JALANDHAR WEATHER

25-05-2025

 ਗਰਮੀ ਵਿਚ ਰੱਖੋ ਖ਼ਾਸ ਖ਼ਿਆਲ
ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ | ਆਉਣ ਵਾਲੇ ਦਿਨਾਂ ਵਿਚ ਗਰਮੀ ਆਪਣੇ ਜੋਬਨ 'ਤੇ ਪੁੱਜ ਜਾਵੇਗੀ | ਜ਼ਿਆਦਾ ਗਰਮੀ ਲੱਗਣ ਕਰਕੇ ਜ਼ਿਆਦਾਤਰ ਲੋਕ ਅਕਸਰ ਹੀ ਬਿਮਾਰ ਹੋ ਜਾਂਦੇ ਹਨ | ਕਈ ਲੋਕ ਤਾਂ ਜ਼ਿਆਦਾ ਗਰਮੀ ਕਾਰਨ ਮੌਤ ਦੇ ਮੂੰਹ ਵਿਚ ਵੀ ਚਲੇ ਜਾਂਦੇ ਹਨ | ਗਰਮੀ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਬਜ਼ੁਰਗਾਂ ਅਤੇ ਬੱਚਿਆਂ ਉੱਪਰ ਪੈਂਦਾ ਹੈ | ਇਸ ਲਈ ਸਾਨੂੰ ਸਭ ਨੂੰ ਗਰਮੀ ਦੇ ਮੌਸਮ ਵਿਚ ਆਪਣਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ | ਘਰ ਤੋਂ ਬਾਹਰ ਬਹੁਤ ਹੀ ਘੱਟ ਜਾਣਾ ਚਾਹੀਦਾ ਹੈ | ਬਜ਼ੁਰਗਾਂ ਅਤੇ ਬੱਚਿਆਂ ਦਾ ਗਰਮੀ ਵਿਚ ਵਧ ਤੋਂ ਵਧ ਖਿਆਲ ਰੱਖੋ | ਬਜ਼ੁਰਗਾਂ ਅਤੇ ਬੱਚਿਆਂ ਨੂੰ ਪਾਣੀ, ਹਵਾ ਅਤੇ ਛਾਂ ਦਾ ਪ੍ਰਬੰਧ ਕਰਕੇ ਜ਼ਰੂਰ ਦੇਣਾ ਚਾਹੀਦਾ ਹੈ | ਗਰਮੀ ਦੇ ਮੌਸਮ ਵਿਚ ਕੀਤੇ ਸਾਡੇ ਇਸ ਨਿੱਕੇ ਜਿਹੇ ਨੇਕ ਉਪਰਾਲੇ ਸਦਕਾ ਅਨੇਕਾਂ ਮਨੁੱਖੀ ਰੂਹਾਂ ਨੂੰ ਸਕੂਨ ਮਿਲ ਸਕਦਾ ਹੈ | ਜਿਊਾਦੇ ਹੋਏ ਦੂਜਿਆਂ ਦੇ ਕੰਮ ਆਉਣਾ ਹੀ ਅਸਲ ਵਿਚ ਸੱਚਾ ਧਰਮ ਕਿਹਾ ਜਾ ਸਕਦਾ ਹੈ | ਆਓ, ਆਪਾਂ ਸਾਰੇ ਰਲਮਿਲ ਕੇ ਅੱਜ ਤੋਂ ਹੀ ਇਸ ਕਾਰਜ ਦੀ ਪਹਿਲ ਕਰੀਏ |

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)


ਅਸੀਂ ਇਨਸਾਨ ਕਿਉਂ ਨਹੀਂ ਬਣਦੇ?
ਕੀ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਗਈਆਂ ਹਨ, ਜੋ ਅਸੀਂ ਖ਼ੁਦ ਹੋਰ ਨਵੀਆਂ ਮੁਸ਼ਕਿਲਾਂ ਆਪਣੇ ਲਈ ਅਤੇ ਦੂਸਰਿਆਂ ਲਈ ਪੈਦਾ ਕਰ ਰਹੇ ਹਾਂ | ਕਿਉਂ ਅਸੀਂ ਇਕ-ਦੂਸਰੇ ਨੂੰ ਪਿਆਰ ਅਤੇ ਸਤਿਕਾਰ ਨਹੀਂ ਦਿੰਦੇ | ਕਿਉਂ ਅੱਜ ਵੀ ਅਸੀਂ ਧਰਮਾਂ ਦੇ ਨਾਂਅ 'ਤੇ ਲੜ-ਮਰ ਰਹੇ ਹਾਂ | ਕਿਉਂ ਅਸੀਂ ਇਕ-ਦੂਸਰੇ ਪ੍ਰਤੀ ਨਫ਼ਰਤ ਅਤੇ ਈਰਖਾ ਚੁੱਕੀ ਫਿਰਦੇ ਹਾਂ | ਕਿਉਂ ਅਸੀਂ ਕੁਝ ਨਫ਼ਰਤ ਫੈਲਾਉਣ ਵਾਲਿਆਂ ਦੇ ਮਗਰ ਲੱਗ ਕੇ ਆਪਣਾ ਅਤੇ ਦੂਸਰਿਆਂ ਦਾ ਜਿਊਣਾ ਮੁਸ਼ਕਿਲ ਕਰ ਰਹੇ ਹਾਂ | ਕਿਉਂ ਅਸੀਂ ਇਨਸਾਨ ਨਹੀਂ ਬਣ ਸਕਦੇ ਅਤੇ ਕੁਦਰਤ ਦੇ ਬਣਾਏ ਹੋਏ ਹਰ ਜੀਵ ਨੂੰ ਬਰਾਬਰ ਨਹੀਂ ਸਮਝ ਸਕਦੇ |


-ਸਤਵਿੰਦਰ ਕੌਰ ਮੱਲ੍ਹੇਵਾਲ


ਸਫ਼ਾਈ ਦਾ ਧਿਆਨ ਰੱਖੋ

ਸਾਡੇ ਦੇਸ਼ ਦੇ ਲੋਕਾਂ ਵਿਚ ਸਫ਼ਾਈ ਰੱਖਣ ਦੀ ਸਮਝ ਬਹੁਤ ਘੱਟ ਹੈ | ਅਸੀਂ ਘਰਾਂ ਨੂੰ ਤਾਂ ਸਾਫ਼-ਸੁਥਰਾ ਰੱਖਦੇ ਹਾਂ, ਪਰ ਜਨਤਕ ਸੰਪਤੀਆਂ 'ਤੇ ਗੰਦਗੀ ਫੈਲਾਉਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਾਂ | ਲੋਕ ਘਰਾਂ ਤੇ ਦੁਕਾਨਾਂ ਦਾ ਕੂੜਾ ਸੜਕਾਂ 'ਤੇ ਸੁੱਟ ਦਿੰਦੇ ਹਨ | ਰੇਲ ਗੱਡੀਆਂ ਵਿਚ ਗੁਟਕਿਆਂ ਦੀਆਂ ਕੁਰਲੀਆਂ ਨਾਲ ਬਾਥਰੂਮ ਭਰੇ ਮਿਲਦੇ ਹਨ | ਭਾਰਤ ਦੇ ਸਭ ਤੋਂ ਸੁੰਦਰ ਸ਼ਹਿਰ ਇੰਦੌਰ ਵਿਚ ਲੋਕਾਂ ਦੀ ਸਫ਼ਾਈ ਪ੍ਰਤੀ ਏਨੀ ਜਾਗਰੂਕਤਾ ਹੈ ਕਿ ਉਹ ਨਾ ਤਾਂ ਸ਼ਹਿਰ ਵਿਚ ਖ਼ੁਦ ਗੰਦਗੀ ਪਾਉਂਦੇ ਹਨ ਅਤੇ ਨਾ ਹੀ ਕਿਸੇ ਬਾਹਰਲੇ ਯਾਤਰੀ ਨੂੰ ਗੰਦਗੀ ਫੈਲਾਉਣ ਦਿੰਦੇ ਹਨ | ਅਸਲ ਵਿਚ ਲੋਕ ਇਹ ਸੋਚਦੇ ਹਨ ਕਿ ਜੇਕਰ ਮੈਂ ਗੰਦਗੀ ਨਹੀਂ ਫੈਲਾਵਾਂਗਾ ਤਾਂ ਮੇਰੇ, ਕੱਲੇ ਨਾਲ ਕੀ ਹੋਵੇਗਾ, ਬਾਕੀ ਲੋਕ ਵੀ ਤਾਂ ਗੰਦਗੀ ਫੈਲਾ ਹੀ ਰਹੇ ਹਨ | ਜਦੋਂ ਕਿ ਅਜਿਹੀ ਸੋਚ ਬਿਲਕੁਲ ਗਲਤ ਹੈ | ਜੇਕਰ ਅਸੀਂ ਆਪਣੇ ਹਿੱਸੇ ਦੀ ਗੰਦਗੀ ਪਾਉਣ ਤੋਂ ਪਰਹੇਜ਼ ਕਰ ਲਈਏ ਤਾਂ ਪੂਰਾ ਦੇਸ਼ ਗੰਦਗੀ ਰਹਿਤ, ਸੁੰਦਰ ਤੇ ਖੂਬਸੂਰਤ ਬਣ ਸਕਦਾ ਹੈ |\


-ਚਰਨਜੀਤ ਸਿੰਘ ਮੁਕਤਸਰ |


ਨਾੜ ਨੂੰ ਅੱਗ ਨਾ ਲਗਾਓ

ਕਿਸਾਨਾਂ ਵਲੋਂ ਖੇਤਾਂ ਵਿਚ ਝੋਨੇ ਦੀ ਬਿਜਾਈ ਕਰਨ ਦੇ ਉਦੇਸ਼ ਨਾਲ ਕਣਕ ਦੇ ਨਾੜ ਨੂੰ ਵਾਹਣ ਦੀ ਥਾਂ ਖੇਤਾਂ ਵਿਚ ਹੀ ਅੱਗ ਲਾ ਦਿੱਤੀ ਜਾਂਦੀ ਹੈ | ਪਰ ਉਹ ਕਣਕ ਦੇ ਨਾੜ ਜਾਂ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ 'ਤੇ ਇਸ ਨੂੰ ਖੇਤ ਵਿਚ ਹੀ ਮਿਲਾ ਦੇਣ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ | ਖੇਤੀ ਰਹਿੰਦ-ਖੂੰਹਦ ਸਾੜਨ ਨਾਲ ਜਿੱਥੇ ਜ਼ਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ, ਉਥੇ ਹੀ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ | ਖੇਤਾਂ ਦੇ ਆਲੇ-ਦੁਆਲੇ ਖੜ੍ਹੇ ਦਰੱਖਤ ਵੀ ਅੱਗ ਨਾਲ ਝੁਲਸ ਜਾਂਦੇ ਹਨ ਤੇ ਇਨ੍ਹਾਂ 'ਤੇ ਰਹਿੰਦੇ ਬੇਜ਼ੁਬਾਨ ਪੰਛੀ ਵੀ ਅੱਗ ਦੀ ਲਪੇਟ ਵਿਚ ਆ ਕੇ ਮਰ ਜਾਂਦੇ ਹਨ | ਅੱਗ ਲਾਉਣ ਦੇ ਨਾਲ ਪੈਦਾ ਹੋਏ ਧੂੰਏਾ ਕਾਰਨ ਸੜਕੀ ਆਵਾਜਾਈ ਉੱਪਰ ਵੀ ਬੁਰਾ ਅਸਰ ਪੈਂਦਾ ਹੈ ਤੇ ਕਈ ਵਾਰੀ ਇਸ ਕਾਰਨ ਹਾਦਸੇ ਵੀ ਵਾਪਰ ਜਾਂਦੇ ਹਨ | ਇਸ ਕਰਕੇ ਕਿਸਾਨਾਂ ਨੂੰ ਕਣਕ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ |


-ਗੁਰਪ੍ਰੀਤ ਸਿੰਘ ਗਿੱਲ
ਸ੍ਰੀ ਮੁਕਤਸਰ ਸਾਹਿਬ |


ਲੋਕਤੰਤਰ ਦੀਆਂ ਧੱਜੀਆਂ ਉਡਾਈਆਂ

ਸੰਨ ਸੰਤਾਲੀ ਵਿਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਇੰਗਲੈਂਡ ਦੇ ਮਿ. ਚਰਚਲ ਨੇ ਠੀਕ ਹੀ ਕਿਹਾ ਸੀ, ਮਿਸਟਰ ਨਹਿਰੂ ੱਜੇ ਦੇਸ਼ ਭਾਰਤ ਵਿਚ ਡੈਮੋਕਰੇਸੀ (ਲੋਕ ਰਾਜ) ਸਫ਼ਲ ਨਹੀਂ ਹੋਣਾ, ਕੁਝ ਸਾਲ ਠਹਿਰ ਕੇ ਲੋਕ ਰਾਜ ਦੀ ਸ਼ੁਰੂਆਤ ਕਰਿਓ, ਜਦੋਂ ਲੋਕਾਂ ਨੂੰ ਇਸ ਦੀ ਸਮਝ ਆ ਜਾੇਗੀ | ਪਰ ਲੱਗਦਾ ਹੈ ਕਿ ਸਾਡੇ ਸਿਆਸੀ ਨੇਤਾਵਾਂ ਨੂੰ ਅਜੇ ਵੀ ਲੋਕ ਰਾਜ ਦੀ ਪਰਿਭਾਸ਼ਾ ਸਮਝ ਨਹੀਂ ਆਈ, ਸਿਰਫ਼ ਇਹੀ ਪਤਾ ਹੈ ਕਿ ਕੁਰਸੀ ਹਾਸਿਲ ਕਰੋ, ਜਿਸ ਤਰੀਕੇ ਵੀ ਹੋਵੇ | ਪੰਚਾਇਤ ਚੋਣਾਂ ਦੀ ਪ੍ਰਕਿਰਿਆ ਦੌਰਾਨ ਅਫ਼ਸਰਾਂ ਤੇ ਮੁਲਾਜ਼ਮਾਂ 'ਤੇ ਦਬਾਅ ਪਾ ਕੇ ਨਾਮਜ਼ਦਗੀ ਕਾਗਜ਼ ਰੱਦ ਕਰਵਾਏ ਗਏ | ਲੋਕਾਂ ਨੇ ਹਾਈ ਕੋਰਟ 'ਚ ਗੁਹਾਰ ਲਗਾਈ ਅਤੇ ਬਹੁਤ ਸਾਰੀਆਂ ਪੰਚਾਇਤ ਚੋਣਾਂ ਰੱਦ ਹੋਈਆਂ | ਅਫ਼ਸਰ ਜਾਂ ਮੁਲਾਜ਼ਮ ਤਾਂ ਸਰਕਾਰ ਦੇ ਨੌਕਰ ਹਨ, ਦਬਾਅ ਨੂੰ ਹੁਕਮ ਕਰਕੇ ਮੰਨਣਗੇ | ਚੋਣ ਕਮਿਸ਼ਨ ਨੂੰ ਚਾਹੀਦਾ ਕਿ ਦਬਾਅ ਪਾਉਣ ਵਾਲਿਆਂ 'ਤੇ ਸਖ਼ਤ ਅਤੇ ਮਿਸਾਲੀ ਐਕਸ਼ਨ ਲਵੇ, ਚਾਹੇ ਉਹ ਮੰਤਰੀ, ਐਮ.ਐਲ.ਏ. ਜਾਂ ਹਲਕਾ ਇੰਚਾਰਜ ਹੀ ਕਿਉਂ ਨਾ ਹੋਵੇ |


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ (ਕਪੂਰਥਲਾ)


ਆਧੁਨਿਕ ਬਾਬੇ

ਅੱਜ ਦੇ ਆਧੁਨਿਕ ਯੁੱਗ ਵਿਚ ਹਰ ਕੋਈ ਆਪਣੇ-ਆਪ ਨੂੰ ਅੱਜ ਦੇ ਸਮੇਂ ਮੁਤਾਬਿਕ ਚਲਾ ਰਿਹਾ ਹੈ, ਜਿਸ ਨੂੰ ਅਸੀਂ ਮਾਡਰਨ ਜ਼ਮਾਨਾ ਕਹਿੰਦੇ ਹਾਂ, ਸਾਡਾ ਪਹਿਰਾਵਾ, ਸਾਡਾ ਖਾਣਾ ਪੀਣਾ ਮਾਡਰਨ ਹੋ ਰਿਹਾ ਹੈ | ਸਾਡੀ ਬਹਿਣੀ-ਉੱਠਣੀ ਮਾਡਰਨ ਤਰੀਕੇ ਦੀ ਹੋ ਰਹੀ ਹੈ | ਸਭ ਚੀਜ਼ਾਂ ਵਿਚ ਬਦਲਾਅ ਆ ਰਿਹਾ ਹੈ, ਪਰ ਸਾਡੀ ਸੋਚ ਤੇ ਸਾਡੇ ਅੰਧ ਵਿਸ਼ਵਾਸ ਨਹੀਂ ਬਦਲ ਰਹੇ | ਫਰਕ ਸਿਰਫ਼ ਇੰਨਾ ਹੈ ਕਿ ਪੁਰਾਣੇ ਸਮੇਂ ਵਿਚ ਇਨ੍ਹਾਂ ਨੂੰ ਸਿਆਣੇ, ਬਾਬੇ ਜਾਂ ਫਿਰ ਚੇਲੇ ਆਖਿਆ ਜਾਂਦਾ ਸੀ ਤੇ ਅੱਜ ਦੇ ਸਮੇਂ ਵਿਚ ਇਸ ਦਾ ਨਾਂਅ ਐਸਟ੍ਰੋਲੋਜੀ, ਐਸਟ੍ਰੋਟਾਕ ਹੋ ਗਿਆ ਹੈ | ਸਿਰਫ਼ ਨਾਂਅ ਬਦਲ ਦੇਣ ਦੇ ਨਾਲ ਸਾਡੀ ਸੋਚ ਦਾ ਬਦਲਾਅ ਤਾਂ ਨਹੀਂ ਹੋਇਆ | ਫਰਕ ਸਿਰਫ਼ ਇਹ ਕਿ ਬਾਬੇ ਤੇ ਸਿਆਣਿਆਂ ਕੋਲ ਸਿਰਫ਼ ਅਨਪੜ੍ਹ ਲੋਕ ਜਾਂਦੇ ਸੀ ਤੇ ਐਸਟ੍ਰੋਲੋਜਰ ਕੋਲ ਸਾਡੇ ਪੜ੍ਹੇ ਲਿਖੇ ਲੋਕ ਜਾ ਰਹੇ ਹਨ | ਇਨ੍ਹਾਂ ਅੰਧਵਿਸ਼ਵਾਸਾਂ ਦਾ ਸਾਡੇ ਬਹੁਤ ਸਾਰੇ ਰਿਸ਼ਤਿਆਂ 'ਤੇ ਅਸਰ ਪੈਂਦਾ ਹੈ, ਜਦੋਂ ਅਜਿਹੇ ਲੋਕ ਸਾਡੀ ਜ਼ਿੰਦਗੀ ਵਿਚ ਹੋ ਰਹੇ ਨੁਕਸਾਨ ਦਾ ਜ਼ੁੰਮੇਵਾਰ ਸਾਡੇ ਕਰਮਾਂ ਦੀ ਬਜਾਏ ਕਿਸੇ ਇਨਸਾਨ ਨੂੰ ਬਣਾ ਦਿੰਦੇ ਹਨ | ਪਹਿਰਾਵਾ ਬਦਲ ਲੈਣ ਨਾਲ ਅਸੀਂ ਮਾਡਰਨ ਨਹੀਂ ਹੋ ਜਾਂਦੇ, ਇਸ ਦੇ ਲਈ ਸਾਨੂੰ ਸਾਡੀ ਸੋਚ 'ਤੇ ਕੰਮ ਕਰਨਾ ਪਵੇਗਾ |


-ਰਜਨਦੀਪ ਕੌਰ ਸੰਧੂ
ਕੋਹਰ ਸਿੰਘ ਵਾਲਾ, ਫਿਰੋਜ਼ਪੁਰ |