JALANDHAR WEATHER

18-03-26

 ਪੰਜਾਬ ਦੀ ਆਰਥਿਕ ਸਥਿਤੀ

ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ। ਇਹ ਵੱਡੇ ਰਾਜਾਂ 'ਚੋਂ 18ਵੇਂ ਸਥਾਨ 'ਤੇ ਹੈ। ਇਸ ਦੇ ਬਾਵਜੂਦ, ਪੰਜਾਬ ਦੇ ਊਰਜਾ ਮੰਤਰੀ ਨੇ ਐਲਾਨ ਕੀਤਾ ਹੈ ਕਿ 600 ਯੂਨਿਟ ਤੋਂ ਵੱਧ ਬਿਜਲੀ 1.5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਮੁਫ਼ਤ ਦਿੱਤੀ ਜਾਵੇਗੀ। ਮੁੱਖ ਮੰਤਰੀ 'ਮਾਵਾਂ ਧੀਆਂ ਸਰਕਾਰ ਯੋਜਨਾ' ਦੇ ਤਹਿਤ, ਪੰਜਾਬ ਆਮ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਦੇਣ ਦਾ ਵਾਅਦਾ ਕਰ ਰਿਹਾ ਹੈ। ਇਹ ਸਭ ਕਿਵੇਂ ਸੰਭਵ ਹੋਵੇਗਾ ਜਦੋਂ ਸੂਬਾ ਪਹਿਲਾਂ ਹੀ ਕਰੋੜਾਂ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ? ਮੈਨੂੰ ਲੱਗਦਾ ਹੈ ਕਿ ਇਹ ਸਭ ਪੰਜਾਬ ਨੂੰ ਹੋਰ ਪਤਨ ਵੱਲ ਲਿਜਾ ਸਕਦਾ ਹੈ। ਪੰਜਾਬ ਨੂੰ ਅੱਗੇ ਲਿਜਾਣ ਲਈ, ਪੰਜਾਬ ਵਿਚ ਆਰਥਿਕ ਸੁਧਾਰ ਲਿਆਉਣੇ ਅਤੇ ਔਰਤਾਂ ਨੂੰ ਘਰੇਲੂ ਖ਼ਰਚਿਆਂ ਲਈ ਕੁਝ ਰੁਪਏ ਦੇ ਕੇ ਉਨ੍ਹਾਂ ਨੂੰ ਅਪਾਹਜ ਬਣਾਉਣ ਦੀ ਬਜਾਏ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ।

-ਗਰਿਮਾ ਨਾਹਰ,
ਜਲੰਧਰ।

ਸੱਚ ਤੇ ਝੂਠ ਤੋਂ ਉੱਪਰ ਮਨੁੱਖਤਾ

ਅਕਸਰ ਅਸੀਂ ਹਰ ਗੱਲ ਵਿਚ ਸੋਚਦੇ ਰਹਿੰਦੇ ਹਾਂ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ। ਪਰ ਜ਼ਿੰਦਗੀ ਹਰ ਵੇਲੇ ਇਹ ਹਿਸਾਬ ਕਰਨ ਨਾਲ ਸੋਹਣੀ ਨਹੀਂ ਬਣਦੀ। ਕਈ ਵਾਰੀ ਹਾਲਾਤ ਇਨਸਾਨ ਨੂੰ ਉਹ ਗੱਲਾਂ ਕਹਿਣ ਲਈ ਮਜਬੂਰ ਕਰ ਦਿੰਦੇ ਹਨ, ਜੋ ਸ਼ਾਇਦ ਉਸ ਦਾ ਦਿਲ ਨਹੀਂ ਚਾਹੁੰਦਾ ਹੁੰਦਾ। ਇਸ ਲਈ ਹਰ ਕਿਸੇ ਨੂੰ ਤੋਲਣ ਦੀ ਬਜਾਏ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜਦੋਂ ਅਸੀਂ ਸੱਚ ਤੇ ਝੂਠ ਦੀ ਬਹਿਸ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਤਰਜੀਹ ਦਿੰਦੇ ਹਾਂ, ਤਾਂ ਰਿਸ਼ਤੇ ਵੀ ਮਜ਼ਬੂਤ ਬਣਦੇ ਹਨ ਤੇ ਦਿਲ ਵੀ ਸਕੂਨ ਮਹਿਸੂਸ ਕਰਦਾ ਹੈ। ਜ਼ਿਦਗੀ ਦੀ ਅਸਲੀ ਸੁੰਦਰਤਾ ਇਸ ਗੱਲ ਵਿਚ ਹੈ ਕਿ ਅਸੀਂ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਨਾ ਅਤੇ ਚੰਗਿਆਈ ਨੂੰ ਕਬੂਲ ਕਰਨਾ ਸਿੱਖੀਏ।

-ਮੰਜੂ ਰਾਇਕਾ
ਭਿੰਡਰਾਂ ਸੰਗਰੂਰ।

ਸੱਥਾਂ 'ਤੇ ਮੋਬਾਈਲ ਦਾ ਪ੍ਰਭਾਵ

ਇਕ ਅਜਿਹਾ ਸਮਾਂ ਸੀ ਜਦੋਂ ਘਰਾਂ ਤੋਂ ਇਲਾਵਾ ਪਿੰਡ ਦੀਆਂ ਸੱਥਾਂ 'ਚ ਬੈਠੇ ਲੋਕਾਂ ਅੰਦਰ ਹੋ ਰਿਹਾ ਸੰਵਾਦ ਜਿੱਥੇ ਆਪਸੀ ਪਿਆਰ ਦਾ ਪ੍ਰਤੀਕ ਸੀ। ਅੱਜ ਦੇ ਸਮੇਂ ਅੰਦਰ ਝਾਤ ਮਾਰੀਏ ਤਾਂ ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤੱਕ ਮੋਬਾਈਲ ਦੀ ਮੁਰੀਦ ਹੋ ਚੁੱਕੀ ਹੈ।
ਪ੍ਰੰਤੂ ਅੱਜਕੱਲ ਤਾਂ ਸਾਡੇ ਬਜ਼ੁਰਗਾਂ ਦੇ ਹੱਥਾਂ ਵਿਚ ਵੀ ਇਸ ਮੋਬਾਈਲ ਦੇ ਸੰਵਾਦ ਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ।
ਪਿੰਡ ਦੀਆਂ ਸੱਥਾਂ 'ਚ ਹੋ ਰਹੀ ਆਪਸੀ ਚਰਚਾ ਦੇ ਖ਼ਤਮ ਹੋਣ ਵਿਚ ਮੋਬਾਈਲ ਦੀ ਅਹਿਮ ਭੂਮਿਕਾ ਹੈ, ਅੱਜਕੱਲ੍ਹ ਤਾਂ ਇਨਸਾਨਾਂ ਦੀ ਜਗ੍ਹਾ ਤੇ ਮੋਬਾਈਲ ਹੀ ਉਨ੍ਹਾਂ ਦਾ ਸਾਥੀ ਬਣ ਗਿਆ ਹੈ। ਥੋੜ੍ਹਾ ਸਮਾਂ ਵੀ ਮੋਬਾਈਲ ਦੂਰ ਹੋ ਜਾਵੇ ਤਾਂ ਉਨ੍ਹਾਂ ਨੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਦੁਨੀਆ ਹੀ ਖ਼ਤਮ ਹੋ ਗਈ ਹੋਵੇ, ਅੱਜ ਦੇ ਯੁੱਗ ਵਿਚ ਸਾਨੂੰ ਲੋੜ ਹੈ ਆਪਸੀ ਰਿਸ਼ਤਿਆਂ ਨੂੰ ਜ਼ਿੰਦਾ ਰੱਖਣ ਲਈ ਤੇ ਮੋਬਾਈਲ ਨੂੰ ਸੰਜਮ ਨਾਲ ਵਰਤਣ ਦੀ।

-ਜਸਦੀਪ ਕੌਰ
ਦਸੌਂਧਾ ਸਿੰਘ ਵਾਲਾ