ। ਕਦੇ ਖੇਤੀ ਨੂੰ ਪਾਣੀ ਸੂਏ ਦੀ ਵਾਰੀ ਨਾਲ ਕਦੇ ਅਤੇ ਕੱਸੀਆਂ ਦਾ ਵਾਰੀ ਨਾਲ ਲੱਗਦਾ ਹੁੰਦਾ ਸੀ। ਨਾ ਬਹੁਤੇ ਡੂੰਘੇ ਬੋਰ ਹੁੰਦੇ ਸਨ। ਖੇਤੀ ਨੂੰ ਪਾਣੀ ਲਾਉਣਾ ਬਹੁਤਾ ਹੀ ਸੌਖਾ ਹੁੰਦਾ ਸੀ। ਉਦੋਂ ਝੋਨਾ ਘੱਟ ਹੁੰਦਾ ਸੀ। ਸੁੱਕੀਆਂ ਫ਼ਸਲਾਂ ਜ਼ਿਆਦਾ ਹੁੰਦੀਆਂ ਸਨ ਤੇ ਮੱਕੀ, ਬਾਜਰਾ ਤੇ ਹਰਿ-ਹਰਿ ਤੇ ਸੋਇਆ ਬੀਨ ਤੇ ਕਪਾਹ ਹੁੰਦੀ ਸੀ। ਜਿਸ ਦਿਨ ਤੋਂ ਝੋਨਾ ਲਾਉਣ ਲੱਗੇ ਹਾਂ, ਧਰਤੀ ਹੇਠਲਾ ਪਾਣੀ ਮੁਕਾਈ ਜਾ ਰਹੇ ਹਾਂ। ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਚਾਚੇ ਅਤੇ ਤਾਏ ਦਾ ਡਰ ਪਿਉਂ ਤੋਂ ਵੱਧ ਹੁੰਦਾ ਸੀ। ਬੱਚੇ ਗਲਤ ਕੰਮ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦੇ ਹੁੰਦੇ ਸਨ। ਪਿੰਡ ਵਿਚ ਜਦੋਂ ਵੀ ਕਿਸੇ ਧੀ ਭੈਣ ਦਾ ਵਿਆਹ ਹੋਣਾ ਹੁੰਦਾ ਸੀ ਤਾਂ ਸਾਰਾ ਪਿੰਡ ਸਹਿਯੋਗ ਕਰਦਾ ਸੀ। ਉਹ ਪੁਰਾਣਾ ਸਮਾਂ ਬਹੁਤ ਚੰਗਾ ਹੁੰਦਾ ਸੀ। ਕਿਸੇ ਨਾਲ ਬਹੁਤਾ ਵੈਰ-ਵਿਰੋਧ ਨਹੀਂ ਹੁੰਦਾ ਸੀ।

-ਬਲਕਾਰ ਸਿੰਘ ਸਰਾਓ
ਪਿੰਡ ਢੰਢੋਲੀ ਖੁਰਦ, ਸੰਗਰੂਰ।

ਪੱਕੀ ਫ਼ਸਲ ਦੀ ਰਾਖੀ ਜ਼ਰੂਰੀ

ਵਿਸਾਖੀ ਤੋਂ ਬਾਅਦ ਹੁਣ ਕਿਸਾਨ ਭਰਾਵਾਂ ਵਲੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਗਰਮੀ ਦੇ ਮੌਸਮ ਵਿਚ ਅਕਸਰ ਪੱਕੀ ਫ਼ਸਲ ਨੂੰ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਸਾਨਾਂ ਵਲੋਂ 6 ਮਹੀਨੇ ਪੂਰੀ ਮਿਹਨਤ ਕਰ ਕੇ ਇਹ ਫ਼ਸਲ ਪਾਲੀ ਹੁੰਦੀ ਹੈ, ਪਰ ਇਕ ਛੋਟੀ ਜਿਹੀ ਅਣਗਹਿਲੀ ਸਭ ਕੁਝ ਸੁਆਹ ਕਰ ਜਾਂਦੀ ਹੈ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਸਵਿੱਚਾਂ ਤੋਂ ਨਿਕਲਣ ਵਾਲੀ ਚੰਗਿਆੜੀ ਜਾਂ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਕਾਰਨ ਕਿਸਾਨ ਭਰਾਵਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਕਣਕ ਸਿਰਫ਼ ਸਾਡਾ ਭੋਜਨ ਹੀ ਨਹੀਂ, ਸਗੋਂ ਪਸ਼ੂਆਂ ਦੇ ਚਾਰੇ ਦਾ ਵੀ ਜ਼ਰੀਆ ਹੈ।
ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਕੀਮਤੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਬਚਾਅ ਲਈ ਪਾਣੀ ਦਾ ਪ੍ਰਬੰਧ ਰੱਖੋ, ਖੇਤਾਂ ਵਿਚ ਬਿਜਲੀ ਸਪਲਾਈ ਨੂੰ ਜਿੰਨਾ ਹੋ ਸਕੇ ਬੰਦ ਰੱਖੋ, ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਪੱਕੀ ਹੋਈ ਕਣਕ ਪਹਿਲਾਂ ਕੱਟ ਲਓ। ਇਨ੍ਹਾਂ ਪ੍ਰਬੰਧਾਂ ਕਾਰਨ ਕਿਸਾਨ ਭਰਾਵਾਂ ਦੀ ਸੋਨੇ ਵਰਗੀ ਫ਼ਸਲ ਦਾ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ।

-ਅਸ਼ੀਸ਼ ਸ਼ਰਮਾ
ਜਲੰਧਰ।