JALANDHAR WEATHER

04-02-26

 ਲੋੜਵੰਦਾਂ ਦੀ ਮਦਦ ਜ਼ਰੂਰੀ

ਜਦੋਂ ਹਵਾ ਵਿਚ ਠੰਢ ਮਹਿਸੂਸ ਹੁੰਦੀ ਹੈ ਤਾਂ ਸਿਰਫ਼ ਮੌਸਮ ਹੀ ਨਹੀਂ ਬਦਲਦਾ, ਕਈ ਲੋਕਾਂ ਲਈ ਜ਼ਿੰਦਗੀ ਦੀਆਂ ਚੁਣੌਤੀਆਂ ਵੀ ਵਧ ਜਾਂਦੀਆਂ ਹਨ। ਹਰੇਕ ਸਾਲ ਜਦੋਂ ਠੰਢ ਪੈਂਦੀ ਹੈ ਤਾਂ ਕੁਝ ਲੋਕਾਂ ਲਈ ਇਹ ਸੁਹਾਵਣਾ ਮੌਸਮ ਬਣਦਾ ਹੈ ਅਤੇ ਕਈ ਲੋਕਾਂ ਲਈ ਇਹ ਜ਼ਿੰਦਗੀ ਦੀ ਲੜਾਈ ਬਣ ਜਾਂਦਾ ਹੈ। ਸੜਕਾਂ ਦੇ ਕਿਨਾਰੇ ਬੈਠੇ ਲੋੜਵੰਦ ਬੱਚੇ, ਬਜ਼ੁਰਗ ਅਤੇ ਗਰੀਬ ਪਰਿਵਾਰਾਂ ਨੂੰ ਇਸ ਕਹਿਰ ਨਾਲ ਲੜਨਾ ਪੈਂਦਾ ਹੈ। ਠੰਢ ਦੀਆਂ ਕੜਾਕੇਦਾਰ ਰਾਤਾਂ ਵਿਚ ਉਨ੍ਹਾਂ ਦੇ ਕੰਬਦੇ ਹੋਏ ਸਰੀਰ ਸਾਡੀ ਸਮਾਜਿਕ ਜ਼ਿੰਮੇਵਾਰੀ ਵੱਲ ਇਸ਼ਾਰਾ ਕਰਦੇ ਹਨ।
ਇਸ ਜ਼ਿੰਮੇਵਾਰੀ ਨੂੰ ਸਮਝਦਿਆਂ ਅਸੀਂ ਸਾਰੇ ਮਿਲ ਕੇ ਇਕ ਛੋਟੀ ਜਿਹੀ ਕੋਸ਼ਿਸ਼ ਕਰ ਕੇ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ। ਜਦੋਂ ਵੀ ਤੁਸੀਂ ਆਪਣੀ ਕਾਰ ਜਾਂ ਹੋਰ ਗੱਡੀ 'ਚ ਰਾਤ ਨੂੰ ਬਾਹਰ ਜਾਓ, ਤਾਂ ਆਪਣੇ ਪੁਰਾਣੇ ਗਰਮ ਕੱਪੜੇ, ਸਵੈਟਰ ਅਤੇ ਕੰਬਲ ਨਾਲ ਰੱਖੋ। ਇਹ ਸਧਾਰਨ ਜਿਹੀ ਕੋਸ਼ਿਸ਼ ਨਾ ਸਿਰਫ਼ ਗਰੀਬਾਂ ਲਈ ਮਦਦਗਾਰ ਸਾਬਤ ਹੋਵੇਗੀ, ਬਲਕਿ ਤੁਹਾਡੇ ਅੰਦਰ ਦਾਨ ਦੀ ਭਾਵਨਾ ਨੂੰ ਵੀ ਮਜ਼ਬੂਤ ਕਰੇਗੀ। ਬਜ਼ੁਰਗਾਂ ਤੇ ਬੱਚਿਆਂ ਲਈ ਸਾਡੇ ਬੈੱਡਾਂ 'ਚ ਪਏ ਪੁਰਾਣੇ ਕੰਬਲ ਜਾਂ ਸਵੈਟਰ ਕਿਸੇ ਅਨਮੋਲ ਤੋਹਫ਼ੇ ਤੋਂ ਘੱਟ ਨਹੀਂ ਹੋਣਗੇ।
ਸ਼ੁਰੂਆਤ 'ਚ ਅਸੀਂ ਆਪਣੇ ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਾਲ ਜੋੜ ਸਕਦੇ ਹਾਂ। ਸਮਾਜਿਕ ਮੀਡੀਆ ਪਲੇਟਫਾਰਮਾਂ ਜਾਂ ਆਪਣੀ ਕਮਿਊਨਿਟੀ ਵਿਚ ਛੋਟੇ-ਛੋਟੇ ਕੈਂਪ ਲਗਾ ਕੇ, ਅਸੀਂ ਲੋਕਾਂ ਨੂੰ ਇਸ ਪਹਿਲ ਦੀ ਮਹੱਤਤਾ ਬਾਰੇ ਜਾਣੂ ਕਰਵਾ ਸਕਦੇ ਹਾਂ। ਹਰ ਸਾਲ ਅਕਸਰ ਬੇਮਤਲਬ ਪੁਰਾਣੇ ਕੱਪੜੇ ਸਾਡੇ ਘਰਾਂ 'ਚ ਪਏ ਰਹਿੰਦੇ ਹਨ, ਜਿਨ੍ਹਾਂ ਨੂੰ ਇਕ ਨਵੇਂ ਮਕਸਦ ਲਈ ਵਰਤਿਆ ਜਾ ਸਕਦਾ ਹੈ। ਇਹ ਕੋਸ਼ਿਸ਼ ਸਿਰਫ਼ ਦਾਨ ਦੀ ਗੱਲ ਹੀ ਨਹੀਂ ਸਗੋਂ ਇਕ ਮਨੁੱਖੀ ਫਰਜ਼ ਨਿਭਾਉਣ ਦੀ ਗੱਲ ਵੀ ਹੈ।

-ਬਲਦੇਵ ਸਿੰਘ ਬੇਦੀ
ਜਲੰਧਰ।

ਹਰ ਪਲ ਖੁਸ਼ਹਾਲ ਬਣਾਓ

ਜ਼ਿੰਦਗੀ ਦੇ ਹਰ ਪਲ 'ਚ ਅਸਲ ਖ਼ੁਸ਼ੀ ਨੂੰ ਮਹਿਸੂਸ ਕਰਨ ਅਤੇ ਅੱਜ ਦੇ ਦਿਨ ਨੂੰ ਮਾਣਨ ਦਾ ਅਹਿਸਾਸ ਅਜਿਹਾ ਸਬਕ ਹੈ, ਜੋ ਜ਼ਿੰਦਗੀ ਦੇ ਹਰ ਮੋੜ 'ਤੇ ਸਾਨੂੰ ਸਿੱਖਿਆ ਦਿੰਦਾ ਹੈ। ਅਕਸਰ ਅਸੀਂ ਚੰਗੇ ਦਿਨਾਂ ਦੀ ਉਡੀਕ ਕਰਦੇ-ਕਰਦੇ ਆਪਣੇ ਮੌਜੂਦਾ ਪਲਾਂ ਨੂੰ ਵੀ ਗੁਆ ਬੈਠਦੇ ਹਾਂ। ਇਸ ਹਕੀਕਤ ਨੂੰ ਸਮਝਣ 'ਚ ਕਈ ਵਾਰ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਕਿ ਜਿਹੜੇ ਦਿਨ ਬੀਤ ਗਏ, ਉਹ ਹੀ ਸਾਡੇ ਲਈ ਚੰਗੇ ਦਿਨ ਸਨ। ਅੱਜ ਇਕ ਅਜਿਹਾ ਮੌਕਾ ਹੈ, ਜੋ ਕਦੇ ਮੁੜ ਕੇ ਨਹੀਂ ਆਵੇਗਾ। ਅਸੀਂ ਭਵਿੱਖ ਦੀ ਚਿੰਤਾ 'ਚ ਆਪਣੇ ਵਰਤਮਾਨ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਕਈ ਵਿਦਿਆਰਥੀ ਵਧੀਆ ਨੰਬਰ ਲਿਆਉਣ ਦੀ ਚਿੰਤਾ ਵਿਚ ਆਪਣੇ ਵਿਦਿਆਰਥੀ ਜੀਵਨ ਦੇ ਮਿੱਠੇ ਪਲਾਂ ਨੂੰ ਅਣਡਿੱਠਾ ਕਰ ਦਿੰਦੇ ਹਨ ਜੋ ਕਦੇ ਮੁੜ ਨਹੀਂ ਆਉਣੇ।
ਸਮੇਂ ਦੀ ਇਕ ਅਜੀਬ ਗੱਲ ਹੈ। ਇਹ ਹਮੇਸ਼ਾ ਅੱਗੇ ਵਧਦਾ ਹੈ। ਸਾਡੇ ਕੋਲ ਉਸ ਨੂੰ ਪਿੱਛੇ ਮੋੜ ਕੇ ਵੇਖਣ ਦੀ ਕੋਈ ਤਾਕਤ ਨਹੀਂ। ਜੇਕਰ ਅਸੀਂ ਵਰਤਮਾਨ ਨੂੰ ਚੰਗੀ ਤਰ੍ਹਾਂ ਜ਼ਿੰਦਗੀ ਵਿਚ ਲਿਆਉਣ ਦਾ ਯਤਨ ਕਰੀਏ ਤਾਂ ਸਾਨੂੰ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ। ਜਦੋਂ ਅਸੀਂ ਅੱਜ ਨੂੰ ਮਾਣਦੇ ਹਾਂ, ਉਦੋਂ ਹੀ ਸਾਡੀ ਜ਼ਿੰਦਗੀ ਦਾ ਹਰ ਪਲ ਕੀਮਤੀ ਬਣ ਜਾਂਦਾ ਹੈ। ਜੇ ਅਸੀਂ ਆਪਣੇ ਅੱਜ ਨੂੰ ਖ਼ੁਸ਼ਹਾਲ ਬਣਾਵਾਂਗੇ, ਤਾਂ ਬੀਤੇ ਦਿਨ ਆਪਣੇ ਆਪ ਚੰਗੇ ਬਣ ਜਾਣਗੇ।

-ਪਲਕਪ੍ਰੀਤ ਕੌਰ ਬੇਦੀ
ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ।

ਸੁਚੇਤ ਨਹੀਂ ਸਰਕਾਰਾਂ

ਪਹਿਲਾਂ ਹੀ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਤੋਂ ਆਮ ਨਾਗਰਿਕਾਂ ਨੂੰ ਸੁਰੱਖਿਅਤ ਲਈ ਠੋਸ ਕਦਮ ਚੁੱਕਣ ਲਈ ਆਦੇਸ਼ ਦਿੱਤੇ ਹਨ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ।
ਖੂੰਖਾਰ ਕਿਸਮ ਦੇ ਕੁੱਤਿਆਂ ਵਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਨੋਚ-ਨੋਚ ਕੇ ਮਾਰਨ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਸੋ ਸਰਕਾਰ ਅਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਲਈ ਕਾਰਗਰ ਉਪਰਾਲੇ ਤੁਰੰਤ ਸ਼ੁਰੂ ਕਰੇ।
ਤਾਜ਼ਾ ਆਦੇਸ਼ ਵਿਚ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਅਵਾਰਾ ਕੁੱਤਿਆਂ ਦੇ ਵੱਢਣ 'ਤੇ ਭਾਰੀ ਮੁਆਵਜ਼ਾ ਦੇਣ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ ਅਤੇ ਕੁੱਤਾ ਪ੍ਰੇਮੀਆਂ ਲਈ ਸਖ਼ਤ ਟਿੱਪਣੀ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਨੂੰ ਆਪਣੇ ਘਰ ਲਿਜਾ ਸਕਦੇ ਹਨ। ਸੋ, ਸਾਨੂੰ ਸਾਰਿਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਸਹਿਯੋਗ ਦੇਣਾ ਬਣਦਾ ਹੈ।

-ਮੇਜਰ ਸਿੰਘ
ਨਾਭਾ