JALANDHAR WEATHER

9-04-26

 ਜੰਗ ਬਨਾਮ ਅਮਨ-ਸ਼ਾਂਤੀ

ਅਜੋਕੇ ਸਮੇਂ ਵੱਖ-ਵੱਖ ਦੇਸ਼ਾਂ ਦਰਮਿਆਨ ਜੰਗ ਜਾਰੀ ਹੈ ਜਿਵੇਂ ਰੂਸ ਦੀ ਯੂਕਰੇਨ ਨਾਲ, ਪਾਕਿਸਤਾਨ ਦੀ ਅਫਗਾਨਿਸਤਾਨ ਨਾਲ ਅਤੇ ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਜੰਗ ਨਿਰੰਤਰ ਜਾਰੀ ਹੈ। ਇਨ੍ਹਾਂ ਜੰਗਾਂ ਕਾਰਨ ਸਿਰਫ਼ ਸੰਬੰਧਿਤ ਦੇਸ਼ਾਂ 'ਤੇ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਮੁਲਕਾਂ ਉੱਪਰ ਵੀ ਮਾਰੂ ਅਸਰ ਪੈ ਰਿਹਾ ਹੈ। ਕੱਚੇ ਤੇਲ ਅਤੇ ਗੈਸ ਦੇ ਰੇਟ ਵਧਣ ਨਾਲ ਮੁਲਕਾਂ ਦੀ ਆਰਥਿਕਤਾ ਪ੍ਰਭਾਵਿਤ ਹੋਣ ਦੇ ਨਾਲ ਹੀ ਮਹਿੰਗਾਈ ਵੀ ਦਿਨ-ਬ-ਦਿਨ ਵਧ ਰਹੀ ਹੈ। ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਅਤੇ ਹਰ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ। ਸ਼ਾਇਦ ਹੀ ਕੋਈ ਅਜਿਹਾ ਮਸਲਾ ਹੋਵੇ ਜਿਸ ਦਾ ਕੋਈ ਹੱਲ ਨਾ ਨਿਕਲਦਾ ਹੋਵੇ, ਪਰ ਇਸ ਲਈ ਸੰਜੀਦਾ ਯਤਨਾਂ ਦੀ ਲੋੜ ਹੁੰਦੀ ਹੈ। ਜੰਗ ਦਾ ਦੂਜਾ ਨਾਂਅ ਬਰਬਾਦੀ/ਤਬਾਹੀ ਹੈ। ਜੰਗ ਕਾਰਨ ਉਕਤ ਦੱਸੇ ਦੇਸ਼ਾਂ ਦਾ ਪਤਾ ਨਹੀਂ ਕਿੰਨਾ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ ਅਤੇ ਇਹ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਹੋਏ ਅਤੇ ਹੋਰ ਰਹੇ ਜਾਨੀ ਅਤੇ ਮਾਲੀ ਨੁਕਸਾਨ ਦੀ ਪੂਰਤੀ ਕਰਨਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੋਵੇਗਾ। ਅਮਨ-ਸ਼ਾਂਤੀ ਦਾ ਕੋਈ ਬਦਲ ਨਹੀਂ ਹੁੰਦਾ। ਇਸ ਲਈ ਉਕਤ ਜੰਗ ਪ੍ਰਭਾਵਿਤ ਦੇਸ਼ਾਂ ਨੂੰ ਆਪਸੀ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਲੱਭਣ ਦੇ ਬੇਹੱਦ ਲੋੜ ਹੈ ਤਾਂ ਕਿ ਜੰਗ ਕਾਰਨ ਬਣੇ ਤਲਖੀ/ਤਣਾਅ ਵਾਲਾ ਮਾਹੌਲ ਅਮਨ-ਸ਼ਾਂਤੀ ਵਿਚ ਬਦਲ ਸਕੇ।

-ਜਗਤਾਰ ਸਿੰਘ ਝੋਜੜ,
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਦੂਜਿਆਂ ਪ੍ਰਤੀ ਹਮੇਸ਼ਾ ਵਧੀਆ ਸੋਚ ਰੱਖੋ

ਅਸੀਂ ਅਕਸਰ ਕਿਸੇ ਇਨਸਾਨ ਨੂੰ ਦੂਸਰੇ ਇਨਸਾਨ ਦੀ ਬੁਰਿਆਈ ਆਪਣੇ ਪਰਿਵਾਰ ਵਿਚ ਜਾਂ ਕਿਸੇ ਮਹਿਫਲ ਵਿਚ ਬੈਠ ਕੇ ਕਰਦਿਆਂ ਸੁਣਦੇ ਹਾਂ। ਭਾਵੇਂ ਕਿ ਉਸ ਇਨਸਾਨ ਵਿਚ ਕੋਈ ਬੁਰੀ ਗੱਲ ਨਾ ਵੀ ਹੋਵੇ। ਅਸੀਂ ਦੂਜਿਆਂ ਦੇ ਗੁਣਾਂ ਦੀ ਘੱਟ ਪਰ ਔਗੁਣਾਂ ਦੀ ਬਹੁਤੀ ਚਰਚਾ ਕਰਦੇ ਹਾਂ। ਦੂਸਰੇ ਬਾਰੇ ਮਾੜਾ ਬੋਲਣ ਮਾੜਾ ਸੋਚਣ ਤੋਂ ਪਿੱਛੇ ਨਹੀਂ ਹੱਟਦੇ। ਭਾਵੇਂ ਕਿ ਇਹ ਸਭ ਕੁਝ ਅਕਸਰ ਦੂਸਰੇ ਦੀ ਪਿੱਠ ਪਿੱਛੇ ਹੀ ਕਰਦੇ ਹੈ।
ਹਰ ਇਕ ਇਨਸਾਨ ਦੀ ਆਪਣੀ ਇਕ ਸੋਚ ਹੁੰਦੀ ਹੈ, ਉਹ ਚਾਹੁੰਦੇ ਹੋਏ ਵੀ ਇਸ ਤੋਂ ਉੱਪਰ ਨਹੀਂ ਉੱਠ ਸਕਦਾ। ਉਸ ਨੂੰ ਹਮੇਸ਼ਾ ਦੂਸਰੇ ਵੀ ਆਪਣੇ ਵਰਗੇ ਹੀ ਲੱਗਦੇ ਹਨ। ਉਹ ਕਿਸੇ ਦਾ ਕਹਿਣਾ ਨਹੀਂ ਮੰਨਦੇ। ਭਾਵੇਂ ਕਿ ਇਹ ਸਭ ਔਗੁਣ ਉਨ੍ਹਾਂ ਦੇ ਆਪਣੇ ਅੰਦਰ ਵੀ ਹੋਣ, ਪਰੰਤੂ ਉਹ ਆਪਣੀ ਬੁਰਿਆਈ ਨੂੰ ਇਕ ਚੰਗਿਆਈ ਦੇ ਰੂਪ ਵਿਚ ਅਤੇ ਦੂਸਰੇ ਦੀ ਚੰਗਿਆਈ ਨੂੰ ਬੁਰਿਆਈ ਬਣਾ ਕੇ ਦੂਸਰਿਆਂ ਸਾਹਮਣੇ ਪੇਸ਼ ਕਰਦੇ ਹਨ।

-ਸੰਦੀਪ ਕੌਰ (ਪੀ.ਟੀ.ਆਈ.)
ਸ.ਹ.ਸਕੂਲ, ਭੂੰਦੜ (ਬਠਿੰਡਾ)

ਜਦੋਂ ਘਰ ਹੀ ਬਣ ਜਾਵੇ ਜ਼ੁਲਮ ਦਾ ਮੈਦਾਨ

ਮਾਨਯੋਗ ਸੁਪਰੀਮ ਕੋਰਟ ਨੇ ਘਰੇਲੂ ਹਿੰਸਾ ਨੂੰ ਕੇਵਲ ਇਕ ਅਲੱਗ ਘਟਨਾ ਨਹੀਂ, ਸਗੋਂ ਇਕ 'ਬਿਮਾਰ ਸਮਾਜਿਕ ਪ੍ਰਣਾਲੀ' ਦੀ ਨਿਸ਼ਾਨੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਦੇਸ਼ ਵਿਚ ਆਰਥਿਕ ਤਰੱਕੀ, ਸਿੱਖਿਆ ਅਤੇ ਔਰਤਾਂ ਦੀ ਭਾਗੀਦਾਰੀ ਵਧਣ ਦੇ ਬਾਵਜੂਦ ਪਿੰਡਾਂ ਅਤੇ ਅਰਧ ਸ਼ਹਿਰੀ ਖੇਤਰਾਂ ਵਿਚ ਮਰਦ ਪ੍ਰਧਾਨ ਸਮਾਜ ਦੀਆਂ ਜੜ੍ਹਾਂ ਅਜੇ ਵੀ ਮਜ਼ਬੂਤ ਹਨ।
ਜਸਟਿਸ ਸੰਜੇ ਕਾਰੋਲ ਅਤੇ ਜਸਟਿਸ ਨੋਂਗਮੇਈਕਾਪਾਮ ਕੋਟਿਸ਼ਵਰ ਸਿੰਘ ਦੀ ਬੈਂਚ ਨੇ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਜਦੋਂ ਕਿ ਘਰੇਲੂ ਹਿੰਸਾ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਗਿਆ। ਇਹ ਮਾਮਲਾ 2012 ਵਿਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਅੱਗ ਲਗਾਉਣ ਨਾਲ ਸੰਬੰਧਿਤ ਸੀ।
ਅਦਾਲਤ ਨੇ ਜ਼ੋਰ ਦਿੱਤਾ ਕਿ ਸੰਵਿਧਾਨ ਔਰਤਾਂ ਨੂੰ ਸਮਾਨਤਾ, ਲਿੰਗ ਆਧਾਰਿਤ ਭੇਦਭਾਵ ਤੋਂ ਮੁਕਤੀ ਅਤੇ ਜਿਊਣ ਦੇ ਅਧਿਕਾਰ ਦਿੰਦਾ ਹੈ ਪਰ ਅਜਿਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਇਹ ਅਧਿਕਾਰ ਅਜੇ ਵੀ ਕਾਗਜ਼ਾਂ ਤੱਕ ਸੀਮਤ ਹਨ। ਇਹ ਫ਼ੈਸਲਾ ਸਿਰਫ਼ ਕਾਨੂੰਨੀ ਨਹੀਂ, ਸਗੋਂ ਸਮਾਜ ਲਈ ਇਕ ਆਇਨਾ ਹੈ, ਜੋ ਸਾਡੇ ਅੰਦਰ ਛੁਪੀ ਸੋਚ ਨੂੰ ਬੇਨਕਾਬ ਕਰਦਾ ਹੈ। ਜਦੋਂ ਤੱਕ ਮਨੁੱਖੀ ਸੋਚ ਵਿਚ ਬਦਲਾਅ ਨਹੀਂ ਆਉਂਦਾ, ਉਦੋਂ ਤੱਕ ਕਾਨੂੰਨ ਵੀ ਇਕੱਲਾ ਇਨਸਾਫ਼ ਨਹੀਂ ਦੇ ਸਕਦਾ।

-ਰਾਜ ਕੁਮਾਰ ਖੰਨਾ
ਐੱਮ.ਏ., ਐੱਮ.ਫਿਲ.)