JALANDHAR WEATHER

13-11-25

 ਬਾਬੇ ਨਾਨਕ ਦਾ ਸੰਦੇਸ਼ ਧਾਰਨ ਕਰੀਏ

ਸਮੇਂ-ਸਮੇਂ 'ਤੇ ਗੁਰੂ, ਪੀਰ-ਪੈਗੰਬਰ ਤੇ ਮਹਾਂਪੁਰਸ਼ਾਂ ਨੇ ਮਾਨਵਤਾ ਨੂੰ ਸਿੱਧੇ ਰਾਹੇ ਪਾਉਣ ਅਤੇ ਸੱਚਾ-ਸੁੱਚਾ ਜੀਵਨ ਜੀਉਣ ਦੀ ਜਾਚ ਸਿਖਾਉਣ ਲਈ ਅਵਤਾਰ ਧਾਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕੂੜ ਦੀ ਧੁੰਦ ਛਟ ਗਈ ਅਤੇ ਚਾਰੇ ਪਾਸੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਭਾਵ ਜਿਵੇਂ ਚਾਨਣ ਹੋਣ ਨਾਲ ਹਨੇਰਾ ਨਹੀਂ ਰਹਿੰਦਾ ਉਸੇ ਤਰ੍ਹਾਂ ਬਾਬਾ ਨਾਨਕ ਜੀ ਦੇ ਅਵਤਾਰ ਧਾਰਨ ਨਾਲ ਅਸ਼ਾਂਤ ਮਨਾਂ ਵਿਚ ਸ਼ਾਂਤੀ, ਸਹਿਜ, ਸਬਰ ਤੇ ਆਤਮਿਕ ਸੋਝੀ ਤੇ ਪ੍ਰਭੂ ਨਾਮ ਦੇ ਵਾਸੇ ਦਾ ਪ੍ਰਕਾਸ਼ ਹੋਇਆ। ਬਾਬਾ ਨਾਨਕ ਜੀ ਨੇ ਹੱਕ ਹਲਾਲ ਦੀ ਕਮਾਈ 'ਤੇ ਜ਼ੋਰ ਦਿੰਦਿਆਂ, ਪਰਾਇਆ ਹੱਕ ਖਾਣ ਨੂੰ ਮੁਰਦਾਰ ਦੇ ਤੁਲ ਦੱਸਿਆ। ਫੋਕੇ ਕਰਮਕਾਂਡਾਂ ਤੇ ਵਹਿਮਾਂ ਤੋਂ ਨਿਜਾਤ ਦਿਵਾਉਣ ਲਈ ਗੁਰੂ ਜੀ ਨੇ ਤਰਕਯੁਕਤ ਢੰਗ ਨਾਲ ਢੁਕਵੀਆਂ ਮਿਸਾਲਾਂ ਦੇ ਕੇ ਅਗਿਆਨ ਰੂਪੀ ਅੰਧਕਾਰ ਵਿਚ ਫਸੀ ਖ਼ਲਕਤ ਨੂੰ ਗਿਆਨ ਦਾ ਪ੍ਰਕਾਸ਼ ਵੰਡ ਕੇ ਜ਼ਿਹਨੀ ਤੌਰ 'ਤੇ ਰੌਸ਼ਨ ਕੀਤਾ। ਜਿੱਥੇ ਉਹ ਇਕ ਰੱਬੀ ਰੂਹ ਤੇ ਰੂਹਾਨੀ ਨੂਰ ਦੇ ਮਾਲਕ ਸਨ ਉੱਥੇ ਕ੍ਰਾਂਤੀਕਾਰੀ ਵਿਚਾਰਾਂ ਦੇ ਧਾਰਨੀ ਵੀ ਸਨ। ਸਦੀਆਂ ਤੋਂ ਚਲੀ ਆ ਰਹੀ ਅਗਿਆਨਤਾ ਦੀ ਧੂੜ ਤੋਂ ਪਰਦਾ ਚੁੱਕਿਆ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਦਾ ਖੰਡਨ ਕੀਤਾ।

-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)

ਚੰਗੀ ਸਿਹਤ ਤੇ ਸੈਰ

ਅੱਜ ਵਾਹਨਾਂ ਦੇ ਪ੍ਰਯੋਗ ਵਧਣ ਕਰਕੇ ਲੋਕਾਂ ਵਿਚ ਤੁਰਨ ਦੀ ਆਦਤ ਘਟਦੀ ਜਾ ਰਹੀ ਹੈ। ਤੁਰਨ ਨਾਲ ਸਾਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਸਾਡੇ ਖ਼ੂਨ ਦਾ ਵਹਾਅ ਸਹੀ ਚਲਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਸਾਡੇ ਬਜ਼ੁਰਗ ਜ਼ਿਆਦਾਤਰ ਤੁਰਨ ਨੂੰ ਤਰਜੀਹ ਦਿੰਦੇ ਸਨ, ਇਸੇ ਲਈ ਉਹ ਤੰਦਰੁਸਤ ਤੇ ਸਿਹਤਮੰਦ ਰਹਿੰਦੇ ਸਨ। ਪਰ ਹੁਣ ਦੇ ਮਨੁੱਖ ਤੁਰਨ ਨਾਲੋਂ ਜ਼ਿਆਦਾ ਵਾਹਨਾਂ ਨੂੰ ਤਰਜੀਹ ਦਿੰਦੇ ਹਨ। ਤੁਰਦੇ ਸਮੇਂ ਜਾਂ ਸੈਰ ਕਰਦੇ ਸਮੇਂ ਸਾਨੂੰ ਰਸਤੇ ਵਿਚ ਕਈ ਲੋਕ ਮਿਲਦੇ ਹਨ, ਜੋ ਸਾਡੇ ਆਲੇ-ਦੁਆਲੇ ਦੀ ਜਾਣਕਾਰੀ ਵਿਚ ਵਾਧਾ ਕਰਦੇ ਹਨ। ਸੈਰ ਕਰਨ ਨਾਲ ਸਾਨੂੰ ਤਾਜ਼ੀ ਤੇ ਸ਼ੁੱਧ ਹਵਾ ਮਿਲਦੀ ਹੈ। ਜਿਸ ਨਾਲ ਸਾਡਾ ਸਰੀਰ ਚੰਗੀ ਤਰ੍ਹਾਂ ਪ੍ਰਫੁੱਲਿਤ ਹੁੰਦਾ ਹੈ। ਇਸ ਲਈ ਸਿਹਤਮੰਦ ਸਰੀਰ ਲਈ ਅਤੇ ਚੰਗੀ ਸਿਹਤ ਲਈ ਸੈਰ ਬਹੁਤ ਜਰੂਰੀ ਹੈ।

-ਦਲਜੀਤ ਕੌਰ
ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)

ਵਾਤਾਵਰਨ ਦੀ ਸੁਰੱਖਿਆ

ਵਾਤਾਵਰਨ ਪ੍ਰਦੂਸ਼ਣ ਕਿਸੇ ਦੇਸ਼ ਦਾ ਨਹੀਂ ਸਗੋਂ ਵਿਸ਼ਵਵਿਆਪੀ ਸੰਕਟ ਹੈ। ਧਰਤੀ, ਹਵਾ, ਪਾਣੀ, ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨ ਸ਼ੈਲੀ ਦੇ ਨਾਲ ਖ਼ਤਮ ਕਰ ਰਹੇ ਹਾਂ। ਉਸ ਨੂੰ ਅਸੀਂ ਜ਼ਹਿਰੀਲਾ ਬਣਾ ਕੇ ਤੇਜ਼ ਰਫ਼ਤਾਰ ਨਾਲ ਖ਼ਾਤਮੇ ਵੱਲ ਲਿਜਾ ਰਹੇ ਹਾਂ। ਸੰਸਾਰਕ ਪੱਧਰ 'ਤੇ ਸੰਮੇਲਨ ਅਤੇ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ। ਵੱਡੀਆਂ ਯੋਜਨਾਵਾਂ ਬਣਦੀਆਂ ਹਨ, ਪਰ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਮਨੁੱਖ ਦੀ ਸਿਹਤ ਖ਼ਤਰੇ ਵਿਚ ਪੈ ਗਈ ਹੈ। ਸਾਨੂੰ ਆਪਣੇ ਪੱਧਰ 'ਤੇ ਰਸਾਇਣਕ ਖਾਦਾਂ ਤੇ ਜੀਵ ਜੰਤੂਆਂ ਨੂੰ ਮਾਰਨ ਲਈ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਫ਼ਾਈ ਦੇ ਲਈ ਡਿਟਰਜੈਂਟ ਦੀ ਥਾਂ ਸਾਬਣ ਦੀ ਵਰਤੋਂ ਕਰੋ। ਪਲਾਸਟਿਕ ਪੋਲੀਥੀਨ ਦੀ ਵਰਤੋਂ ਬੰਦ ਕਰ ਦਿਉ। ਘਰ ਵਿਚ ਪਲਾਸਟਿਕ ਦੇ ਫੁੱਲ ਅਤੇ ਗੁਲਦਸਤੇ ਨਾ ਰੱਖੋ। ਫਰਿਜ਼ ਆਦਿ ਵਾਤਾਵਰਨ ਦੇ ਵਿਰੁੱਧ ਸਹੂਲਤਾਂ ਦੀ ਵਰਤੋਂ ਘੱਟ ਕਰੋ। ਇਹ ਬਹੁਤ ਛੋਟੀਆਂ ਗੱਲਾਂ ਹਨ, ਹਰ ਕੋਈ ਇਨ੍ਹਾਂ ਦਾ ਪਾਲਣ ਕਰ ਸਕਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ।

ਹਰ ਉਮੀਦਵਾਰ 'ਤੇ ਲਾਗੂ ਹੋਣ 3 ਸ਼ਰਤਾਂ

ਭਾਰਤ 'ਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣਾਂ ਸਮੇਂ ਵੋਟਰਾਂ ਨੂੰ ਲੁਭਾਉਣ ਲਈ ਅਨੇਕਾਂ ਵਾਅਦੇ ਕਰਦੇ ਹਨ, ਜਿਨ੍ਹਾਂ 'ਚੋਂ ਕੁਝ ਵਾਅਦੇ ਤਾਂ ਅਜਿਹੇ ਹੁੰਦੇ ਹਨ, ਜੋ ਪੂਰੇ ਕਰਨੇ ਅਸੰਭਵ ਹੀ ਨਹੀਂ, ਸਗੋਂ ਨਾਮੁਮਕਿਨ ਹੁੰਦੇ ਹਨ। ਅਕਸਰ ਲੀਡਰ ਚੋਣ ਜਿੱਤਣ ਵਾਸਤੇ ਅਜਿਹੇ ਵਾਅਦੇ ਕਰਦੇ ਹਨ, ਜੋ ਕਿਸੇ ਵੀ ਕੀਮਤ 'ਤੇ ਪੂਰੇ ਨਹੀਂ ਕੀਤੇ ਜਾ ਸਕਦੇ। ਸਿੱਟੇ ਵਜੋਂ ਵੋਟਰਾਂ ਨਾਲ ਵੱਡਾ ਧੋਖਾ ਹੁੰਦਾ ਹੈ ਤੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਹਨ। ਹੁਣ ਸਵਾਲ ਇਹ ਹੈ ਕਿ ਝੂਠੇ ਵਾਅਦਿਆਂ 'ਤੇ ਰੋਕ ਕਿੰਝ ਲੱਗੇ? ਸਭ ਤੋਂ ਪਹਿਲਾਂ ਸੰਵਿਧਾਨ 'ਚ ਅਜਿਹੀ ਮੱਦ ਦਰਜ ਕਰਨੀ ਚਾਹੀਦੀ ਹੈ, ਜੋ ਵਾਅਦਾ ਉਮੀਦਵਾਰ ਚੋਣਾਂ ਸਮੇਂ ਲੋਕਾਂ ਨਾਲ ਕਰੇ ਉਸ ਨੂੰ ਪੂਰਾ ਕਰਨ ਲਈ ਉਹ ਪਾਬੰਦ ਹੋਵੇ। ਵਾਅਦਾ ਪੂਰਾ ਨਾ ਕਰਨ ਤਾਂ ਭਵਿੱਖ 'ਚ ਚੋਣ ਲੜਨ 'ਤੇ ਮੁਕੰਮਲ ਪਾਬੰਦੀ ਹੋਵੇ। ਦੂਜਾ ਵਾਅਦਾ ਖ਼ਿਲਾਫ਼ੀ ਕੀਤੇ ਜਾਣ ਵਾਲੇ ਉਮੀਦਵਾਰ ਵਿਰੁੱਧ ਸਖ਼ਤ ਸਜ਼ਾ ਦਾ ਪ੍ਰਬੰਧ ਹੋਵੇ। ਤੀਜਾ, ਜੇਕਰ ਉਮੀਦਵਾਰ 5 ਸਾਲ 'ਚ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦਾ ਤਾਂ ਉਸ ਤੋਂ 5 ਸਾਲ ਦੀ ਸਾਰੀ ਤਨਖਾਹ ਤੇ ਭੱਤੇ ਵਾਪਸ ਲਏ ਜਾਣ। ਚੋਣ ਲੜਨ ਵਾਲੇ ਹਰ ਉਮੀਦਵਾਰ ਤੋਂ ਇਸ ਸੰਬੰਧੀ ਹਲਫੀਆ ਬਿਆਨ ਲਿਆ ਜਾਵੇ ਤਾਂ ਉਮੀਦਵਾਰਾਂ 'ਚ ਡਰ ਪੈਦਾ ਹੋਵੇਗਾ। ਕੋਈ ਵੀ ਝੂਠਾ ਵਾਅਦਾ ਨਹੀਂ ਕਰੇਗਾ।

-ਅਜੀਤ ਖੰਨਾ (ਲੈਕਚਰਾਰ)