JALANDHAR WEATHER

01-05-2025

 ਦਰਬਾਰ ਸਾਹਿਬ ਦੁਆਲੇ ਬਣ ਰਹੀਆਂ ਉੱਚੀਆਂ ਇਮਾਰਤਾਂ ਸੰਬੰਧੀ
ਸ. ਬਰਜਿੰਦਰ ਸਿੰਘ ਜੀ,
ਇਕ ਅਤਿ ਜ਼ਰੂਰੀ ਮਸਲੇ ਸੰਬੰਧੀ ਤੁਹਾਨੂੰ ਬੇਨਤੀ ਕਰ ਰਿਹਾ ਹਾਂ। ਪਿਛਲੇ 200 ਸਾਲ ਤੋਂ ਇਹ ਪਰੰਪਰਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ਵਿਚ ਕੋਈ ਉੱਚੀ ਬਿਲਡਿੰਗ ਨਹੀਂ ਬਣ ਸਕਦੀ, ਜਿਹੜੀ ਸ੍ਰੀ ਦਰਬਾਰ ਦੀਆਂ ਪਰਿਕਰਮਾ ਦੇ ਕਿਸੇ ਪਾਸੇ ਤੋਂ ਨਜ਼ਰ ਆਉਂਦੀ ਹੋਵੇ। ਇਹ ਇਸ ਲਈ ਹੈ ਕਿ ਯਾਤਰੂ ਦਾ ਧਿਆਨ ਕੇਵਲ ਸ੍ਰੀ ਦਰਬਾਰ ਸਾਹਿਬ ਵੱਲ ਹੀ ਰਹੇ। ਜਦੋਂ ਮੈਂ ਰਾਸ਼ਟਰੀ ਘੱਟ-ਗਿਣਤੀ ਕਮਿਸ਼ਨ ਦਾ ਚੇਅਰਮੈਨ ਸੀ, ਉਦੋਂ ਇਸ ਬਾਰੇ ਅਵੱਗਿਆ ਦੀ ਇਕ ਸ਼ਿਕਾਇਤ ਮਿਲੀ ਸੀ, ਕਈ ਹੋਟਲ ਪਰੰਪਰਾ ਦੀ ਉਲੰਘਣਾ ਕਰ ਰਹੇ ਸਨ। ਉਸ ਸਮੇਂ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨਾਲ ਮੀਟਿੰਗ ਕਰ ਕੇ ਇਸ ਬਾਰੇ ਦੁਬਾਰਾ ਫ਼ੈਸਲਾ ਕੀਤਾ ਗਿਆ। ਕਈ ਪੰਜਾਬੀ ਕਿਤਾਬਾਂ ਦੇ ਪ੍ਰਕਾਸ਼ਕਾਂ ਦੇ ਉੱਚੇ ਇਸ਼ਤਿਹਾਰੀ ਬੋਰਡ ਉਤਰਵਾਏ ਗਏ ਸਨ। ਅੱਜ ਮੈਂ ਇਕ ਚੈਨਲ 'ਤੇ ਕੀਰਤਨ ਰੀਲੇਅ ਪ੍ਰੋਗਰਾਮ ਵੇਖਿਆ ਹੈ ਕਿ ਇਕ ਬਹੁਤ ਉੱਚੀ ਬਿਲਡਿੰਗ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਸ਼ਹਿਰ ਵਿਚ ਬਣਦੀ ਨਜ਼ਰ ਆ ਰਹੀ ਹੈ ਅਤੇ ਕੈਮਰੇ ਵਿਚ ਇਹ ਸਾਫ਼ ਨਜ਼ਰ ਆਉਂਦੀ ਹੈ। ਇਹ ਬੜਾ ਹੀ ਦੁਖਦਾਈ ਦ੍ਰਿਸ਼ ਹੈ, ਜੋ ਸ੍ਰੀ ਦਰਬਾਰ ਸਾਹਿਬ ਦੀ ਵਿਸ਼ਵ ਦਿਖ ਨੂੰ ਘਟਾਵੇਗਾ। ਜੇ ਇਸ ਤਰ੍ਹਾਂ ਹੋਰ ਉੱਚੀਆਂ ਬਿਲਡਿੰਗਾਂ ਬਣਨ ਲੱਗ ਗਈਆਂ ਤਾਂ ਗੁਰੂ ਦਾ ਵਾਕ 'ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ' ਦਾ ਕੀ ਹੋਵੇਗਾ? ਇਸ ਵਿਰੁੱਧ 'ਅਜੀਤ' ਅਖ਼ਬਾਰ ਆਵਾਜ਼ ਉਠਾਵੇ ਤੇ ਇਸ ਬਿਲਡਿੰਗ ਦੇ ਉੱਪਰਲੇ ਦੋ ਫਲੋਰ ਢਾਹ ਦਿੱਤੇ ਜਾਣੇ ਚਾਹੀਦੇ ਹਨ।
ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ, ਜਦੋਂ 1971 ਵਿਚ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚੌੜੀ ਕੀਤੀ ਜਾ ਰਹੀ ਸੀ ਤਾਂ ਸਾਧੂ ਸਿੰਘ ਹਮਦਰਦ ਜੀ ਨੇ ਮੇਰੀ ਬੇਨਤੀ 'ਤੇ ਰਾਮਗੜ੍ਹੀਆ ਬੁੰਗਾ ਬਚਾ ਲਿਆ ਸੀ ਤੇ ਪਰਿਕਰਮਾ ਦਾ ਉਹ ਹਿੱਸਾ ਚੌੜਾ ਨਹੀਂ ਸੀ ਹੋਣ ਦਿੱਤਾ। ਉਹ ਹੁਣ ਤੱਕ ਕਾਇਮ ਹੈ। ਹਾਲਾਂਕਿ ਦੁੱਖ ਭੰਜਨੀ ਬੇਰੀ ਉਥੇ ਹੀ ਹੈ। 'ਅਜੀਤ' ਦੀ ਇਹ ਅਦੁੱਤੀ ਸੇਵਾ ਇਤਿਹਾਸ ਦਾ ਹਿੱਸਾ ਹੈ। ਨਹੀਂ ਤਾਂ ਇਤਿਹਾਸਕ ਰਾਮਗੜ੍ਹੀਆ ਬੁੰਗਾ ਕਿਥੇ ਹੋਣਾ ਸੀ। ਸ੍ਰੀ ਦਰਬਾਰ ਸਾਹਿਬ ਸਦੀਵੀ ਧਾਰਮਿਕ ਅਸਥਾਨ ਹੈ, ਜਿਥੇ ਲੱਖਾਂ ਵਿਦੇਸ਼ੀ ਸੈਲਾਨੀ ਬਾਦਸ਼ਾਹ, ਪ੍ਰਧਾਨ ਮੰਤਰੀ ਆਉਂਦੇ ਹਨ। ਇਸ ਦੀ ਸੁੰਦਰਤਾ ਕਾਇਮ ਰਹਿਣੀ ਚਾਹੀਦੀ ਹੈ। ਕੋਈ ਵੀ ਉੱਚੀ ਬਿਲਡਿੰਗ ਬਣਨ 'ਤੇ ਪੱਕੀ ਪਾਬੰਦੀ ਲੱਗਣੀ ਚਾਹੀਦੀ ਹੈ। ਉਮੀਦ ਹੈ ਤੁਸੀਂ ਇਸ ਸੰਬੰਧੀ ਆਪਣੇ ਪ੍ਰਭਾਵ ਦੀ ਵਰਤੋਂ ਜ਼ਰੂਰ ਕਰੋਗੇ।

ਤੁਹਾਡਾ ਸ਼ੁਭ ਚਿੰਤਕ
-ਤਰਲੋਚਨ ਸਿੰਘ
ਸਾਬਕਾ ਰਾਜ ਸਭਾ ਮੈਂਬਰ