23-05-2025
ਪਾਣੀ ਅਤੇ ਕਿਸਾਨ
ਪੰਜਾਬ 'ਚ ਕਿਸੇ ਨੂੰ ਪੁੱਛ ਲਵੋ ਖ਼ਾਸ ਕਰ ਕੇ ਸ਼ਹਿਰੀ ਤਬਕੇ ਨੂੰ ਲੈ ਕੇ, ਕਿ ਪੰਜਾਬ 'ਚ ਪਾਣੀ ਕਿਉਂ ਘਟ ਰਿਹਾ ਹੈ ਸ਼ਹਿਰੀ ਕਹਿਣਗੇ ਕਿ ਝੋਨੇ ਕਰਕੇ ਪਰੰਤੂ ਝੋਨੇ ਤੋਂ ਇਲਾਵਾ ਹੋਰ ਵੀ ਬੜੇ ਕਾਰਨ ਨੇ ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤੇ ਉਸ ਪਾਸੇ ਵੱਲ ਕਦਮ ਉਠਾ ਕੇ ਪਾਣੀ ਬਚਾਇਆ ਜਾ ਸਕਦਾ ਹੈ। ਝੋਨਾ ਲਾਉਣਾ ਕਿਸਾਨਾਂ ਦਾ ਸ਼ੌਕ ਨਹੀਂ, ਮਜਬੂਰੀ ਹੈ ਕਿਉਂਕਿ ਇਸ ਤੋਂ ਇਲਾਵਾ ਬਾਕੀ ਫ਼ਸਲਾਂ ਦੀ ਮੰਡੀ ਨਹੀਂ ਹੈ।
ਸ਼ਹਿਰਾਂ, ਪਿੰਡਾਂ ਵਿਚ 50 ਗ੍ਰਾਮ ਪਿਸ਼ਾਬ ਕਰਕੇ 5 ਤੋਂ 10 ਲੀਟਰ ਦੇ ਕਰੀਬ ਪਾਣੀ ਫਲੱਸ਼ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਰੋਜ਼ਾਨਾ ਕਰੋੜਾਂ ਲੀਟਰ ਪਾਣੀ ਵੇਸਟ ਕਰ ਦਿੱਤਾ ਜਾਂਦਾ ਹੈ। ਵੱਡੇ ਸ਼ਹਿਰਾਂ 'ਚ ਤਾਂ ਕਰੋੜਾਂ ਲੀਟਰ ਪੀਣ ਵਾਲਾ ਪਾਣੀ ਸਿਰਫ ਕਾਰਾਂ ਧੋਣ ਲਈ ਡੋਲ੍ਹਿਆ ਜਾਂਦਾ ਹੈ। ਕੀ ਕਦੀ ਸਰਕਾਰ ਨੇ ਇਸ ਉੱਪਰ ਸਖ਼ਤੀ ਕੀਤੀ ਹੈ। ਇਕ ਕਿਸਾਨ ਹੀ ਹੈ ਜੋ ਬਰਸਾਤ ਦੇ ਪਾਣੀ ਦਾ ਸਹੀ ਉਪਯੋਗ ਕਰਦਾ ਹੈ। ਸ਼ਹਿਰਾਂ ਵਿਚ ਇੱਕਾ-ਦੁੱਕਾ ਨੂੰ ਛੱਡ ਕੇ ਕੀ ਕੋਈ ਹੈ ਜੋ ਕਰੋੜਾਂ ਲੀਟਰ ਬਰਸਾਤ ਦਾ ਪਾਣੀ ਬਚਾਉਂਦਾ ਹੈ? ਕਿਸਾਨ ਤਾਂ ਕਹਿੰਦਾ ਉਸ ਨੂੰ ਨਹਿਰੀ ਪਾਣੀ ਦਿਉ ਤਾਂ ਜੋ ਉਸ ਦਾ ਮੋਟਰ ਦਾ ਖ਼ਰਚਾ ਘਟੇ।
ਪੰਜਾਬ ਦੇ ਸ਼ਹਿਰਾਂ ਵਿਚ ਸ਼ਾਇਦ ਹੀ ਐਸਾ ਕੋਈ ਘਰ ਹੋਵੇ ਜਿਥੇ ਆਰ.ਓ. ਨਾ ਲੱਗਿਆ ਹੋਵੇ। ਆਰ.ਓ. ਦਾ 25 ਫ਼ੀਸਦੀ ਪਾਣੀ ਲਈ 75 ਫ਼ੀਸਦੀ ਪੈਣੀ ਬੇਕਾਰ ਜਾਂਦਾ ਹੈ। ਮਤਲਬ 1 ਲੀਟਰ ਪਾਣੀ ਲਈ 3 ਲੀਟਰ ਪਾਣੀ ਬਰਬਾਦ ਹੁੰਦਾ ਹੈ। ਜੇਕਰ ਪੰਜਾਬ ਵਿਚ 2 ਕਰੋੜ ਲੀਟਰ ਪਾਣੀ ਲੋਕ ਵਰਤਦੇ ਆ ਤੇ 3 ਕਰੋੜ ਲੀਟਰ ਇਕ ਦਿਨ ਦਾ ਪਾਣੀ ਵੇਸਟ ਹੁੰਦਾ ਹੈ।
-ਬਿੱਕਰ ਸਿੰਘ ਸੁਹਾਵੀ (ਮਾਸਟਰ)
ਬੇਰੁਜ਼ਗਾਰਾਂ ਨਾਲ ਮਜ਼ਾਕ
ਭਾਵੇਂ ਵੱਖ-ਵੱਖ ਵਿਭਾਗਾਂ ਵਲੋਂ ਅਸਾਮੀਆਂ ਭਰਨ ਸਮੇਂ ਆਨਲਾਈਨ ਹੀ ਫਾਰਮ ਭਰਵਾਏ ਜਾਂਦੇ ਹਨ, ਪਰੰਤੂ ਕਈ ਵਾਰ ਕੁਝ ਵਿਭਾਗ ਜਾਂ ਅਦਾਰੇ ਵਲੋਂ ਆਫਲਾਈਨ/ਦਸਤੀ ਹੀ ਫਾਰਮ ਮੰਗ ਲਏ ਜਾਂਦੇ ਹਨ ਜਿਸ ਨਾਲ ਕਈ ਵਾਰ ਫੀਸ ਵਜੋਂ ਡਰਾਫਟ ਮੰਗ ਲਿਆ ਜਾਂਦਾ ਹੈ। ਜਦੋਂ ਕੋਈ ਬੇਰੁਜ਼ਗਾਰ ਡਰਾਫਟ ਬਣਾਉਣ ਲਈ ਜਾਂਦਾ ਹੈ ਤਾਂ ਅੱਗੋਂ ਜ਼ਿਆਦਾਤਰ ਬੈਂਕਾਂ ਵਾਲੇ ਉਸ ਨੂੰ ਬਹੁਤ ਪ੍ਰੇਸ਼ਾਨ ਤੇ ਜਲੀਲ ਕਰਦੇ ਹਨ। ਕਦੇ ਆਖਦੇ ਹਨ ਕਿ ਅੱਜ ਸਿਸਟਮ ਨਹੀਂ ਚੱਲਦਾ, ਕਦੇ ਆਖਦੇ ਹਨ ਕਿ ਅੱਜ ਤਾਂ ਪ੍ਰਿੰਟਰ ਖ਼ਰਾਬ ਹੈ, ਕਦੇ ਆਖਦੇ ਹਨ ਕਿ ਉਸ ਬੈਂਕ ਵਿਚ ਜਾ ਕੇ ਬਣਾਓ ਜਿੱਥੇ ਤੁਹਾਡਾ ਖਾਤਾ ਹੈ। ਇਸ ਤਰ੍ਹਾਂ ਕੋਝਾ ਮਜ਼ਾਕ ਹੋਣ ਨਾਲ ਵਿਚਾਰਾ ਬੇਰੁਜ਼ਗਾਰ ਕਈ-ਕਈ ਦਿਨ ਭਟਕਦਾ ਰਹਿੰਦਾ ਹੈ। ਜਦਕਿ ਬੈਂਕ ਵਿਚ ਸਭ ਕੁਝ ਹੀ ਦਰੁਸਤ ਹੁੰਦਾ ਹੈ।
ਬੱਸ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਗਾ ਕੇ ਦੁਖੀ ਬੇਰੁਜ਼ਗਾਰ ਨੂੰ ਹੋਰ ਦੁਖੀ ਕੀਤਾ ਜਾਂਦਾ ਹੈ। ਇਹ ਕੌੜਾ ਤਜਰਬਾ ਤਕਰੀਬਨ ਹਰ ਬੇਰੁਜ਼ਗਾਰ ਵਿਅਕਤੀ ਦਾ ਜ਼ਰੂਰ ਹੋਇਆ ਹੋਵੇਗਾ। ਬੈਂਕਾਂ ਦੇ ਉੱਚ ਅਧਿਕਾਰੀਆਂ ਨੂੰ ਬੇਰੁਜ਼ਗਾਰਾਂ ਦੇ ਇਸ ਦਰਦ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਕਿਸੇ ਦਿਨ ਉਹ ਵੀ ਬੇਰੁਜ਼ਗਾਰ ਸਨ। ਸਰਕਾਰ ਨੂੰ ਵੀ ਇਸ ਪਾਸੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ।
-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਮੌਤਾਂ ਲਈ ਜ਼ਿੰਮੇਵਾਰ ਕੌਣ...
ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲੇ ਦੇ ਮਜੀਠਾ ਹਲਕੇ ਦੇ ਪਿੰਡ ਭੰਗਾਲੀ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਦੋ ਦਰਜਨ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਗਰੀਬ ਦਿਹਾੜੀਦਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਸਨ। ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਈਆਂ ਮੌਤਾਂ ਨੇ ਕਈ ਪਿੰਡਾਂ ਦੇ ਘਰਾਂ 'ਚ ਵਿਚ ਸੱਥਰ ਵਿਛਾ ਦਿੱਤੇ ਹਨ। ਕਿੰਨੇ ਹੱਸਦੇ-ਵਸਦੇ ਘਰ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਉਜਾੜ ਦਿੱਤੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਸਖ਼ਤੀ ਕੀਤੀ ਹੋਈ ਹੈ। ਸਰਕਾਰ ਨਸ਼ੇ ਖ਼ਤਮ ਕਰਨ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਸੀ, ਪਰ ਇਸ ਘਟਨਾ ਨੇ ਸਰਕਾਰ ਦੀ ਸਾਰੀ ਪੋਲ ਖੋਲ੍ਹ ਦਿੱਤੀ ਹੈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਰਿਸ਼ਤਿਆਂ ਦੀ ਖ਼ਤਮ ਹੋਈ ਅਹਿਮੀਅਤ
ਕੁਝ ਕੁ ਮਹੀਨੇ ਪਹਿਲਾਂ ਖਬਰ ਪੜ੍ਹਨ ਨੂੰ ਮਿਲੀ ਕਿ ਹੁਸ਼ਿਆਰਪੁਰ ਵਿਖੇ ਇਕ ਪਿਤਾ ਵਲੋਂ ਪੁੱਤਰ ਨੂੰ ਏ.ਸੀ. ਚਲਾਉਣ ਲਈ ਕਿਹਾ, ਤਾਂ ਪੁੱਤ ਨੇ ਆਪਣੇ ਪਿਤਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਇੰਨੀ ਵਧ ਗਈ ਕਿ ਪੁੱਤਰ ਨੇ ਪਿਉ 'ਤੇ ਗੋਲੀ ਚਲਾ ਦਿੱਤੀ। ਦੋ ਕੁ ਹਫ਼ਤੇ ਪਹਿਲਾਂ ਇਕ ਹੋਰ ਖਬਰ ਪੜ੍ਹਨ ਨੂੰ ਮਿਲੀ ਕਿ ਪਿਉ ਨੇ ਆਪਣੇ ਪੁੱਤ ਤੋਂ ਦਵਾਈ ਮੰਗੀ, ਦਵਾਈ ਤਾਂ ਕੀ ਦੇਣੀ ਸੀ ਪੁੱਤ ਨੇ ਡੰਡਿਆਂ ਨਾਲ ਬਾਪ ਜ਼ਖ਼ਮੀ ਕਰ ਦਿੱਤਾ। ਰਿਸਤਿਆਂ ਦੀ ਅਹਿਮੀਅਤ ਖ਼ਤਮ ਹੋ ਚੁੱਕੀ ਹੈ। ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਅਸੀਂ ਕੇਕ ਕੱਟ ਕੇ ਮਾਂ-ਪਿਉ ਦਿਵਸ ਮਨਾਉਂਦੇ ਹਾਂ। ਉੱਥੇ ਤਾਂ ਇੰਜ ਜਾਪਦਾ ਹੈ ਕਿ ਪਤਾ ਨਹੀਂ ਬੱਚਿਆਂ ਨੂੰ ਆਪਣੇ ਮਾਂ-ਬਾਪ ਨਾਲ ਕਿੰਨਾ ਲਗਾਅ ਹੈ।
ਜੋ ਬਜ਼ੁਰਗ ਵਧੀਆ ਪੈਨਸ਼ਨ ਲੈ ਰਹੇ ਹਨ, ਉਨ੍ਹਾਂ ਨਾਲ ਘਰ ਵਿਚ ਮਾੜਾ ਵਤੀਰਾ ਹੋ ਰਿਹਾ ਹੈ। ਜਿਨ੍ਹਾਂ ਬਜ਼ੁਰਗਾਂ ਕੋਲ ਪੈਨਸ਼ਨ ਨਹੀਂ ਹੈ, ਉਹ ਵਿਚਾਰੇ ਘਰ ਵਿਚ ਕਿਵੇਂ ਸਮਾਂ ਕੱਢਦੇ ਹੋਣਗੇ। ਬਿਰਧ ਆਸ਼ਰਮਾਂ ਦੀ ਸੰਖਿਆ ਦਿਨੋ-ਦਿਨ ਵਧ ਰਹੀ ਹੈ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਅੱਜ-ਕੱਲ੍ਹ ਦੇ ਬੱਚਿਆਂ ਨੂੰ ਮਾਂ-ਬਾਪ ਦੀ ਟੋਕਾ-ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ, ਜਿਸ ਤਰ੍ਹਾਂ ਦਾ ਵਤੀਰਾ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ, ਤਾਂ ਕੱਲ੍ਹ ਨੂੰ ਵੀ ਸਾਡੇ ਨਾਲ ਇਹੋ ਜਿਹਾ ਸਭ ਕੁਝ ਹੋਣਾ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ।