11-07-2025
ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੇ ਨਗਰ ਨਿਗਮ
ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਇਕ ਹੁਕਮ ਜਾਰੀ ਕੀਤਾ ਗਿਆ ਸੀ। ਜੇਕਰ ਕਿਸੇ ਵੀ ਇਨਸਾਨ ਨੂੰ ਕੋਈ ਲਵਾਰਿਸ ਕੁੱਤਾ ਕੱਟ ਲੈਂਦਾ ਹੈ ਤਾਂ ਕੁੱਤੇ ਦੇ ਵੱਢਣ ਕਰਕੇ ਦੰਦਾਂ ਦੇ ਜਿੰਨੇ ਨਿਸ਼ਾਨ ਇਨਸਾਨ ਦੇ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਹੋਣ, ਨਗਰ ਨਿਗਮ ਨੂੰ 10,000 ਰੁਪਏ ਪ੍ਰਤੀ ਦੰਦ ਦੇ ਨਿਸ਼ਾਨ ਪੀੜਤ ਇਨਸਾਨ ਨੂੰ ਦੇਣੇ ਹੋਣਗੇ। ਜੇਕਰ ਕਿਸੇ ਦੇ ਪਾਲਤੂ ਕੁੱਤਾ ਵੱਢ ਦਿੰਦਾ ਹੈ ਤਾਂ ਵੀ ਪ੍ਰਤੀ ਦੰਦ ਦਸ ਹਜ਼ਾਰ ਰੁਪਏ ਪੀੜਤ ਇਨਸਾਨ ਨੂੰ ਪਾਲਤੂ ਕੁੱਤੇ ਦੇ ਮਾਲਕ ਵਲੋਂ ਦੇਣੇ ਪੈਣਗੇ। ਜਦੋਂ ਵੀ ਕੋਈ ਲਾਵਾਰਿਸ ਜਾਂ ਪਾਲਤੂ ਕੁੱਤਾ ਕੱਟ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਦਰਖ਼ਾਸਤ ਦੇ ਕੇ ਡੀ.ਡੀ.ਆਰ. ਦਰਜ ਕਰਾਓ। ਉਸ ਤੋਂ ਬਾਅਦ ਸਰਕਾਰੀ ਹਸਪਤਾਲ ਵਿਚ ਆਪਣਾ ਪੂਰਾ ਇਲਾਜ ਕਰਾਓ। ਫਿਰ ਇਲਾਜ ਪੂਰਾ ਹੋਣ ਤੋਂ ਬਾਅਦ ਇਕ ਦਰਖ਼ਾਸਤ ਕਮਿਸ਼ਨਰ ਨਗਰ ਨਿਗਮ ਨੂੰ ਕੁੱਤੇ ਦੇ ਕੱਟਣ ਸੰਬੰਧੀ ਪੂਰੇ ਵਿਸਥਾਰ ਨਾਲ ਲਿਖ ਕੇ ਦਿਉ। ਉਸ ਦਰਖ਼ਾਸਤ ਨਾਲ ਡੀ.ਡੀ.ਆਰ. ਦੀ ਕਾਪੀ, ਇਲਾਜ ਦੇ ਸਾਰੇ ਰਿਕਾਰਡ ਦੀ ਕਾਪੀ ਲਗਾ ਕੇ ਦੇਣੀ ਹੁੰਦੀ ਹੈ। ਇਸ ਤੋਂ ਬਾਅਦ ਨਗਰ ਨਿਗਮ ਨੇ ਪੂਰੀ ਜਾਂਚ ਪੜਤਾਲ ਕਰਕੇ ਪੀੜਤ ਨੂੰ ਮੁਆਵਜ਼ਾ ਦੇਣਾ ਹੁੰਦਾ ਹੈ। ਸਾਡੀ ਕਮਿਸ਼ਨਰ, ਨਗਰ ਨਿਗਮ ਬਠਿੰਡਾ, ਡਿਪਟੀ ਕਮਿਸ਼ਨਰ ਸਾਹਿਬ ਬਠਿੰਡਾ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਮਸਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਕਿਉਂ ਨਹੀਂ ਮਿਲਦੀ ਸਮੇਂ 'ਤੇ ਤਨਖ਼ਾਹ
ਪੰਜਾਬ ਸਰਕਾਰ ਦੁਆਰਾ ਹਰ ਵਾਰ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਅਨਐਲਾਨੀ ਰੋਕ ਲਗਾ ਦੇਣੀ, ਬਹੁਤ ਮੰਦਭਾਗਾ ਹੈ। ਪੰਜਾਬ ਦੇ ਮੁੱਖ ਮੰਤਰੀ ਅਕਸਰ ਕਹਿੰਦੇ ਰਹਿੰਦੇ ਹਨ ਕਿ ਸਰਕਾਰ ਦਾ ਖਜ਼ਾਨਾ ਹਮੇਸ਼ਾ ਭਰਿਆ ਹੀ ਹੁੰਦਾ ਹੈ।
ਪਰ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਕਿਉਂ ਨਹੀਂ ਦਿੱਤੀਆਂ ਜਾਂਦੀਆਂ। ਇਹ ਗੱਲ ਸਮਝ ਤੋਂ ਪਰ੍ਹੇ ਹੈ। ਇਸ ਵਾਰ ਜੂਨ ਦੀ ਤਨਖ਼ਾਹ ਵੀ ਮੁਲਾਜ਼ਮਾਂ ਨੂੰ ਜ਼ਿਲ੍ਹੇ ਵਾਰ ਜਾਰੀ ਕੀਤੀ ਗਈ। ਕਦੇ ਕਿਸੇ ਜ਼ਿਲ੍ਹੇ ਦੀ ਜਾਰੀ ਹੁੰਦੀ ਤੇ ਕਦੇ ਕਿਸੇ ਜ਼ਿਲ੍ਹੇ ਦੀ। ਬਹੁਤ ਸਾਰੇ ਜ਼ਿਲ੍ਹਿਆਂ ਵਿਚ ਅਜੇ ਤੱਕ ਵੀ ਮੁਲਾਜ਼ਮਾਂ ਨੂੰ ਤਨਖਾਹ ਨਸੀਬ ਨਹੀਂ ਹੋਈ। ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਬਾਊਂਸ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਹਰਜਾਨਾ ਭੁਗਤਣਾ ਪੈਂਦਾ ਹੈ। ਪਿਛਲੇ 7-8 ਮਹੀਨਿਆਂ ਤੋਂ ਨਾ ਸਿਰਫ਼ ਤਨਖਾਹਾਂ ਲੇਟ ਹੋ ਰਹੀਆਂ ਹਨ ਸਗੋਂ ਜੀ.ਪੀ.ਐਫ ਫੰਡ, ਲੀਵ ਇਨ ਕੈਸ਼ਮੇਂਟ ਅਤੇ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਲਾਭ ਵੀ ਕਈ ਮਹੀਨਿਆਂ ਬਾਅਦ ਮਿਲ ਰਹੇ ਹਨ।
-ਚਰਨਜੀਤ ਸਿੰਘ ਮੁਕਤਸਰ
ਤਿਲਕ ਨਗਰ, ਸ੍ਰੀ ਮੁਕਤਸਰ ਸਾਹਿਬ।
ਬਾਹਰੀ ਖਾਣਾ ਘੱਟ ਖਾਓ
ਬਰਸਾਤ ਦੇ ਮੌਸਮ ਵਿਚ ਬਾਹਰੋਂ ਖਾਣਾ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਬਾਹਰੀ ਰੇਹੜੀਆਂ ਤੋਂ ਤਾਂ ਬਿਲਕੁਲ ਵੀ ਖਾਣਾ ਨਹੀਂ ਚਾਹੀਦਾ, ਹੁਣ ਤਕ ਕਈ ਵੀਡੀਓਜ਼ ਆ ਚੁੱਕੀਆਂ ਹਨ ਕਦੇ ਕਿਸੇ ਪੀਜ਼ਾ ਵਿਚ ਕਾਕਰੋਚ ਨਿਕਲਦਾ ਹੈ, ਕਦੇ ਕਿਸੇ ਕੁਲਫੀ 'ਚੋਂ ਬਲੇਡ ਨਿਕਲਦਾ ਹੈ। ਉਂਝ ਵੀ ਬਾਹਰੀ ਖਾਣਾ ਖਾਣ ਨਾਲ ਸਿਹਤ ਵਿਗੜਦੀ ਹੈ। ਜੇਕਰ ਤੁਹਾਨੂੰ ਕਿਤੇ ਜ਼ਰੂਰਤ ਪੈਣ 'ਤੇ ਬਾਹਰੀ ਖਾਣਾ ਖਾਣ ਦੀ ਲੋੜ ਪੈ ਵੀ ਜਾਵੇ ਤਾਂ ਆਪਣੀ ਭੁੱਖ ਨਾਲੋਂ ਥੋੜ੍ਹਾ ਘੱਟ ਖਾਣਾ ਖਾਓ, ਤਾਂ ਕਿ ਤੁਹਾਡਾ ਹਾਜ਼ਮਾ ਕਾਇਮ ਰਹਿ ਸਕੇ। ਕਦੇ ਵੀ ਢਿੱਡ ਭਰ ਕੇ ਬਾਹਰੋਂ ਖਾਣਾ ਨਾ ਖਾਓ, ਚਾਈਨੀਜ਼ ਫੂਡ ਨੂੰ ਤਾਂ ਬਿਲਕੁਲ ਨਾਂਹ ਕਰ ਦਿਉ। ਸਭ ਤੋਂ ਪਹਿਲਾਂ ਸਿਹਤ ਹੈ ਬਾਕੀ ਸਭ ਬਾਅਦ 'ਚ।
-ਅਸ਼ੀਸ਼ ਸ਼ਰਮਾ
ਜਲੰਧਰ।
ਅੰਤਰ-ਸੱਭਿਆਚਾਰ
ਆਮ ਬੋਲਚਾਲ ਦੀ ਭਾਸ਼ਾ ਵਿਚ ਅੰਤਰ-ਸੱਭਿਆਚਾਰ ਦਾ ਅਰਥ ਦੂਜੇ ਰਾਜਾਂ ਤੇ ਦੇਸ਼ਾਂ ਦੇ ਖਾਣ-ਪੀਣ, ਪਹਿਰਾਵੇ, ਵਿਵਹਾਰ ਦੇ ਢੰਗ ਅਤੇ ਸੋਚਣ ਤੇ ਵਿਚਾਰ ਕਰਨ ਆਦਿ ਨੂੰ ਅਪਣਾਉਣ ਤੋਂ ਹੁੰਦਾ ਹੈ। ਆਧੁਨਿਕ ਸਮੇਂ ਵਿਚ ਸਾਡਾ ਵਿਹਾਰਿਕ ਜੀਵਨ ਅੰਤਰ-ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਅੰਤਰ-ਸੱਭਿਆਚਾਰ ਦੇ ਕਾਰਨ ਧਾਰਮਿਕ ਜੀਵਨ ਵਿਚ ਅਨੇਕਾਂ ਤਬਦੀਲੀਆਂ ਹੁੰਦੀਆਂ ਹਨ। ਦੂਜੇ ਦੇਸ਼ਾਂ ਦੀਆਂ ਸੱਭਿਅਤਾਵਾਂ ਦੇ ਪ੍ਰਭਾਵ ਦੇ ਸਿੱਟੇ ਵਜੋਂ ਵਿਅਕਤੀਗਤ ਆਜ਼ਾਦੀ, ਨਿੱਜੀਕਰਨ ਅਤੇ ਭੌਤਿਕ ਸੁੱਖਾਂ ਦੀ ਲਾਲਸਾ ਵਧੇਰੇ ਵਧ ਰਹੀ ਹੈ। ਇਸ ਲਾਲਸਾ ਤੇ ਸੋਚ ਪਰਿਵਰਤਨ ਦੇ ਕਾਰਨ ਸਾਂਝੇ ਪਰਿਵਾਰਾਂ ਦਾ ਪਤਨ ਹੋ ਰਿਹਾ ਹੈ। ਮਨੁੱਖਤਾ ਵਿਚ ਅਧਿਆਤਮਕਵਾਦ ਦੀ ਜਗ੍ਹਾ 'ਤੇ ਸਵਾਰਥਵਾਦ ਵਧ ਰਿਹਾ ਹੈ।
ਅੰਤਰ-ਸੱਭਿਆਚਾਰ ਸਾਡੇ ਜੀਵਨ ਅਤੇ ਸਮਾਜ 'ਤੇ ਚੰਗੇ ਪ੍ਰਭਾਵ ਵੀ ਪਾਉਂਦਾ ਹੈ। ਸਿੱਖਿਆ ਖੇਤਰ ਵਿਚ ਵਿਗਿਆਨਕ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਸੰਬੰਧੀ ਕੋਰਸਾਂ ਦਾ ਰੁਝਾਨ ਵਧ ਰਿਹਾ ਹੈ। ਸਾਡੀ ਦੁਨੀਆ ਵਿਚ ਸਿੱਖਿਆ ਸਤਰ ਵਿਚ ਸਮਾਨਤਾ ਆਈ ਹੈ। ਅੰਤਰਜਾਤੀ ਵਿਆਹਾਂ ਵਿਚ ਵਾਧਾ ਹੋ ਰਿਹਾ ਹੈ। ਔਰਤਾਂ ਨਾਲ ਧੱਕਾ ਹੋਣ ਦੀ ਹਾਲਤ ਵਿਚ ਤਲਾਕ ਦਾ ਕਾਨੂੰਨ ਲਾਗੂ ਹੈ। ਮਾਨਵਤਾਵਾਦ ਦਾ ਦ੍ਰਿਸ਼ਟੀਕੋਣ ਪੂਰੀ ਦੁਨੀਆ ਵਿਚ ਵਧ ਰਿਹਾ ਹੈ। ਮਾਨਵਵਾਦ ਵਿਚਾਰਧਾਰਾ ਅਨੁਸਾਰ ਵਿਅਕਤੀ ਦੀ ਜਾਤ-ਪਾਤ, ਲਿੰਗ, ਧਰਮ, ਉਮਰ ਤੇ ਆਰਥਿਕ ਸਥਿਤੀ ਵੱਲ ਧਿਆਨ ਦਿੱਤੇ ਬਿਨਾਂ ਸਾਰੇ ਲੋਕਾਂ ਦਾ ਕਲਿਆਣ ਅਤੇ ਵਿਕਾਸ ਕਰਨਾ ਹੁੰਦਾ ਹੈ। ਇਸ ਤਰ੍ਹਾਂ ਅੰਤਰ-ਸੱਭਿਆਚਾਰ ਦੇ ਜਿੱਥੇ ਨੁਕਸਾਨ ਹਨ ਉਥੇ ਨਾਲ ਹੀ ਲਾਭ ਵੀ ਪ੍ਰਾਪਤ ਹੋ ਰਹੇ ਹਨ।
-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, (ਹੁਸ਼ਿਆਰਪੁਰ)
ਸਕੂਨ ਦੀ ਤਲਾਸ਼
ਆਧੁਨਿਕ ਯੁੱਗ ਵਿਚ ਅਸੀਂ ਹਰ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ। ਪੈਸੇ ਤੇ ਯੰਤਰਾਂ ਦੀ ਮਦਦ ਨਾਲ ਹਰ ਤਰ੍ਹਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਲਈਆਂ ਹਨ। ਪਰਿਵਾਰ ਤੇ ਬੱਚਿਆਂ ਨਾਲ ਖ਼ੁਸ਼ੀਆਂ ਦਾ ਆਨੰਦ ਮਾਣਿਆ ਹੈ। ਫਿਰ ਵੀ ਮਨੁੱਖ ਦੀ ਜ਼ਿੰਦਗੀ ਵਿਚ ਸਕੂਨ ਨਹੀਂ ਹੈ। ਅੱਜ ਮਨੁੱਖ ਸਕੂਨ ਲੱਭਣ ਦੇ ਯਤਨ ਵਿਚ ਡੇਰਿਆਂ ਵੱਲ ਹੋ ਤੁਰਿਆ ਹੈ। ਜਦੋਂ ਉਥੇ ਵੀ ਸਕੂਨ ਨਹੀਂ ਮਿਲਦਾ ਤਾਂ ਬੇਚੈਨ ਹੋ ਰਿਹਾ ਹੈ। ਡੇਰਿਆਂ ਤੇ ਸਮਾਂ ਖ਼ਰਾਬ ਕਰਕੇ ਮਿਹਨਤ ਦੀ ਕਮਾਈ ਲੁਟਾ ਕੇ ਸਕੂਨ ਨਹੀਂ ਮਿਲਣਾ ਕਿਉਂਕਿ ਡੇਰਿਆਂ ਵਾਲੇ ਤਾਂ ਖ਼ੁਦ ਤੁਹਾਡੇ ਪੈਸੇ 'ਤੇ ਐਸ਼ ਕਰ ਰਹੇ ਹਨ। ਆਪਣੇ ਪਰਿਵਾਰਾਂ ਨੂੰ ਵਿਦੇਸ਼ਾਂ ਵਿਚ ਸੈੱਟ ਕਰ ਰਹੇ ਹਨ। ਸਕੂਨ ਤਾਂ ਘਰ ਵਿਚ ਰਹਿ ਕੇ ਹੀ ਮਿਲੇਗਾ। ਬਹੁਤੇ ਲੋਕਾਂ ਨੇ ਸਕੂਨ ਦੀ ਲਾਸ਼ ਵਿਚ ਆਪਣੇ ਘਰ ਬਰਬਾਦ ਕਰ ਲਏ ਹਨ। ਅਸੀਂ ਪਰਿਵਾਰਾਂ ਨੂੰ ਤਿਆਗ ਕੇ ਸਕੂਨ ਨਹੀਂ ਪਾ ਸਕਦੇ।
-ਰਾਮ ਸਿੰਘ ਪਾਠਕ