03-11-25
ਆਓ ਬਿਬੇਕ ਤੋਂ ਕੰਮ ਲਈਏ
ਥੋੜ੍ਹੀ ਜਿਹੀ ਸਮਝ ਰੱਖਣ ਵਾਲੇ ਲੋਕ ਵੱਡਿਆਂ ਦੀਆਂ ਆਖੀਆਂ, ਹੰਡਾਈਆਂ ਤੇ ਤਜਰਬਿਆਂ ਵਿਚੋਂ ਨਿਕਲੀਆਂ ਗੱਲਾਂ 'ਤੇ ਸੋਚ ਵਿਚਾਰ ਕਰਕੇ ਹੀ ਅੱਗੇ ਕਦਮ ਪੁੱਟਦੇ ਹਨ। ਜ਼ਿੰਦਗੀ ਵਿਚ ਹਰੇਕ ਇਨਸਾਨ ਨੂੰ ਹਰ ਰੋਜ਼ ਕਿਸੇ ਨਾ ਕਿਸੇ ਅਣਚਾਹੀ ਸਮੱਸਿਆ ਦਾ ਨਾ ਚਾਹੁੰਦੇ ਹੋਏ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿਚ ਮਨੁੱਖ ਦਾ ਬੇਚੈਨ ਹੋਣਾ ਸੁਭਾਵਿਕ ਹੈ। ਬੇਚੈਨੀ ਦੀ ਹਾਲਤ ਵਿਚ ਦਰਪੇਸ਼ ਸਮੱਸਿਆ ਦਾ ਹੱਲ ਲੱਭਣਾ ਕਈ ਵਾਰ ਕਠਿਨ ਜਾਪਦਾ ਹੈ। ਅਜਿਹੀ ਸਥਿਤੀ ਵਿਚ ਸਾਨੂੰ ਤੈਸ਼ ਵਿਚ ਜਾਂ ਦੂਜਿਆਂ ਦੀਆਂ ਗੱਲਾਂ ਵਿਚ ਆ ਕੇ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਮਸਲਾ ਸੁਲਝਣ ਦੀ ਬਜਾਇ ਹੋਰ ਉਲਝ ਜਾਵੇ। ਥੋੜ੍ਹੀ ਸੋਚ ਵਿਚਾਰ ਕਰਕੇ ਆਪਣੇ ਖ਼ੁਦ ਦੇ ਵਿਵੇਕ ਤੋਂ ਕੰਮ ਲੈਂਦੇ ਹੋਏ ਆਪਣੇ ਮਸਲੇ ਨੂੰ ਆਪ ਹੀ ਨਜਿੱਠਣਾ ਚਾਹੀਦਾ ਹੈ, ਕਿਉਂਕਿ ਸਮੱਸਿਆ ਨਾਲ ਅਸੀਂ ਖ਼ੁਦ ਜੂਝ ਰਹੇ ਹੁੰਦੇ ਹਾਂ ਸਾਡੇ ਤੋਂ ਵਧੀਆ ਤੇ ਸਾਰਥਕ ਹੱਲ ਸਾਨੂੰ ਕੋਈ ਹੋਰ ਨਹੀਂ ਦੱਸ ਸਕਦਾ। ਬਸ ਲੋੜ ਹੈ ਥੋੜ੍ਹਾ ਧੀਰਜ ਰੱਖ ਕੇ ਸ਼ਾਂਤ ਮਨ ਨਾਲ ਉਸ ਉਪਜੀ ਸਮੱਸਿਆ ਦੇ ਸ਼ੁਰੂ ਦੇ ਕਾਰਨਾਂ ਅਤੇ ਵਰਤਮਾਨ ਸਥਿਤੀ 'ਤੇ ਡੂੰਘੀ ਨਜ਼ਰ ਮਾਰਨ ਦੀ।
-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ, ਸੰਗਰੂਰ।
ਪ੍ਰਦੂਸ਼ਣ ਵਿਰੋਧੀ ਕਾਨੂੰਨ ਲਾਗੂ ਕਰੋ
'ਦਿੱਲੀ ਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਦੋਸ਼ ਲਾਉਣ ਦੀ ਖੇਡ ਬੰਦ ਹੋਣੀ ਚਾਹੀਦੀ ਹੈ'। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਲਈ ਗ਼ੈਰ-ਵਾਜਬ ਢੰਗ ਨਾਲ ਦੋਸ਼ੀ ਠਹਿਰਾਉਣਾ ਗਲਤ ਹੈ। ਦਰਅਸਲ ਹਵਾ ਅਤੇ ਪਾਣੀ ਨੂੰ ਗੰਦਾ ਕਰਨ ਵਾਲੇ ਹੋਰ ਸੈਕਟਰਾਂ, ਉਦਯੋਗ, ਟ੍ਰੈਫਿਕ, ਫੈਕਟਰੀਆਂ ਅਤੇ ਬਿਜਲੀ ਘਰ ਇਸ ਪ੍ਰਦੂਸ਼ਣ ਲਈ ਮੁੱਖ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਦੀ ਪੂਰੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਅਦਾਲਤਾਂ ਸਿਰਫ਼ ਸੀਮਤ ਗਿਣਤੀ ਦੇ ਮਾਮਲਿਆਂ ਵਿਚ ਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੀਆਂ ਹਨ, ਪਰ ਸਮੱਸਿਆ ਦਾ ਮੂਲ ਹੱਲ ਇਹ ਹੈ ਕਿ ਸੰਬੰਧਿਤ ਸਰਕਾਰਾਂ ਪ੍ਰਦੂਸ਼ਣ ਰੋਕਣ ਲਈ ਬਣਾਏ ਗਏ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ। ਸੰਵਿਧਾਨ ਵਿਚ ਦਰਜ ਨਿਰਦੇਸ਼ਕ ਸਿਧਾਂਤ ਜੋ ਸਰਕਾਰ ਲਈ ਨਿਆਂਪੂਰਨ, ਭਲਾਈ ਭਰਿਆ ਅਤੇ ਸੰਤੁਲਿਤ ਸਮਾਜ ਬਣਾਉਣ ਲਈ ਦਿਸ਼ਾ-ਨਿਰਦੇਸ਼ ਹਨ, ਸਰਕਾਰਾਂ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਲੋਕਾਂ ਦੇ ਸਿਹਤ ਅਤੇ ਵਾਤਾਵਰਨ ਦੀ ਰੱਖਿਆ ਕਰ ਸਕਦੀਆਂ ਹਨ। ਵਿਗਿਆਨ ਆਧਾਰਿਤ ਅਤੇ ਸਮਰੱਥ ਨੀਤੀਆਂ ਦੁਆਰਾ ਪ੍ਰਦੂਸ਼ਣ ਘਟਾ ਕੇ ਸੁਚੱਜਾ ਵਾਤਾਵਰਨ ਬਣਾਇਆ ਜਾ ਸਕਦਾ ਹੈ।
-ਜਤਿਨ
ਰੁੜਕਾ ਕਲਾਂ।
ਕੀਮਤਾਂ ਅਤੇ ਮਹਿੰਗਾਈ
ਅੱਜ ਦੇ ਦੌਰ ਵਿਚ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਆਮ ਆਦਮੀ ਲਈ ਸਭ ਤੋਂ ਵੱਡੀ ਆਰਥਿਕ ਚੁਣੌਤੀ ਬਣ ਗਈ ਹੈ। ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਪੈਸੇ ਦੀ ਖਰੀਦ ਸ਼ਕਤੀ ਘੱਟ ਜਾਂਦੀ ਹੈ। ਜ਼ਰੂਰੀ ਚੀਜ਼ਾਂ ਜਿਵੇਂ ਕਿ ਆਟਾ, ਦਾਲਾਂ, ਸਬਜ਼ੀਆਂ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਮਹਿੰਗਾਈ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਪਲਾਈ ਵਿਚ ਕਮੀ, ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਅਤੇ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਸ਼ਾਮਿਲ ਹਨ। ਇਸ ਗੰਭੀਰ ਮੁੱਦੇ ਨੂੰ ਕਾਬੂ ਹੇਠ ਰੱਖਣ ਲਈ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਆਮ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਨਾ ਕਰਨਾ ਪਵੇ।
-ਪ੍ਰਦੀਪ ਸਿੰਘ
ਰੁੜਕਾ ਕਲਾਂ।
ਇੱਛਾ ਸ਼ਕਤੀ
ਬੀਤੇ ਦਿਨੀਂ ਨਜ਼ਰੀਏ ਪੰਨੇ ਵਿਚ ਕ੍ਰਿਸ਼ਨ ਚੰਦ ਰੋੜੀ ਦਾ ਲੇਖ-ਤਦਬੀਰਾਂ ਨਾਲ ਬਦਲਦੀਆਂ ਤਕਦੀਰਾਂ, ਇਨਸਾਨ ਦੀ ਇੱਛਾ ਸ਼ਕਤੀ ਨਾਲ ਤਕਦੀਰ ਬਦਲਣ ਦੀ ਉਦਾਹਰਨ ਪੇਸ਼ ਕਰਦਾ ਹੈ। ਕਾਮਯਾਬੀ ਹਮੇਸ਼ਾ ਮਿਹਨਤੀ ਇਨਸਾਨਾਂ ਦੇ ਪੈਰ ਚੁੰਮਦੀ ਹੈ। ਕਾਮਯਾਬ ਹੋਣ ਦੇ ਲਈ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ। ਅੱਜਕੱਲ੍ਹ ਦੇ ਨੌਜਵਾਨ ਮਿਹਨਤ ਕਰਨ ਤੋਂ ਟਲਦੇ ਹਨ। ਇਹੀ ਕਾਰਨ ਹੈ ਕਿ ਉਹ ਦੇਸ਼ ਵਿਚ ਰਹਿ ਕੇ ਉੱਚਿਤ ਪੜ੍ਹਾਈ ਹਾਸਿਲ ਕਰਕੇ ਆਪਣੇ ਮੁਕਾਮ ਤੱਕ ਨਹੀਂ ਪਹੁੰਚ ਪਾਉਂਦੇ। ਉਹ ਲੱਖਾਂ ਰੁਪਏ ਲਾ ਕੇ ਵਿਦੇਸ਼ ਜਾਂਦੇ ਹਨ ਅਤੇ ਵਿਦੇਸ਼ ਜਾ ਕੇ ਹੇਠਲੇ ਪੱਧਰ ਦੇ ਕੰਮ ਨੂੰ ਤਰਜੀਹ ਦਿੰਦੇ ਹਨ। ਅੱਜਕੱਲ੍ਹ ਦੇ ਨੌਜਵਾਨ ਲਗਨ ਨਾਲ ਕੰਮ ਨਹੀਂ ਕਰਦੇ। ਲਗਨ ਅਤੇ ਮਿਹਨਤ ਦੀ ਘਾਟ ਕਾਰਨ ਉਹ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰ ਪਾਉਂਦੇ।
-ਦਲਜੀਤ ਕੌਰ
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ, (ਸੰਦੌੜ)।
ਜੀਰੀ ਦਾ ਝਾੜ ਘਟਿਆ
ਜੀਰੀ (ਧਾਨ) ਦੀ ਫ਼ਸਲ ਮੰਡੀਆਂ ਵਿਚ ਸਿਖਰ ਛੋਹ ਚੁੱਕੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨ ਸਾਉਣੀ (ਧਾਨਾ) ਦੀ ਫ਼ਸਲ ਵੇਖ ਕਿਸਾਨ ਹੌਸਲੇ ਅਤੇ ਉਮਾਹ ਵਿਚ ਸਨ, ਪ੍ਰੰਤੂ ਕਿਸਾਨਾਂ ਦਾ ਹੌਸਲਾ ਉਸ ਸਮੇਂ ਢਹਿ-ਢੇਰੀ ਹੋ ਗਿਆ ਜਦੋਂ ਜ਼ੀਰੀ ਦਾ ਝਾੜ ਘਟ ਨਿਕਲਿਆ। ਕਈ ਕਿਸਾਨਾਂ ਦੀ ਬਿਮਾਰੀ ਰਹਿਤ ਦਿਖਣ ਵਾਲੀ ਫ਼ਸਲ ਦਾ ਵੀ 1/4 ਫ਼ੀਸਦੀ ਝਾੜ ਘੱਟ ਨਿਕਲਿਆ ਹੈ। ਜਿੱਥੇ ਮੁੱਖ ਕਾਰਨ ਮੌਸਮ ਨੂੰ ਕਿਆਸਿਆ ਜਾ ਰਿਹਾ ਹੈ, ਉੱਥੇ ਹੀ ਬੂਟਾ (ਬੌਨਾ ਕੱਦ ਵਾਇਰਸ) ਵੀ ਹੈ ਉਹ ਵੀ ਉਨ੍ਹਾਂ ਬੀਜਾਂ ਤੱਕ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਲੋਕਾਂ ਨੂੰ ਬੀਜਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਕਿਸਾਨਾਂ ਨੂੰ ਵੰਡਿਆ ਗਿਆ ਸੀ। ਸੋ, ਆਸ ਕਰਦੇ ਹਾਂ ਅਜਿਹੀ ਸਥਿਤੀ ਵਿਚ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਸਹਾਇਤਾ ਕਰਕੇ ਬਾਂਹ ਫੜੇ।
-ਰਾਜ ਸਿੰਘ ਬਧੌਛੀ
ਫ਼ਤਹਿਗੜ੍ਹ ਸਾਹਿਬ।