06-07-2025
ਸ਼ੇਰਿ ਪੰਜਾਬ
ਮਹਾਰਾਜਾ ਰਣਜੀਤ ਸਿੰਘ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 200 ਰੁਪਏ, ਸਫ਼ੇ : 174
ਸੰਪਰਕ : 99151-29747
ਇਸ ਹਥਲੀ ਕਿਤਾਬ ਨੂੰ ਲੇਖਕ ਨੇ 77 ਕੁ ਸਿਰਲੇਖਾਂ ਵਿਚ ਵੰਡਿਆ ਹੈ ਜਿਸ ਵਿਚ ਮਹਾਰਾਜੇ ਦਾ ਘਰਾਣਾ, ਸਰਦਾਰ ਚੜ੍ਹਤ ਸਿੰਘ, ਸਰਦਾਰਾ ਮਹਾਂ ਸਿੰਘ, ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ, ਇਸ ਸਮੇਂ ਪੰਜਾਬ ਦੀ ਦਸ਼ਾ, ਸ਼ੇਰਿ ਪੰਜਾਬ ਦੇ ਪਹਿਲੇ ਸਮਾਚਾਰ ਤੇ ਉਸ ਦੀ ਜਾਨ ਲੈਣ ਦਾ ਯਤਨ, ਸ਼ੇਰਿ ਪੰਜਾਬ ਦਾ ਲਾਹੌਰ ਪਰ ਕਬਜ਼ਾ, ਸ਼ਾਹ ਜ਼ਸਾਨ ਦੀ ਬਖਸ਼ਸ਼ ਪਰ ਵਿਚਾਰ, ਭਸੀਨ ਦੀ ਲੜਾਈ, ਰਣਜੀਤ ਸਿੰਘ ਦੀ ਜੰਮੂ ਪਰ ਚੜ੍ਹਾਈ, ਸ਼ੇਰਿ ਪੰਜਾਬ ਨੂੰ ਮਹਾਰਾਜਗੀ ਮਿਲਣੀ, ਗੁਜਰਾਤ ਤੇ ਚੜ੍ਹਾਈ, ਸ਼ਾਹਜਾਦਾ ਖੜਗ ਸਿੰਘ ਦਾ ਜਨਮ ਤੇ ਇਲਾਕਾ ਡਸਕਾ ਆਦਿ ਨੂੰ ਫ਼ਤਹਿ ਕਰਨਾ, ਇਲਾਕਾ ਮੁਲਤਾਨ ਪੁਰ ਪਹਿਲੀ ਚੜ੍ਹਾਈ, ਸ੍ਰੀ ਅੰਮ੍ਰਿਤਸਰ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ, ਖ਼ਾਲਸਾ ਫ਼ੌਜ ਨੂੰ ਯੂਰਪ ਦੇ ਢੰਗ ਨਾਲ ਕਵੈਦ ਸਿਖਲਾਉਣੀ, ਝੰਗ ਅਤੇ ਉਚ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ, ਸ੍ਰੀ ਅੰਮ੍ਰਿਤਸਰ ਵਿਚ ਸ਼ਾਹੀ ਦਰਬਾਰ ਤੇ ਫ਼ੌਜੀ ਸਰਦਾਰਾਂ ਨੂੰ ਪਦ ਬਖਸ਼ਣੇ, ਜਸਵੰਤ ਰਾਏ ਹੁਲਕਰ ਦਾ ਮਹਾਰਾਜੇ ਦੀ ਸ਼ਰਨ ਆਉਣਾ, ਪਟਿਆਲੇ ਜਾਣਾ, ਸ਼ੇਰਿ ਪੰਜਾਬ ਨੇ ਕਾਂਗੜਾ ਦੀ ਸਹਾਇਤਾ ਕਰਨੀ, ਕਸੂਰ ਨੂੰ ਫ਼ਤਹਿ ਕਰਨਾ, ਮਹਾਰਾਜ ਦਾ ਮੁਲਤਾਨ ਦਾ ਦੌਰਾ, ਮਹਾਰਾਜੇ ਦਾ ਦੂਜੀ ਵਾਰ ਪਟਿਆਲੇ ਜਾਣਾ, ਪਹਾੜੀ ਇਲਾਕੇ ਦੀ ਸੁਧਵਾਈ, ਸਤਲੁਜ ਪਾਰ ਦੇ ਰਈਸਾਂ ਦਾ ਅੰਗਰੇਜ਼ਾਂ ਦੀ ਰੱਖਿਆ ਵਿਚ ਆਵਣਾ ਤੇ ਮਹਾਰਾਜ ਤੇ ਅੰਗਰੇਜ਼ਾਂ ਦਾ ਪਹਿਲਾ ਅਹਿਦਨਾਮਾ, ਅਹਿਦਨਾਮੇ ਦਾ ਭਾਵ, ਸਤਲੁਜ ਪਾਰ ਤੇ ਰਈਸਾਂ ਲਈ ਇਤਲਾਹਨਾਮਾ, ਗੋਰਖਿਆਂ ਤੋਂ ਦੂਜੀ ਵਾਰ ਸੰਸਾਰ ਚੰਦ ਨੂੰ ਬਚਾਉਣਾ, ਸ਼ਹਿਜ਼ਾਦਾ ਖੜਕ ਸਿੰਘ ਦਾ ਵਿਆਹ, ਕੋਹਿਨੂਰ ਹੀਰੇ ਦਾ ਇਤਿਹਾਸ, ਕੋਹਨੂਰ ਬਾਰੇ ਇਕ ਇਤਿਹਾਸਕ ਭੁਲੇਖਾ, ਕੋਹੇਨੂਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਮਿਲਿਆ, ਪਠਾਣਾਂ ਪਰ ਖ਼ਾਲਸੇ ਦੀ ਪਹਿਲੀ ਫ਼ਤਹਿ, ਮੁਲਤਾਨ ਪਰ ਫ਼ਤਹਿ, ਪਿਸ਼ਾਵਰ ਦੀ ਫ਼ਤਹਿ, ਕਸ਼ਮੀਰ ਦੀ ਫ਼ਤਹਿ, ਸਰਦਾਰ ਹਰੀ ਸਿੰਘ ਨਲੂਏ ਦਾ ਗਵਰਨਰ ਕਸ਼ਮੀਰ ਨੀਯਤ ਹੋਣਾ, ਕੌਰ ਨੌਨਿਹਾਲ ਸਿੰਘ ਦਾ ਜਨਮ, ਜਰਨੈਲ ਵਨਤੂਰਾ ਤੇ ਐਲਾਰਡ ਦਾ ਲਾਹੌਰ ਆਉਣਾ, ਨੁਸ਼ਹਿਰੇ ਦੀ ਵੱਡੀ ਲੜਾਈ, ਦੀਵਾਨ ਮੋਤੀ ਰਾਮ ਤੇ ਫ਼ਕੀਰ ਅਜ਼ੀਜ਼ੁਦੀਨ ਦਾ ਸ਼ਿਮਲੇ ਜਾਣਾ, ਖ਼ਾਲਸਾ ਰਾਜ ਦੀ ਸ਼ਾਨ-ਸ਼ਹਿਨਸ਼ਾਹ ਅੰਗਰੇਜ਼ੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਗਾਤਾਂ ਭੇਜਣੀਆਂ, ਸ਼ਹਿਨਸ਼ਾਹ ਅੰਗਰੇਜ਼ੀ ਨੇ ਮਹਾਰਾਜ ਸਾਹਿਬ ਨੂੰ ਸੁਗਾਤਾਂ ਭੇਟਾ ਕਰਨੀਆਂ, ਲਾਰਡ ਬਿੰਟਿਕ ਤੇ ਮਹਾਰਾਜਾ ਦੀ ਮਿਲਣੀ, ਕਸ਼ਮੀਰ ਦਾ ਦੁਰਭਿੱਖ, ਪਿਸ਼ਾਵਰ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ, ਜਨਰਲ ਐਲਾਰਡ ਦਾ ਛੁੱਟੀ ਤੋਂ ਪਰਤਣਾ, ਕੌਰ ਨੌਨਿਹਾਲ ਸਿੰਘ ਦਾ ਵਿਆਹ, ਜਮਰੌਦ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ, ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ, ਸ਼ੇਰਿ ਪੰਜਾਬ ਦਾ ਫ਼ੌਜੀ ਪ੍ਰਬੰਧ, ਇਕ ਇਤਿਹਾਸਕ ਭੁੱਲ, ਰੈਜਮੈਂਟ ਦੀ ਵੰਡ, ਫ਼ੌਜ ਦੀ ਵਰਦੀ, ਰਸਾਲੇ, ਤੋਪਖਾਨਾ, ਤੋਪਖ਼ਾਨਿਆਂ ਦਾ ਪ੍ਰਬੰਧ, ਤੋਪਾਂ ਢਾਲਣ ਵਾਲੇ ਕਾਰੀਗਰਾਂ ਦੇ ਨਾਂਅ, ਖ਼ਾਲਸਾ ਫ਼ੌਜ ਦੀ ਗਿਣਤੀ, ਸ਼ੇਰਿ ਪੰਜਾਬ ਦਾ ਮੁਲਕੀ ਪ੍ਰਬੰਧ, ਸ਼ੇਰਿ ਪੰਜਾਬ ਤੇ ਇਤਿਹਾਸਕ ਇਮਾਰਤਾਂ, ਹਜ਼ੂਰੀ ਬਾਗ ਦੀ ਬਾਰਾਂਦਰੀ, ਇਹ ਗੱਲ ਕਿੱਥੋਂ ਚੱਲੀ, ਸ਼ੇਰਿ ਪੰਜਾਬ ਦੇ ਗੁਣਾਂ ਪਰ ਵਿਚਾਰ, ਵਿਦਿਆ ਨਾਲ ਪਿਆਰ, ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਨਾਲ ਪਿਆਰ, ਪਾਰਸ ਦੀ ਕਹਾਵਤ, ਸ਼ੇਰਿ ਪੰਜਾਬ ਦੀ ਖੁਲ੍ਹਦਿਲੀ, ਉਸ ਦਾ ਬਾਹੂਬਲ, ਮਹਾਰਾਜੇ ਦੇ ਚਲਾਣੇ ਸਮੇਂ ਖਜ਼ਾਨੇ ਵਿਚ ਕਿੰਨਾ ਧਨ ਪਦਾਰਥ ਸੀ?, ਕੀ ਮਹਾਰਾਜਾ ਕੌਮ ਘਾਤਕ ਸੀ?, ਧਾਰਮਿਕ ਜੀਵਨ, ਸ੍ਰੀ ਦਰਬਾਰ ਸਾਹਿਬ ਜੀ ਦਾ ਸ਼ਿਲਾਲੇਖ ਸ਼ਹੀਦੀ ਯਾਦਗਾਰਾਂ ਨਾਲ ਪਿਆਰ, ਮਹਾਰਾਜੇ ਦੀ ਅਸਚਰਜ ਤਸਵੀਰ, ਉਸ ਦੇ ਅਵਗੁਣ ਅੰਕਿਤ ਕੀਤੇ ਹਨ। ਇਸ ਕਿਤਾਬ ਨੂੰ ਪੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਹਰ ਪੱਖ ਤੋਂ ਪਾਠਕ ਵਾਕਫੀਅਤ ਨਾਲ ਭਰਪੂਰ ਹੋ ਜਾਂਦਾ ਹੈ।
ਇਤਿਹਾਸ ਤੋਂ ਬਿਨਾਂ ਕੋਈ ਕੌਮ ਜੀਉ ਹੀ ਨਹੀਂ ਸਕਦੀ, ਇਸ ਲਈ ਜੀਵਤ ਕੌਮਾਂ ਲਗਦੇ ਚਾਰੇ ਆਪਣੇ ਵੱਡਿਆਂ ਦੇ ਸਹੀ ਹਾਲਾਤ ਕਾਇਮ ਰੱਖਣ ਦਾ ਸਿਰਤੋੜ ਯਤਨ ਕਰਦੀਆਂ ਰਹੀਆਂ ਹਨ, ਇਹ ਗੱਲ ਪ੍ਰਗਟ ਹੈ ਕਿ ਸਿੱਖ ਇਤਿਹਾਸ ਹਨੇਰੇ ਵਿਚ ਪਿਆ ਹੈ, ਸਾਡੇ ਪਾਸ ਉਸ ਤਰ੍ਹਾਂ ਦਾ ਇਤਿਹਾਸ-ਜਿਸ ਨੂੰ ਪੂਰਬੀ ਨੁਕਤੇ ਤੋਂ ਇਤਿਹਾਸ ਕਹਿੰਦੇ ਹਨ-ਹੈ, ਪਰ ਪੱਛਮੀ ਨੁਕਤੇ ਦੇ ਇਤਿਹਾਸ ਦੀ ਕਮੀ ਹੈ। ਪੁਰਾਣੇ ਆਦਮੀ ਇਸ ਸੰਸਾਰ ਤੋਂ ਤੁਰੇ ਜਾ ਰਹੇ ਹਨ ਤੇ ਹਾਲਾਤ ਗੁੰਮ ਹੋ ਰਹੇ ਹਨ, ਜਦ ਕਦੇ ਖੋਜੀ ਤੇ ਫਾਜ਼ਲ ਸਿੱਖ ਇਸ ਪਾਸੇ ਲੱਗਣਗੇ ਤਦ ਤਕ ਸਮੇਂ ਦੀ ਚਾਦਰ ਅੱਖੀਂ ਡਿੱਠੇ ਹਾਲਾਤ ਦੱਸਣ ਵਾਲਿਆਂ ਜਾਂ ਕੰਨੀਂ ਸੁਣੇ ਹਾਲਾਤ ਸੁਨਾਉਣ ਵਾਲਿਆਂ ਨੂੰ ਲਪੇਟ ਚੁੱਕੀ ਹੋਵੇਗੀ। ਇਹ ਰਵਾਇਤ ਵਲੋਂ ਲੇਖਕਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਮੁਲਪ੍ਰਾਤਾਂ ਵਾਲੇ, ਘਟਨਾਵਾਂ ਮੌਖਿਕ ਤੌਰ 'ਤੇ ਜੋ ਪ੍ਰਾਪਤ ਹੁੰਦੀਆਂ ਹਨ, ਨੂੰ ਲਿਖਤ ਵਿਚ ਲੈ ਆਉਣਾ ਚਾਹੀਦਾ ਹੈ। ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨ ਚੰਗੇ ਇਤਿਹਾਸਕਾਰ ਹਨ, ਇਨ੍ਹਾਂ ਵਲੋਂ ਰਚੀਆਂ ਪੁਸਤਕਾਂ ਹੁਣ ਤੱਕ ਹਵਾਲੇ ਵਜੋਂ ਪੂਰਵਕ ਹਨ।\
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਕਿਰਨਾਂ ਦਾ ਕਾਫ਼ਲਾ
ਕਵੀ : ਅਮਨ ਚਾਹਲ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼,ਸਮਾਣਾ
ਮੁੱਲ : 180 ਰੁਪਏ, ਸਫ਼ੇ : 104
ਸੰਪਰਕ : 81460-44499
ਹੋਣਹਾਰ ਕਵੀ ਅਮਨ ਚਾਹਲ ਨੂੰ ਕਲਮ ਨਾਲ ਪਿਆਰ ਅਤੇ ਲਗਾਨ ਵਿਰਾਸਤ 'ਚ ਮਿਲੀ ਹੈ। ਉਹ ਪੰਜਾਬੀ ਕਹਾਣੀਕਾਰ ਸ. ਜਸਵਿੰਦਰ ਸਿੰਘ ਮਾਨੋਚਾਹਲ ਦਾ ਫਰਜੰਦ ਹੈ। ਉਸ ਦੇ ਇਸ ਪਲੇਠੇ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਉਸ ਦੀਆਂ ਤਕਰੀਬਨ ਸੱਤ ਦਰਜਨ ਕਵਿਤਾਵਾਂ, ਨਜ਼ਮਾਂ ਅਤੇ ਗ਼ਜ਼ਲਨੁਮਾ ਕਾਵਿ-ਰਚਨਾਵਾਂ ਦੀ ਕਾਵਿ-ਰਵਾਨਗੀ, ਪਾਠਕ ਦੇ ਧਿਆਨ ਨੂੰ ਅਛੋਪਲੇ ਹੀ ਆਪਣੇ ਨਾਲ ਵਹਾ ਤੁਰਦੀ ਹੈ। ਰਚਨਾਵਾਂ ਵਿਚ ਖਿਆਲ ਦੀ ਡੂੰਘਾਈ, ਕੋਮਲ ਅੰਦਾਜ਼ ਕਾਵਿ-ਉਡਾਰੀ ਉਸ ਨੂੰ ਹਰਫ਼ਨਮੌਲਾ ਕਵੀ ਸਿੱਧ ਕਰਦੀ ਹੈ। ਇੰਝ ਭਾਸਦਾ ਹੀ ਨਹੀਂ ਕਿ ਕਵੀ ਅਮਨ ਚਾਹਲ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ। ਆਪਣੇ ਪਾਠਕਾਂ ਦੇ ਵੱਲ ਆਪਣੇ ਕਾਵਿ-ਸੰਗ੍ਰਹਿ 'ਕਿਰਨਾਂ ਦਾ ਕਾਫ਼ਲਾ' ਨਾਲ ਪੁੱਟੇ ਇਸ ਪਲੇਠੇ ਕਦਮ ਨੇ ਉਸ ਦੀਆਂ ਨਜ਼ਮਾਂ 'ਕਿਸਾਨ', ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ, ਸੱਜਣਾਂ ਦੇ ਏਸੇ ਸ਼ਹਿਰ 'ਚ ਡੇਰੇ, ਉਹ ਬੰਦੇ, ਮੁਹੱਬਤਾਂ ਦੀ ਪਿਚਕਾਰੀ, ਜਵਾਨੀ ਭਟਕ ਰਹੀ, ਇਸ਼ਕ ਤੇਰੇ 'ਚੋਂ, ਮਾਂ ਹੈ ਜਿਊਂਦੀ, ਬਾਪੂ ਆਪਣੇ ਹਿੱਸੇ ਦਾ ਚਾਨਣ ਨੇ ਉਸ ਨੂੰ ਲੋਕ-ਕਵੀ ਜਿਹਾ ਦਰਜਾ ਹਾਸਲ ਕਰਨ ਦੇ ਯੋਗ ਬਣਾ ਦਿੱਤਾ ਹੈ। ਨਿੱਜ ਅਤੇ ਪਰਾਏ ਦਰਦ ਨੂੰ ਕਹਿਣ ਦਾ ਉਸ ਕੋਲ ਨਿਰਾਲਾ ਫ਼ਨ ਹੈ। ਪੰਜਾਬੀ ਕਾਵਿ-ਜਗਤ ਵਿਚ ਅਮਨ ਚਾਹਲ ਇਕ ਤਾਜ਼ਗੀ ਭਰੀ ਹਵਾ ਦਾ ਬੁੱਲਾ ਬਣ ਕੇ ਆਇਆ ਹੈ। ਸਵਾਗਤ ਕਹਿਣਾ ਸਾਡਾ ਸਭ ਦਾ ਫ਼ਰਜ਼ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਪਰ-ਪਰਾਰ ਦੀ ਗੱਲ
ਲੇਖਕ : ਗੁਲਜ਼ਾਰ ਡੋਗਰਾ
ਪ੍ਰਕਾਸ਼ਕ : ਸਾਹਿਬ ਦੀਪ ਪਬਲੀਕੇਸ਼ਨਜ਼, ਭੀਖੀ (ਮਾਨਸਾ)
ਮੁੱਲ : 180 ਰੁਪਏ, ਸਫ਼ੇ : 80
ਸੰਪਰਕ : 98777-02068
'ਪਰ-ਪਰਾਰ ਦੀ ਗੱਲ' ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਕਰਦਿਆਂ ਪੁਰਾਤਨ, ਵਰਤਮਾਨ ਅਤੇ ਆਉਣ ਵਾਲੇ ਪੰਜਾਬ ਦੇ ਨਕਸ਼ ਇਨ੍ਹਾਂ ਕਵਿਤਾਵਾਂ 'ਚ ਘੜਨ ਦੀ ਸਾਰਥਿਕ ਕੋਸ਼ਿਸ਼ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਚੜ੍ਹਦੇ-ਲਹਿੰਦੇ ਪੰਜਾਬ ਵਾਲਿਓ' ਤੋਂ ਲੈ ਕੇ ਪਾਖੰਡੀ ਤੱਕ ਲਗਭਗ 57 ਕਵਿਤਾਵਾਂ ਸੰਗ੍ਰਹਿ ਕੀਤੀਆਂ ਹਨ। 'ਪੰਜਾਬ' ਕਵਿਤਾ ਵਿਚ ਕਵੀ ਤੇ ਸਮੁੱਚੇ ਪੰਜਾਬ ਦੀ ਦਸਤਕਾਰੀ ਸੁਪਨੇ 'ਚ ਆਈ ਮੁਟਿਆਰ ਪਾਤਰ ਰਾਹੀ ਬਾਖੂਬੀ ਚਿਤਰੀ ਹੈ। 'ਖਤ ਪੰਜਾਬ ਦਾ' ਨਾਮਕ ਕਵਿਤਾ ਵਿਚ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਦੋ ਦਿਨਾਂ 28 ਸਤੰਬਰ, 23 ਮਾਰਚ ਅਖੌਤੀ ਦੇਸ਼-ਭਗਤਾਂ ਵਲੋਂ ਖੋਖਲੇ ਨਾਅਰਿਆਂ ਦੀ ਤਫਸੀਲ ਦੇ ਨਾਲ-ਨਾਲ ਅਜੋਕੇ ਸਮੇਂ 'ਚ ਵਾਪਰਦੇ ਅਨਾਚਾਰ ਵੱਲ ਇਸ਼ਾਰਾ ਕੀਤਾ ਗਿਆ ਹੈ। ਮੁਹੱਬਤੀ ਭਾਵਨਾਵਾਂ ਨੂੰ 'ਨਿੱਜ' ਤੋਂ 'ਪਰ' ਤੱਕ ਰੂਪਾਂਤਰਣ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਕਾਵਿ-ਪਾਤਰ ਮੌਜੂਦਾ ਸਮੇਂ 'ਚ ਮਜ਼ਦੂਰ ਦੀ ਤ੍ਰਾਸਦਿਕ ਹਾਲਤ ਦਾ ਬਿਆਨ ਕਰਦੇ ਹਨ, ਉਥੇ ਹੀ ਭਵਿੱਖੀ ਸੁਪਨਿਆਂ ਦੀ ਹਾਲਤ ਦਾ ਬਿਆਨ ਕਰਦੇ ਹਨ। ਸੰਨ ਸੰਤਾਲੀ ਦੀ ਪੰਜਾਬ ਵੰਡ ਨੇ ਦੋਵਾਂ ਪੰਜਾਬਾਂ ਦੇ ਵਾਸੀਆਂ ਨੂੰ ਗਹਿਰੇ ਜ਼ਖ਼ਮ ਦਿੱਤੇ ਹਨ। ਕਵੀ ਦਾ ਦ੍ਰਿਸ਼ਟੀਕੋਣ ਆਸ਼ਾਵਾਦੀ ਹੈ। ਇਹ ਚਾਹੁੰਦਾ ਹੈ ਕਿ ਲੋਕ ਨਫ਼ਰਤੰ ਦੀ ਅੱਗ 'ਤੇ ਪਾਣੀ ਪਾ, ਪੁਰਾਣੀਆਂ ਸਾਂਝਾਂ ਦੀ ਪੁਨਰ-ਸੁਰਜੀਤੀ ਕਰਨ ਕਿਉਂਕਿ ਅਸੀਂ ਇਕੋ ਮਾਂ ਦੇ ਜਾਏ ਹਾਂ। ਹੇਠਲੀਆਂ ਸਤਰਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ:
ਸੁਣੋ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕੋ,
ਨਾ ਇਕ-ਦੂਜੇ ਨੂੰ ਘਰੋਂ ਆਉਣ ਤੋਂ ਰੋਕੋ।
ਅਸੀਂ ਦੋਵੇਂ ਇਕੋ ਮਾਂ ਦੀ ਕੁੱਖੋਂ ਜਾਏ। (ਪੰਨਾ : 11)
ਕਵੀ ਜ਼ਿੰਦਗੀ ਦੇ ਸਫ਼ਰ ਦਾ ਪਾਂਧੀ ਹੈ। ਪਾਂਧੀ ਹੀ ਮੰਜ਼ਿਲ ਨੂੰ ਤਲਾਸ਼ਦਾ ਹੈ। ਮਨੁੱਖੀ ਜ਼ਿੰਦਗੀ ਇਕ ਸਫਰ ਦਾ ਨਾਂਅ ਹੀ ਹੈ। ਸ਼ੁਰੂ ਵਿਚ ਅਧਿਆਪਕ ਵਲੋਂ ਪਾਏ ਪੂਰਨਿਆਂ 'ਤੇ ਲਿਖਣ ਦੀ ਕੋਸ਼ਿਸ਼ ਹਰ ਬਸ਼ਰ ਕਰਦਾ ਹੈ। ਦਰ-ਅਸਲ ਇਹ ਯਾਦਾਂ ਹੀ ਮਨੁੱਖ ਦਾ ਅਸਲ ਸਰਮਾਇਆ ਹੈ। ਇਹ ਸਤਰਾਂ ਇਨ੍ਹਾਂ ਵਿਚਾਰਾਂ ਨੂੰ ਤਸਦੀਰ ਕਰਦੀਆਂ ਹਨ:
ਦੱਸੀ ਬੇਬੇ ਮੇਰੀ ਫੱਟੀ
ਤੇ ਦਵਾਤ ਕਿਥੇ ਖੋ ਗਈ...। (ਪੰਨਾ : 62)
ਮਿਲਵਰਤਨ ਤੇ ਸਾਦਗੀ ਦੀ ਮਿਸਾਲ 'ਚਾਰ ਰੋਟੀਆਂ' ਕਵਿਤਾ 'ਚ ਦੇਖੀ ਜਾ ਸਕਦੀ ਹੈ।
ਛਾਬੇ ਦੇ ਵਿਚ ਚਾਰ ਰੋਟੀਆਂ
ਰਲ ਕੇ ਦੋਵੇਂ ਭਾਈ ਖਾ ਲਿਓ।
ਗੁਲਜ਼ਾਰ ਡੋਗਰਾ ਨੂੰ ਵਧਾਈ ਅਤੇ ਮੁਸ਼ੱਕਤ ਲਈ ਤਾਕੀਦ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਬੈਡ ਟਾਈਮ ਸਬਕ-10
(ਚਾਰ ਸਾਹਿਬਜ਼ਾਦੇ)
ਲੇਖਕ : ਜਗਰੂਪ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 60
ਸੰਪਰਕ : 89684-53335
ਧਾਰਮਿਕ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੰਜਾਬੀ ਬਾਲ ਸਾਹਿਤ ਵਿਚ ਭਰਪੂਰ ਸਮਗਰੀ ਉਪਲਬਧ ਹੈ। ਇਸ ਖਿੱਤੇ ਵਿਚ ਕਾਰਜਸ਼ੀਲ ਲਿਖਾਰੀਆਂ ਵਿਚੋਂ ਜਗਰੂਪ ਸਿੰਘ ਗਿੱਲ ਇਕ ਹੈ ਜੋ ਹੱਥਲੀ ਪੁਸਤਕ 'ਬੈੱਡ ਟਾਈਮ ਸਬਕ-10 (ਚਾਰ ਸਾਹਿਬਜ਼ਾਦੇ)' ਤੋਂ ਪਹਿਲਾਂ ਵੀ ਕਈ ਧਾਰਮਿਕ ਬਾਲ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ। ਇਹ ਪੁਸਤਕ ਪੰਜਾਬੀ ਅਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਛਪੀ ਹੋਈ ਹੈ। ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਹੀ ਸੰਕੇਤ ਮਿਲ ਜਾਂਦਾ ਹੈ, ਲੇਖਕ ਨੇ ਪੁਸਤਕ 'ਬੈੱਡ ਟਾਈਮ ਸਬਕ-10 (ਚਾਰ ਸਾਹਿਬਜ਼ਾਦੇ)' ਵਿਚ ਚਾਰਾਂ ਸਾਹਿਬਜ਼ਾਦਿਆਂ ਅਰਥਾਤ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀਆਂ ਲਾਸਾਨੀ ਕੁਰਬਾਨੀਆਂ ਦਾ ਪ੍ਰਸਤੁੱਤੀਕਰਨ ਕੀਤਾ ਹੈ। ਇਸ ਪੁਸਤਕ ਦਾ ਆਗ਼ਾਜ਼ ਮਾਂ ਅਤੇ ਉਸ ਦੇ ਬੱਚਿਆਂ ਦਰਮਿਆਨ ਪਰਸਪਰ ਸੰਵਾਦ ਨਾਲ ਹੁੰਦਾ ਹੈ। ਬੱਚੇ ਜਿਗਿਆਸਾਪੂਰਵਕ ਮਾਂ ਨੂੰ ਸਾਹਿਬਜ਼ਾਦਿਆਂ ਸੰਬੰਧੀ ਭਿੰਨ ਭਿੰਨ ਸੁਆਲ ਪੁੱਛਦੇ ਹਨ। ਮਾਂ ਇਨ੍ਹਾਂ ਸੁਆਲਾਂ ਦੇ ਉਤਰ ਇਸ ਪ੍ਰਕਾਰ ਦਿੰਦੀ ਹੈ ਕਿ ਸਮੇਂ ਅਤੇ ਸਥਿਤੀ ਦਾ ਦ੍ਰਿਸ਼ ਵਰਣਨ ਅੱਖਾਂ ਸਾਹਵੇਂ ਸਾਕਾਰ ਹੋ ਜਾਂਦਾ ਹੈ। ਮਾਂ ਹਰ ਸਾਹਿਬਜ਼ਾਦੇ ਦੇ ਜੀਵਨ, ਸੰਘਰਸ਼, ਅਡੋਲ ਵਿਸ਼ਵਾਸ ਅਤੇ ਧਾਰਮਿਕ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਨੂੰ ਦਰਸਾਉਂਦੀ ਹੋਈ ਘਟਨਾ-ਕ੍ਰਮ ਨੂੰ ਅੱਗੇ ਤੋਰਦੀ ਹੈ। ਉਹ ਬਾਲ-ਸ੍ਰੋਤਿਆਂ ਨੂੰ ਦੱਸਦੀ ਹੈ ਕਿ ਕਿਵੇਂ ਚਾਰਾਂ ਸਾਹਿਬਜ਼ਾਦਿਆਂ ਨੇ ਤਤਕਾਲੀਨ ਪ੍ਰਸਥਿਤੀਆਂ ਅਤੇ ਚੁਣੌਤੀਆਂ ਦਾ ਟਾਕਰਾ ਕਰਦਿਆਂ ਅਸਭਿਅਕ ਮੁਗ਼ਲ ਹਕੂਮਤ ਦਾ ਟਾਕਰਾ ਕੀਤਾ ਅਤੇ ਜ਼ੁਲਮਾਂ ਅੱਗੇ ਈਨ ਨਾ ਮੰਨਦੇ ਹੋਏ ਹੱਕ, ਸੱਚ, ਧਰਮ ਅਤੇ ਦੇਸ਼-ਕੌਮ ਦੇ ਹਿਤ ਲਈ ਹੱਸ ਹੱਸ ਕੇ ਸ਼ਹਾਦਤ ਦੇ ਜਾਮ ਪੀਤੇ। ਇਹ ਪੁਸਤਕ ਬਾਲ ਪਾਠਕਾਂ ਨੂੰ ਸਾਹਿਬਜ਼ਾਦਿਆਂ ਦੀ ਰਹਿਤ ਮਰਿਆਦਾ, ਸੂਝ ਬੂਝ, ਯੁੱਧ ਆਦਿ ਕਲਾਵਾਂ ਵਿਚ ਮੁਹਾਰਤ, ਕਰਤੱਵ ਪਾਲਣ, ਨਿਡਰਤਾ, ਸਵੈ ਮਾਣ, ਅਣਖ ਅਤੇ ਉਤਸਾਹ ਆਦਿ ਪੱਖਾਂ ਸੰਬੰਧੀ ਵੀ ਵਾਕਫ਼ੀਅਤ ਮੁਹੱਈਆ ਕਰਵਾਉਂਦੀ ਹੈ ਅਤੇ ਗੁਰੂ ਸਾਹਿਬਾਨ ਦੇ ਪਵਿੱਤਰ ਸਿਧਾਂਤਾਂ ਨੂੰ ਕਾਇਮ ਅਤੇ ਬਰਕਰਾਰ ਰੱਖਣ ਦਾ ਸਾਰਥਿਕ ਸੰਦੇਸ਼ ਦਿੰਦੀ ਹੈ। ਪੁਸਤਕ ਦੇ ਅੰਤ ਵਿਚ ਸ਼ਹੀਦੀ ਹਫ਼ਤੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।ਪੁਸਤਕ ਵਿਚ ਢੁਕਵੇਂ ਅਤੇ ਚਹੁਰੰਗੇ ਚਿੱਤਰ ਵੀ ਛਾਪੇ ਗਏ ਹਨ। ਇਸ ਪ੍ਰਕਾਰ ਇਹ ਪੁਸਤਕ ਬੱਚਿਆਂ ਨੂੰ ਸਿੱਖ ਧਰਮ ਅਤੇ ਇਤਿਹਾਸ ਨਾਲ ਜੋੜਨ ਦਾ ਇਕ ਚੰਗਾ ਸ੍ਰੋਤ ਕਹੀ ਜਾ ਸਕਦੀ ਹੈ। ਪੁਸਤਕ ਦੇ ਟਾਈਟਲ ਤੇ 'ਬੈਡ ਟਾਈਮ ਸਬਕ' ਛਾਪਿਆ ਗਿਆ ਹੈ ਜਿਸ ਦੇ ਅਰਥ 'ਬੁਰੇ' ਦੇ ਹਨ। ਜਦੋਂ ਕਿ ਬੈਡ ਦੀ ਥਾਂ 'ਬੈੱਡ' ਹੋਣਾ ਚਾਹੀਦਾ ਸੀ। ਖ਼ੈਰ, ਇਹ ਪੁਸਤਕ ਨਵੀਂ ਪੀੜ੍ਹੀ ਨੂੰ ਸਾਖੀ-ਪਰੰਪਰਾ ਨਾਲ ਜੋੜਦੀ ਹੈ ਅਤੇ ਆਪਣੇ ਮੁੱਲਵਾਨ ਪਿਛੋਕੜ ਤੋਂ ਵੀ ਆਗਾਹ ਕਰਦੀ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703
ਅਣਗੌਲਿਆ ਆਜ਼ਾਦੀ ਘੁਲਾਟੀਆ
ਭਾਈ ਹਰੀ ਸਿੰਘ ਚੋਟੀਆਂ (ਮੋਗਾ)
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 68
ਸੰਪਰਕ : 94170-49417
ਡਾ. ਗੁਰਦੇਵ ਸਿੰਘ ਸਿੱਧੂ ਨੇ ਭਾਰਤ ਦੇ ਕੁਝ ਗੁੰਮਨਾਮ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਚਾਰ ਪੁਸਤਕਾਂ ਰਾਹੀਂ ਛਪਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸੇ ਸਿਲਸਿਲੇ ਵਿਚ ਹਥਲੀ ਪੁਸਤਕ ਉਸ ਦੀ ਪੰਜਵੀਂ ਰਚਨਾ ਹੈ। ਇਸ ਵਿਚ ਉਸ ਨੇ ਫ਼ਿਰੋਜ਼ਪੁਰ ਦੇ ਪਿੰਡ ਚੋਟੀਆਂ ਦੇ ਇਕ ਅਣਗੌਲੇ ਆਜ਼ਾਦੀ ਘੁਲਾਟੀਏ ਗਿਆਨੀ ਹਰੀ ਸਿੰਘ ਦੀ ਜੀਵਨੀ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ ਹੈ। 18 ਸਾਲ ਦੀ ਉਮਰ ਵਿਚ ਉਹ ਪਹਿਲਾਂ ਫ਼ੌਜ ਵਿਚ ਤੇ ਫਿਰ ਪੁਲਿਸ ਵਿਚ ਭਰਤੀ ਹੋ ਕੇ ਚੀਨ, ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਡਿਊਟੀ ਦੇ ਨਾਲ-ਨਾਲ ਗੁਰੂ ਘਰ ਦੀ ਸੇਵਾ-ਸੰਭਾਲ ਵੀ ਕਰਦਾ ਰਿਹਾ, ਅਮਰੀਕਾ ਵਿਚ ਉਸ ਦੀ ਮੁਲਾਕਾਤ ਭਾਈ ਵਿਸਾਖਾ ਸਿੰਘ ਤੇ ਭਾਈ ਜਵਾਲਾ ਸਿੰਘ ਵਰਗੇ ਦੇਸ਼ ਭਗਤਾਂ ਨਾਲ ਹੋਈ। ਉਸ ਨੇ ਕੈਨੇਡਾ ਵਿਚ ਵਸਦੇ ਭਾਰਤੀਆਂ ਨੂੰ ਜਥੇਬੰਦ ਕੀਤਾ ਅਤੇ 1913 ਵਿਚ ਗ਼ਦਰ ਪਾਰਟੀ ਨਾਲ ਜੁੜ ਗਿਆ। ਉਹ ਗ਼ਦਰ ਪਾਰਟੀ ਦੇ ਅਖ਼ਬਾਰ 'ਗ਼ਦਰ' ਦੀ ਵੰਡਣ ਦੀ ਡਿਊਟੀ ਨਿਭਾਉਂਦਾ ਰਿਹਾ। 1914 ਵਿਚ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ 'ਕਾਮਾਗਾਟਾ ਮਾਰੂ ਜਹਾਜ਼' ਨੂੰ ਜਦ ਕੈਨੇਡਾ ਸਰਕਾਰ ਰੋਕ ਕੇ ਯਾਤਰੀਆਂ ਨੂੰ ਨਾ ਉਤਰਨ ਦਿੱਤਾ ਤਾਂ ਕੈਨੇਡਾ ਰਹਿ ਰਹੇ ਪੰਜਾਬੀਆਂ ਨੇ ਅਫ਼ਸਰਾਂ ਨੂੰ ਪ੍ਰੇਰਿਤ ਕਰਨ ਲਈ ਜੋ ਕਮੇਟੀ ਬਣਾਈ, ਹਰੀ ਸਿੰਘ ਵੀ ਉਸ ਵਿਚ ਸ਼ਾਮਿਲ ਸੀ। ਵੈਨਕੂਵਰ ਵਿਖੇ ਹੋਈ ਮੀਟਿੰਗ ਵਿਚ ਉਸ ਨੇ ਆਪਣੀ ਕਵਿਤਾ 'ਸੁਤਿਆ ਤੂੰ ਜਾਗ ਸ਼ੇਰਾ' ਗਰਜਵੀਂ ਆਵਾਜ਼ ਵਿਚ ਸੁਣਾਈ। 1916 ਨੂੰ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਅਤੇ ਜੰਗ ਕਰਨ ਲਈ ਉਕਸਾਉਣ ਦੀ ਸਾਜਿਸ਼ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਉਸ ਨੂੰ ਸੱਤ ਸਾਲ ਕਾਲੇਪਾਣੀ ਦੀ ਸਜ਼ਾ ਹੋ ਗਈ। ਇਸੇ ਦੌਰਾਨ ਉਸ ਨੂੰ ਹਜ਼ਾਰੀ ਬਾਗ਼ ਜੇਲ੍ਹ ਵਿਚ ਭੇਜ ਦਿੱਤਾ ਗਿਆ। ਰਿਹਾਈ ਉਪਰੰਤ ਉਹ ਅਕਾਲੀ ਲਹਿਰ ਵਿਚ ਸਰਗਰਮ ਹੋ ਗਿਆ। ਜੈਤੋ ਦੇ ਮੋਰਚੇ ਸਮੇਂ ਉਸ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ। ਅਕਾਲੀ ਲਹਿਰ ਦੀ ਸਮਾਪਤੀ ਉਪਰੰਤ ਉਹ ਕਿਰਤੀ ਕਿਸਾਨ ਪਾਰਟੀ ਦੇ ਆਗੂਆਂ ਦੇ ਸੰਪਰਕ ਵਿਚ ਰਿਹਾ ਅਤੇ 1950 ਵਿਚ ਅਕਾਲ ਚਲਾਣਾ ਕਰ ਗਿਆ। ਅਜਿਹੇ ਦੇਸ਼ ਭਗਤਾਂ ਉੱਪਰ ਸਾਨੂੰ ਮਾਣ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਠੰਢੀ ਅੱਗ
ਲੇਖਿਕਾ : ਸੀਮਾ ਵਰਮਾ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ , ਮੱਲੀਆਂ ਖੁਰਦ, ਜਲੰਧਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99880-63780
'ਠੰਡੀ ਅੱਗ' ਲੇਖਿਕਾ ਸੀਮਾ ਵਰਮਾ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ। ਲੇਖਿਕਾ ਨੇ ਹਿੰਦੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ 'ਚ ਆਪਣੀਆਂ ਸਾਹਿਤਕ ਕ੍ਰਿਤਾਂ ਨਾਲ ਵਿਲੱਖਣ ਪਹਿਚਾਣ ਬਣਾਈ ਹੈ। ਇਸ ਹੱਥਲੇ ਸੰਗ੍ਰਹਿ 'ਚ ਉਸਦੀਆਂ 61 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇੰਨਾਂ ਮਿੰਨੀ ਕਹਾਣੀਆਂ 'ਚ ਲੇਖਿਕਾ ਨੇ ਮਾਨਵੀ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਹੈ। ਜਿਆਦਾਤਰ ਕਹਾਣੀਆਂ ਮੱਧਵਰਗੀ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਦੁਆਲੇ ਕੇਂਦਰਿਤ ਹਨ ਅਤੇ ਸਮਾਜਿਕ ਰਿਸ਼ਤਿਆਂ 'ਚ ਤਿੜਕਣ, ਆਰਥਿਕ ਮੰਦਹਾਲੀ, ਕਿਸਾਨ ਅੰਦੋਲਨ ਨਾਲ ਜੁੜੇ ਲੋਕ ਜ਼ਜਬਾਤਾਂ ਨੂੰ ਵੀ ਬਾਖ਼ੂਬੀ ਰੂਪਮਾਨ ਕਰਦੀਆਂ ਹਨ। ਪਲੇਠੀ ਕਹਾਣੀ 'ਉਸਦੀ ਮਾਂ' ਵਿਚ ਭੈਣ-ਭਰਾ ਦੇ ਆਪਸੀ ਪਿਆਰ ਅਤੇ ਦੁੱਖ-ਸੁੱਖ 'ਚ ਸਮਰਪਿਤ ਭਾਵਨਾ ਦਾ ਖ਼ੂਬਸੂਰਤ ਅਤੇ ਭਾਵੁਕ ਪ੍ਰਗਟਾਵਾ ਹੈ। 'ਹੋਲੀ ਹੈ' ਕਹਾਣੀ ਗੁਰਬਤ ਹੰਢਾ ਰਹੇ ਇਕ ਬੱਚੇ ਦੀ ਸਿਆਣਪ ਨੂੰ ਬਾਖ਼ੂਬੀ ਬਿਆਨਦੀ ਹੈ। 'ਇਕ ਸੀ ਭੋਲਾ' ਕਹਾਣੀ ਪਸ਼ੂਆਂ ਦੇ ਮਨੁੱਖਾਂ ਨਾਲ ਗਹਿਰੇ ਲਗਾਅ ਅਤੇ ਪਿਆਰ ਨੂੰ ਦਰਸਾਉਂਦੀ ਹੈ। 'ਲੜੀ ਦਾ ਮਣਕਾ' ਕਹਾਣੀ ਦਿੱਲੀ ਕਿਸਾਨ ਅੰਦੋਲਨ ਨਾਲ ਜੁੜੀਆਂ ਲੋਕ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ। 'ਠੰਡੀ ਅੱਗ' ਕਹਾਣੀ ਮਿਹਨਤਕਸ਼ ਮਜ਼ਦੂਰ ਦੀ ਹੱਡ-ਭੰਨਵੀਂ ਮਿਹਨਤ ਦਾ ਬਿਰਤਾਂਤ ਹੈ ਜਿਸ ਨੂੰ ਢਿੱਡ ਦੀ ਅੱਗ ਨਾਲੋਂ ਸੂਰਜ ਦੀ ਅੱਗ ਠੰਡੀ ਲੱਗਦੀ ਹੈ। 'ਸ਼ਿਕਰਾ ਤੇ ਗਿਲਹਰੀ' ਕਹਾਣੀ ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਦੇ ਦਰਦ ਨੂੰ ਬਿਆਨਦੀ ਹੈ ਕਿ ਕੁਦਰਤ ਨਾਲ ਛੇੜਛਾੜ ਮਨੁੱਖ ਲਈ ਕਿੰਨੀ ਘਾਤਕ ਸਾਬਤ ਹੋ ਸਕਦੀ ਹੈ। 'ਫਿਲਟਰਡ' ਕਹਾਣੀ ਆਧੁਨਿਕ ਮੋਬਾਈਲ ਤਕਨੀਕਾਂ ਉਪਰ ਤਿੱਖੀ ਅਤੇ ਵਿਅੰਗਮਈ ਚੋਟ ਕਰਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਹਾਣੀਆਂ 'ਮਖਮਲੀ ਡੱਬਾ', 'ਭਾਵਨਾਵਾਂ ਦੀ ਆਵਾਜ਼', 'ਸਵੇਰ ਦੀ ਪਹਿਲੀ ਕਿਰਣ', 'ਭਰਮ', 'ਜ਼ਮੀਨ ਦਾ ਸੱਚ', 'ਛੱਲੀ ਵਾਲਾ', 'ਸੱਤਰ ਸੇਂਟ', 'ਲੋਹੇ ਦੀ ਔਰਤ', 'ਤਿਰੰਗਾ ਪੁਲਾਓ', 'ਰੌਸ਼ਨੀ ਦਿਲਾਂ ਦੀ', 'ਮਾਨਸਿਕਤਾ', 'ਉਹ ਦਰੋਪਤੀ', 'ਸ਼ਰਧਾ ਦੇ ਹੰਝੂ ', 'ਰਾਹਤ', 'ਜੂਠੇ ਕੱਪ', 'ਆਪਣਾ ਆਪਣਾ ਅਸਮਾਨ', 'ਬੋਧ', 'ਅਹਿਸਾਸ', 'ਫ਼ਿਫਟੀ ਪ੍ਰਸੇਂਟ', 'ਤਾਂਘ', 'ਦਿਸ਼ਾਵਾਂ', 'ਪਾਕੇਟ ਮਨੀ', 'ਪ੍ਰੇਮ ਦੀਵਾਨੀ', 'ਸੱਚਾ ਸੌਦਾ', 'ਮਕਸਦ', 'ਪ੍ਰੇਮ ਦਾ ਰੰਗ', 'ਹਿਸਾਬ' , 'ਬਦਲਦੇ ਮੌਸਮ', 'ਰੌਸ਼ਨੀ ਵੱਲ', 'ਮਜ਼ਬੂਤ ਇਰਾਦੇ', 'ਇਕਵੀਂ ਸਦੀ' ਆਦਿ ਸਮੁੱਚੀਆਂ ਮਿੰਨੀ ਕਹਾਣੀਆਂ ਕਾਬਲੇ-ਤਾਰੀਫ਼ ਹਨ। ਇਸ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਵਿਸ਼ਾ-ਵਸਤੂ, ਰੂਪਕ ਅਤੇ ਬਣਤਰ ਪੱਖ ਤੋਂ ਉਤਮ ਹਨ। ਪੰਜਾਬੀ ਮਿੰਨੀ ਕਹਾਣੀ ਦੇ ਖੇਤਰ 'ਚ ਇਸ ਪੁਸਤਕ ਦਾ ਤਹਿ ਦਿਲੋਂ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਦਲਦਲ
ਲੇਖਕ : ਜਸਵਿੰਦਰ ਸਿੰਘ ਮਾਣੋਚਾਹਲ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼ ਸਮਾਣਾ
ਮੁੱਲ : 299 ਰੁਪਏ, ਸਫ਼ੇ : 158
ਸੰਪਰਕ: 99889-03378
ਹਥਲੀ ਪੁਸਤਕ 'ਦਲਦਲ' ਜਸਵਿੰਦਰ ਸਿੰਘ ਮਾਣੋਚਾਹਲ ਦੀ ਪੰਜਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ 'ਵਰਦੀ ਦਾ ਮੁੱਲ' (ਕਹਾਣੀ ਸੰਗ੍ਰਹਿ), 'ਮੈਂ ਜਾਣਿਆ ਦੁੱਖ ਮੁਝ ਕ'-(ਸਵੈ-ਜੀਵਨੀ), 'ਬਦਲੇ ਰੰਗ ਪੰਜਾਬ ਦੇ' (ਵਾਰਤਕ) ਅਤੇ 'ਮੇਰਾ ਪਿੰਡ ਤੇ ਮੇਰੇ ਲੋਕ' (ਵਾਰਤਕ) ਲਿਖ ਚੁੱਕੇ ਹਨ। ਪੁਸਤਕ 'ਦਲਦਲ' ਕਹਾਣੀ ਸੰਗ੍ਰਹਿ ਹੈ। ਜਿਸ ਵਿਚ 14 ਕਹਾਣੀਆਂ ਸ਼ਾਮਿਲ ਕੀਤੀਆਂ ਗਈਆ ਹਨ। ਕਹਾਣੀ 'ਮੁਜਰਿਮ ਕੌਣ' ਵਿਚ ਲੇਖਕ ਨੇ ਵੱਖਰੇ ਅੰਦਾਜ਼ ਵਿਚ ਪੇਸ਼ਕਾਰੀ ਕਰਕੇ ਅਸਲ ਮੁਜ਼ਰਿਮਾਂ ਨੂੰ ਪਹਿਚਾਣਨ ਦਾ ਸੁਨੇਹਾ ਦਿੱਤਾ ਹੈ। ਕਹਾਣੀ 'ਪਾਪ ਕਮਾਂਵਦਿਆਂ ਤੇਰਾ ਕੋਇ ਨਾ ਬੇਲੀ ਰਾਮ' ਪਤੀ ਪਤਨੀ ਦੇ ਰਿਸ਼ਤਿਆਂ ਵਿਚ ਆਈ ਤਰੇੜ ਨੂੰ ਦੱਸਦੀ ਹੈ। 'ਗੁਰਮੰਤਰ' ਕਹਾਣੀ ਅਜੋਕੇ ਸਮੇਂ ਦੀ ਤਸਵੀਰ ਪੇਸ਼ ਕਰਦੀ ਹੈ। 'ਇਨ੍ਹਾਂ ਤਿਲਾਂ 'ਚ ਤੇਲ ਕਿਥੇ?' ਕਹਾਣੀ ਇਕ ਨਿੱਜੀ ਸੁਰੱਖਿਆ ਕਰਮਚਾਰੀ ਦੀ ਨੌਕਰੀ ਕਰਦੇ ਵਿਅਕਤੀ ਦੀ ਕਹਾਣੀ ਹੈ। 'ਨਜ਼ਰ-ਵੱਟੂ' ਕਹਾਣੀ ਮੰਗਤੇ ਨਾਮੀ ਵਿਅਕਤੀ ਦੀ ਜੀਵਨ ਦੀ ਸਾਂਝ ਪਾਉਂਦੀ ਹੈ। ਉਥੇ ਉਸ ਦਾ ਘੋੜੀ ਨਾਲ ਪਿਆਰ ਪਾਠਕ ਨੂੰ ਜਜ਼ਬਾਤੀ ਕਰਦਾ ਹੈ। 'ਤੂੰ ਘਰੇ ਰਹੀਂ ਭਾਪਾ' ਕਹਾਣੀ ਫ਼ੌਜੀ ਦੀ ਹੈ ਜਿਸ ਵਿਚ ਫ਼ੌਜੀ ਲੜਾਈ ਦੌਰਾਨ ਆਪਣੀਆਂ ਲੱਤਾਂ ਖੋਹ ਬੈਠਦਾ ਹੈ, ਜਿਨ੍ਹਾਂ ਕਰਕੇ ਉਹ ਆਪਣੇ ਪੁੱਤਰ ਦੇ ਵਿਆਹ ਵਿਚ ਵੀ ਸ਼ਾਮਲ ਨਹੀਂ ਹੋ ਸਕਿਆ। ਲੇਖਕ ਇਸ ਕਹਾਣੀ ਵਿਚ ਫ਼ੌਜੀ ਦੀਆਂ ਭਾਵਨਾਵਾਂ ਨੂੰ ਬਾਖ਼ੂਬੀ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ। 'ਦਲਦਲ' ਕਹਾਣੀ ਨਸ਼ਿਆਂ ਵਿਚ ਗਲਤਾਨ ਹੋਏ ਨੌਜਵਾਨ ਦੀ ਹੈ ਜਿਹੜੀ ਪੰਜਾਬ ਦੇ ਬਹੁਤੇ ਘਰਾਂ ਦੀ ਕਹਾਣੀ ਲਗਦੀ ਹੈ। 'ਫ਼ਰਿਸ਼ਤਿਆਂ ਵਰਗੇ ਲੋਕ' ਕਹਾਣੀ ਇਨਸਾਨਾਂ ਦੇ ਵੱਖ-ਵੱਖ ਸੁਭਾਵਾਂ ਦੀ ਕਹਾਣੀ ਹੈ। ਕਹਾਣੀ 'ਆਪਣਾ ਘਰ' ਵਿਚ ਸਾਡੇ ਸਮਾਜ ਵਿਚ ਸੰਤਾਪ ਹੰਢਾ ਰਹੀ ਔਰਤ ਦੇ ਜੀਵਨ ਦਾ ਚਿਤਰਨ ਹੈ। 'ਕਿੱਥੋਂ ਭਾਲਦੈ ਬਜੌਰ ਦੀਆਂ ਦਾਖਾਂ' ਕਹਾਣੀ ਗੁਰਨਾਮ ਸਿੰਘ ਦੀ ਹੈ ਜਿਸ ਵਿਚ ਉਸ ਦੇ ਪੁੱਤਰ ਨੇ ਹੀ ਉਸ ਨਾਲ ਅਖੀਰ ਵਿਚ ਬਹੁਤ ਮਾੜਾ ਕੀਤਾ। 'ਹਨੇਰੀ ਗਲੀ' ਵਿਚ ਲੇਖਕ ਨੇ ਵਾਧੂ ਕਮਾਈ ਰਾਹੀਂ ਹੋ ਰਹੇ ਕਾਲੇ ਕੰਮਾਂ ਦਾ ਵਰਣਨ ਕੀਤਾ ਹੈ। ਕਹਾਣੀ 'ਮੈਂ ਹੁਣ ਇੱਥੇ ਨਹੀਂ ਰਹਿ ਸਕਦੀ' ਰਾਹੀ ਲੇਖਕ ਨੇ ਵਿਦੇਸ਼ੀ ਲਾੜਿਆਂ ਵਲੋਂ ਕੀਤੀ ਜਾ ਰਹੀ ਬੇਇਨਸਾਫ਼ੀ ਦੀ ਬਾਤ ਪਾਈ ਹੈ। 'ਆਪੋ ਆਪਣੇ ਦੁੱਖ' ਕਹਾਣੀ ਤਾਰੇ ਦੀ ਜ਼ਿੰਦਗੀ ਨਾਲ ਸਬੰਧਿਤ ਹੈ। 'ਸੁਲਘਦੇ ਹਰਫ਼ਾਂ ਦੀ ਲੋਅ' ਕਹਾਣੀ ਸਾਡੇ ਘਟੀਆ ਸਿਸਟਮ ਤੇ ਵਿਅੰਗ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੀਆਂ ਕਹਾਣੀਆਂ ਦਿਲਚਸਪ ਹਨ, ਉਹ ਪਾਠਕ ਤੇ ਆਪਣਾ ਵਿਲੱਖਣ ਪ੍ਰਭਾਵ ਛੱਡਣ ਵਿਚ ਸਫ਼ਲ ਹਨ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਇਹ ਬੰਦੇ : ਇਹ ਤੀਵੀਆਂ
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ- ਸੰਗਮ ਪਬਲੀਕਸ਼ਨ, ਸਮਾਣਾ
ਮੁੱਲ : 195, ਸਫ਼ੇ : 111
ਸੰਪਰਕ : jaspreetjagraon@hotmail.com
ਜਸਪ੍ਰੀਤ ਸਿੰਘ ਜਗਰਾਓਂ ਨੂੰ ਅਨੁਵਾਦ ਦੇ ਖੇਤਰ 'ਚ ਵਿਸ਼ੇਸ਼ ਮੁਕਾਮ ਹਾਸਿਲ ਹੈ। ਉਸ ਨੇ ਮੁਨਸ਼ੀ ਪ੍ਰੇਮ ਚੰਦ ਤੋਂ ਲੈ ਕੇ ਦੋਸਤੋਵਸਕੀ ਵਰਗੇ ਮਹਾਨ ਕਥਾਕਾਰਾਂ ਦੀਆਂ ਪੁਸਤਕਾਂ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਦੇ ਘਰ ਨੂੰ ਹੋਰ ਵਿਸ਼ਾਲ ਕੀਤਾ ਹੈ। ਹਥਲੀ ਪੁਸਤਕ 'ਇਹ ਬੰਦੇ : ਇਹ ਤੀਵੀਆਂ' ਪ੍ਰਸਿੱਧ ਅਫ਼ਸਾਨਾ ਨਿਗਾਰ ਸਆਦਤ ਹਸਨ ਮੰਟੋ ਦੀ ਕਿਰਤ ਹੈ। ਮੰਟੋ ਆਪਣੀਆਂ ਬੇਬਾਕ ਕਹਾਣੀਆਂ ਕਾਰਨ ਹਮੇਸ਼ਾ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਪਰ ਮੰਟੋ ਨੇ ਆਪਣੀਆਂ ਕਹਾਣੀਆਂ ਅੰਦਰ ਜੋ ਯਥਾਰਥ ਪੇਸ਼ ਕੀਤਾ ਤੇ ਆਪਣੇ ਕਥਾ ਰੂਪ ਵਿਚ ਸਮਾਜ ਦੇ ਅਣਗੌਲੇ ਪਾਤਰਾਂ ਨੂੰ ਜਿਸ ਕਦਰ ਉਭਾਰਿਆ ਹੈ, ਉਹ ਹੋਰ ਕਹਾਣੀਕਾਰਾਂ ਦੇ ਹਿੱਸੇ ਬਹੁਤ ਘੱਟ ਆਇਆ ਹੈ। ਦੋ ਹਿੱਸਿਆਂ ਵਿਚ ਵੰਡੀ ਇਸ ਪੁਸਤਕ ਦੇ ਪਹਿਲੇ ਹਿੱਸੇ 'ਚ ਨਾਵਲਿਟ 'ਇਹ ਬੰਦੇ : ਇਹ ਤੀਵੀਆਂ' ਵਿਚ ਪਿਆਰ ਦੇ ਅਨੇਕਾਂ ਰੂਪਾਂ ਨੂੰ ਮੰਟੋ ਆਪਣੇ ਨਿਵਕਲੇ ਤੇ ਅਦਭੁੱਤ ਦ੍ਰਿਸ਼ਟੀਕੋਣ ਰਾਹੀਂ ਪੇਸ਼ ਕੀਤਾ ਹੈ। ਮੰਟੋ ਦੇ ਇਸ ਨਾਵਲਿਟ ਦਾ ਗੁੰਦਵਾਂ ਕਥਾਨਕ ਤੇ ਚੁਸਤ ਵਾਕ ਬਣਤਰ ਪਾਠਕ ਨੂੰ ਆਪਣੇ ਨਾਲ ਅਜਿਹਾ ਤੋਰਦੀ ਹੈ ਕਿ ਉਹ ਨਾ ਚਾਹੁੰਦੇ ਹੋਏ ਵੀ ਪੂਰੇ ਕਥਾ ਬਿਰਤਾਂਤ ਨੂੰ ਪੂਰਾ ਕਰਕੇ ਹੀ ਦਮ ਲੈਂਦਾ ਹੈ। ਪਿਆਰ ਦੇ ਮਾਮਲੇ 'ਚ ਧਰਮਾਂ-ਜਾਤਾਂ ਦੀਆਂ ਵਲਗਣਾਂ ਉੱਪਰ ਗਹਿਰਾ ਕਟਾਖ਼ਸ਼ ਨਾਵਲਿਟ ਦੇ ਮੁੱਖ ਪਾਤਰ ਸਈਦ ਦੀ ਮਨੋਸਥਿਤੀ 'ਚੋਂ ਥਾਂ-ਥਾਂ 'ਤੇ ਝਲਕਦਾ ਹੈ, 'ਜੇਕਰ ਉਹ ਪੁਸ਼ਪਾ, ਵਿਮਲਾ ਜਾਂ ਰਾਜਕੁਮਾਰੀ ਨਾਲ ਪਿਆਰ ਕਰਨ ਦਾ ਫ਼ੈਸਲਾ ਕਰ ਲੈਂਦਾ ਤਾਂ ਜ਼ਾਹਿਰ ਹੈ ਕਿ ਦੁਨੀਆ ਦੀਆਂ ਸਾਰੀਆਂ ਗਊਆਂ ਅਤੇ ਸੂਰ ਉਸ ਗਲੀ ਵਿਚ ਇਕੱਠ ਹੋ ਜਾਂਦੇ'। ਮੁੱਖ ਪਾਤਰ ਸਈਦ ਲਈ ਬੇਸ਼ੱਕ ਪਿਆਰ ਮਾਸ ਦੇ ਟੁਕੜਿਆਂ ਹੇਠ ਦੱਬਿਆ ਹੋਇਆ ਨਹੀਂ, ਪ੍ਰੰਤੂ ਉਸ ਨੂੰ ਪ੍ਰੇਮੀ ਤੇ ਤਾਨਾਸ਼ਾਹ ਵਿਚਕਾਰ ਕੋਈ ਅੰਤਰ ਨਜ਼ਰ ਨਹੀਂ ਆਉਂਦਾ ਕਿਉਂਕਿ ਦੋਵੇਂ ਹੀ ਸੱਤਾ ਚਾਹੁੰਦੇ ਹਨ। ਨਾਵਲਿਟ ਦੀ ਕਹਾਣੀ ਵਿਚਲੇ ਦ੍ਰਿਸ਼ ਚਿਤਰਨ, ਬਿੰਬਾਂ ਦੀ ਵਰਤੋਂ ਤੇ ਸ਼ਬਦ ਜੜ੍ਹਤ ਪਾਠਕ ਅੰਦਰ ਅਜੀਬ ਰਸ ਪੈਦਾ ਕਰਦੀ ਹੈ ਤੇ ਰਚਨਾ ਨੂੰ ਪੜ੍ਹਦਿਆਂ ਮੂੰਹੋਂ ਕਈ ਵਾਰ ਆਪ-ਮੁਹਾਰੇ 'ਵਾਹ! ਵਾਹ!' ਨਿਕਲ ਜਾਂਦਾ ਹੈ। ਨਾਵਲਿਟ ਦੀ ਸਮੁੱਚੀ ਕਹਾਣੀ ਪ੍ਰੇਮ ਨੂੰ ਵੱਖ-ਵੱਖ ਨਜ਼ਰੀਏ ਤੋਂ ਦਰਸਾਉਂਦੀ ਹੋਣ ਦੇ ਬਾਵਜੂਦ ਲੇਖਕ ਦੀ ਸ਼ੈਲੀ ਉਪਦੇਸ਼ਾਤਮਿਕ ਨਹੀਂ ਬਣਦੀ, ਸਗੋਂ ਉਸ ਦੇ ਬਹੁਤ ਵਾਕ ਆਪ-ਮੁਹਾਰੇ ਕਥਨ ਬਣਨ ਦੀ ਸਮਰੱਥਾ ਰੱਖਦੇ ਹਨ, 'ਉਹ ਲੋਕ ਜਿਨ੍ਹਾਂ ਦੇ ਕਦਮ ਮਜ਼ਬੂਤ ਨਹੀਂ ਹੁੰਦੇ, ਉਨ੍ਹਾਂ ਨੂੰ ਆਪਣੀਆਂ ਠੋਕਰਾਂ ਨੂੰ ਛੁਪਾਉਣਾ ਪੈਂਦਾ ਹੈ, 'ਇੱਛਾਵਾਂ ਅਤੇ ਉਮੀਦਾਂ ਦੀਆਂ ਜੇਕਰ ਕਬਰਾਂ ਬਣਦੀਆਂ ਹਨ ਤਾਂ ਉਨ੍ਹਾਂ ਉੱਤੇ ਫ਼ਾਤਿਹਾ ਪੜ੍ਹਨ ਦੀ ਆਗਿਆ ਨਹੀਂ ਮਿਲਦੀ'। ਪੁਸਤਕ ਦੇ ਦੂਜੇ ਭਾਗ ਵਿਚ 'ਮੰਮੀ ' ਨਾਂਅ ਦੀ ਵੱਡੀ ਕਹਾਣੀ ਜੋ ਸਈਦ ਕਾਟਜ 'ਚ ਵਾਪਰਦੀ ਹੈ, ਇਹ ਫ਼ਿਲਮੀ ਦੁਨੀਆ ਅੰਦਰ ਰਹਿੰਦੀ ਇਕ ਵਿਦੇਸ਼ੀ ਬੁੱਢੀ ਔਰਤ ਦੇ ਮਾਨਵੀ ਗੁਣਾਂ ਨੂੰ ਬਿਆਨ ਕਰਦੀ ਹੈ, ਜੋ ਬਿਨਾਂ ਕਿਸੇ ਭੇਦ-ਭਾਵ ਦੇ ਹਰ ਕਿਸੇ ਉੱਪਰ ਆਪਣੇ ਪਿਆਰ ਦੀ ਬੁਛਾੜ ਕਰਦੀ ਹੈ। ਇਸ ਤੋਂ ਇਲਾਵਾ ਮੰਟੋ ਨੇ ਇਸ ਕਹਾਣੀ ਅੰਦਰ ਫ਼ਿਲਮੀ ਦੁਨੀਆ ਦੇ ਫ਼ੋਕ ਦਿਖਾਵੇ, ਸ਼ੋਸ਼ੇਬਾਜ਼ੀ ਅਤੇ ਅੰਦਰੂਨੀ ਕਰੂਰਤਾ ਨੂੰ ਨੰਗੇ ਚਿੱਟੇ ਸ਼ਬਦਾਂ 'ਚ ਬਿਆਨ ਕੀਤਾ ਹੈ। ਫ਼ਿਲਮੀ ਦੁਨੀਆ ਦੇ ਨੰਗੇਜ਼ 'ਤੇ ਮੈਂ ਪਾਤਰ ਦੀ ਬਿਆਨੀ, 'ਆਦਮੀ ਨੇ ਜ਼ਰੂਰ ਨਗਨਤਾ ਤੋਂ ਤੰਗ ਆ ਕੇ ਕੱਪੜੇ ਪਾਉਣੇ ਸ਼ੁਰੂ ਕੀਤੇ ਹੋਣਗੇ, ਇਹੀ ਕਾਰਨ ਹੈ ਕਿ ਹੁਣ ਉਹ ਕੱਪੜਿਆਂ ਤੋਂ ਅੱਕ ਕੇ ਕਦੇ-ਕਦੇ ਨਗਨਤਾ ਵੱਲ ਭੱਜਣ ਲੱਗਦਾ ਹੈ।' ਹਥਲੀ ਪੁਸਤਕ ਦਾ ਅਨੁਵਾਦ ਕਰਦਿਆਂ ਜਸਪ੍ਰੀਤ ਸਿੰਘ ਜਗਰਾਓਂ ਨੇ ਮੰਟੋ ਦੀ ਰੌਚਕ ਤੇ ਬੇਬਾਕੀ ਸ਼ੈਲੀ ਵਾਲਾ ਮੀਰੀ ਗੁਣ ਬਰਕਰਾਰ ਰੱਖਿਆ ਹੈ ਜਿਸ ਲਈ ਜਸਪ੍ਰੀਤ ਦੀ ਸ਼ਲਾਘਾ ਕਰਨੀ ਬਣਦੀ ਹੈ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਸ਼ੇਰ ਸਿੰਘ 'ਸੰਦਲ'
ਰਚਿਤ ਲੋਕ-ਰੰਗ ਕਾਵਿ
ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 425 ਰੁਪਏ ਸਫ਼ੇ : 231
ਸੰਪਰਕ : 94170-49417
ਪੰਜਾਬੀ ਦੇ ਕਈ ਅਜਿਹੇ ਅਦੀਬ ਵੀ ਸਨ ਜਿਨ੍ਹਾਂ ਨੇ ਰੌਸ਼ਨੀ ਵਰਗਾ ਲਿਖਿਆ ਪਰ ਸੰਸਾਰ ਤੋਂ ਤੁਰ ਜਾਣ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਵਕਤ ਦੇ ਹਨੇਰੇ ਵਿਚ ਗੁਆਚ ਗਈਆਂ। ਕੁਝ ਵਿਰਲੇ ਟਾਵੇਂ ਅਜਿਹੇ ਵੀ ਸਨ ਜਿਨ੍ਹਾਂ ਦੀਆਂ ਲਿਖਤਾਂ ਨੂੰ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਨੇ ਸਾਂਭ ਲਿਆ। ਅਜਿਹਾ ਹੀ ਕਲਮਕਾਰ ਸੀ ਬਾਬੂ ਰਜਬ ਅਲੀ ਦਾ ਸਮਕਾਲੀ ਪ੍ਰਸਿੱਧ ਸ਼ਾਇਰ ਮਰਹੂਮ ਸ਼ੇਰ ਸਿੰਘ 'ਸੰਦਲ' ਜਿਸ ਦਾ ਜਨਮ 1893 ਵਿਚ ਹੋਇਆ ਸੀ। ਇਸ ਪੁਸਤਕ ਨੂੰ ਪੰਜਾਬੀ ਸਾਹਿਤ ਲਈ ਮਹੱਤਵਪੂਰਨ ਕਾਰਜ ਕਰਨ ਵਾਲੇ ਡਾ. ਗੁਰਦੇਵ ਸਿੰਘ ਸਿੱਧੂ ਨੇ ਸੰਪਾਦਿਤ ਕੀਤਾ ਹੈ। 'ਸੰਦਲ' ਵਰਗੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਕੇ ਸਾਨੂੰ ਉਸ ਕਾਲ ਵਿਚ ਲਿਖੇ ਜਾਂਦੇ ਸਾਹਿਤ ਤੇ ਭਾਸ਼ਾ ਦੇ ਪੱਧਰ ਦਾ ਵੀ ਪਤਾ ਚਲਦਾ ਹੈ। ਇਸ ਕਿਤਾਬ ਵਿਚ ਪਿੰਗਲ ਆਧਾਰਿਤ ਵੱਖ-ਵੱਖ ਛੰਦਾਂ ਵਿਚ ਰਚਨਾਵਾਂ ਲਿਖੀਆਂ ਮਿਲਦੀਆਂ ਹਨ। ਕੁਝ ਛੰਦਾਂ ਦੇ ਨਾਂਅ ਉਸ ਸਮੇਂ ਦੇ ਚਲੰਤ ਛੰਦਾਂ ਅਨੁਸਾਰ ਹਨ ਤੇ ਕੁਝ ਛੰਦ ਅਜਿਹੇ ਵੀ ਹਨ ਜਿਨ੍ਹਾਂ ਦੀ ਵਰਤੋਂ ਬਹੁਤ ਘੱਟ ਹੋਈ ਮਿਲਦੀ ਹੈ। ਕਿੱਸਾਮੁਖੀ ਸ਼ੈਲੀ ਵਿਚ ਲਿਖੀਆਂ ਇਨ੍ਹਾਂ ਕਵਿਤਾਵਾਂ ਵਿਚ ਆਮ ਤੌਰ 'ਤੇ ਪਰਪੱਕਤਾ ਦਿਖਾਈ ਦਿੰਦੀ ਹੈ ਤੇ ਇਹ 'ਸੰਦਲ' ਦੀ ਮੁਹਾਰਤ ਨੂੰ ਦਰਸਾਉਂਦੀਆਂ ਹਨ। 83 ਸਾਲ ਦੀ ਉਮਰ ਹੰਢਾਅ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਸੰਦਲ ਦੀਆਂ ਕਵਿਤਾਵਾਂ ਇਤਿਹਾਸਕ ਦਸਤਾਵੇਜ਼ ਵੀ ਹਨ ਤੇ ਇਨ੍ਹਾਂ ਵਿਚ ਸੰਪੂਰਨ ਹੋ ਚੁੱਕੀ ਪਿਛਲੀ ਸਦੀ ਦੇ 75 ਸਾਲਾਂ ਦੀਆਂ ਘਟਨਾਵਾਂ ਦਾ ਵਰਨਣ ਵੀ ਮਿਲਦਾ ਹੈ। ਪਹਿਲੀ ਰਚਨਾ 'ਸਾਕਾ ਸ਼ਹੀਦ ਭਗਤ ਸਿੰਘ' ਤੋਂ ਲੈ ਕੇ ਆਖ਼ਰੀ ਰਚਨਾ 'ਤਖ਼ਤੂਪੁਰੇ ਪਿੰਡ ਦੀ ਸ਼ੋਭਾ' ਤੱਕ ਅੱਪੜਦਿਆਂ ਸੰਦਲ ਦੀ ਸ਼ਾਇਰੀ ਦੇ ਰੰਗ ਇੰਦਰਧਨੁੱਖੀ ਹੋ ਜਾਂਦੇ ਹਨ। ਉਸ ਕਾਲ ਦੇ ਹੋਰ ਕਵੀਆਂ ਨਾਲੋਂ ਮੈਨੂੰ 'ਸੰਦਲ' ਦੀਆਂ ਕਵਿਤਾਵਾਂ ਕੁਝ ਵੱਖਰੀਆਂ ਮਹਿਸੂਸ ਹੋਈਆਂ ਹਨ। ਸ਼ਾਇਰ ਨੇ ਹਾਸੇ-ਠੱਠੇ ਤੇ ਵਿਅੰਗ ਦਾ ਜ਼ਿਆਦਾ ਪ੍ਰਯੋਗ ਕੀਤਾ ਹੈ ਤੇ ਸਮਾਜਿਕ ਪ੍ਰਸਥਿਤੀਆਂ ਉੱਤੇ ਉਸ ਨੇ ਖੁੱਲ੍ਹ ਕੇ ਲਿਖਿਆ ਹੈ। ਇਸ ਵਿਚ ਲੋਕ ਕਥਾਵਾਂ ਆਧਾਰਿਤ ਵੀ ਕਈ ਰਚਨਾਵਾਂ ਮਿਲਦੀਆਂ ਹਨ। ਸ਼ੇਰ ਸਿੰਘ 'ਸੰਦਲ' ਦੀ ਚੌਥੀ ਪੀੜ੍ਹੀ ਦੇ ਸਹਿਯੋਗ ਨਾਲ ਛਪੀ ਇਹ ਪੁਸਤਕ ਖੋਜੀਆਂ ਲਈ ਵੀ ਲਾਭਕਾਰੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 09884-44002
ਮਿੱਟੀ ਜਾਗ ਪਈ
ਲੇਖਿਕਾ : ਰਣਬੀਰ ਕੌਰ ਰਾਣਾ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 98723-17516
'ਮਿੱਟੀ ਜਾਗ ਪਈ' ਰਣਬੀਰ ਕੌਰ ਰਾਣਾ ਦੁਆਰਾ ਰਚਿਤ ਨਾਵਲ ਹੈ। ਲੇਖਿਕਾ ਨਾਵਲ ਦੀ ਸ਼ੁਰੂਆਤ ਵਿਚ ਪਾਠਕ ਸਮਰੱਥ ਆਪਣੇ ਵਿਚਾਰ ਰੱਖਦੀ ਆਖਦੀ ਹੈ ਕਿ 'ਜਿੰਨਾ ਚਿਰ ਮੇਰੇ ਦਿਲ ਦਿਮਾਗ ਵਿਚ ਮਿੱਟੀ ਸੁੱਤੀ ਰਹੀ, ਮੈਂ ਜਾਗਦੀ ਰਹੀ, ਧੁਖ਼ਦੀ ਰਹੀ, ਰਿੱਝਦੀ ਰਹੀ ਤੇ ਤੜਪਦੀ ਰਹੀ ਕਿ ਕਦੋਂ ਇਹ ਜਾਗੇ, ਇਸ ਨੂੰ ਜਗਾਉਣ ਲਈ ਮੈਂ ਛੇ ਸਾਲ ਲੰਬੀ ਧੂਣੀ ਧੁਖ਼ਾਈ ਰੱਖੀ।' ਅਤੀਤ 'ਚ ਝਾਤੀ ਮਾਰੀਏ ਤਾਂ ਜਾਣਦੇ ਹਾਂ ਕਿ ਜੇਕਰ ਘਰ ਵਿਚ ਧੀ ਦਾ ਜਨਮ ਹੁੰਦਾ ਸੀ ਤਾਂ ਉਸ ਨੂੰ ਪੱਥਰ ਜਾਂ ਮਿੱਟੀ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਇਹ ਨਾਵਲ ਉਨ੍ਹਾਂ ਔਰਤਾਂ ਦਾ ਹਮਾਇਤੀ ਬਣ ਉਭਰਦਾ ਹੈ, ਜੋ ਸਦੀਆਂ ਤੋਂ ਸਮਾਜ ਵਿਚ ਪ੍ਰਚੱਲਿਤ ਢੋਂਗੀ ਰੀਤਾਂ ਦੀ ਭੇਟ ਚੜ੍ਹਦੀਆਂ ਰਹੀਆਂ ਸਨ। ਨਾਵਲ ਦੀ ਸ਼ੁਰੂਆਤ 'ਚ ਭਾਰਤ-ਪਾਕ ਵੰਡ ਦੇ ਮੰਜ਼ਰ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਅਸੀਂ ਦੇਖਦੇ ਹਾਂ ਵੰਡ ਦੀ ਮੰਦਭਾਗੀ ਮਾਰ ਤੋਂ ਕੋਈ ਵੀ ਅਭਿੱਜ ਨਾ ਰਿਹਾ, ਪਰ ਇਸ ਵੰਡ ਦੇ ਹਵਨ-ਕੁੰਡ ਵਿਚ ਜੇਕਰ ਸਭ ਤੋਂ ਵੱਧ ਕਿਸੇ ਦੀ ਅਹੂਤੀ ਦਿੱਤੀ ਗਈ ਹੈ ਤਾਂ ਉਹ ਹਨ-ਔਰਤਾਂ। ਕਹਾਣੀ ਦੀ ਸ਼ੁਰੂਆਤ ਪਿਛਲ-ਝਾਤ ਵਿਧੀ ਰਾਹੀਂ ਹੁੰਦੀ ਹੈ। ਕਹਾਣੀ ਮੁੱਖ ਪਾਤਰ ਕੰਵਲ ਤੇ ਜੈਬੀਰ ਦੇ ਦੁਆਲੇ ਉਸਾਰੀ ਗਈ ਹੈ। ਜੈਬੀਰ ਦੀ ਮਾਂ ਮੁਖਤਿਆਰ ਜਿਸ ਦਾ ਪਹਿਲਾ ਨਾਂਅ ਸ਼ਰੀਫ਼ਾਂ ਸੀ, ਵੰਡ ਵੇਲੇ ਆਪਣੇ ਪਰਿਵਾਰ ਵਿਚ ਇਕੱਲੀ ਹੀ ਬਚੀ ਸੀ, ਜਿਸ ਦੇ ਕੁੱਛੜ ਉਸ ਦਾ ਛੋਟਾ ਜਿਹਾ ਬੱਚਾ ਸੀ। ਕਰਮਾ ਜਿਸ ਨੇ ਫਿਰਕਾਪ੍ਰਸਤੀ ਦੇ ਗ੍ਰਸੇ ਕਾਤਲਾਂ ਤੋਂ ਬਚਾਅ ਸ਼ਰੀਫਾਂ ਨਾਲ ਵਿਆਹ ਕਰਵਾਇਆ ਅਤੇ ਉਸ ਬੱਚੇ ਦੇ ਸਿਰ 'ਤੇ ਹੱਥ ਧਰਿਆ। ਉਨ੍ਹਾਂ ਨਾਜ਼ੁਕ ਵੇਲਿਆਂ ਤੋਂ ਬਚਾ ਲਈ ਉਸ ਸ਼ਰੀਫਾਂ ਦਾ ਨਾਂਅ ਬਦਲ ਮੁਖਤਿਆਰੋ ਰੱਖ ਦਿੱਤਾ। ਜਿਸ ਦੇ ਵਿਯੋਗ ਵਿਚ ਇਕ ਵਾਰ ਮੁਖਤਿਆਰੋਂ ਆਖਦੀ ਹੈ-'ਤੀਵੀਂ ਦੀ ਕਿਹੜੀ ਕੋਈ ਜਾਤ ਹੁੰਦੀ ਹੈ, ਉਸ ਦੀ ਜਾਤ ਤਾਂ ਉਸ ਦੇ ਖਾਵੰਦ ਵਾਲ਼ੀ ਹੁੰਦੀ ਹੈ।' ਇਹ ਨਾਵਲ ਸਫ਼ਲ ਹੈ, ਉਨ੍ਹਾਂ ਅਹਿਸਾਸਾਂ ਨੂੰ ਉਜਾਗਰ ਕਰਨ ਦੇ ਜੋ ਉਸ ਸਮੇਂ ਦੇ ਲੋਕਾਂ ਨੇ ਵੰਡ ਤੋਂ ਕਾਫ਼ੀ ਚਿਰ ਬਾਅਦ ਵੀ ਆਪਣੇ ਜ਼ਿਹਨ ਦੇ ਚੇਤਿਆਂ 'ਚ ਹੰਢਾਇਆ। ਨਾਵਲ ਵਿਚ ਲੇਖਕਾ ਨੇ ਪੰਜਾਬੀ ਸੱਭਿਆਚਾਰ ਨੂੰ ਮਿੱਠਤ ਤੇ ਦਰਦਾਂ ਦੇ ਦਾਰੂ ਵਿਚ ਗੜੁੰਦ ਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਜਿਸ ਵਿਚ ਬੀਤੇ ਵੇਲੇ ਦੀਆਂ ਤੀਵੀਆਂ ਆਪਣੇ ਖੇੜਿਆਂ ਤੇ ਦਰਦਾਂ ਨੂੰ ਸਾਂਝਾ ਕਰਨ ਦਾ ਮਾਧਿਅਮ ਬਣਾਉਂਦੀਆਂ ਸਨ। ਜਿਵੇਂ- ਅੜੇ-ਥੁੜੇ, ਖੇਤ-ਬੰਨੇ, ਹਲ, ਪੰਜਾਲੀ, ਬਲਦ-ਗੱਡੇ, ਜੱਟ-ਸੀਰੀ, ਚਰਖੇ-ਪੂਣੀਆਂ, ਚਿੜੀ-ਭੰਡਾਰ, ਤੀਆਂ-ਬੋਲੀਆਂ, ਗਿੱਧਾ, ਪਿੱਪਲ, ਅਲਗੋਜ਼ੇ-ਆਜੜੀ, ਰੇਤ ਦੇ ਟਿੱਬੇ, ਸੱਥ-ਸਪੀਕਰ, ਮੰਗ ਪਾਉਣਾ ਤੇ ਬਜ਼ੁਰਗਾਂ ਦੀਆਂ ਬਾਤਾਂ ਆਦਿ ਤੋਂ ਆਧੁਨਿਕਤਾ ਦੀ ਧੁੰਦ ਨੂੰ ਸਾਫ਼ ਕੀਤਾ ਹੈ। ਨਾਵਲ ਦਾ ਸਿਖ਼ਰ ਤਦ ਬੱਝਦਾ ਹੈ- ਜਦੋਂ ਲੇਖਕਾ ਕੰਵਲ ਤੇ ਜੈਬੀਰ ਵਿਚ ਪੁੰਗਰਦੇ ਪਵਿੱਤਰ ਪਿਆਰ ਦੇ ਅਹਿਸਾਸਾਂ ਤੇ ਜਜ਼ਬਾਤਾਂ ਦਾ ਵਿਖਿਆਨ ਕਰਦੀ ਹੈ। ਭਰਾ ਸਿਕੰਦਰ ਜਿਸ ਨੇ ਆਪਣੇ ਨਾਂ ਨੂੰ ਸਾਰਥਕ ਕਰਦੇ ਹੋਏ, ਫੋਕੀ ਮਰਦਾਊ ਪ੍ਰਵਿਰਤੀ ਦਾ ਧਾਰਨੀ ਹੋਣ ਕਾਰਨ ਜੈਬੀਰ ਦੀ ਸਾਰੀ ਜੁਆਨੀ ਤੇ ਜੀਵਨ ਭਖਦੀ ਦੁੱਖਾਂ-ਗਮਾਂ ਦੀ ਭੱਠੀ ਵਿਚ ਸੁੱਟ ਦਿੱਤਾ। ਜੈਬੀਰ ਉਹਨਾਂ ਵੇਲਿਆਂ ਦੀਆਂ ਧੀਆਂ ਦੀ ਮਿਸਾਲ ਬਣ ਉਭਰਦੀ ਹੈ, ਜੋ ਆਪਣੇ ਪਿਉ ਦੀ ਪੱਤ ਲਈ ਆਪਣੇ ਅਹਿਸਾਸਾਂ ਤੇ ਜਜ਼ਬਾਤਾਂ ਦਾ ਦਮ ਘੋਟ ਦਿੰਦੀਆਂ ਸਨ। ਉਸ ਦਾ ਪਤੀ ਸੁਮੀਤ ਜਿਸ ਨੇ ਝੂਠ ਬੋਲ ਉਸ ਨਾਲ ਵਿਆਹ ਕਰਵਾਇਆ ਸੀ, ਕਦੇ ਵੀ ਜੈਬੀਰ ਦੇ ਦਿਲ ਵਿਚ ਸਤਿਕਾਰ ਦਾ ਪੱਧਰ ਹਾਸਲ ਨਾ ਕਰ ਸਕਿਆ। ਉਹ ਜੈਬੀਰ ਦਾ ਸਾਥ ਉਸ ਸਮੇਂ ਛੱਡ ਜਾਂਦਾ ਜਦੋਂ ਉਹ ਦੂਜੀ ਵਾਰ ਮਾਂ ਬਣਨ ਵਾਲੀ ਸੀ ਤੇ ਪਹਿਲਾਂ ਹੀ ਉਸ ਦੇ ਕੁੱਛੜ ਉਸਦੀ ਛੋਟੀ ਜਿਹੀ ਧੀ ਸੀ। ਇਕ ਥਾਂ ਲਾਚਾਰੀ ਵਿਚ ਜੈਬੀਰ ਆਖਦੀ ਹੈ-'ਮੇਰੀ ਵਰਗੀ ਔਰਤ ਜਿਹੜੀ ਬਾਪ ਦੇ ਘਰ ਵੀ ਨਾ ਬੋਲ ਸਕੀ, ਨਾਲੇ ਸੁਮੀਤ ਤਾਂ ਮੈਨੂੰ ਕਹਿੰਦਾ ਹੀ ਮਿੱਟੀ ਸੀ। ਮੈਂ ਮਿੱਟੀ ਹੁਣ ਕੀ ਕਰਾਂਗੀ ਚੰਦਨ ਨੂੰ ਕਿਵੇਂ ਪਾਲਾਂਗੀ? ਨਾਵਲ ਵਿਚ ਕੰਵਲ ਪਵਿੱਤਰ-ਦੈਵੀ ਤੇ ਨਿਛਾਵਰ ਦੀ ਮੁਹੱਬਤ ਦੀ ਮਿਸਾਲ ਬਣ ਉਭਰਦਾ ਹੈ। ਨਾਵਲ ਦੇ ਅੰਤ ਵਿਚ ਔਰਤ ਦੀ ਮਿਟੀ ਹੋਂਦ ਵਿਚ ਵੀ ਜਾਨ ਫੂਕੀ ਗਈ। ਲੇਖਕਾ ਦੁਆਰਾ ਜਿੱਥੇ ਮਰਦ ਪ੍ਰਧਾਨ ਸਮਾਜ ਦੇ ਫੋਕੇ ਮਰਦਾਂ ਦਾ ਜ਼ਿਕਰ ਕੀਤਾ ਹੈ, ਉੱਥੇ ਹੀ ਕਰਮ ਸਿੰਘ, ਕੰਵਲ, ਦਵਿੰਦਰ ਤੇ ਕੰਵਲ ਦੇ ਪਿਓ ਵਰਗੇ ਕੁਝ ਮਰਦ ਨੂੰ ਔਰਤਾਂ ਦੇ ਰੱਖਿਅਕ ਵਜੋਂ ਵੀ ਉਭਾਰਿਆ ਗਿਆ ਹੈ। ਅੰਤ ਵਿਚ ਮੈਂ ਇਹੀ ਕਹਾਂਗੀ ਕਿ ਇਹ ਨਾਵਲ ਸਿਰਫ਼ ਪੜ੍ਹਿਆ ਨਹੀਂ ਜਾਂਦਾ ਬਲਕਿ ਪਾਠਕਾਂ ਦੁਆਰਾ ਜੀਵਿਆ ਜਾਂਦਾ ਹੈ, ਉਸ ਹਰ ਇਕ ਹੰਝੂ ਨੂੰ, ਹਰ ਵਲੂੰਧਰੇ ਅਹਿਸਾਸ ਨੂੰ ਮਹਿਸੂਸ ਕੀਤਾ ਜਾਂਦਾ ਹੈ।ਅਖੀਰ ਵਿਚ ਮੈਂ ਲੇਖਕਾ ਰਣਬੀਰ ਕੌਰ ਰਾਣਾ ਜੀ ਦਾ ਧੰਨਵਾਦ ਕਰਦੀ ਹੋਈ ਤੇ ਮੁਬਾਰਕਬਾਦ ਦਿੰਦੀ ਹੋਈ, ਉਹਨਾਂ ਤੋਂ ਉਮੀਦ ਕਰਦੀ ਹਾਂ ਕਿ ਉਹ ਇਸੇ ਤਰ੍ਹਾਂ ਸਾਹਿਤ-ਜਗਤ ਨੂੰ ਆਪਣੀਆਂ ਰਚਨਾਵਾਂ ਨਾਲ ਨਿਹਾਲ ਕਰਦੇ ਰਹਿਣ ਤੇ ਪਰਮਾਤਮਾ ਇਸੇ ਤਰ੍ਹਾਂ ਨੂੰ ਦੀ ਕਲਮ ਨੂੰ ਬਰਕਤ ਦਾ ਜਾਗ ਲਾਈ ਰੱਖਣ।
-ਜਸਕਿਰਨਜੀਤ ਕੌਰ
ਮੋਬਾਈਲ : 88476-94338
ਸ਼ਤਰੰਜ ਤੇ ਜ਼ਿੰਦਗੀ
ਲੇਖਕ : ਲਖਵਿੰਦਰ ਸਿੰਘ ਮੂਸਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼ ਮਾਨਸਾ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 97797-18797
ਸਿਹਤ ਅਤੇ ਸਾਹਿਤ ਨਾਲ ਜੁੜੇ ਸੰਵੇਦਨਸ਼ੀਲ, ਡੂੰਘੀ ਸੋਚ ਰੱਖਣ ਵਾਲੇ ਅਤੇ ਹਰ ਵਿਸ਼ੇ ਦੇ ਮਾਧਿਅਮ ਰਾਹੀਂ ਸਮਾਜ ਵਿਚ ਬਦਲਾਅ ਦੀ ਨਵੀਂ ਫਿਜਾ ਦੀ ਉਮੀਦ ਰੱਖਣ ਵਾਲੇ ਲੇਖਕ ਲਖਵਿੰਦਰ ਸਿੰਘ ਮੂਸਾ ਦੇ ਮਿੰਨੀ ਕਹਾਣੀ ਸੰਗ੍ਰਹਿ ਵਿਚ ਕੁੱਲ 45 ਰਚਨਾਵਾਂ ਹਨ। ਸੰਨ 2025 ਵਿਚ ਪ੍ਰਕਾਸ਼ਿਤ ਇਸ ਪੁਸਤਕ ਨੂੰ ਲੇਖਕ ਨੇ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਦੀ ਵਿਸ਼ਾ ਵਸਤੂ ਸਮਾਜ ਦੇ ਗਰੀਬ ਅਤੇ ਮੱਧਵਰਗੀ ਲੋਕਾਂ ਦੀ ਆਰਥਿਕ ਮਜਬੂਰੀ, ਨਸ਼ਿਆਂ, ਰੁੱਖਾਂ ਅਤੇ ਸਮਾਜਿਕ ਬੁਰਾਈਆਂ ਨੂੰ ਬਣਾ ਕੇ ਜਿੱਥੇ ਆਪਣੀ ਫ਼ਿਕਰਮੰਦੀ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਜ਼ਿੰਮੇਵਾਰੀ ਨੂੰ ਵੀ ਨਿਭਾਇਆ ਹੈ। ਨਾਮਵਰ ਸਾਹਿਤਕਾਰਾਂ ਵਲੋਂ ਇਸ ਮਿੰਨੀ ਕਹਾਣੀ ਸੰਗ੍ਰਹਿ ਬਾਰੇ ਵਿਚਾਰ ਲਿਖਣਾ ਲੇਖਕ ਦੇ ਸਥਾਪਿਤ ਕਹਾਣੀਕਾਰ ਹੋਣ ਦੀ ਹਾਮੀ ਭਰਦਾ ਹੈ । ਲੇਖਕ ਵਲੋਂ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਹੁਤ ਹੀ ਦਿਲਚਸਪ ਸ਼ੈਲੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਨਾਲ ਜਿੱਥੇ ਲੋਕ ਚੇਤਨਾ ਨੂੰ ਹੁੰਗਾਰਾ ਮਿਲੇਗਾ,ਉੱਥੇ ਉਸਦੇ ਕਲਾਤਮਕ ਅਤੇ ਗੁਣਾਤਮਿਕ ਪੱਖਾਂ ਦਾ ਪ੍ਰਗਟਾਵਾ ਵੀ ਹੋਇਆ ਹੈ। ਛੋਟੀਆਂ ਕਹਾਣੀਆਂ ਰਾਹੀਂ ਵੱਡੇ ਸੁਨੇਹੇ ਦੇਣਾ ਲੇਖਕ ਦੇ ਮਿਆਰੀ ਕਹਾਣੀਕਾਰ ਹੋਣ ਦਾ ਸਬੂਤ ਹੈ। ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਣ ਵਾਲਾ ਲੇਖਕ ਅਜੋਕੇ ਯੁੱਗ ਦੀ ਨਬਜ਼ ਨੂੰ ਸਮਝ ਕੇ ਲੋੜੀਂਦੇ ਵਿਸ਼ਿਆਂ ਦੀ ਚੋਣ ਕਰਨ ਦੀ ਸਮਰਥਾ ਰੱਖਦਾ ਹੈ। ਇਹ ਕਹਾਣੀਆਂ ਪੇਂਡੂ, ਸ਼ਹਿਰੀ ਅਤੇ ਕਸਬਿਆਂ ਦੇ ਵਾਤਾਵਰਨ ਤੋਂ ਉਪਜੀਆਂ ਹਨ। ਕਹਾਣੀਆਂ ਦੇ ਪਾਤਰ ਪਾਠਕਾਂ ਨੂੰ ਕਲਪਨਾ ਲੋਕ ਨਾਲ ਸੰਬੰਧਿਤ ਨਹੀਂ ਸਗੋਂ ਆਪਣੇ ਸਮਾਜ ਦਾ ਹਿੱਸਾ ਹੀ ਲਗਦੇ ਹਨ। ਉਹ ਕਹਾਣੀਆਂ ਦੀਆਂ ਘਟਨਾਵਾਂ ਦੀ ਵਿਉਂਤਬੰਦੀ, ਪਾਤਰਾਂ ਦੇ ਚਰਿੱਤਰ ਚਿਤਰਣ, ਭਾਸ਼ਾ ਅਤੇ ਸੰਵਾਦਾਂ ਦੀ ਰਚਨਾ ਦਾ ਧਨੀ ਹੈ। ਇਸ ਕਹਾਣੀ-ਸੰਗ੍ਰਹਿ ਦੇ ਸਿਰਲੇਖ ਦੀ ਕਹਾਣੀ 'ਸ਼ਤਰੰਜ ਤੇ ਜ਼ਿੰਦਗੀ' ਦੇ ਪਾਤਰ ਫ਼ਤਿਹ ਦੇ ਚਰਿੱਤਰ ਨੂੰ ਚਿੱਤਰ ਕੇ ਪੁਲਿਸ ਵਲੋਂ ਤਰੱਕੀਆਂ ਲੈਣ ਲਈ ਨੌਜਵਾਨ ਬੱਚਿਆਂ ਦੇ ਝੂਠੇ ਮੁਕਾਬਲਿਆਂ ਅਤੇ ਨਸ਼ਿਆਂ ਦਾ ਸਹਾਰਾ ਲੈਣ ਦੀ ਕੌੜੀ ਸਚਾਈ ਦੀ ਤੁਲਨਾ ਸ਼ਤਰੰਜ ਦੀਆਂ ਚਾਲਾਂ ਨਾਲ ਕਰਕੇ ਲੇਖਕ ਨੇ ਮੁੱਦੇ ਨੂੰ ਬਾਖੂਬੀ ਚੁੱਕਿਆ ਹੈ। ਲੇਖਕ ਦੀ ਭਾਸ਼ਾ ਉੱਤੇ ਪੁਖਤਾ ਪਕੜ ਹੈ। ਪਾਠਕ ਲੇਖਕ ਤੋਂ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਸਿਰਜਣਾ ਦੀ ਉਮੀਦ ਰੱਖਣਗੇ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726 27136
ਮੈਂ ਕਾਰਵਾਂ ਖਿੱਚ ਲਿਆਇਆ ਹਾਂ
ਲੇਖਕ : ਪ੍ਰਿੰਸੀਪਲ ਆਰ. ਕੇ. ਪਵਾਰ
ਪ੍ਰਕਾਸ਼ਕ : ਬਸੰਤ ਸੁਹੇਲ ਪਬਲੀਕੇਸ਼ਨਜ਼ ਫਗਵਾੜਾ
ਮੁੱਲ : 300 ਰੁਪਏ, ਸਫੇ :106
ਸੰਪਰਕ : 98785-60181
ਕਵੀ ਤੇ ਵਿਦਵਾਨ ਵੱਲੋਂ ਇਸ ਪੁਸਤਕ ਵਿਚ ਆਪਣੀਆਂ 97 ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਹਨ, ਜੋ ਇਕ ਵਿਚਾਰਧਾਰਕ ਪਹੁੰਚ ਅਪਣਾਉਂਦਿਆਂ ਕਵੀ ਦੀ ਵਿਦਵਤਾ ਦੀਆਂ ਲਖਾਇਕ ਵੀ ਹਨ। ਕਵੀ ਇਕ ਕਵਿਤਾ ਵਿਚ ਆਪਣੀਆਂ ਤੰਗੀਆਂ ਤੁਰਸ਼ੀਆਂ ਵਾਲੀ ਜ਼ਿੰਦਗੀ ਕੱਟਦਿਆਂ ਜਦੋਂ ਬਾਬਾ ਭੀਮ ਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਮਿੱਥ ਲੈਂਦਾ ਹੈ ਤਾਂ ਉਹ ਚੰਗਾ ਖਾਸਾ ਪੜ੍ਹਕੇ ਉੱਚ ਪਦਵੀ 'ਤੇ ਜਾ ਬਿਰਾਜਮਾਨ ਹੁੰਦਾ ਹੈ। ਦੂਸਰੀਆਂ ਸਾਰੀਆਂ ਕਵਿਤਾਵਾਂ ਵਿਚ ਕਵੀ ਬਾਬਾ ਸਾਹਿਬ ਦੇ ਗੁਣਗਾਣ ਤੇ ਉਨ੍ਹਾਂ ਦੀ ਜੀਵਨੀ ਤੇ ਵਿਚਾਰਾਂ ਤੋਂ ਸੇਧ ਲੈਣ ਦੀ ਨਸੀਹਤ ਕਰਦਾ ਹੈ। ਸਾਰੀਆਂ ਹੀ ਕਵਿਤਾਵਾਂ ਆਦਰਸ਼ਮੁਖੀ ਹਨ ਤੇ ਸਮਕਾਲੀ ਕਵਿਤਾ ਤੋਂ ਇਕ ਵਿੱਥ 'ਤੇ ਖਲੋਂ੍ਹਦੀਆਂ ਆਪਣੀ ਬਾਤ ਪਾਠਕ ਤੋਂ ਮਨਵਾਉਣ ਦੀ ਕੋਸ਼ਿਸ਼ ਵਿਚ ਰਹਿੰਦੀਆਂ ਹਨ। ਜਿਸ ਦ੍ਰਿੜ ਸੰਕਲਪ ਤੇ ਜਜ਼ਬੇ ਨਾਲ ਕਵੀ ਨੇ ਆਪਣਾ ਕਾਵਿ ਬਿੰਬ ਉਭਾਰਿਆ ਹੈ ਤੇ ਬਾਬਾ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਉਚਿਆਉਣ ਦਾ ਯਤਨ ਕੀਤਾ ਹੈ, ਉਹ ਸਲਾਹੁਣਯੋਗ ਹੈ। ਬੇਸ਼ੱਕ ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਵਿਚ ਜਾਤ-ਪਾਤ ਦਾ ਮੁੱਢੋਂ-ਸੁੱਢੋਂ ਹੀ ਖੰਡਨ ਕੀਤਾ ਗਿਆ ਹੈ, ਪ੍ਰੰਤੂ ਬਹੁਤੇ ਲੋਕ ਹਾਲੇ ਵੀ ਪੁਜਾਰੀਵਾਦ ਦੀ ਰੀਤ ਪੁਗਾਉਂਦਿਆਂ ਜਾਤਾਂ-ਪਾਤਾਂ ਵਿਚ ਉਲਝੇ ਹੋਏ ਹਨ। ਪ੍ਰਿੰਸੀਪਲ ਆਰ.ਕੇ. ਪਵਾਰ ਹੁਰਾਂ ਨੇ ਆਪਣੀਆ