08-05-2025
ਕਿਸਾਨਾਂ ਦੀ ਮਦਦ ਕਰੇ ਸਰਕਾਰ..।
ਪੰਜਾਬ ਵਿਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਹਨ। ਅੱਗ ਲੱਗਣ ਕਰਕੇ ਕਿਸਾਨਾਂ ਦਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋਣ ਮੌਕੇ ਕੁਦਰਤੀ ਮਾਰਾਂ ਪੈ ਜਾਂਦੀਆਂ ਹਨ। ਕਣਕ ਦੀ ਫਸਲ ਨੂੰ ਅੱਗ ਲੱਗਣ ਦੇ ਕਈ ਕਾਰਨ ਹਨ। ਜਿਨ੍ਹਾਂ ਵਿਚ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ, ਬੀੜੀ ਸਿਗਰਟ, ਖੇਤਾਂ ਵਿਚ ਖਾਣਾ ਜਾਂ ਚਾਹ ਬਣਾਉਣ, ਘਾਹ ਫੂਸ ਨੂੰ ਅੱਗ ਲਾਉਣ ਕਰਕੇ ਕਈ ਵਾਰ ਅੱਗ ਫੈਲ ਜਾਂਦੀ ਹੈ। ਆਮ ਲੋਕਾਂ ਅਤੇ ਕਿਸਾਨ ਵੀਰਾਂ ਨੂੰ ਇਨ੍ਹਾ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਡੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਿ ਜੇਕਰ ਹਰ ਚੀਜ਼ ਦਾ ਬੀਮਾ ਹੋ ਸਕਦਾ ਹੈ। ਫਿਰ ਕਿਸਾਨ ਵੀਰਾਂ ਦੀਆਂ ਫਸਲਾਂ ਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ ਹੈ। ਜਿਸ ਕਰਕੇ ਕਿਸਾਨਾਂ ਦੀ ਕੁਝ ਨਾ ਕੁਝ ਭਰਪਾਈ ਹੋ ਸਕੇ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਮੀਂਹ ਹਨੇਰੀ ਅਤੇ ਅੱਗ ਲੱਗਣ ਕਰਕੇ ਜਿਨ੍ਹਾਂ ਵੀ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਤੁਰੰਤ ਗਿਰਦਾਵਰੀ ਅਤੇ ਮੌਕਾ ਦੇਖ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਅਧਿਆਪਕ ਪੱਕੇ ਕਰੇ ਸਰਕਾਰ
ਪੰਜਾਬ ਦੇ ਇਕ ਦਰਜਨ ਦੇ ਕਰੀਬ ਮੈਰੀਟੋਰੀਅਸ ਸਕੂਲ ਗਰੀਬ ਪੇਂਡੂ ਹੋਣਹਾਰ ਵਿਦਿਆਰਥੀਆਂ ਨੂੰ ਅੱਵਲ ਦਰਜੇ ਦੀ ਸਿੱਖਿਆ ਦੇ ਰਹੇ ਹਨ। ਇਨ੍ਹਾਂ ਸਕੂਲਾਂ ਵਿਚ ਪੜ੍ਹੇ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੀ ਚੰਗਾ ਨਾਮਣਾ ਖੱਟ ਰਹੇ ਹਨ। ਪਿਛਲੇ ਦਿਨੀਂ ਐਲਾਨੇ ਜੇ.ਈ.ਈ. ਦੇ ਨਤੀਜੇ ਵਿਚ ਵੀ ਇਕੱਲੇ ਮੈਰੀਟੋਰੀਅਸ ਸਕੂਲਾਂ ਦੇ ਹੀ 131 ਵਿਦਿਆਰਥੀਆਂ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ। ਵਿਦਿਆਰਥੀਆਂ ਦੀ ਅਜਿਹੀ ਸਫ਼ਲਤਾ ਪਿੱਛੇ ਬਹੁਤ ਹੀ ਯੋਗ ਤੇ ਮਿਹਨਤੀ ਅਧਿਆਪਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪ੍ਰੰਤੂ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਪੱਕੇ ਪੈਰੀਂ ਕਰਨ ਵਾਲੇ ਇਨ੍ਹਾਂ ਸਕੂਲਾਂ ਦੇ ਬਹੁਤੇ ਅਧਿਆਪਕ ਖੁਦ ਕੱਚੇ ਹੀ ਹਨ। ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਿਲ ਕਰ ਕੇ ਤੁਰੰਤ ਪੱਕਾ ਕਰ ਦੇਣਾ ਚਾਹੀਦਾ ਹੈ।
-ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ ਕੋਟਗੁਰੂ (ਬਠਿੰਡਾ)
ਅਜੇ ਵੀ ਸੰਭਲ ਜਾਈਏ!
ਬੀਤੇ ਦਿਨੀਂ ਆਏ ਜ਼ਬਰਦਸਤ ਤੂਫ਼ਾਨ ਨੇ ਵੱਡੀ ਮਾਤਰਾ ਵਿਚ ਮਾਲੀ ਨੁਕਸਾਨ ਕੀਤਾ। ਬਿਜਲੀ ਦੇ ਖੰਭਿਆਂ ਦੇ ਡਿਗਣ ਤੇ ਟੁੱਟਣ ਕਾਰਨ ਬਹੁਤੀਆਂ ਥਾਵਾਂ 'ਤੇ ਬਿਜਲੀ ਬੰਦ ਹੋ ਗਈ। ਪਾਣੀ ਦੀਆਂ ਟੈਂਕੀਆਂ ਖ਼ਾਲੀ ਹੋਣ ਲੱਗੀਆਂ। ਜਿਸ ਪਾਣੀ ਦੀ ਅਸੀਂ ਕਦਰ ਨਹੀਂ ਕਰਦੇ, ਹੁਣ ਬੜੇ ਹੀ ਸੰਜਮ ਨਾਲ ਵਰਤਿਆ ਜਾਣ ਲੱਗਾ। ਟੂਟੀ ਖੋਲ੍ਹਣ 'ਤੇ ਸਿਰਫ਼ ਲੋੜ ਜਿੰਨਾ ਪਾਣੀ ਲੈ ਕੇ ਤੁਪਕਾ ਵੀ ਵਾਧੂ ਨਹੀਂ ਡੋਲ੍ਹਣ ਦਿੱਤਾ।
ਭਾਂਡੇ ਵੀ ਟੂਟੀ ਛੱਡ ਕੇ ਧੋਣ ਦੀ ਬਜਾਇ ਇਕ ਥੋੜ੍ਹੇ ਵੱਡੇ ਭਾਂਡੇ ਵਿਚ ਪਾਣੀ ਪਾ ਕੇ ਬੜੇ ਸੰਜਮੀ ਤਰੀਕੇ ਨਾਲ ਧੋਤੇ। ਪੀਣ ਲਈ ਪਾਣੀ ਨੂੰ ਸਾਂਭ-ਸਾਂਭ ਕੇ ਰੱਖਿਆ ਗਿਆ। ਅਸਲ ਵਿਚ ਅਜਿਹੇ ਵਰਤਾਰਿਆਂ ਨਾਲ ਕੁਦਰਤ ਮਨੁੱਖ ਨੂੰ ਵਾਰ-ਵਾਰ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਹੈ, ਜਿਵੇਂ ਕਹਿੰਦੀ ਹੋਵੇ ਕਿ ਸੰਭਲ ਜਾ ਅਜੇ ਵੀ ਸਮਾਂ ਹੈ, ਨਹੀਂ ਆਉਣ ਵਾਲੇ ਤਕਰੀਬਨ ਇਕ ਦਹਾਕੇ ਤੱਕ ਪਾਣੀ ਦਾ ਬਹੁਤ ਵੱਡਾ ਸੰਕਟ ਪੈਦਾ ਹੋਣ ਵਾਲਾ ਹੈ। ਸਾਨੂੰ ਸਭ ਨੂੰ ਇਹ ਕੇਵਲ ਸੋਚਣਾ, ਸਮਝਣਾ ਨਹੀਂ ਸਗੋਂ ਹੁਣੇ ਤੋਂ ਪਾਣੀ ਦੀ ਵਰਤੋਂ ਪ੍ਰਤੀ ਸੰਜਮ ਵਰਤ ਕੇ ਸ਼ਾਇਦ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦਾ ਕੁਝ ਭਲਾ ਕਰ ਸਕੀਏ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ
ਗੱਲਬਾਤ ਦੀ ਮਹੱਤਤਾ
ਮਨੁੱਖੀ ਜੀਵਨ ਵਿਚ ਆਪਸ ਵਿਚ ਗੱਲਬਾਤ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਗੱਲਬਾਤ ਰਾਹੀਂ ਹੀ ਕਈ ਵੱਡੇ ਅਤੇ ਛੋਟੇ ਮਸਲੇ ਹੱਲ ਹੁੰਦੇ ਹਨ। ਗੱਲਬਾਤ ਰਾਹੀਂ ਹੀ ਸਾਨੂੰ ਦੂਸਰੇ ਮਨੁੱਖਾਂ ਦੀਆਂ ਭਾਵਨਾਵਾਂ, ਜ਼ਰੂਰਤਾਂ ਅਤੇ ਗੁੱਝੇ ਵਿਚਾਰਾਂ ਦੀ ਸਮਝ ਪੈਂਦੀ ਹੈ।
ਮਨੁੱਖੀ ਜੀਵਨ ਵਿਚ ਜਿਥੇ ਰਸਮੀ ਅਤੇ ਜ਼ਰੂਰੀ ਗੱਲਾਂ ਦਾ ਮਹੱਤਵ ਹੁੰਦਾ ਹੈ ਉਥੇ ਗੈਰ ਰਸਮੀਂ ਗੱਲਾਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਗੱਲਬਾਤ ਰਾਹੀਂ ਹੀ ਮਨੁੱਖ ਦੇ ਅਚੇਤਨ ਮਨ ਦੀਆਂ ਗੁੱਝੀਆਂ ਭਾਵਨਾਵਾਂ ਨੂੰ ਜਾਣਿਆ ਜਾ ਸਕਦਾ ਹੈ।
-ਸਤਵਿੰਦਰ ਕੌਰ
ਮੱਲ੍ਹੇਵਾਲ