JALANDHAR WEATHER

13-05-2025

 ਮਨੋਵਿਸ਼ਲੇਸ਼ਣ

ਮਨੋਵਿਗਿਆਨ ਵਿਸ਼ੇ ਦੇ ਇਤਿਹਾਸ ਵਿਚ ਮਨੋਵਿਸ਼ਲੇਸ਼ਣ ਵਿਧੀ ਦਾ ਵਿਸ਼ੇਸ਼ ਮਹੱਤਵ ਹੈ। ਮਨੋਵਿਗਿਆਨ ਵਿਸ਼ਾ ਵਧੇਰੇ ਮਸ਼ਹੂਰ ਹੋਇਆ ਅਤੇ ਆਮ ਲੋਕਾਂ ਵਿਚ ਖਿੱਚ ਦਾ ਕੇਂਦਰ ਬਣਿਆ। ਮਨੋਵਿਸ਼ਲੇਸ਼ਣ ਵਿਧੀ ਵਿਚ ਅਚੇਤਨ ਮਨ ਨੂੰ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਅਚੇਤਨ ਮਨ ਨੂੰ ਸਮਝਣ ਲਈ ਸਾਨੂੰ ਪਹਿਲਾਂ ਚੇਤਨ ਮਨ ਨੂੰ ਸਮਝਣਾ ਜ਼ਰੂਰੀ ਹੈ। ਜਿਹੜਾ ਵਿਵਹਾਰ, ਗੱਲਾਂ ਬਾਤਾਂ, ਕੰਮ-ਕਾਰ ਅਸੀਂ ਸਮਾਜ ਵਿਚ ਬਿਨਾਂ ਝਿਜਕ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਰਦੇ ਹਾਂ ਉਹ ਸਾਡੀ ਚੇਤਨ ਅਵਸਥਾ ਹੁੰਦੀ ਹੈ ਅਤੇ ਉਹ ਚੇਤਨ ਮਨ ਦਾ ਪ੍ਰਦਰਸ਼ਨ ਹੁੰਦੀ ਹੈ। ਚੇਤਨ ਅਵਸਥਾ ਦੀਆਂ ਗੁੰਝਲਾਂ, ਪ੍ਰੇਸ਼ਾਨੀਆਂ, ਤਜਰਬੇ ਅਤੇ ਦੁੱਖ-ਸੁੱਖ ਆਦਿ ਅਚੇਤਨ ਮਨ ਵਿਚ ਲਗਾਤਾਰ ਜੁੜਦੇ ਰਹਿੰਦੇ ਹਨ।
ਸਾਡੇ ਦੁਆਰਾ ਕੀਤੇ ਸਾਰੇ ਕੰਮ, ਸੋਚਾਂ-ਵਿਚਾਰਾਂ ਅਤੇ ਕੀਤੀਆਂ ਜਾਂਦੀਆਂ ਕਲਪਨਾਵਾਂ ਅਚੇਤਨ ਮਨ ਦਾ ਹਿੱਸਾ ਬਣ ਜਾਂਦੀਆਂ ਹਨ। ਅਚੇਤਨ ਮਨ ਦੀਆਂ ਗੁੰਝਲਾਂ ਤੇ ਦੱਬੀਆਂ ਹੋਈਆਂ ਭਾਵਨਾਵਾਂ ਸੁਪਨਿਆਂ ਦੇ ਰੂਪ ਵਿਚ ਪ੍ਰਗਟ ਹੁੰਦੀਆਂ ਹਨ। ਸਾਡੇ ਦੁਆਰਾ ਕੀਤਾ ਜਾਂਦਾ ਚੇਤਨ ਵਿਵਹਾਰ ਵੀ ਅਚੇਤਨ ਮਨ ਦੇ ਗਿਆਨ ਤੇ ਤਜਰਬੇ ਭੰਡਾਰ ਤੋਂ ਪ੍ਰਭਾਵਿਤ ਹੁੰਦਾ ਹੈ। ਮਨ ਵਿਚ 90 ਫ਼ੀਸਦੀ ਹਿੱਸਾ ਸਿਰਫ਼ ਅਚੇਤਨ ਮਨ ਨੂੰ ਪਹਿਚਾਣ ਕੇ ਸਰੀਰਕ ਬਿਮਾਰੀਆਂ, ਚਿੰਤਾਵਾਂ ਤੇ ਹੋਰ ਰੋਗਾਂ ਦੀ ਜਾਂਚ ਕੀਤੀ ਜਾਂਦੀ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ, ਹੁਸ਼ਿਆਰਪੁਰ।

ਵਧੀਆ ਲੇਖ

'ਅਜੀਤ ਮੈਗਜ਼ੀਨ' ਵਿਚ ਉਪਮਾ ਡਾਗਾ ਪਾਰਥ ਦਾ ਲਿਖਿਆ ਲੇਖ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਪੁਲ (ਚਿਨਾਬ ਬ੍ਰਿਜ) ਪੜ੍ਹਿਆ। ਇਸ ਪ੍ਰਾਜੈਕਟ ਨੂੰ ਪੂਰੇ ਹੋਣ ਵਿਚ 25 ਸਾਲਾਂ ਦਾ ਸਮਾਂ ਲੱਗਿਆ। ਹੁਣ ਦੇਸ਼ ਵਾਸੀ ਰੇਲ ਮਾਰਗ ਰਾਹੀਂ ਸ੍ਰੀਨਗਰ ਜਾ ਸਕਦੇ ਹਨ। ਮੇਰੇ ਵਰਗੇ ਹਜ਼ਾਰਾਂ ਵਿਅਕਤੀ ਜੋ ਬੱਸ ਰਾਹੀਂ ਜ਼ਿਆਦਾ ਸਫ਼ਰ ਨਹੀਂ ਕਰ ਸਕਦੇ ਹੁਣ ਖ਼ੁਸ਼ੀ-ਖ਼ੁਸ਼ੀ ਰੇਲ ਰਾਹੀਂ ਸ੍ਰੀਨਗਰ ਜਾ ਸਕਣਗੇ। ਮੈਂ ਅੱਸੀ ਸਾਲ ਦੀ ਉਮਰ ਪੂਰੀ ਕਰ ਲਈ ਹੈ ਅਤੇ ਅਜੇ ਤੱਕ ਸ੍ਰੀਨਗਰ ਨਹੀਂ ਜਾ ਸਕਿਆ ਕਿਉਂਕਿ ਬੱਸ ਰਾਹੀਂ ਜਾਣ ਸਮੇਂ ਪਹਾੜੀ ਰਸਤੇ ਵਿਚ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੰਮੂ ਕਈ ਵਾਰ ਜਾ ਆਇਆ ਹਾਂ। ਲੇਖ ਪੜ੍ਹ ਕੇ ਬਹੁਤ ਜਾਣਕਾਰੀ ਮਿਲੀ ਜਿਵੇਂ ਕਿ ਲੋਕ ਜ਼ਮੀਨ ਦੇਣ ਨੂੰ ਤਿਆਰ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਪਹਾੜਾਂ ਨੂੰ ਚੀਰ ਕੇ ਰੇਲ ਗੱਡੀ ਪਹੁੰਚ ਸਕੇਗੀ। ਇਸ ਪੂਰੇ ਪ੍ਰਾਜੈਕਟ ਵਿਚ ਕੁੱਲ 119 ਕਿਲੋਮੀਟਰ ਦੀਆਂ ਸੁਰੰਗਾਂ ਹਨ ਅਤੇ 13 ਕਿੱਲੋਮੀਟਰ ਦੇ 931 ਪੁਲ ਹਨ। ਜਾਣਕਾਰੀ ਦੇਣ ਲਈ ਅਜੀਤ ਦਾ ਧੰਨਵਾਦ, ਉਪਮਾ ਡਾਗਾ ਪਾਰਥ ਦਾ ਵੀ ਬਹੁਤ-ਬਹੁਤ ਧੰਨਵਾਦ।

-ਜੋਗਿੰਦਰ ਸਿੰਘ ਲੋਹਾਮ
ਸਟੇਟ ਤੇ ਨੈਸ਼ਨਲ ਐਵਾਰਡੀ, ਮੋਗਾ।

ਮੁਹੱਬਤ ਦੀ ਵਾਦੀ 'ਚ ਨਫ਼ਰਤ ਦੀ ਗੂੰਜ

ਕਸ਼ਮੀਰ ਇਕ ਐਸੀ ਧਰਤੀ ਜਿੱਥੇ ਕਦੇ ਸ਼ੇਰ-ਓ-ਸ਼ਾਇਰੀ ਨੇ ਮੁਹੱਬਤ ਦੇ ਫੁੱਲ ਖਿਲਾਏ, ਜਿੱਥੇ ਹਰ ਦਰਿਆ ਨੇ ਸਾਂਝੇਪਣ ਦੀ ਲੋਰੀ ਗਾਈ, ਅੱਜ ਉਸੇ ਵਾਦੀ ਵਿਚ ਫਿਰ ਇਕ ਵਾਰੀ ਨਫ਼ਰਤ ਦੀ ਗੂੰਜ ਸੁਣਾਈ ਦਿੱਤੀ। 22 ਅਪ੍ਰੈਲ ਦੀ ਉਹ ਸ਼ਾਮ ਜਦ ਪਹਿਲਗਾਮ ਦੇ ਪਹਾੜਾਂ ਨੇ ਗੋਲੀਆਂ ਦੀ ਆਵਾਜ਼ ਸੁਣੀ, ਉਹ ਸਿਰਫ਼ ਇਕ ਹਮਲਾ ਨਹੀਂ ਸੀ, ਉਹ ਇਨਸਾਨੀਅਤ ਦੇ ਵਿਰੁੱਧ ਜੰਗ ਸੀ। ਨਿਰਦੋਸ਼ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੇ ਨਫ਼ਰਤ ਨੂੰ ਰੀਝ ਬਣਾ ਲਿਆ, ਰੱਬ ਦੇ ਨਾਂਅ 'ਤੇ ਖ਼ੂਨ ਵਹਾ ਦਿੱਤਾ। ਕਸ਼ਮੀਰ ਹਮੇਸ਼ਾ ਮੁਹੱਬਤ ਅਤੇ ਸਾਂਝੇ ਸੱਭਿਆਚਾਰ ਦੀ ਨਿਸ਼ਾਨੀ ਰਿਹਾ ਹੈ। ਸਿੱਖ, ਹਿੰਦੂ, ਮੁਸਲਮਾਨ, ਬੋਧ ਸਭ ਨੇ ਇੱਥੇ ਆਪਣਾ ਰਿਸ਼ਤਾ ਜੋੜਿਆ। ਪਰ ਜਦੋਂ ਅਜਿਹੀ ਧਰਤੀ 'ਤੇ ਨਫ਼ਰਤ ਦੇ ਗੋਲੇ ਵਰਸਣ ਤਾਂ ਸਿਰਫ਼ ਜਾਨਾਂ ਨਹੀਂ ਜਾਂਦੀਆਂ ਸਦੀਆਂ ਪੁਰਾਣੀ ਭਰੋਸੇ ਦੀ ਨੀਂਹ ਵੀ ਕੰਬ ਜਾਂਦੀ ਹੈ। ਧਰਮ, ਜੋ ਸਾਫ਼ ਦਿਲ, ਪਿਆਰ ਅਤੇ ਕਰੁਣਾ ਦੀ ਪਹਿਚਾਣ ਹੋਣਾ ਚਾਹੀਦਾ ਸੀ, ਅੱਜ ਹਥਿਆਰ ਬਣ ਗਿਆ ਹੈ। ਜਦ ਰੱਬ ਦੇ ਨਾਂਅ 'ਤੇ ਗੋਲੀਆਂ ਚੱਲਦੀਆਂ ਹਨ ਤਾਂ ਸਵਾਲ ਧਰਮ 'ਤੇ ਨਹੀਂ, ਸਵਾਲ ਸਾਡੀ ਸੋਚ 'ਤੇ ਖੜ੍ਹਾ ਹੁੰਦਾ ਹੈ। ਸਿਆਸੀ ਰੋਟੀਆਂ ਸਿਕਦੀਆਂ ਰਹਿੰਦੀਆਂ ਹਨ, ਪਰ ਹਮਲੇ ਹਮੇਸ਼ਾ ਬੇਕਸੂਰਾਂ ਦੀ ਜਾਨ ਲੈਂਦੇ ਹਨ। ਪਹਿਲਗਾਮ ਦੀ ਵਾਦੀ ਅਜੇ ਵੀ ਖ਼ਾਮੋਸ਼ ਹੈ, ਪਰ ਉਸ ਖ਼ਾਮੋਸ਼ੀ 'ਚ ਇਕ ਗੂੰਜ ਹੈ-ਮਦਦ ਕਰੋ, ਆਵਾਜ਼ ਚੁੱਕੋ, ਹਿੰਸਾ ਨੂੰ ਰੋਕੋ। ਅਸੀਂ ਚੁੱਪ ਰਹਾਂਗੇ ਤਾਂ ਇਹ ਗੋਲੀਆਂ ਕੱਲ੍ਹ ਸਾਡੇ ਘਰਾਂ ਤੱਕ ਆ ਸਕਦੀਆਂ ਹਨ। ਮੁਹੱਬਤ ਦੀ ਵਾਦੀ ਨੂੰ ਮੁੜ ਉਸ ਦੀ ਪਛਾਣ ਦੇਣੀ ਪਵੇਗੀ, ਜਿੱਥੇ ਨਾ ਗੋਲੀਆਂ ਹੋਣ, ਨਾ ਨਫ਼ਰਤ, ਸਿਰਫ਼ ਮੁਹੱਬਤ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ।

ਦੁਖਦਾਈ ਘਟਨਾ

ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀਆਂ ਵਲੋਂ ਹਮਲਾ ਕਰ ਕੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਘੁੰਮਣ ਆਏ ਲੋਕਾਂ ਨੂੰ ਮਾਰਨ ਤੇ ਪੂਰੇ ਦੇਸ਼ ਵਿਚ ਅੱਤਵਾਦੀਆਂ ਵਿਰੁੱਧ ਬਹੁਤ ਜ਼ਿਆਦਾ ਰੋਸ ਅਤੇ ਗੁੱਸਾ ਹੈ। ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਨੂੰ ਮਾਰ ਕੇ ਬਹੁਤ ਕਾਇਰਾਨਾ ਹਰਕਤ ਕੀਤੀ ਹੈ। ਬੇਕਸੂਰ ਲੋਕਾਂ ਨੂੰ ਕਤਲ ਕਰ ਕੇ ਤੁਹਾਨੂੰ ਕੁਝ ਵੀ ਹਾਸਿਲ ਨਹੀਂ ਹੋਣਾ। ਸਾਰੇ ਦੇਸ਼ ਵਾਸੀਆਂ ਵਲੋਂ ਇਸ ਅੱਤਵਾਦੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਸਾਡੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਅਜਿਹਾ ਸਬਕ ਸਿਖਾਇਆ ਜਾਵੇ, ਫਿਰ ਤੋਂ ਕੋਈ ਭਾਰਤ ਵੱਲ ਅੱਖ ਕਰਨ ਦੀ ਜ਼ੁਅਰਤ ਨਾ ਕਰੇ। ਸਾਰਾ ਦੇਸ਼ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗਾ। ਫਿਰ ਹੀ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਮਿਲੇਗੀ। ਪਰ ਇਸ ਦੁੱਖ ਦੀ ਘੜੀ ਵਿਚ ਸਾਰਾ ਦੇਸ਼ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਅੱਤਵਾਦ ਦੇ ਮੁੱਦੇ 'ਤੇ ਇਕ ਹੋਣਾ ਚਾਹੀਦਾ ਹੈ। ਅੱਤਵਾਦ ਦੇ ਖ਼ਾਤਮੇ ਲਈ ਕੋਈ ਠੋਸ ਨੀਤੀ ਤੇ ਵਿਚਾਰ ਕਰਨੀ ਚਾਹੀਦੀ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ -11, ਭਾਗੂ ਰੋਡ, ਬਠਿੰਡਾ।