28-01-26
ਆਜ਼ਾਦੀ ਦਾ ਮਹੱਤਵ
ਆਜ਼ਾਦੀ ਦਾ ਮਹੱਤਵ ਮਨੁੱਖ ਦੀ ਜ਼ਿੰਦਗੀ ਵਿਚ ਬੇਹੱਦ ਵੱਡਾ ਹੈ। ਆਜ਼ਾਦੀ ਨਾਲ ਹੀ ਮਨੁੱਖ ਖੁੱਲ੍ਹ ਕੇ ਸੋਚ ਸਕਦਾ ਹੈ, ਬੋਲ ਸਕਦਾ ਹੈ ਅਤੇ ਆਪਣੇ ਫ਼ੈਸਲੇ ਆਪ ਲੈ ਸਕਦਾ ਹੈ। ਗੁਲਾਮੀ ਜਾਂ ਪਾਬੰਦੀਆਂ ਹੇਠਲਾ ਜੀਵਨ ਮਨੁੱਖ ਦੀ ਪ੍ਰਗਤੀ ਨੂੰ ਰੋਕ ਦਿੰਦਾ ਹੈ, ਜਦਕਿ ਅਜ਼ਾਦੀ ਉਸ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕਰਨ ਲਈ ਅਣਗਿਣਤ ਕੁਰਬਾਨੀਆਂ ਅਤੇ ਸ਼ਹੀਦੀਆਂ ਦਿੱਤੀਆਂ ਹਨ। ਇਹ ਆਜ਼ਾਦੀ ਸਾਨੂੰ ਸਿਰਫ਼ ਆਪਣੇ ਅਧਿਕਾਰਾਂ ਦੀ ਹੀ ਨਹੀਂ, ਸਗੋਂ ਆਪਣੇ ਫ਼ਰਜ਼ਾਂ ਦੀ ਵੀ ਯਾਦ ਦਿਵਾਉਂਦੀ ਹੈ। ਆਜ਼ਾਦ ਨਾਗਰਿਕ ਹੋਣ ਦੇ ਨਾਤੇ ਸਾਡਾ ਕਰਤੱਵ ਹੈ ਕਿ ਅਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰੀਏ ਅਤੇ ਸਮਾਜ ਦੀ ਭਲਾਈ ਲਈ ਸਰਗਰਮ ਭੂਮਿਕਾ ਨਿਭਾਈਏ। ਆਜ਼ਾਦੀ ਤੋਂ ਬਿਨਾਂ ਜੀਵਨ ਅਧੂਰਾ ਹੈ। ਇਸ ਦੀ ਕਦਰ ਕਰਨੀ, ਇਸ ਦੀ ਰੱਖਿਆ ਕਰਨੀ ਅਤੇ ਇਸ ਨੂੰ ਸਹੀ ਦਿਸ਼ਾ ਵਿਚ ਵਰਤਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
-ਸਤਵਿੰਦਰ ਕੌਰ ਮੱਲੇਵਾਲ
ਬੇਗਾਨੇ ਹੱਥ ਖੇਤੀ, ਕਦੇ ਨਾ ਹੋਣ ਬੱਤੀਆਂ ਤੋਂ ਤੇਤੀ
ਇਹ ਮੁਹਾਵਰਾ ਸੋਲਾਂ ਆਨੇਸੱਚ ਹੈ ਕਿ 'ਬੇਗਾਨੇ ਹੱਥ ਖੇਤੀ ਕਦੇ ਨਾ ਹੋਣ ਬੱਤੀਆਂ ਤੋਂ ਤੇਤੀ'। ਭਾਵ ਜਦੋਂ ਅਸੀਂ ਕਿਸੇ ਕੰਮ ਨੂੰ ਕਿਸੇ ਦੂਜੇ ਦੇ ਸਹਾਰੇ ਛੱਡ ਦਿੰਦੇ ਹਾਂ ਤਾਂ ਉਹ ਘੱਟ ਹੀ ਨੇਪਰੇ ਚੜ੍ਹਦਾ ਹੈ। ਕੋਈ ਦੂਜਾ ਤੁਹਾਡੇ ਕੰਮ ਨੂੰ ਓਨੀ ਸ਼ਿੱਦਤ ਤੇ ਇਮਾਨਦਾਰੀ ਨਾਲ ਨਹੀਂ ਕਰਦਾ ਜਿੰਨੀ ਸ਼ਿੱਦਤ ਤੇ ਮਿਹਨਤ ਨਾਲ ਤੁਸੀਂ ਖ਼ੁਦ ਉਹ ਕੰਮ ਕਰਨਾ ਹੁੰਦਾ ਹੈ। ਉਹ ਕੰਮ ਤੁਹਾਡਾ ਹੋਣ ਕਰਕੇ ਤੁਹਾਨੂੰ ਪਤਾ ਹੁੰਦਾ ਹੈ ਕਿ ਜੇ ਕੰਮ ਧਿਆਨ ਨਾਲ ਨਹੀਂ ਕਰਾਂਗੇ ਤਾਂ ਸਫਲ ਨਹੀਂ ਹੋਵਾਂਗੇ। ਦੂਜਾ ਵਿਅਕਤੀ ਉਸ ਕੰਮ ਨੂੰ ਉਹ ਮਿਹਨਤ ਤੇ ਸੁਹਿਦਰਤਾ ਨਾਲ ਨਹੀਂ ਕਰਦਾ। ਇਸੇ ਕਰਕੇਦੂਜੇ ਸਹਾਰੇ ਛੱਡੇ ਕੰਮ 'ਚ ਵਾਧਾ ਨਹੀਂ ਹੁੰਦਾ ਜਾਂ ਫਿਰਕੰਮ ਫੇਲ੍ਹ ਹੋ ਜਾਂਦਾ ਹੈ। ਸੋ ਆਪਣਾ ਕੰਮ ਖੁਦ ਕਰੋ, ਦੂਜੇ ਸਹਾਰੇ ਨਾ ਛੱਡੋ, ਨਹੀਂ ਤਾ ਘਾਟਾ ਖਾਵੋਗੇ ਜਾਂ ਨਾਕਾਮ ਹੋ ਜਾਵੋਗੇ।
-ਲੈਕਚਰਾਰ ਅਜੀਤ ਖੰਨਾ
ਮਿਹਨਤ ਹੀ ਸਫ਼ਲਤਾ ਦੀ ਕੁੰਜੀ
ਜਿੰਦਗੀ ਬਹੁਤ ਖੂਬਸੂਰਤ ਹੈ। ਹਰ ਇਨਸਾਨ ਦਾ ਜ਼ਿਦਗੀ ਜਿਊਣ ਦਾ ਅੰਦਾਜ਼ ਵੱਖੋ-ਵੱਖ ਹੁੰਦਾ ਹੈ । ਭਾਵੇਂ ਸਾਰੇ ਕੰਮ ਇਨਸਾਨ ਸਮੇਂ ਰਹਿੰਦਿਆਂਨਹੀਂ ਸਮੇਟ ਸਕਦਾ, ਪਰ ਮਿਹਨਤ ਤਾਂ ਕਰ ਸਕਦਾ ਹੈ। ਦ੍ਰਿੜ੍ਹ ਵਿਸ਼ਵਾਸ ਨਾਲ ਤੁਸੀਂ ਵੱਡਾ ਮੁਕਾਮ ਹਾਸਿਲ ਕਰ ਸਕਦੇ ਹੋ, ਤੁਸੀਂ ਸਾਰੀ ਜ਼ਿੰਦਗੀ ਨੂੰ ਬਹੁਤ ਵਧੀਆ ਨਹੀਂ ਬਣਾ ਸਕਦੇ। ਤੁਸੀਂ ਸਾਰੀ ਜ਼ਿੰਦਗੀ ਵਧੀਆ ਬਣਾਉਣ ਦੇ ਚੱਕਰ 'ਚ ਵਰਤਮਾਨ ਨੂੰ ਖ਼ਰਾਬ ਕਰ ਲਵੋਗੇ। ਤੁਸੀਂ ਭਵਿੱਖ ਦੀ ਟੈਂਸ਼ਨ ਵਿਚ ਹੱਥੋਂ ਨਿਕਲ ਰਹੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਪਾਵੋਗੇ। ਹਰ ਨਵਾਂ ਦਿਨ ਉਮੀਦ ਲੈ ਕੇ ਆਉਂਦਾ ਹੈ। ਪੁਰਾਣੀਆਂ ਗਲਤੀਆਂ ਤੋਂ ਸਿੱਖੋ। ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ। ਤਰਤੀਬ ਮੁਤਾਬਕ ਸਾਰੇ ਕੰਮ ਕਰੋ। ਨਾਂਹ-ਪੱਖੀ ਸੋਚ, ਵਿਚਾਰਾਂ ਨੂੰ ਤਿਆਗ ਕੇ ਵਰਤਮਾਨ ਦੀਆਂ ਖੁਸ਼ੀਆਂ ਨੂੰ ਮਾਣੋ।
ਕੁੱਝ ਗੱਲਾਂ ਵਕਤ 'ਤੇ ਛੱਡ ਦੇਣੀਆਂ ਚਾਹੀਦੀਆਂ ਹਨ। ਹਮੇਸ਼ਾ ਸੋਚੋ ਕਿ ਜੋ ਵੀ ਹੋਏਗਾ, ਮੇਰੇ ਭਲੇ ਲਈ ਹੋਵੇਗਾ। ਕੁਦਰਤ ਨੇ ਹਰ ਕੰਮ ਲਈ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ, ਕਦੋਂ ਅਸੀਂ ਕਿਸੇ ਨੂੰ ਮਿਲਣਾ ਹੈ, ਕਿਸ ਇਨਸਾਨ ਨੇ ਸਾਡੀ ਮਦਦ ਕਰਨੀ ਹੈ। ਜੇ ਕੋਈ ਕੰਮ ਨੂੰ ਵਕਤ ਲੱਗ ਰਿਹਾ ਹੈ ਤਾਂ ਉਹ ਵਕਤ ਆਉਣ 'ਤੇ ਜ਼ਰੂਰ ਹੋ ਜਾਵੇਗਾ।
-ਸੰਜੀਵ ਸਿੰਘ ਸੈਣੀ
ਮੁਹਾਲੀ