JALANDHAR WEATHER

28-04-26

 ਬਿਜਲੀ ਦਾ ਕੱਟ
ਕਣਕ ਦੀ ਵਢਾਈ ਦਾ ਸੀਜ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਕਿਸਾਨਾਂ ਦੀ ਪੂਰੇ ਸਾਲ ਦੀ ਮਿਹਨਤ ਨੂੰ ਬਚਾਉਣ ਲਈ ਬਿਜਲੀ ਵਿਭਾਗ ਨੇ ਵੀ ਦਿਨ ਵਿਚ ਬਿਜਲੀ ਬੰਦ ਕਰਨ ਦਾ ਸ਼ਲਾਘਾਯੋਗ ਕਦਮ ਉਠਾਇਆ ਹੈ, ਕਿਉਂਕਿ ਬਿਜਲੀ ਦੀਆ ਚਿੰਗਾਰੀਆਂ ਕਰਕੇ ਕਣਕ ਅਤੇ ਉਸ ਦੇ ਨਾੜ ਬਲਣ ਕਰਕੇ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪਰ ਰਾਤ ਸਮੇਂ ਬਿਜਲੀ ਦਾ ਗੁੱਲ ਹੋ ਜਾਣਾ ਜਿਥੇ ਆਮ ਲੋਕਾਂ ਲਈ ਮੁਸ਼ਕਿਲਾਂ ਵਧਾਉਂਦਾ ਹੈ, ਉਥੇ ਬਿਜਲੀ ਵਿਭਾਗ ਦੀ ਅਣਗਹਿਲੀ ਨੂੰ ਵੀ ਸਪੱਸ਼ਟ ਕਰਦਾ ਹੈ। ਟੋਲ ਫ੍ਰੀ ਨੰਬਰ 'ਤੇ ਕਾਲ ਕਰਨਾ ਉਸ ਦਾ ਅੱਗੋਂ ਵਿਅਸਥ ਆਉਣਾ, ਕਦੇ ਬਿਜਲੀ ਸਾਢੇ ਦਸ ਆਵੇਗੀ ਕਦੇ ਗਿਆਰਾਂ ਵਜੇ ਆਵੇਗੀ, ਇਸ ਦਾ ਲਾਰਾ ਲੱਪਾ ਲਾਈ ਰੱਖਣਾ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਮਨਸ਼ਾ ਹੈ। ਜੇਕਰ ਕੋਈ ਕੱਟ ਹੈ ਤਾਂ ਉਸ ਦੀ ਦਰੁਸਤ ਜਾਣਕਾਰੀ ਅਗਾਊਂ ਕਿਉਂ ਨਹੀਂ ਦਿੱਤੀ ਜਾਂਦੀ। ਵਿਭਾਗ ਵਲੋਂ ਦਿੱਤੇ ਮੋਬਾਈਲ ਨੰਬਰ ਕਿਉਂ ਨਹੀਂ ਚੁੱਕੇ ਜਾਂਦੇ? ਜੇਕਰ ਫ਼ੋਨ ਚੁੱਕਣਾ ਹੀ ਨਹੀਂ ਫ਼ਿਰ ਨੰਬਰ ਦੇਣ ਦੀ ਕੀ ਲੋੜ ਹੈ। ਭਵਿੱਖ ਵਿਚ ਜੇਕਰ ਬਿਜਲੀ ਵਿਭਾਗ ਕੋਈ ਪਾਵਰ ਕੱਟ ਲਗਾ ਰਿਹਾ ਹੈ ਤਾਂ ਉਸ ਦੀ ਅਗਾਊਂ ਜਾਣਕਾਰੀ ਦੇਵੇ, ਅਜਿਹਾ ਕਰਨਾ ਜਿਥੇ ਸੰਬੰਧਿਤ ਵਿਭਾਗ ਦਾ ਫਰਜ਼ ਹੈ, ਉਥੇ ਆਮ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਵੀ ਰੁਕੇਗੀ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)

ਜੰਗ ਕਾਰਨ ਵਧ ਰਹੀ ਮਹਿੰਗਾਈ
ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ 28 ਫਰਵਰੀ ਤੋਂ ਸ਼ੁਰੂ ਕੀਤੇ ਹਮਲਿਆਂ ਨਾਲ ਸ਼ੁਰੂ ਹੋਇਆ ਯੁੱਧ ਅੱਠਵੇਂ ਹਫ਼ਤੇ ਵਿਚ ਦਾਖਲ ਹੋ ਗਿਆ ਹੈ। ਹਾਲਾਂਕਿ ਪਿਛਲੇ ਦੋ ਹਫ਼ਤੇ ਤੋਂ ਜਾਰੀ ਜੰਗਬੰਦੀ ਕਾਰਨ ਤਬਾਹੀ ਦਾ ਦੌਰ ਥੋੜ੍ਹਾ ਰੁਕ ਗਿਆ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਹਮਲਾ ਕਰਨ ਸਮੇਂ ਈਰਾਨ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ, ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਈਰਾਨ ਉਨ੍ਹਾਂ ਦੇ ਹਮਲਿਆਂ ਦਾ ਜ਼ਬਰਦਸਤ ਜਵਾਬ ਦੇਵੇਗਾ। ਈਰਾਨ ਵਲੋਂ ਕੀਤੀ ਜਾ ਰਹੀ ਜਵਾਬੀ ਕਾਰਵਾਈ ਕਾਰਨ ਜੰਗ ਲੰਬੀ ਹੁੰਦੀ ਜਾ ਰਹੀ ਹੈ। ਇਸ ਜੰਗ ਨੇ ਏਸ਼ੀਆ ਮਹਾਂਦੀਪ ਦੇ ਮੁਲਕਾਂ 'ਚ ਮਹਿੰਗਾਈ ਦਾ ਮਾਹੌਲ ਬਣਾ ਦਿੱਤਾ ਹੈ। ਸਾਡੇ ਮੁਲਕ ਵਿਚ ਪੈਟਰੋਲੀਅਮ ਪਦਾਰਥਾਂ ਦੀ ਕਿੱਲਤ ਪੈਦਾ ਹੋਣ ਲੱਗੀ ਹੈ। ਐਲ.ਪੀ.ਜੀ. ਗੈਸ ਨੂੰ ਲੈ ਕੇ ਹਾਕਾਕਾਰ ਮਚੀ ਹੋਈ ਹੈ। ਸਿਲੰਡਰ ਭਰਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਜ਼ਾਫ਼ਾ ਅਤੇ ਸਪਲਾਈ ਦੀ ਕਿਲਤ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਦਾ ਸੇਕ ਜਨਤਾ ਤੱਕ ਪਹੁੰਚਣਾ ਯਕੀਨੀ ਹੈ।

-ਬਿੰਦਰ ਸਿੰਘ ਖੁੱਡੀ ਕਲਾਂ

ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਸਾਡੇ ਸਮਾਜ ਲਈ ਬਹੁਤ ਵੱਡੀ ਬੁਰਾਈ ਹੈ। ਇਸ ਤੋਂ ਭਾਵ ਇਹ ਹੈ ਕਿ ਆਪਣਾ ਕੋਈ ਵੀ ਕੰਮ ਕਰਵਾਉਣ ਲਈ ਕਿਸੇ ਅਫਸਰ ਜਾਂ ਕਰਮਚਾਰੀ ਨੂੰ ਪੈਸੇ ਦੇਣਾ ਅੱਜ ਦੇ ਸਮੇਂ ਵਿਚ ਆਮ ਹੋ ਚੁੱਕਾ ਹੈ। ਜਿਸ ਦੇ ਕਾਰਨ ਆਮ ਲੋਕ ਬਹੁਤ ਪ੍ਰੇਸ਼ਾਨ ਹਨ। ਲੋਕ ਥੋੜ੍ਹੇ ਸਮੇਂ ਵਿਚ ਅਮੀਰ ਬਣਨ ਦੀ ਹੋੜ ਵਿਚ ਰਿਸ਼ਵਤ ਲੈਂਦੇ ਹਨ। ਸਰਕਾਰੀ ਦਫਤਰਾਂ ਵਿਚ ਕੰਮ ਬਹੁਤ ਹੌਲੀ ਹੋਣ ਕਰਕੇ ਲੋਕ ਆਪਣਾ ਜਲਦੀ ਕੰਮ ਕਰਵਾਉਣ ਲਈ ਪੈਸੇ ਦੇਣ ਲਈ ਤਿਆਰ ਹੋ ਜਾਂਦੇ ਹਨ। ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦੇ ਖਰਚੇ ਵਧ ਰਹੇ ਹਨ, ਜਿਸ ਦੇ ਨਾਲ ਉਹ ਗ਼ਲਤ ਰਸਤਾ ਚੁਣਦੇ ਹਨ। ਰਿਸ਼ਵਤਖੋਰੀ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਇਮਾਨਦਾਰ ਬਣਨਾ ਚਾਹੀਦਾ ਹੈ ਤੇ ਰਿਸ਼ਵਤ ਨਹੀਂ ਦੇਣੀ ਚਾਹੀਦੀ ਹੈ। ਸਾਨੂੰ ਰਿਸ਼ਵਤਖੋਰੀ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਇਮਾਨਦਾਰੀ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ।

-ਕਮਲਦੀਪ ਕੌਰ
ਨੌਧਰਾਣੀ (ਮਲੇਰਕੋਟਲਾ)

ਜ਼ਿੰਦਗੀ ਵਿਚ ਸਦਗੁਣ ਬਹੁਤ ਜ਼ਰੂਰੀ
ਸੋਸ਼ਲ ਮੀਡੀਆ ਦੀ ਅੰਨ੍ਹੀ ਦੌੜ ਵਿਚ ਅਸੀਂ ਸਦਗੁਣਾਂ ਨੂੰ ਗੁਆਈ ਜਾ ਰਹੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਕੇ ਜਿਹੀ ਗੰਭੀਰ ਬਿਮਾਰੀ ਦੇ ਸ਼ਿਕਾਰ ਬਣਦੇ ਜਾ ਰਹੇ ਹਾਂ। ਅਸੀਂ ਮੋਬਾਈਲ ਦੀ ਦੁਨੀਆ ਵਿਚ ਧਸ ਚੁੱਕੇ ਤੇ ਆਪਣੀਆਂ ਭਾਵਨਾਵਾਂ ਨੂੰ ਕਿਸੇ ਨਾਲ ਸਾਂਝਾ ਹੀ ਨਹੀਂ ਕਰ ਪਾ ਰਹੇ। ਕਾਹਲ ਨੇ ਸਾਡੀ ਜ਼ਿੰਦਗੀ 'ਚੋਂ ਚੈਨ ਸਕੂਨ ਨੂੰ ਖੋਹ ਲਿਆ। ਬੋਲਣ ਤੋਂ ਪਹਿਲਾਂ ਸੋਚਣਾ ਤਾਂ ਹੁਣ ਬਹੁਤ ਦੂਰ ਦੀ ਗੱਲ ਰਹਿ ਗਈ ਹੈ। ਕਿਥੇ ਕੀ ਬੋਲਣਾ, ਅਸੀਂ ਹੁਣ ਇਸ 'ਤੇ ਵੀ ਵਿਚਾਰ ਹੀ ਨਹੀਂ ਕਰਦੇ ਜੋ ਮੂੰਹ ਵਿਚ ਆਉਂਦਾ ਹੈ, ਬਸ ਬੋਲ ਦਿੰਦੇ ਹਾਂ। ਮਾਣ-ਮਰਿਆਦਾ ਸਾਡੇ ਸਮਾਜਿਕ ਵਰਤਾਰੇ ਦਾ ਮੁੱਢ ਸੀ, ਇਸ ਨੇ ਹੀ ਸਾਡੇ ਪਿਆਰ, ਸਤਿਕਾਰ, ਰਿਸ਼ਤੇ-ਨਾਤਿਆਂ ਇਕ-ਦੂਜੇ ਨਾਲ ਜੋੜ ਕੇ ਰੱਖਿਆ ਸੀ। ਪਰ ਹੁਣ ਵੱਡੇ-ਛੋਟੇ ਦਾ ਸਤਿਕਾਰ, ਇੱਜ਼ਤ-ਮਾਣ ਕਿਵੇਂ ਕਰਨਾ ਹੈ, ਸ਼ਾਇਦ ਅਸੀਂ ਹੁਣ ਭੁੱਲ ਗਏ ਹਾਂ। ਸਮੇਂ ਦੀ ਕਦਰ ਕਰਨਾ ਆਪਣੇ-ਆਪ ਵਿਚ ਸਭ ਤੋਂ ਵੱਡਾ ਸਦਗੁਣ ਹੈ।

-ਲਖਵੀਰ ਸਿੰਘ ਉਦੈਕਰਨ
ਸ੍ਰੀ ਮੁਕਤਸਰ ਸਾਹਿਬ।

ਮਨੋਵਿਗਿਆਨ ਅਤੇ ਪਰਿਯੋਜਨਾ
ਜਦੋਂ ਕਿਸੇ ਸਮੱਸਿਆ ਦਾ ਹੱਲ ਵਿਗਿਆਨਕ ਨਿਯਮਾਂ ਦੇ ਅਨੁਸਾਰ ਕ੍ਰਮਬੱਧ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਸਮੱਸਿਆ ਹੱਲ ਦੇ ਢੰਗ ਨੂੰ 'ਪਰਿਯੋਜਨਾ' ਜਾਂ 'ਯੋਜਨਾ' ਕਿਹਾ ਜਾਂਦਾ ਹੈ। ਮਨੋਵਿਗਿਆਨ ਖੇਤਰ ਵਿਚ ਕੀਤੀਆਂ ਜਾਂਦੀਆਂ ਯੋਜਨਾਵਾਂ ਨੂੰ 'ਖੋਜ ਯੋਜਨਾ' ਵੀ ਕਿਹਾ ਜਾਂਦਾ ਹੈ। ਪਰਿਯੋਜਨਾ ਦੇ ਅਰਥ ਨੂੰ ਹੋਰ ਵਧੇਰੇ ਸਪੱਸ਼ਟ ਰੂਪ ਵਿਚ ਸਮਝਣ ਲਈ ਅੱਗੇ ਲਿਖੇ ਪੱਖਾਂ ਨੂੰ ਵੇਖਣਾ ਜ਼ਰੂਰੀ ਹੈ। ਪਰਿਯੋਜਨਾ ਦਾ ਆਰੰਭਿਕ ਵਿਚਾਰ, ਨਿਸ਼ਾਨਾ ਤੇ ਬਿੰਦੂ ਕਿਸੇ ਸਮੱਸਿਆ ਦਾ ਹੱਲ ਕਰਨਾ ਹੁੰਦਾ ਹੈ। ਪਰਿਯੋਜਨਾ ਵਿਚ ਸਮੱਸਿਆ ਦਾ ਅਧਿਐਨ ਕ੍ਰਮਬੱਧ ਢੰਗ ਨਾਲ ਕੀਤਾ ਜਾਂਦਾ ਹੈ।
ਪਰਿਯੋਜਨਾ ਦਾ ਕੇਂਦਰ ਬਿੰਦੂ ਨਿਸਚਿਤ ਕੀਤਾ ਉਦੇਸ਼ ਜਾਂ ਨਿਸ਼ਾਨਾ ਹੁੰਦਾ ਹੈ। ਪਰਿਯੋਜਨਾ ਵਿਚ ਸਮੇਂ ਦੀ ਸੀਮਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਵਿਗਿਆਨਕ ਤੇ ਕ੍ਰਮਬੱਧ ਢੰਗ ਨਾਲ ਸਮੱਸਿਆ ਅਧਿਐਨ ਕਰਦੇ ਸਮੇਂ ਰੂੜੀਵਾਦੀ ਵਿਚਾਰਾਂ ਤੋਂ ਹਮੇਸ਼ਾ ਦੂਰੀ ਰੱਖੀ ਜਾਂਦੀ ਹੈ। ਹਰੇਕ ਕਿਸਮ ਦੀ ਪਰਿਯੋਜਨਾ ਦੀ ਸਫਲਤਾ ਲਈ ਢੁਕਵੇਂ ਆਰਥਿਕ ਸਾਧਨਾਂ ਦੀ ਵੀ ਜ਼ਰੂਰਤ ਹੁੰਦੀ ਹੈ। ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਜ਼ਿਲ੍ਹਾ ਹੁਸ਼ਿਆਰਪੁਰ।