JALANDHAR WEATHER

26-05-2025

 ਮੌਤ ਵੰਡਦੇ ਤੁਰਦੇ ਫਿਰਦੇ ਠੇਕੇ

19 ਮਈ, 2025 ਦੇ 'ਅਜੀਤ' ਵਿਚ ਗੁਰਪ੍ਰੀਤ ਸਿੰਘ ਤੂਰ ਦੇ ਲੇਖ 'ਮੌਤ ਵੰਡਦੇ ਤੁਰਦੇ ਫਿਰਦੇ ਠੇਕੇ' ਨੇ ਸਹੀ ਮੁਲਾਂਕਣ ਕੀਤਾ ਕਿ ਪ੍ਰਾਂਤ ਵਿਚ ਵੱਡੀ ਗਿਣਤੀ ਵਿਚ ਲੋਕ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਵੇਚਣ ਦਾ ਜੋ ਕੰਮ ਕਰਦੇ ਹਨ, ਇਸ ਪਿੱਛੇ ਸਿੱਧੇ-ਅਸਿੱਧੇ ਰੂਪ ਵਿਚ ਰਾਜਨੀਤਕ ਸਰਪ੍ਰਸਤੀ ਹੁੰਦੀ ਹੈ।
ਮਨਜ਼ੂਰਸ਼ੁਦਾ ਠੇਕਿਆਂ ਦੀਆਂ ਉੱਚੀਆਂ ਕੀਮਤਾਂ ਨੂੰ ਨਕਲੀ ਸ਼ਰਾਬ ਦਾ ਕਾਰਨ ਦਰਸਾਉਣ ਉਪਰੰਤ ਇਕ ਹੋਰ ਕੌੜਾ ਸੱਚ ਪੇਸ਼ ਕੀਤਾ ਹੈ ਕਿ ਸ਼ਰਾਬ ਨੂੰ ਨਸ਼ਾ ਨਹੀਂ ਮੰਨਿਆ ਜਾ ਰਿਹਾ। ਸਬੂਤ ਦਿੱਤਾ ਕਿ ਸ਼ਰਾਬ ਦਾ ਰੋਜ਼ਾਨਾ ਸੇਵਨ ਕਰਨ ਵਾਲਿਆਂ ਦਾ ਵੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਘਰਾਂ ਵਿਚ ਕਲੇਸ਼ ਹੁੰਦੇ ਹਨ ਅਤੇ ਘਰ ਟੁੱਟਦੇ ਹਨ।
ਸੂਝ ਭਰਪੂਰ ਸੁਝਾਅ ਕਿ ਪੰਜਾਬ ਸਰਕਾਰ ਨੂੰ ਸ਼ਰਾਬ ਆਮਦਨ ਤੋਂ ਆਪਣਾ ਆਸਰਾ ਘਟਾ ਕੇ ਹੋਰ ਸਾਧਨ ਲੱਭਣੇ ਚਾਹੀਦੇ ਹਨ। ਪੰਜਾਬ ਨੂੰ ਖ਼ੁਦ ਵੀ ਸੁਚੇਤ ਹੋ ਕੇ ਸ਼ਰਾਬ ਦੀ ਖ਼ਪਤ ਘਟਾਉਣੀ ਚਾਹੀਦੀ ਹੈ।
ਲੇਖ ਦੀ ਪ੍ਰਸੰਸਾ ਕਰਦਿਆਂ ਪੰਜਾਬ ਨੂੰ ਬੇਨਤੀ ਹੈ ਕਿ ਗੁਰੂਆਂ ਅਤੇ ਭਗਤ ਸਾਹਿਬਾਨ ਵਲੋਂ ਸ਼ਰਾਬ ਦੀ ਮਨਾਹੀ ਸੰਬੰਧੀ ਸੁਨੇਹਿਆਂ ਨੂੰ ਹਰ ਖੁਸ਼ੀ-ਗਮੀ ਵਿਚ ਅੱਖਾਂ ਸਾਹਵੇਂ ਰੱਖੀਏ ਤੇ ਸ਼ਰਾਬ ਦੀ ਮਾਰ ਤੋਂ ਬਚੀਏ।

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।

ਛੇਵਾਂ ਦਰਿਆ ਨਸ਼ਿਆਂ ਦਾ

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ ਤੇ ਪੀਰਾਂ-ਪੈਗ਼ੰਬਰਾਂ ਦੀ ਧਰਤੀ ਹੋਣ ਕਰਕੇ ਇਸ ਨੂੰ ਪਾਕ-ਪਵਿੱਤਰ ਮੰਨਿਆ ਜਾਂਦਾ ਹੈ।
ਉਹ ਦਰਿਆ ਹਨ ਸਤਲੁਜ, ਬਿਆਸ, ਰਾਵੀ, ਝਿਨਾਬ ਅਤੇ ਜਿਹਲਮ, ਜਿਨ੍ਹਾਂ ਵਿਚੋਂ ਅੱਧੇ ਦਰਿਆ ਚੜ੍ਹਦੇ/ਪੂਰਬੀ ਪੰਜਾਬ ਵਿਚ ਅਤੇ ਅੱਧੇ ਲਹਿੰਦੇ/ਪੱਛਮੀ ਪੰਜਾਬ ਵਿਚ ਅਰਥਾਤ ਭਾਰਤ ਅਤੇ ਪਾਕਿਸਤਾਨ ਵਿਚ ਵਗ ਰਹੇ ਹਨ। ਇਕ ਛੇਵਾਂ ਦਰਿਆ ਜੋ ਨਸ਼ਿਆਂ ਰੂਪੀ ਹੈ, ਉਹ ਪੰਜਾਬ ਵਿਚ ਵਗ ਰਿਹਾ ਹੈ। ਬਿਨਾਂ ਸ਼ੱਕ ਇਸ ਦਰਿਆ ਦੀ ਭੇਟਾ ਹੁਣ ਤੱਕ ਅਣਗਿਣਤ ਕੀਮਤੀ ਜਿੰਦਾਂ ਚੜ੍ਹ ਚੁੱਕੀਆਂ ਹਨ।
ਅਨੇਕਾਂ ਭੈਣਾਂ ਦੇ ਵੀਰ, ਮਾਵਾਂ ਦੇ ਪੁੱਤ ਅਤੇ ਸੁਹਾਗਣਾਂ ਦੇ ਸੁਹਾਗ ਲੁੱਟੇ ਗਏ ਹਨ ਅਤੇ ਇਹ ਵਰਤਾਰਾ ਬਾ-ਦਸਤੂਰ ਜਾਰੀ ਹੈ। ਭਾਵੇਂ ਮੌਜੂਦਾ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਦੇ ਇਰਾਦੇ ਨਾਲ ਪਿਛਲੇ ਕੁਝ ਸਮੇਂ ਤੋਂ ਸਰਗਰਮੀ ਦਿਖਾਈ ਜਾ ਰਹੀ ਹੈ ਅਤੇ ਲੋਕਾਂ ਦਾ ਇਸ ਮੰਤਵ ਲਈ ਸਹਿਯੋਗ ਲੈਣ ਦੇ ਯਤਨ ਵੀ ਜਾਰੀ ਹਨ, ਜੋ ਕਿ ਇਕ ਚੰਗੀ ਪਹਿਲ ਤੇ ਸ਼ੁਰੂਆਤ ਹੈ ਅਤੇ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਪਰ ਜਿੰਨਾ ਚਿਰ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਛੋਟੀਆਂ ਅਤੇ ਪੂੰਗ ਮੱਛੀਆਂ ਨੂੰ ਪਕੜਨ ਦਾ ਬਹੁਤ ਲਾਭ ਨਹੀਂ ਹੋਣਾ। ਜੇਕਰ ਪੰਜਾਬ ਸਰਕਾਰ ਇਸ ਸੰਬੰਧੀ (ਨਸ਼ਿਆਂ ਦੀ ਰੋਕਥਾਮ) ਸੱਚਮੁਚ ਹੀ ਸੰਜੀਦਾ ਹੈ ਤਾਂ ਉਸ ਨੂੰ ਨਾ ਕੇਵਲ ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ, ਬਲਕਿ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਸਮਾਜ ਦੇ ਜਾਗਰੂਕ ਲੋਕਾਂ ਦਾ ਸਿਹਯੋਗ ਲੈਣ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਵਿਚ ਬਦਲਿਆ ਜਾ ਸਕੇ। ਕੰਮ ਔਖਾ ਜ਼ਰੂਰ ਹੈ, ਅਸੰਭਵ ਨਹੀਂ, ਜਿਸ ਦੀ ਕਿ ਇਸ ਸਮੇਂ ਵੱਡੀ ਲੋੜ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਰਿਸ਼ਤਿਆਂ ਦਾ ਤਾਣਾ-ਬਾਣਾ

ਗੁਰਚਰਨ ਸਿੰਘ ਨੂਰਪੁਰ ਦਾ ਆਰਟੀਕਲ ਪੜ੍ਹਿਆ। ਅੱਜ ਰਿਸ਼ਤਿਆਂ ਦਾ ਤਾਣਾ-ਬਾਣਾ ਉਲਝ ਰਿਹਾ ਹੈ। ਦੁਨੀਆ ਦਾ ਸੁਭਾਅ ਬਦਲ ਰਿਹਾ ਹੈ। ਮਨੁੱਖ ਵਿਚ ਪਦਾਰਥਵਾਦ ਦੀ ਭਾਵਨਾ ਪੈਦਾ ਹੋ ਗਈ। ਮਨੁੱਖੀ ਸੁਭਾਅ ਬਣ ਗਿਆ ਹੈ। ਉਹ ਲੋੜ ਅਨੁਸਾਰ ਵਰਤ ਰਿਹਾ ਹੈ।
ਮਨੁੱਖੀ ਰਿਸ਼ਤਿਆਂ ਵਿਚ ਖਲਾਅ ਪੈਦਾ ਹੋ ਗਿਆ। ਮਨੁੱਖ/ਮਨੁੱਖ ਨੂੰ ਸਵਾਰਥੀ ਰੂਪ ਵਿਚ ਵਰਤ ਰਿਹਾ ਹੈ। ਹਰ ਚੀਜ਼ ਇਸ ਸੰਸਾਰ ਵਿਚ ਪੈਸੇ ਨਾਲ ਜੋੜ ਕੇ ਵੇਖੀ ਜਾਂਦੀ ਹੈ। ਰਿਸ਼ਤਿਆਂ ਵਿਚ ਨਿਖਾਰ ਆ ਗਿਆ ਹੈ। ਅੱਜ ਬਜ਼ੁਰਗ ਨੂੰ ਘਰਾਂ ਵਿਚ ਸਤਿਕਾਰ ਨਹੀਂ ਮਿਲਦਾ। ਘਰ ਵਿਚ ਬਜ਼ੁਰਗਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਮਿਲਦੀ। ਇਕ ਮੱਧ ਵਰਗ ਪਰਿਵਾਰ ਵਿਚ ਇਕ ਬੱਚਾ ਸਭ ਤੋਂ ਵੱਧ ਪੜ੍ਹਿਆ ਸੀ। ਉਸ ਨੇ ਆਪਣੇ ਮਾਂ-ਪਿਉ ਨੂੰ ਘਰ ਵਿਚ ਰੱਖਣ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਮਾਂ-ਪਿਉ ਨੂੰ ਕੋਈ ਜ਼ਿੰਦਗੀ ਜਿਊਣ ਲਈ ਰਸਤਾ ਨਹੀਂ ਮਿਲ ਰਿਹਾ ਸੀ। ਅੱਜ ਦੁਨੀਆ ਵਿਚ ਡਿਸਪੋਜ਼ਲ ਰਿਸ਼ਤੇ ਬਣ ਗਏ। ਵਰਤੋ ਤੇ ਪਰਾਂ ਸੁੱਟੋ, ਅੱਜ ਦੀ ਮਹਿੰਗੀ ਸਿੱਖਿਆ ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਨਹੀਂ ਕਰਦੀਆਂ। ਦੂਜੇ ਦੇਸ਼ ਵਿਚ ਜਾ ਕੇ ਵੱਸਣ ਵਾਲਾ ਰਿਵਾਜ ਬਣ ਗਿਆ। ਇਸ ਰਿਵਾਜ਼ ਨੇ ਘਰ ਖਾਲੀ ਕਰ ਦਿੱਤੇ ਹਨ। ਮਗਰ ਮਾਂ-ਪਿਉ ਰੁਲਦੇ ਫਿਰਦੇ ਦੁੱਖਾਂ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ। ਅੱਜ ਬੱਚਿਆਂ ਵਿਚ ਸਤਿਕਾਰ ਦੀ ਭਾਵਨਾ ਘੱਟ ਗਈ ਹੈ। ਰਿਸ਼ਤਿਆਂ ਵਿਚੋਂ ਪਿਆਰ ਤਾਂਘ ਮੁਖ ਗਿਆ ਹੈ। ਬੱਚਿਆਂ ਦੇ ਮਨਾਂ ਵਿਚੋਂ ਕਿਰਤ ਕਰਨ ਦੀ ਭਾਵਨਾ ਨਹੀਂ ਰਹੀ। ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰਨ ਕਰਕੇ ਨਿਘਾਰ ਵੱਲ ਜਾ ਰਹੀ ਹੈ।

-ਰਾਮ ਸਿੰਘ ਪਾਠਕ

ਕਲੱਬ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਤਾਲਮੇਲ ਤੇ ਸਹਿਯੋਗ ਨਾਲ ਹੀ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਵਿਚ ਸਫ਼ਲ ਹੁੰਦਾ ਹੈ। ਰੋਜ਼ੀ-ਰੋਟੀ ਲਈ ਕੀਤੇ ਜਾਣ ਵਾਲੇ ਕੰਮ ਜਿਵੇਂ ਕਿ ਵਪਾਰ, ਨੌਕਰੀ ਤੇ ਖੇਤੀਬਾੜੀ ਆਦਿ ਲਈ ਕਲੱਬ ਜਾਂ ਕਮੇਟੀਆਂ ਦਾ ਨਿਰਮਾਣ ਕਰਨਾ ਜ਼ਰੂਰੀ ਹੁੰਦਾ ਹੈ। ਹਰੇਕ ਤਰ੍ਹਾਂ ਦੇ ਕੰਮਾਂ ਲਈ ਸਰਕਾਰੀ ਤੇ ਪ੍ਰਾਈਵੇਟ ਨਿਯਮਾਂ, ਕਾਨੂੰਨਾਂ ਦੀ ਜ਼ਰੂਰਤ ਹੁੰਦੀ ਹੈ। ਕੰਮਾਂ-ਕਾਰਾਂ ਦੀ ਸਫ਼ਲਤਾ ਲਈ ਦੂਜਿਆਂ ਵਿਅਕਤੀਆਂ ਦੀਆਂ ਲੋੜਾਂ, ਸਰਕਾਰੀ ਨਿਯਮਾਂ, ਨਿਰਧਾਰਿਤ ਕੀਤੀਆਂ ਆਰਥਿਕ ਕੀਮਤਾਂ ਤੇ ਸਮਾਜਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਸਾਰੇ ਆਪਣੇ ਫ਼ਰਜ਼ਾਂ ਤੋਂ ਅਣਜਾਣ ਹੋ ਚੁੱਕੇ ਹਾਂ, ਇਸੇ ਕਾਰਨ ਹੀ ਸਾਨੂੰ ਆਪਣੇ ਭਾਰਤ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿਚ ਕੰਮ ਲੱਭਣ ਲਈ ਜਾਣਾ ਪੈ ਰਿਹਾ ਹੈ। ਆਓ, ਸਾਰੇ ਇਕੱਠੇ ਹੋਈਏ ਤੇ ਕਲੱਬ, ਕਮੇਟੀਆਂ ਬਣਾ ਕੇ ਕੰਮਾਂ ਕਾਰਾਂ ਦੇ ਸਿਖਲਾਈ ਕੇਂਦਰ ਖੋਲ੍ਹੀਏ, ਵਪਾਰ ਨੂੰ ਦੁਨੀਆ ਵਿਚ ਫੈਲਾਉਣ ਦੇ ਉਪਰਾਲੇ ਕਰੀਏ। ਖੇਤੀਬਾੜੀ ਨੂੰ ਉੱਨਤ ਬਣਾਇਆ ਜਾ ਸਕਦਾ ਹੈ। ਪਿੰਡ-ਪਿੰਡ ਜਿਵੇਂ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ ਉਸੇ ਤਰ੍ਹਾਂ ਖੇਤੀਬਾੜੀ ਨੂੰ ਉੱਤਮ ਤੇ ਲਾਭਕਾਰੀ ਧੰਦਾ ਬਣਾਉਣ ਲਈ ਪਿੰਡ-ਪਿੰਡ ਕਮੇਟੀਆਂ, ਕਲੱਬਾਂ ਦੀ ਲੋੜ ਹੈ। ਇਨ੍ਹਾਂ ਕਲੱਬਾਂ ਦੁਆਰਾ ਯੋਜਨਾਬੱਧ ਢੰਗ ਨਾਲ ਕੰਮ ਕਰਕੇ ਸਫ਼ਲਤਾ ਹੋ ਸਕਦੀ ਹੈ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜਸ਼ੰਕਰ, (ਹੁਸ਼ਿਆਰਪੁਰ)

ਚਿੱਟੀਆਂ ਲਾਈਟਾਂ

ਅੱਜਕੱਲ੍ਹ ਗੱਡੀਆਂ ਵਾਲਿਆਂ ਵਲੋਂ ਆਪਣੀਆਂ ਕਾਰਾਂ ਅਤੇ ਵੱਡੀਆਂ ਗੱਡੀਆਂ 'ਚ ਚਿੱਟੀਆਂ ਲਾਈਟਾਂ ਲਗਾਉਣ ਦਾ ਚਲਣ ਕਾਫੀ ਵਧ ਗਿਆ ਹੈ। ਹੋਰ ਤਾਂ ਹੋਰ ਇਹ ਲਾਈਟਾਂ ਕਈ ਗੱਡੀਆਂ ਨੂੰ ਕੰਪਨੀ ਵਲੋਂ ਵੀ ਲਗਾ ਕੇ ਦੇ ਦਿੱਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਲਾਈਟਾਂ ਤੋਂ ਹੁੰਦੇ ਨੁਕਸਾਨ ਬਾਰੇ ਕੋਈ ਕੁਝ ਨਹੀਂ ਬੋਲਦਾ।
ਸਿੰਗਲ ਰੋਡ 'ਤੇ ਜਦ ਹਨ੍ਹੇਰੀ ਚੱਲੀ ਹੋਵੇ ਅਤੇ ਦਰੱਖਤ ਟੁੱਟੇ ਹੋਣ ਤਾਂ ਸਾਹਮਣੇ ਤੋਂ ਆ ਰਹੀ ਗੱਡੀ ਵਲੋਂ ਆਪਣੀਆਂ ਚਿੱਟੀਆਂ ਲਾਈਟਾਂ ਜਗ੍ਹਾ ਲਈਆਂ ਜਾਂਦੀਆਂ ਹਨ, ਜਿਸ ਕਾਰਨ ਉਸ ਨੂੰ ਤਾਂ ਅੱਗੇ ਤੱਕ ਸਾਫ਼ ਨਜ਼ਰ ਆਉਂਦਾ ਹੈ ਪਰ ਸਾਹਮਣੇ ਆ ਰਹੇ ਟੂ-ਵਹੀਲਰ ਜਾਂ ਫੋਰ ਵਹੀਲਰ ਵਾਲੇ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ, ਜਿਸ ਕਾਰਨ ਉਹ ਹਨ੍ਹੇਰੀ ਕਾਰਨ ਟੁੱਟੇ ਹੋਏ ਦਰੱਖ਼ਤਾਂ ਦੀ ਚਪੇਟ ਵਿਚ ਆ ਕੇ ਜ਼ਖ਼ਮੀ ਹੋ ਜਾਂਦੇ ਹਨ ਫਿਰ ਉਨ੍ਹਾਂ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੁੰਦਾ। ਉਥੇ ਇਨ੍ਹਾਂ ਵੱਡੀਆਂ ਗੱਡੀਆਂ ਵਾਲਿਆਂ ਵਲੋਂ ਚਲਾਈਆਂ ਗਈਆਂ ਚਿੱਟੀਆਂ ਲਾਈਟਾਂ ਕਾਰਨ ਪਹਾੜੀ ਖੇਤਰਾਂ ਵਿਚ ਵੀ ਕਈ ਛੋਟੇ ਵਾਹਨਾਂ ਵਾਲੇ ਆਪਣੀ ਜਾਣ ਗੁਆ ਚੁੱਕੇ ਹਨ ਪਰ ਸਰਕਾਰ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਕਰਦੀ। ਸਾਡੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਚਿੱਟੀਆਂ ਲਾਈਟਾਂ ਵਾਲੀਆਂ ਗੱਡੀਆਂ 'ਤੇ ਕਾਰਵਾਈ ਕਰਕੇ ਚਾਲਾਨ ਕੱਟੇ ਜਾਣ, ਤਾਂ ਜੋ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ।

-ਅਸ਼ੀਸ਼ ਸ਼ਰਮਾ
ਜਲੰਧਰ।