06-05-2025
ਆਧੁਨਿਕ ਰਿਸ਼ਤੇ
ਆਧੁਨਿਕ ਰਿਸ਼ਤੇ ਹੁਣ ਪੁਰਾਣੀਆਂ ਪਰੰਪਰਾਵਾਂ ਵਾਲੇ ਰਿਸ਼ਤਿਆਂ ਤੋਂ ਕਾਫ਼ੀ ਵੱਖਰੇ ਹੋ ਗਏ ਹਨ। ਅਜੋਕਾ ਪਿਆਰ ਇਕ ਦਿਲਚਸਪ ਅਤੇ ਗੁੰਝਲਦਾਰ ਵਿਸ਼ਾ ਹੈ। ਇਹ ਪਿਆਰ ਦੀ ਉਹ ਸ਼ਕਲ ਹੈ ਜੋ ਆਧੁਨਿਕ ਜੀਵਨ, ਟੈਕਨੋਲੋਜੀ, ਸੋਸ਼ਲ ਮੀਡੀਆ, ਤੇਜ਼ ਰਫ਼ਤਾਰ ਰੁਟੀਨ ਅਤੇ ਨਵੇਂ ਸਮਾਜਿਕ ਢਾਂਚਿਆਂ ਦੇ ਸੰਦਰਭ ਵਿਚ ਉੱਭਰ ਰਹੀ ਹੈ। ਆਧੁਨਿਕ ਰਿਸ਼ਤੇ ਕਈ ਵਾਰ ਚੈਟਾਂ, ਕਾਲਾਂ ਅਤੇ ਵੀਡੀਓਜ਼ ਦੇ ਸਹਾਰੇ ਜਿਊਂਦੇ ਰਹਿੰਦੇ ਹਨ।
-ਸਤਵਿੰਦਰ ਕੌਰ ਮੱਲੇਵਾਲ
ਬੱਸ ਸਟੈਂਡ ਨਾ ਬਦਲਿਆ ਜਾਵੇ
ਇਸ ਵੇਲੇ ਬਠਿੰਡਾ ਬੱਸ ਸਟੈਂਡ ਬਹੁਤ ਹੀ ਢੁੱਕਵੀਂ ਜਗ੍ਹਾ 'ਤੇ ਸ਼ਹਿਰ ਦੇ ਵਿਚਕਾਰ ਬਣਿਆ ਹੋਇਆ ਹੈ। ਇਸ ਦੇ ਸਾਹਮਣੇ ਵੱਡੀ ਕਚਹਿਰੀ ਹੈ। ਲੋਕਾਂ ਨੂੰ ਇਸ ਦੀ ਬਹੁਤ ਵੱਡੀ ਸਹੂਲਤ ਹੈ। ਬੱਸ ਅੱਡਾ ਸ਼ਹਿਰ ਦੇ ਬਾਹਰ ਲਿਜਾਣ ਨਾਲ ਜਿੱਥੇ ਲੋਕਾਂ ਦਾ ਸਮਾਂ ਅਤੇ ਪੈਸਾ ਖਰਾਬ ਹੋਵੇਗਾ ਉਥੇ ਹੀ ਬੱਸ ਅੱਡੇ ਦੇ ਨੇੜਲੇ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2016 ਵਿਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਟੇਲ ਨਗਰ ਵਿਚ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ ਸਾਲ 2017 ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਟੇਲ ਨਗਰ ਵਿਚ ਹੀ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਸੀ। ਲੱਖਾਂ ਰੁਪਏ ਬਰਬਾਦ ਕਰ ਕੇ ਫ਼ੌਜ ਤੋਂ ਐਨ.ਓ.ਸੀ. ਨਾ ਮਿਲਣ ਕਰ ਕੇ ਪ੍ਰੋਜੈਕਟ ਰੱਦ ਹੋ ਗਿਆ। ਆਮ ਆਦਮੀ ਪਾਰਟੀ ਨੇ ਥਰਮਲ ਪਲਾਟ ਵਾਲੀ ਜਗ੍ਹਾ 'ਤੇ ਬੱਸ ਅੱਡਾ ਬਣਾਉਣ ਦਾ ਐਲਾਨ ਕੀਤਾ। ਇਸ ਦੌਰਾਨ ਪਾਵਰਕਾਮ ਨੇ ਜ਼ਮੀਨ ਵੀ ਬੱਸ ਅੱਡੇ ਲਈ ਦੇ ਦਿੱਤੀ। ਬੱਸ ਅੱਡਾ ਫਿਰ ਵੀ ਨਾ ਬਣ ਸਕਿਆ। ਹੁਣ ਆਪ ਸਰਕਾਰ ਨੇ ਬੱਸ ਅੱਡੇ ਨੂੰ ਮਲੋਟ ਰੋਡ 'ਤੇ ਅੰਬੂਜਾ ਸੀਮੈਂਟ ਕਾਰਖਾਨੇ ਕੋਲ ਬਣਾਉਣ ਦਾ ਐਲਾਨ ਕੀਤਾ ਹੈ। ਟਰਾਂਸਪੋਰਟਰ ਅਤੇ ਦੁਕਾਨਦਾਰ ਸਰਕਾਰ ਦੇ ਤਬਾਹ ਕਰਨ ਵਾਲੇ ਫ਼ੈਸਲੇ ਤੋਂ ਨਾਰਾਜ਼ ਹਨ। ਇਕ ਪਾਸੇ ਕਿਹਾ ਜਾਂਦਾ ਹੈ ਕਿ ਸਰਕਾਰ ਕੋਲ ਜ਼ਹਿਰ ਖਾਣ ਲਈ ਪੈਸੇ ਨਹੀਂ।
-ਹਰਜਿੰਦਰ ਪਾਲ ਸਿੰਘ
881 ਏ, ਜਵੱਦੀ ਕਲਾਂ, ਲੁਧਿਆਣਾ।
ਕਿਸਾਨ ਵੀਰ ਰੱਖਣ ਧਿਆਨ
ਜਿਵੇਂ ਕਿ ਹੁਣ ਕਣਕ ਦੀ ਵਾਢੀ ਦਾ ਸੀਜ਼ਨ ਚਲ ਰਿਹਾ ਹੈ ਤਾਂ ਸਾਰੇ ਹੀ ਕਿਸਾਨ ਵੀਰ ਆਪਣੇ ਖੇਤਾਂ ਦੀ ਨਿਗਰਾਨੀ ਕਰਨ। ਖ਼ਾਸ ਕਰਕੇ ਉਨ੍ਹਾਂ ਨੂੰ ਆਪਣੇ ਖੇਤਾਂ ਦੇ ਚੁਬੱਚੇ ਭਰ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਜੇਕਰ ਪਾਣੀ ਦੀ ਲੋੜ ਪਵੇ ਤਾਂ ਪਾਣੀ ਦੀ ਵਰਤੋਂ ਹੋ ਸਕੇ। ਕਣਕ ਦਾ ਨਾੜ ਸੁੱਕਾ ਹੋਣ ਕਰਕੇ ਇਸ ਨੂੰ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਸਾਨ ਵੀਰ ਮੋਟਰ ਵਾਲੇ ਟਰਾਂਸਫਾਰਮਰਾਂ ਦੇ ਆਲੇ ਦੁਆਲੇ ਤੋਂ ਕਣਕ ਵੱਢ ਕੇ ਵਾਹ ਦੇਣ ਤਾਂ ਕਿ ਕੋਈ ਬਿਜਲੀ ਦੀ ਚਿੰਗਾਰੀ ਅੱਗ ਨਾ ਲਾ ਸਕੇ। ਕਿਸਾਨ ਵੀਰਾਂ ਨੂੰ ਖ਼ਾਸ ਕਰਕੇ ਇਸ ਵਾਢੀ ਦੇ ਸੀਜ਼ਨ ਵਿਚ ਮਸ਼ੀਨਾਂ ਦੀ ਰਾਤ ਵੇਲੇ ਨਹੀਂ ਚਲਾਉਣੀਆਂ ਚਾਹੀਦੀਆਂ।
-ਗੁਰਿੰਦਰ ਪਾਲ ਸਿੰਘ
ਰਾਜਪੁਰਾ।
ਸਲਾਹਕਾਰ ਹੀ ਡੋਬਦੇ ਨੇ
ਸਿਆਣਿਆਂ ਦਾ ਕਹਿਣਾ ਹੈ ਕਿ ਲੋੜ ਤੋਂ ਵੱਧ ਕਿਸੇ ਦੀ ਲਈ ਰਾਇ ਬਹੁਤੀ ਵਾਰ ਤੁਹਾਡੇ ਬਣਨ ਜਾ ਰਹੇ ਕੰਮ ਨੂੰ ਵਿਗਾੜ ਦਿੰਦੀ ਹੈ। ਅੱਜ ਕੱਲ੍ਹ ਦੇ ਜ਼ਮਾਨੇ ਵਿਚ ਬਹੁਤੀ ਵਾਰ ਲੁਕਵੇਂ ਰੂਪ 'ਚ ਸਲਾਹ ਦੇਣ ਵਾਲਿਆਂ ਦੇ ਆਪਣੇ ਵੀ ਹਿੱਤ ਹੁੰਦੇ ਹਨ ਜਿਸ ਦਾ ਅਜਿਹੇ ਸਲਾਹੀਏ ਭਰਪੂਰ ਫਾਇਦਾ ਉਠਾ ਲੈਂਦੇ ਹਨ। ਬਹੁਤੀ ਵਾਰ ਤਾਂ ਕਈਆਂ ਦੇ ਕਾਰੋਬਾਰ ਵੀ ਮਾੜੀ ਸਲਾਹ ਦੀ ਭੇਟ ਚੜ੍ਹ ਜਾਂਦੇ ਹਨ। ਇਹੋ ਜਿਹੇ, ਬਿਨਾਂ ਮੰਗੇ ਉਲਟੀਆਂ ਸਲਾਹਾਂ ਦੇਣ ਵਾਲੇ ਤਕਰੀਬਨ ਹਰ ਗਲੀ ਮੁਹੱਲੇ, ਪਿੰਡ, ਸ਼ਹਿਰ, ਦਫ਼ਤਰ ਜਾਂ ਵੱਖ-ਵੱਖ ਸੰਸਥਾਵਾਂ ਵਿਚ ਮੌਜੂਦ ਹੁੰਦੇ ਹਨ। ਅਸਲ ਵਿਚ ਕਿਸੇ ਦੀ ਰਾਇ ਲੈਣਾ ਬੁਰੀ ਗੱਲ ਨਹੀਂ ਪਰ ਨਿਰੀ ਪੁਰਾ ਉਸੇ ਦੇ ਮੁਤਾਬਕ ਕਾਰਵਾਈ ਕਰਨਾ ਕਈ ਵਾਰ ਨੁਕਸਾਨਦੇਹ ਹੋ ਸਕਦਾ ਹੈ। ਸਾਨੂੰ ਬਣੀ ਬਣਾਈ (ਰੈਡੀਮੇਡ) ਸਲਾਹ 'ਤੇ ਚੱਲਣ ਦੀ ਬਜਾਇ ਆਪਣੀ ਸਮਝ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਸੁਣੋ ਸਭ ਦੀ ਪਰ ਆਪਣੀ ਸਮਝ ਦੀ ਵਰਤੋਂ ਕਰਦੇ ਹੋਏ ਫ਼ੈਸਲੇ ਲੈਣੇ ਚਾਹੀਦੇ ਹਨ ਕਿਉਂਕਿ ਇਨਸਾਨ ਦੇ ਖ਼ੁਦ ਤੋਂ ਵੱਡਾ ਤੇ ਚੰਗਾ ਸਲਾਹਕਾਰ ਕੋਈ ਨਹੀਂ ਹੁੰਦਾ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਜਨਤਾ ਨਾਲ ਧੱਕਾ
ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਘਰੇਲੂ ਗੈਸ ਦੇ ਰੇਟ ਵਿਚ 50 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਜੋ ਦੇਸ਼ ਦੀ ਜਨਤਾ ਨਾਲ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਬਿਨਾਂ ਸ਼ੱਕ ਇਸ ਵਾਧੇ ਦਾ ਮੱਧ ਵਰਗ ਅਤੇ ਹੇਠਲੇ ਵਰਗ ਉੱਪਰ ਜਿਥੇ ਮਾੜਾ ਅਸਰ ਪਵੇਗਾ, ਉੱਥੇ ਉਨ੍ਹਾਂ ਦੀ ਆਰਥਿਕਤਾ ਵੀ ਪ੍ਰਭਾਵਿਤ ਹੋਵੇਗੀ।
ਅੰਤਾਂ ਦੀ ਮਹਿੰਗਾਈ ਕਾਰਨ ਪਹਿਲਾਂ ਹੀ ਦੇਸ਼ ਦੀ ਗ਼ਰੀਬ ਜਨਤਾ ਕਾਫੀ ਦੁਖੀ ਅਤੇ ਪ੍ਰੇਸ਼ਾਨ ਹੈ। ਕੇਂਦਰੀ ਸਰਕਾਰ ਵਲੋਂ ਪਹਿਲਾਂ ਤੋਂ ਦੁਖੀ ਅਤੇ ਪ੍ਰੇਸ਼ਾਨ ਜਨਤਾ ਉੱਪਰ ਹੋਰ ਆਰਥਿਕ ਬੋਝ (ਗੈਸ ਦਾ ਰੇਟ ਵਧਾ ਕੇ) ਪਾ ਦਿੱਤਾ ਹੈ, ਜਿਸ ਨੂੰ ਕਦੇ ਵੀ ਉਚਿਤ ਨਹੀਂ ਆਖਿਆ ਜਾ ਸਕਦਾ। ਅਸੀਂ ਭਾਰਤ ਦੀ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਲੋਕ ਹਿੱਤ ਵਿਚ ਘਰੇਲੂ ਗੈਸ ਦੇ ਰੇਟਾਂ ਵਿਚ ਕੀਤਾ ਵਾਧਾ ਜਲਦ ਵਾਪਸ ਲਵੇ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਖੇਡਾਂ ਦਾ ਮਹੱਤਵ
ਖੇਡਾਂ ਸਾਡੀ ਜ਼ਿੰਦਗੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਪਰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਸਿਰਫ਼ ਵੀਡੀਓ ਗੇਮਾਂ ਖੇਡਦੀ ਹੈ ਜੋ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਅੱਖਾਂ ਲਈ ਚੰਗੀਆਂ ਨਹੀਂ ਹਨ। ਖੇਡਾਂ ਸਿਰਫ਼ ਮਨੋਰੰਜਨ ਲਈ ਹੀ ਨਹੀਂ ਹੁੰਦੀਆਂ, ਇਹ ਸਾਨੂੰ ਟੀਮ ਵਰਕ, ਸਖ਼ਤ ਮਿਹਨਤ ਅਤੇ ਸਵੈ-ਨਿਰਭਰਤਾ ਵੀ ਸਿਖਾਉਂਦੀਆਂ ਹਨ। ਇਹ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੀ ਚੰਗਾ ਬਣਾਉਂਦੀਆਂ ਹਨ। ਖੇਡਾਂ ਸਾਨੂੰ ਜਿੱਤਣਾ ਜਾਂ ਹਾਰਨਾ ਹੀ ਨਹੀਂ ਸਗੋਂ ਨਿਰੰਤਰ ਕੋਸ਼ਿਸ਼ ਜਾਰੀ ਰੱਖਣਾ ਵੀ ਸਿਖਾਉਂਦੀਆਂ ਹਨ। ਇਸ ਲਈ ਸਾਨੂੰ ਦਿਲੋਂ ਖੇਡਾਂ ਵਿਚ ਦਿਲਚਸਪੀ ਦਿਖਾਉਣ ਦੀ ਵੀ ਲੋੜ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
-ਗਗਨਦੀਪ ਸਿੰਘ
ਸਮਰਾਲਾ।
ਜੰਕ ਫੂਡ ਦਾ ਸਿਹਤ 'ਤੇ ਮਾੜਾ ਪ੍ਰਭਾਵ
ਜੀਵਨ ਦੀ ਤੇਜ਼ ਰਫ਼ਤਾਰ ਨੇ ਅੱਜ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ 'ਤੇ ਆਪਣਾ ਡੂੰਘਾ ਪ੍ਰਭਾਵ ਪਾਇਆ ਹੈ। ਸਾਡੇ ਰੋਜ਼ਾਨਾ ਦੇ ਭੋਜਨ ਵਿਚ ਜੰਕ ਫੂਡ ਦੀ ਵਰਤੋਂ ਵਧਦੀ ਜਾ ਰਹੀ ਹੈ। ਉਂਝ ਤਾਂ ਜੰਕ ਫੂਡ ਦਾ ਕਰੇਜ ਅੱਜ ਹਰ ਉਮਰ ਦੇ ਲੋਕਾਂ ਵਿਚ ਪਾਇਆ ਜਾ ਰਿਹਾ ਹੈ, ਪਰ ਬੱਚਿਆਂ ਤੇ ਨੌਜਵਾਨਾਂ ਵਿਚ ਇਹ ਵਧੇਰੇ ਹੀ ਪਾਇਆ ਜਾ ਰਿਹਾ ਹੈ। ਇਸ ਨੂੰ ਮਜਬੂਰੀ ਕਹੋ ਜਾਂ ਆਦਤ, ਜਦੋਂ ਜ਼ਿਆਦਾਤਰ ਲੋਕ ਇਸ ਦੇ ਆਦੀ ਹੋ ਚੁੱਕੇ ਹਨ ਅਤੇ ਇਸ ਨਸ਼ੇ ਕਾਰਨ ਉਨ੍ਹਾਂ ਨੂੰ ਅਕਸਰ ਨਮਕੀਨ, ਮਿੱਠਾ ਜਾਂ ਦੋਵਾਂ ਦੀ ਲਾਲਸਾ ਹੋਣ ਲੱਗਦੀ ਹੈ। ਅੱਜ ਬੱਚਿਆਂ ਦੀ ਸਿਹਤ 'ਤੇ ਜੰਕ ਫੂਡ (ਫਾਸਟ ਫੂਡ, ਪ੍ਰੋਸੈਸਡ ਫੂਡ) ਦੇ ਬਹੁਤ ਮਾੜੇ ਪ੍ਰਭਾਵ ਪੈ ਰਹੇ ਹਨ।
ਇਨ੍ਹਾਂ ਜੰਕ ਫੂਡ ਦੇ ਵੱਖ-ਵੱਖ ਖਾਣਿਆਂ ਵਿਚ ਵਧੇਰੇ ਚੀਨੀ, ਨਮਕ, ਅਸੰਤੁਲਿਤ ਵਸਾ ਅਤੇ ਕੈਮੀਕਲ ਪਦਾਰਥ ਆਦਿ ਹੁੰਦੇ ਹਨ, ਜੋ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਅਕਸਰ ਨੁਕਸਾਨ ਪਹੁੰਚਾਉਣ ਦਾ ਮੁੱਖ ਕਾਰਨ ਬਣਦੇ ਹਨ।
-ਮੁਹੰਮਦ ਅੱਬਾਸ ਧਾਲੀਵਾਲ
ਮਾਲੇਰਕੋਟਲਾ।
ਆਸ ਦੇ ਦੀਵੇ ਬਾਲ ਕੇ
ਕਮਲਜੀਤ ਕੌਰ ਗੁੰਮਟੀ ਦਾ ਆਰਟੀਕਲ 'ਆਸ ਜੀਵਨ ਦੀ ਰਾਹਦਾਰੀ' ਪੜ੍ਹਿਆ। ਲੇਖਿਕਾ ਨੇ ਵਧੀਆ ਵਿਚਾਰਾਂ ਦੁਆਰਾ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਜੀਵਨ ਵਿਚ 'ਆਸ' ਸ਼ਬਦ ਦਾ ਡੂੰਘਾ ਮਹੱਤਵ ਹੈ। ਜੇਕਰ ਅਸੀਂ ਇਸ ਵਿਚਾਰ ਦੀ ਚਰਚਾ ਕਰੀਏ ਤਾਂ ਆਸ ਅਜਿਹੀ ਧਾਰਨਾ ਹੈ, ਜਿਸ ਨੂੰ ਅਸੀਂ ਆਪਣੇ ਜੀਵਨ ਵਿਚ ਧਾਰਨ ਕਰ ਕੇ ਔਖੇ ਤੋਂ ਔਖੇ ਰਸਤੇ ਨੂੰ ਪਾਰ ਕਰ ਸਕਦੇ ਹਾਂ। ਆਸ ਬਿਨਾਂ ਜੀਵਨ ਵਿਚ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਕਰ ਸਕਦੇ। ਆਸ ਮਨ ਵਿਚ ਹਿੰਮਤ, ਸਿਰੜ ਇਰਾਦਾ ਅਤੇ ਚੰਗੇ ਵਿਚਾਰਾਂ ਨੂੰ ਤਾਕਤ ਬਖ਼ਸ਼ਦੀ ਹੈ। ਆਸ ਜੀਵਨ ਵਿਚ ਹਿੰਮਤ ਕਰਨ ਦੀ ਤਾਕਤ ਦੇ ਨਾਲ ਕੁਝ ਪ੍ਰਾਪਤ ਕਰਨ ਦਾ ਰਾਹ ਵਿਖਾਉਂਦੀ ਹੈ। ਜਿਨ੍ਹਾਂ ਮਨੁੱਖਾਂ ਨੇ ਆਸ ਨੂੰ ਆਪਣੇ ਪੱਲੇ ਨਾਲ ਬੰਨ ਲਿਆ ਹੁੰਦਾ ਹੈ, ਉਹ ਜੀਵਨ ਵਿਚ ਔਕੜਾਂ ਤੋਂ ਘਬਰਾਉਂਦੇ ਨਹੀਂ। ਵਿਦਿਆਰਥੀ ਜੀਵਨ ਵਿਚ 'ਆਸ' ਸ਼ਬਦ ਦਾ ਡੂੰਘਾ ਮਹੱਤਵ ਹੈ। ਹਨੇਰੇ ਨੂੰ ਦੂਰ ਕਰਨ ਵਿਚ ਆਸ ਸਹਾਈ ਹੁੰਦੀ ਹੈ। ਆਸ ਜੀਵਨ ਜਾਚ ਸਿਖਾਉਂਦੀ ਹੈ। ਜੀਵਨ ਵਿਚ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ 'ਆਸ' ਦੇ ਸਿਰ ਬੱਝਦਾ ਹੈ।
-ਰਾਮ ਸਿੰਘ ਪਾਠਕ