JALANDHAR WEATHER

02-07-2025

 ਲੋਕ ਮੁੱਦਿਆਂ 'ਤੇ ਹੋਵੇ ਚਰਚਾ

ਪ੍ਰੋਫੈਸਰ ਰਣਜੀਤ ਸਿੰਘ ਧਨੋਆ ਦੀ ਕਲਮ ਤੋਂ ਲਿਖਿਆ ਲੇਖ 'ਖਬਰੀ ਚੈਨਲਾਂ 'ਤੇ ਹੁੰਦੀ ਬਹਿਸ ਅਤੇ ਪੱਤਰਕਾਰਤਾ ਦਾ ਮਿਆਰ' ਪੜ੍ਹਿਆ। ਜੋ ਤੱਥਾਂ 'ਤੇ ਆਧਾਰਿਤ ਸੀ। ਵਾਕਿਆ ਹੀ ਇਹ ਗੱਲ ਸੱਚ ਹੈ ਕਿ ਅੱਜ ਕਲ੍ਹ ਟੀ.ਵੀ. ਚੈਨਲ ਅਸਲੀ ਮਸਲਿਆਂ 'ਤੇ ਬਹਿਸ ਕਰਵਾਉਣ ਦੀ ਬਜਾਏ ਜ਼ਿਆਦਾਤਰ ਸਿਆਸੀ ਮੁੱਦਿਆਂ ਨੂੰ ਲੈਂਦੇ ਹਨ ਤੇ ਸਿੱਖਿਆ ਵਰਗੇ ਅਹਿਮ ਮੁੱਦਿਆਂ ਨੂੰ ਵੀ ਵਿਸਾਰ ਦਿੱਤਾ ਜਾਂਦਾ ਹੈ। ਜਿਸ ਕਰਕੇ ਹੀ ਲੋਕਾਂ ਦੀ ਵਿਚਾਰ ਚਰਚਾ ਸੁਣਨ 'ਚ ਕੋਈ ਦਿਲਚਸਪੀ ਨਹੀਂ ਰਹਿੰਦੀ। ਜੇਕਰ ਚੈਨਲ ਲੋਕਾਂ ਦੇ ਮੁੱਦਿਆਂ ਨੂੰ ਛੂਹਣ ਤਾਂ ਲੋਕ ਇਨ੍ਹਾਂ ਬਹਿਸਾਂ ਨੂੰ ਸੁਣਨ ਲੱਗ ਪੈਣਗੇ। ਸੋ, ਚੈਨਲਾਂ ਨੂੰ ਚਾਹੀਦਾ ਹੈ ਕਿ ਉਹ ਲੋਕ ਮੁੱਦਿਆਂ 'ਤੇ ਚਰਚਾ ਕਰਵਾਉਣ ਤਾਂ ਜੋ ਲੋਕਾਂ ਦੀ ਬਹਿਸ 'ਚ ਰੁਚੀ ਬਣੇ।

-ਲੈਕਚਰਾਰ ਅਜੀਤ ਖੰਨਾ

ਕਿੱਧਰ ਜਾ ਰਿਹੈ ਪੰਜਾਬ

ਅੱਜ ਪੰਜਾਬ ਵਿਚ ਡਰੱਗ, ਰੇਤ ਮਾਫੀਆ, ਗੈਂਗਸਟਰ, ਦਿਨ ਦਿਹਾੜੇ ਕਤਲ, ਫਿਰੌਤੀਆਂ, ਅਗਵਾ, ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਵੱਡੇ ਰਸੂਖਦਾਰਾਂ ਤੋਂ ਫਰੌਤੀ ਮੰਗੀ ਜਾ ਰਹੀ ਹੈ। ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਹਾਲ ਹੀ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅੰਦਰ ਕਾਨੂੰਨ ਸਥਿਤੀ ਸੰਬੰਧੀ ਚਿੰਤਾ ਪ੍ਰਗਟਾਈ ਹੈ। ਗੈਂਗਸਟਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਜੋ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ ਹਨ। ਨਜਾਇਜ਼ ਮਾਈਨਿੰਗ ਰੁਕ ਨਹੀਂ ਰਹੀ ਹੈ। ਥਾਂ-ਥਾਂ 'ਤੇ ਧਰਨੇ ਲਗਾਏ ਜਾ ਰਹੇ ਹਨ। ਨਸ਼ਿਆਂ ਦਾ ਕਾਰੋਬਾਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ

ਨਫ਼ਰਤ ਅਤੇ ਪਿਆਰ

ਅਜੋਕੇ ਸਮੇਂ ਅੰਦਰ ਸਮਾਜ ਵਿਚ ਇਹ ਆਮ ਦੇਖਿਆ/ਸੁਣਿਆ ਜਾਂਦਾ ਹੈ ਕਿ ਸਮਾਜ ਦੇ ਵੱਡੇ ਹਿੱਸੇ ਦੇ ਵਿਅਕਤੀਆਂ ਦੇ ਮਨ ਨਫ਼ਰਤ, ਈਰਖਾ ਅਤੇ ਸਾੜੇ ਨਾਲ ਭਰੇ ਪਏ ਹਨ। ਸਕੇ ਭਰਾ, ਰਿਸ਼ਤੇਦਾਰ, ਗੁਆਂਢੀ ਬਿਨਾਂ ਵਜ੍ਹਾ ਇਕ ਦੂਜੇ ਨੂੰ ਨਫ਼ਰਤ ਕਰਦੇ ਹਨ। ਕੋਈ ਵੀ ਆਦਮੀ ਸਰਬ-ਕਲਾ ਸੰਪੂਰਨ ਨਹੀਂ ਹੁੰਦਾ, ਚੰਗੇ ਵਿਅਕਤੀ ਵਿਚ ਵੀ ਕੋਈ ਨਾ ਕੋਈ ਔਗੁਣ ਜ਼ਰੂਰ ਹੁੰਦਾ ਹੈ। ਨਫਰਤ ਨਾਲ ਤਾਂ ਨਫਰਤ ਹੀ ਜਨਮ ਦਿੰਦੀ ਹੈ, ਪਿਆਰ-ਮੁਹੱਬਤ ਨੂੰ ਨਹੀਂ। ਪਿਆਰ-ਮੁਹੱਬਤ ਅਤੇ ਪ੍ਰੇਰਨਾ ਅਜਿਹੇ ਹਥਿਆਰ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਦੂਸਰਿਆਂ ਦਾ ਨਾ ਕੇਵਲ ਦਿਲ ਹੀ ਜਿੱਤ ਸਕਦੇ ਹਾਂ, ਬਲਕਿ ਉਨ੍ਹਾਂ ਦੇ ਵਿਸ਼ਵਾਸਪਾਤਰ ਅਤੇ ਸਤਿਕਾਰ ਦੇ ਪਾਤਰ ਵੀ ਬਣ ਸਕਦੇ ਹਾਂ। ਜੇਕਰ ਨਫ਼ਰਤ, ਸਾੜਾ ਤੇ ਈਰਖਾ ਕਰਨੀ ਹੀ ਹੈ ਤਾਂ ਬੁਰਾਈਆਂ ਨੂੰ ਕਰੋ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ

ਸੜਕ 'ਤੇ ਲੱਗੇ ਰੁੱਖਾਂ ਦੀ ਸਾਰ ਲਓ

ਪੰਜਾਬ ਵਿਚ ਦਿਨੋ-ਦਿਨ ਘਟਦੀ ਜਾ ਰਹੀ ਰੁੱਖਾਂ ਦੀ ਗਿਣਤੀ ਕਾਰਨ ਜਿਥੇ ਵਾਤਾਵਰਨ ਪ੍ਰੇਮੀ ਡਾਢੇ ਪ੍ਰੇਸ਼ਾਨ ਹਨ, ਉਥੇ ਰੁੱਖਾਂ ਦੀ ਗਿਣਤੀ ਵਧਾਉਣ ਲਈ ਵੀ ਦਿਨ-ਰਾਤ ਸਖ਼ਤ ਮਿਹਨਤ ਕਰਕੇ ਨਵੇਂ ਰੁੱਖ ਲਗਾ ਰਹੇ ਹਨ ਅਤੇ ਪਹਿਲਾਂ ਲੱਗੇ ਰੁੱਖਾਂ ਨੂੰ ਬਚਾ ਰਹੇ ਹਨ, ਪਰੰਤੂ ਬਠਿੰਡਾ ਸ਼ਹਿਰ ਦੀ ਬਾਈਪਾਸ ਸੜਕ ਦੇ ਕਿਨਾਰੇ ਲੱਗੇ ਰੁੱਖਾਂ ਦੀਆਂ ਬਿਲਕੁਲ ਜੜ੍ਹਾਂ ਵਿਚ ਵੱਡੇ-ਵੱਡੇ ਪੱਥਰ ਬਹੁਤ ਵੱਡੀ ਤਾਦਾਦ ਵਿਚ ਲੰਮੇ ਸਮੇਂ ਤੋਂ ਸੁੱਟੇ ਪਏ ਹਨ, ਜਿਸ ਕਰਕੇ ਰੁੱਖਾਂ ਦੇ ਵਧਣ-ਫੁੱਲਣ ਵਿਚ ਵੱਡੀ ਰੁਕਾਵਟ ਆ ਰਹੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪ੍ਰਤੱਖ ਦਿਸਦਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਰੁੱਖਾਂ ਦੀਆਂ ਜੜ੍ਹਾਂ ਵਿਚ ਸੁੱਟੇ ਪੱਥਰਾਂ ਨੂੰ ਪਾਸੇ ਕਰਵਾ ਕੇ ਰੁੱਖਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

-ਅੰਗਰੇਜ ਸਿੰਘ ਵਿੱਕੀ ਕੋਟਗੁਰੂ
ਪਿੰਡ ਤੇ ਡਾਕ. ਕੋਟਗੁਰੂ (ਬਠਿੰ

ਡਿਪ੍ਰੈਸ਼ਨ ਵਿਚ ਇਕ ਰੌਸ਼ਨੀ-ਯੋਗ

ਭਾਵੇਂ ਅੱਜ ਦਾ ਨੌਜਵਾਨ ਵਰਗ ਬਾਹਰੋਂ ਹੱਸਦਾ-ਖਿੜਦਾ ਦਿੱਸਦਾ ਹੈ, ਪਰ ਅੰਦਰੋਂ ਟੁੱਟਿਆ, ਥੱਕਿਆ ਤੇ ਉਲਝਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਦਿਖਾਈ ਦੇਣ ਵਾਲੀ 'ਪਰਫੈਕਟ ਜ਼ਿੰਦਗੀ' ਨੇ ਸਾਨੂੰ ਤੁਲਨਾਵਾਂ ਦੇ ਜਾਲ 'ਚ ਫਸਾ ਦਿੱਤਾ ਹੈ। ਸਾਰਾ ਦਿਨ ਮੋਬਾਈਲ ਸਕਰੀਨ ਵੱਲ ਟਿਕਟਿਕੀ ਲਗਾਈ ਰੱਖਣਾ, ਹੋਰਾਂ ਦੀ ਜ਼ਿੰਦਗੀ ਨਾਲ ਆਪਣੀ ਤੁਲਨਾ ਕਰਨੀ, ਅੱਜ ਦੀ ਪੀੜ੍ਹੀ ਦੀ ਹਕੀਕਤ ਬਣ ਚੁੱਕੀ ਹੈ। ਅੱਜ ਦੇ ਸਮੇਂ ਵਿਚ 'ਯੋਗ' ਸਿਰਫ਼ ਸਰੀਰ ਦੀ ਵਰਜਿਸ਼ ਨਹੀਂ, ਸਗੋਂ ਇਕ ਪੂਰਨ ਮਾਨਸਿਕ ਦਵਾਈ ਹੈ। ਯੋਗ ਤੇ ਧਿਆਨ ਰਾਹੀਂ ਇਨਸਾਨ ਆਪਣੇ ਅੰਦਰ ਝਾਤ ਮਾਰਨਾ ਸਿੱਖਦਾ ਹੈ, ਆਪਣੇ ਵਿਚਾਰਾਂ ਨੂੰ ਸਮਝਦਾ ਹੈ ਤੇ ਮਨ ਦੀ ਅਡੋਲਤਾ ਪ੍ਰਾਪਤ ਕਰਦਾ ਹੈ। ਪ੍ਰਾਣਾਯਾਮ, ਧਿਆਨ ਅਤੇ ਯੋਗ ਆਸਨ ਨਾ ਸਿਰਫ਼ ਸਰੀਰਕ ਊਰਜਾ ਵਧਾਉਂਦੇ ਹਨ, ਸਗੋਂ ਮਨ ਨੂੰ ਸ਼ਾਂਤੀ ਤੇ ਸੰਤੁਲਨ ਵੀ ਦਿੰਦੇ ਹਨ।

-ਅਮਨ ਕੁਮਾਰੀ
ਕੇ.ਐਮ.ਵੀ., ਜਲੰਧਰ।

ਵਧਦਾ ਗੰਨ ਕਲਚਰ

ਪੰਜਾਬ ਵਿਚ ਨਸ਼ੇ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਵਾਂਗ ਹੀ 'ਗੰਨ ਕਲਚਰ' ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਹਥਿਆਰਾਂ ਦਾ ਜ਼ਿਕਰ ਪੰਜਾਬੀ ਗਾਣਿਆਂ ਵਿਚ ਆਮ ਹੋਣ ਕਰਕੇ ਇਸ ਤੋਂ ਨੌਜਵਾਨ ਵਰਗ ਬਹੁਤ ਪ੍ਰਭਾਵਿਤ ਹੁੰਦਾ ਹੈ। ਉਹ ਵੀ ਗਾਣਿਆਂ ਦੀ ਨਕਲ ਕਰਕੇ ਹਥਿਆਰ ਰੱਖਣ ਨੂੰ ਆਪਣੀ ਸਰਦਾਰੀ ਸਮਝਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ, ਹੌਲੀ-ਹੌਲੀ ਨੌਜਵਾਨ ਵਰਗ ਖ਼ੂਨ ਖ਼ਰਾਬੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਦੇ ਹਨ, ਜਿਸ ਨੂੰ ਗੈਂਗਸਟਰਵਾਦ ਦਾ ਨਾਂਅ ਦਿੱਤਾ ਜਾਂਦਾ ਹੈ। ਸਵਾਲ ਇਹ ਹੈ ਕਿ ਅਸਲ੍ਹਾ ਇਨ੍ਹਾਂ ਨੂੰ ਦਿੰਦਾ ਕੌਣ ਹੈ? ਜੇਕਰ ਸਰਕਾਰ ਸਖ਼ਤੀ ਨਾਲ ਪੇਸ਼ ਆਵੇ ਤਾਂ ਗੰਨ ਕਲਚਰ 'ਤੇ ਰੋਕ ਲਗਾਈ ਜਾ ਸਕਦੀ ਹੈ। ਮੌਜੂਦਾ ਗਾਣੇ ਨੌਜਵਾਨ ਪੀੜ੍ਹੀ ਨੂੰ ਭੜਕਾਉਂਦੇ ਹਨ।

-ਗੌਰਵ ਮੁੰਜਾਲ
ਪੀ.ਸੀ.ਐਸ.