15-05-2025
ਰਾਜਨੀਤਕ ਸਾਂਝ
ਪਾਣੀਆਂ ਦੇ ਮੁੱਦੇ 'ਤੇ ਪੰਜਾਬ ਨੇ ਸਿਆਸੀ ਫਿਜ਼ਾਵਾਂ ਅੰਦਰ ਰਾਜਨੀਤਕ ਸਾਂਝ ਦਾ ਪੁਲ ਉਸਾਰ ਕੇ ਪਾਣੀਆਂ 'ਤੇ ਪੈਣ ਵਾਲੇ ਡਾਕੇ ਨੂੰ ਰੋਕ ਲਿਆ ਹੈ। ਪੰਜਾਬ ਦੀ ਤਾਂ ਸਿਆਸਤ ਹੀ ਪਾਣੀਆਂ ਦਾ ਮੁੱਦਾ ਹੈ। ਚੋਣਾਂ ਤੋਂ ਪਹਿਲਾਂ ਬਾਕੀ ਮੁੱਦੇ ਪਿੱਛੇ ਹੋ ਜਾਂਦੇ ਹਨ ਸਿਰਫ਼ ਇਕ ਵਾਰ ਪਾਣੀਆਂ ਦੇ ਮੁੱਦੇ ਦਾ ਰਾਗ ਅਲਾਪ ਦਿਉ। ਹੁਣ ਵੀ ਵੱਧ ਪਾਣੀ ਦਿੱਤਾ ਹੈ ਪਰ ਜਦੋਂ ਅੱਗ ਨੂੰ ਆਈ ਮਾਲਕਣ ਬਣਨ ਦੀ ਕੋਸ਼ਿਸ਼ ਹੋਈ, ਫਿਰ ਮੁੱਖ ਮੰਤਰੀ ਨੇ ਇਕੋ ਲੁਹਾਰ ਦੀ ਮਾਰ ਕੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਇਸ ਤੋਂ ਇਲਾਵਾ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਪੰਜਾਬ ਨੂੰ ਇਕ ਸੂਤਰ ਵਿਚ ਪਰੋ ਦਿੱਤਾ। ਇਸ ਨਾਲ ਸ਼ੁੱਭ ਸ਼ੁਰੂਆਤ ਹੋਈ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਮੰਗ ਕੇ ਜਾਨ ਲੈ ਲਉ। ਇਸ ਪਿੱਛੇ ਵੀ ਕੁਝ ਲਗਦਾ ਹੈ। ਹਾਂ ਵਾਧੂ ਪਾਣੀ ਭਰਾ ਨੂੰ ਦੇਣਾ ਚਾਹੀਦਾ ਹੈ ਪਰ ਸੀਨਾ ਜ਼ੋਰੀ ਪੰਜਾਬੀ ਬਰਦਾਸ਼ਤ ਨਹੀਂ ਕਰਦੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਆਵਾਜ਼ ਪ੍ਰਦੂਸ਼ਣ
ਅੱਜ ਕੱਲ੍ਹ ਵਾਹਨਾਂ 'ਤੇ ਲੱਗੇ ਹਾਰਨ ਬੇਲੋੜਾ ਵਜਾਏ ਜਾ ਰਹੇ ਹਨ ਜੋ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਮਹਾਨਗਰਾਂ ਵਿਚ ਆਵਾਜ਼ ਪ੍ਰਦੂਸ਼ਣ ਪੈਦਾ ਕਰਦੇ ਹਨ। ਦੋ ਪਹੀਆ ਵਾਹਨ ਤੇ ਖੱਬੇ ਪਾਸੇ ਹੈਂਡਲ ਕੋਲ ਅਤੇ ਮੋਟਰ ਵਾਹਨਾਂ 'ਤੇ ਸਟੇਰਿੰਗ ਵੀਲ੍ਹ ਕੋਲ ਸਵਿੱਚ ਲੱਗੇ ਹੁੰਦੇ ਹਨ। ਲੋੜ ਪੈਣ 'ਤੇ ਸਵਿੱਚ ਦਬਾ ਕੇ ਹਾਰਨ ਵਜਾਇਆ ਜਾਂਦਾ ਹੈ। ਬਹੁਤ ਸਾਰੇ ਵਾਹਨਾਂ 'ਤੇ ਪ੍ਰੈਸ਼ਰ ਹਾਰਨ ਲੱਗੇ ਹੁੰਦੇ ਹਨ ਜੋ ਅਚਾਨਕ ਵਜਾਉਣ ਨਾਲ ਘਟਨਾ ਵਾਪਰਨ ਦਾ ਡਰ ਰਹਿੰਦਾ ਹੈ। ਬਾਹਰਲੇ ਦੇਸ਼ ਵਿਚ ਹਾਰਨ ਵਜਾਉਣਾ ਗਾਲ੍ਹ ਕੱਢਣ ਦੇ ਬਰਾਬਰ ਸਮਝਿਆ ਜਾਂਦਾ ਹੈ। ਸਕੂਲ, ਹਸਪਤਾਲ, ਮੰਦਰ ਅਤੇ ਗੁਰਦੁਆਰਿਆਂ ਕੋਲ ਹਾਰਨ ਦੀ ਸੋਚ-ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ। ਹਾਰਨ ਦੀ ਬਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ। ਹਾਰਨ ਵਜਾਉਣ ਵੇਲੇ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
-ਕਸ਼ਮੀਰੀ ਲਾਲ ਚਾਵਲਾ, ਮੁਕਤਸਰ।
ਨਸ਼ਿਆਂ 'ਤੇ ਕਾਬੂ ਪਾਉਣ ਦਾ ਯਤਨ
ਪੰਜਾਬ ਸਰਕਾਰ ਇਸ ਵੇਲੇ ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਲਾਉਣ ਦਾ ਭਰਪੂਰ ਯਤਨ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਿਦਾਇਤਾਂ 'ਤੇ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਕੋਈ ਸ਼ੱਕ ਨਹੀਂ ਕਿ ਉਪਰਲੇ ਪੱਧਰ 'ਤੇ ਨਸ਼ੇ ਨੂੰ ਰੋਕਣ ਦੇ ਭਰਪੂਰ ਯਤਨ ਹੋ ਰਹੇ ਹਨ, ਪਰ ਥਾਣਿਆਂ 'ਚ ਹਾਲੇ ਵੀ ਕੁਝ ਭ੍ਰਿਸ਼ਟ ਅਫ਼ਸਰਾਂ ਦੀ ਨਸ਼ਾ ਤਸਕਰਾਂ ਨਾਲ ਸਾਂਝ ਨਸ਼ੇ ਨੂੰ ਰੋਕਣ ਦੇ ਰਾਹ 'ਚ ਰੁਕਾਵਟ ਬਣ ਰਹੀ ਹੈ। ਨਸ਼ਾ ਤਸਕਰਾਂ ਨਾਲ ਸਾਂਝ ਰੱਖਣ ਵਾਲੇ ਅਜਿਹੇ ਪੁਲਿਸ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਵੇ। ਜਦੋਂ ਤੱਕ ਕਿਸੇ ਇਕ ਵੀ ਪੁਲਿਸ ਮੁਲਾਜ਼ਮ ਦੀ ਕਿਸੇ ਨਸ਼ਾ ਤਸਕਰ ਨਾਲ ਸਾਂਝ ਹੈ ਉਦੋਂ ਤੱਕ ਨਸ਼ਿਆਂ 'ਤੇ ਕਾਬੂ ਪਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆਂ ਦੇ ਵਿਰੋਧ ਜਾਗਰੂਕ ਕਰਨਾ ਪਵੇਗਾ, ਨਸ਼ਾ ਕਰਨ ਵਾਲੇ ਰੋਗੀਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਦਾ ਇਲਾਜ ਕਰਵਾ ਉਨ੍ਹਾਂ ਨੂੰ ਕੰਮ ਧੰਦਿਆਂ 'ਤੇ ਲਗਵਾਉਣਾ ਪਵੇਗਾ। ਅਗਰ ਸਰਕਾਰ ਇਹ ਕੁਝ ਕਰਨ ਵਿਚ ਕਾਮਯਾਬ ਹੁੰਦੀ ਹੈ ਤਾਂ ਭਗਵੰਤ ਮਾਨ ਸਰਕਾਰ ਦਾ ਕਾਰਜਕਾਲ ਸਫ਼ਲ ਮੰਨਿਆ ਜਾਵੇਗਾ।
-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ (ਲੁਧਿਆਣਾ)
ਲੋਕਤੰਤਰੀ ਸਮਾਜ ਦਾ ਸ਼ੀਸ਼ਾ ਹੈ ਪ੍ਰੈੱਸ
'ਕੌਮਾਂਤਰੀ ਪ੍ਰੈੱਸ ਦਿਵਸ' 'ਤੇ ਵਿਸ਼ੇਸ਼ ਆਰਟੀਕਲ 'ਪੂਰਨ ਚੰਦ ਸਰੀਨ' ਦੁਆਰਾ ਪੱਤਰਕਾਰੀ ਦੀਆਂ ਸੰਭਾਵਨਾਵਾਂ ਤੇ ਚੁਨੌਤੀਆਂ ਨੂੰ ਵਿਸਥਾਰ ਪੂਰਵਕ ਉਭਾਰਦਾ ਹੈ। ਪੱਤਰਕਾਰੀ ਪ੍ਰੈੱਸ ਜਾਂ ਮੀਡੀਆ ਕਿਸੇ ਵੀ ਲੋਕਤੰਤਰੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੋ ਕਿ ਪੂਰਨ ਆਜ਼ਾਦੀ ਦੇ ਰੂਪ ਵਿਚ ਵਧੇਰੇ ਨਿਖਰਦਾ ਤੇ ਮਜ਼ਬੂਤ ਹੁੰਦਾ ਹੈ। ਆਰਟੀਕਲ ਵਿਚ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਸਾਡੇ ਦੇਸ਼ ਦਾ 180 ਦੇਸ਼ਾਂ ਦੀ ਸੂਚੀ ਵਿਚ 159 ਵੇਂ ਸਥਾਨ ਤੇ ਹੋਣਾ ਗੰਭੀਰ ਸਥਿਤੀ ਨੂੰ ਬਿਆਨ ਕਰਦਾ ਹੈ ਤੇ ਉਭਰਦੀ ਚੁਣੌਤੀਆਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀ ਟੈਕਨੋਲੋਜੀ ਸੰਬੰਧੀ ਚਿੰਤਾ ਨੂੰ ਪ੍ਰੈੱਸ 'ਤੇ ਹਾਵੀ ਹੋਣ ਨੂੰ ਬਿਆਨ ਕਰਦਾ ਹੈ। ਬਾਕੀ ਅਜਿਹੀ ਪ੍ਰਣਾਲੀ ਹੋਣੀ ਚਾਹੀਦੀ ਹੈ ਜਿਸ ਵਿਚ ਪ੍ਰੈੱਸ ਦੀ ਪੂਰਨ ਆਜ਼ਾਦੀ ਤੇ ਆਮ ਨਾਗਰਿਕ, ਸੰਸਥਾ, ਸੰਚਾਰ ਮਾਧਿਅਮ ਨੂੰ ਬੇਝਿਜਕ ਸੱਚਾਈ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਦੀ ਭਰਪੂਰ ਸਮਰੱਥਾ ਹੋਵੇ ਜਿਸ ਵਿਚ ਰਾਜਨੀਤਕ ਪੱਖੋਂ ਕਿਸੇ ਵੀ ਕਿਸਮ ਦੀ ਦਖਲਅੰਦਾਜ਼ੀ ਨਾ ਹੋਵੇ। ਪ੍ਰੈੱਸ ਜਾਂ ਮੀਡੀਆ ਸੰਚਾਰ ਸਾਧਨ ਤੰਦਰੁਸਤ ਤੇ ਲੋਕਤੰਤਰਿਕ ਸਮਾਜ ਨੂੰ ਬਿਆਨ ਕਰਨ ਵਾਲਾ ਸ਼ੀਸ਼ਾ ਹੁੰਦਾ ਹੈ ਜੋ ਕਿ ਪਾਰਦਰਸ਼ਿਤਾ ਦੇ ਆਧਾਰ 'ਤੇ ਹੀ ਨਿਰਪੱਖ ਤੇ ਮਜ਼ਬੂਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਵਾਕਿਆ ਹੀ ਸਾਨੂੰ ਦੁਨੀਆ ਵਿਚ ਪ੍ਰੈੱਸ ਆਜ਼ਾਦੀ ਦੇ ਮੁਕਾਬਲੇ ਭਾਰਤ ਵਿਚ ਪ੍ਰੈੱਸ ਆਜ਼ਾਦੀ 'ਤੇ ਸੋਚਣ ਦੀ ਲੋੜ ਹੈ।
-ਕੰਵਲਪ੍ਰੀਤ ਕੌਰ ਥਿੰਦ,
ਅੰਮ੍ਰਿਤਸਰ।
ਨਰੇਗਾ ਕਾਮਿਆਂ ਦੀ ਖੱਜਲ-ਖੁਆਰੀ
ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਨਰੇਗਾ ਸਕੀਮ ਪਿੰਡਾਂ ਦਾ ਕਲਿਆਣ ਕਰਨ ਵਿਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਸਕੀਮ ਦੀ ਬਦੌਲਤ ਅਨੇਕਾਂ ਹੀ ਘਰਾਂ ਵਿਚ ਰੋਟੀ ਪੱਕ ਰਹੀ ਹੈ। ਕਾਫ਼ੀ ਸਮਾਂ ਤਾਂ ਇਹ ਸਕੀਮ ਹਾਜ਼ਰੀ ਪੱਖੋਂ ਬਹੁਤ ਵਧੀਆ ਰਹੀ ਪ੍ਰੰਤੂ ਜਿਸ ਸਮੇਂ ਤੋਂ ਨਰੇਗਾ ਕਾਮਿਆਂ ਦੀ ਹਾਜ਼ਰੀ ਆਨਲਾਈਨ ਲੱਗਣੀ ਸ਼ੁਰੂ ਕੀਤੀ ਗਈ ਹੈ, ਉਸ ਸਮੇਂ ਤੋਂ ਨਰੇਗਾ ਕਾਮਿਆਂ ਦੀ ਬਹੁਤ ਜ਼ਿਆਦਾ ਖੱਜਲ-ਖੁਆਰੀ ਹੋ ਰਹੀ ਹੈ ਅਤੇ ਕੰਮ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਗੱਲ ਇਸ ਤਰ੍ਹਾਂ ਹੈ ਕਿ ਜਿਸ ਦਿਨ ਪਹਿਲੀ ਥਾਂ ਤੋਂ ਹਾਜ਼ਰੀ ਆਨਲਾਈਨ ਲਗਾ ਦਿੱਤੀ, ਹਰ ਵਾਰ ਉਸੇ ਥਾਂ ਤੋਂ ਹੀ ਹਾਜ਼ਰੀ ਲਗਾਉਣੀ ਪੈਂਦੀ ਹੈ, ਜਦਕਿ ਕੰਮ ਉਸ ਤੋਂ ਕਾਫ਼ੀ ਦੂਰ ਕਰਨ ਲਈ ਜਾਣਾ ਪੈਂਦਾ ਹੈ। ਇਸ ਤਰ੍ਹਾਂ ਹੋਣ ਕਰਕੇ ਸਵੇਰੇ-ਸ਼ਾਮ ਨਰੇਗਾ ਕਾਮਿਆਂ ਨੂੰ ਕੰਮ ਵਾਲੀ ਤੇ ਸਵੇਰੇ ਜਾਣ ਅਤੇ ਸ਼ਾਮ ਨੂੰ ਹਾਜ਼ਰੀ ਲਗਵਾਉਣ ਵਾਲੀ ਥਾਂ 'ਤੇ ਆਉਣ ਜਾਣ ਲਈ ਬਹੁਤ ਜਿਆਦਾ ਖੱਜਲ ਖੁਆਰ ਹੋਣਾ ਪੈਂਦਾ ਹੈ, ਜਿਸ ਕਾਰਨ ਤਕਰੀਬਨ ਦੋਵੇਂ ਵੇਲਿਆਂ ਨੂੰ ਮਿਲਾ ਕੇ ਦੋ ਘੰਟੇ ਕੰਮ ਦਾ ਨੁਕਸਾਨ ਹਰ ਰੋਜ਼ ਹੀ ਹੁੰਦਾ ਰਹਿੰਦਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਤੇ ਹਾਜ਼ਰੀ ਕੰਮ ਵਾਲੇ ਸਥਾਨ 'ਤੇ ਹੀ ਲੱਗਣੀ ਯਕੀਨੀ ਬਣਾਉਣੀ ਚਾਹੀਦੀ ਹੈ।
-ਅੰਗਰੇਜ ਸਿੰਘ ਵਿੱਕੀ ਕੋਟਗੁਰੂ
ਪਿੰਡ - ਕੋਟਗੁਰੂ (ਬਠਿੰਡਾ)
ਆਏ ਦਿਨ ਕਤਲ
ਜ਼ਿੰਦਗੀ ਸਾਨੂੰ ਖੁਸ਼ੀ ਨਾਲ ਜਿਊਣ ਲਈ ਮਿਲੀ ਹੈ। ਉਸੇ ਨੂੰ ਅਸੀਂ ਲੜਾਈ-ਝਗੜੇ ਵਿਚ ਬਤੀਤ ਕਰ ਰਹੇ ਹਾਂ। ਲੋਕਾਂ ਦਾ ਮਾਨਸਿਕ ਪੱਧਰ ਇੰਨਾ ਖਰਾਬ ਹੋ ਗਿਆ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਕਾਰਨ ਲੋਕ ਇਕ-ਦੂਜੇ ਨੂੰ ਮਾਰ ਰਹੇ ਹਨ। ਪਤਾ ਨਹੀਂ ਅਸੀਂ ਕਿੱਧਰ ਨੂੰ ਤੁਰ ਪਏ ਹਾਂ, ਸਹਿਣਸ਼ੀਲਤਾ ਸਾਡੇ ਵਿਚ ਰਹੀ ਨਹੀਂ। ਸਾਡੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ, ਸਾਡੇ ਗੁਰੂਆਂ ਨੇ ਸਾਨੂੰ ਸਹਿਣਸ਼ੀਲਤਾ ਨਾਲ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਹੈ। ਕਈ ਵਾਰ ਜੋ ਫੈਸਲਾ ਅਸੀਂ ਸ਼ਾਂਤੀ ਨਾਲ ਲੈ ਸਕਦੇ ਹਾਂ, ਉਹੀ ਫੈਸਲਾ ਅਸੀਂ ਹਿੰਸਕ ਹੋ ਕੇ ਲੈਂਦੇ ਹਾਂ।
ਸੋ, ਲੋੜ ਹੈ ਕੁਝ ਸਮਾਂ ਸੋਚਣ ਦੀ ਅਤੇ ਫੈਸਲਾ ਲੈਣ ਦੀ।
-ਲਵਪ੍ਰੀਤ ਕੌਰ।