02-06-2025
ਵਧੀਆ ਲੇਖ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਅੰਕ 'ਚ ਸ੍ਰੀਮਤੀ ਦਲਜੀਤ ਕੌਰ ਸਿੱਧੂ ਵੱਲੋਂ ਲਿਖੇ ਲੇਖ਼ 'ਕਿੱਸੇ ਤਲਾਕ ਦੇ' ਪੜ੍ਹਿਆ। ਲੇਖਿਕਾ ਵਲੋਂ ਸਮਾਜ ਵਿਚ ਤਲਾਕ ਦੇ ਰੁਝਾਨ ਸੰਬੰਧੀ ਵਧ ਰਹੀ ਗਿਣਤੀ ਪ੍ਰਤੀ ਆਪਣੇ ਵਿਚਾਰ ਬਹੁਤ ਹੀ ਵਧੀਆ ਤੇ ਚੰਗੀ ਸ਼ਬਦਾਂਵਲੀ ਨਾਲ ਪ੍ਰਗਟ ਕੀਤੇ ਗਏ ਹਨ। ਹੁਣ ਦੇ ਸਮੇਂ ਮੁਤਾਬਿਕ ਜ਼ਿਆਦਾ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲਣ ਕਾਰਨ ਉਹ ਇਸ ਨੂੰ ਜਨਮ ਜਨਮਾਤਰਾਂ ਦਾ ਰਿਸ਼ਤਾ ਨਹੀਂ ਮੰਨਦੇ। ਵਿਦੇਸ਼ਾਂ 'ਚ ਜਾਣ ਦੇ ਲਈ ਕੰਨਟ੍ਰੈਕਟ ਵਿਆਹ ਕੀਤੇ ਜਾ ਰਹੇ ਹਨ। ਜੋ ਤਲਾਕ ਦੇ ਕੇਸਾਂ ਨੂੰ ਹੋਰ ਵਧਾ ਰਹੇ ਹਨ। ਪੁਰਾਣੇ ਸਮਿਆਂ ਨਾਲੋਂ ਹੁਣ ਦੀਆਂ ਕੁੜੀਆਂ ਪੜ੍ਹ ਲਿਖ ਜਾਣ, ਨੌਕਰੀਆਂ 'ਤੇ ਲੱਗਣ, ਆਤਮ ਨਿਰਭਰ ਹੋਣ ਕਾਰਨ ਵੀ ਤਲਾਕ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ। ਪਤੀ-ਪਤਨੀ 'ਚ ਤਲਾਕ ਹੋਣ ਦੇ ਬਹੁਤ ਸਾਰੇ ਕਾਰਨ ਹਨ ਜਿੰਨ੍ਹਾਂ 'ਚ ਲੜਕੀ ਦੇ ਪਰਿਵਾਰ ਵਲੋਂ ਉਸ ਦੇ ਸੁਹਰਾ ਪਰਿਵਾਰ 'ਚ ਬੇਲੋੜੀ ਦਖ਼ਲਅੰਦਾਜੀ ਕਰਨਾ, ਲੜਕਾ ਜਾਂ ਲੜਕੀ 'ਚ ਈਗੋ ਦਾ ਹੋਣਾ, ਲੜਕੀ ਦਾ ਸੋਹਰੇ ਪਰਿਵਾਰ ਅਨੁਸਾਰ ਨਾ ਢਲਣਾ, ਲੜਕੀ ਦੁਆਰਾ ਆਪਣੇ ਪਤੀ ਤੇ ਸੋਹਰੇ ਪਰਿਵਾਰ ਦਾ ਸਤਿਕਾਰ ਨਾ ਕਰਨਾ, ਲੜਕੇ ਵਲੋਂ ਕੋਈ ਕੰਮਕਾਰ ਨਾ ਕਰਨਾ, ਨਸ਼ੇ ਕਰਨਾ, ਲੜਕੀ ਦੀ ਕੁੱਟਮਾਰ ਕਰਨਾ, ਦਾਜ-ਦਹੇਜ ਮੰਗਣਾ ਹੈ। ਤਲਾਕ ਦੇ ਕੇਸਾਂ 'ਚ ਇਕ ਹੱਸਦਾ ਵੱਸਦਾ ਪਰਿਵਾਰ ਤਾਂ ਟੁੱਟਦਾ ਹੀ ਹੈ ਤੇ ਇਸ ਦਾ ਖ਼ਮਿਆਜ਼ਾ ਤਲਾਕ ਲੈਣ ਵਾਲੇ ਜੋੜੇ ਦਾ ਅਗਰ ਕੋਈ ਬੱਚਾ ਜਾਂ ਬੱਚੇ ਹਨ ਤਾਂ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।
-ਇੰਜੀ : ਲਖਵਿੰਦਰ ਪਾਲ ਗਰਗ।
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।
ਵਧ ਰਿਹਾ ਪ੍ਰਦੂਸ਼ਣ
ਦਿਨੋ-ਦਿਨ ਸ਼ਹਿਰੀ ਆਬਾਦੀ ਵਧਣ ਕਾਰਨ ਸ਼ਹਿਰਾਂ 'ਚ ਪ੍ਰਦੂਸ਼ਣ ਬੇਹੱਦ ਵਧ ਚੁੱਕਾ ਹੈ, ਵਾਤਾਵਰਨ ਪਲੀਤ ਹੋ ਚੁੱਕਾ ਹੈ। ਹੁਣ ਸ਼ਹਿਰਾਂ ਦਾ ਕਿਸੇ ਤਰਤੀਬ ਅਤੇ ਨਿਯਮਬੱਧ ਢੰਗ ਨਾਲ ਵਿਸਥਾਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਮਨਮਾਨੀਆਂ ਨਾਲ ਬੇਤਰਤੀਬ, ਬੇਢੰਗੀਆਂ, ਸਹੂਲਤਾਂ ਦਿੱਤੇ ਬਗ਼ੈਰ ਬਣਾਈਆਂ ਜਾ ਰਹੀਆਂ ਅਣ-ਅਧਿਕਾਰਤ ਕਾਲੋਨੀਆਂ 'ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਵੱਡੇ ਸ਼ਹਿਰਾਂ ਤੋਂ 8-10 ਕਿਲੋਮੀਟਰ ਦੂਰ ਹਟਵੇਂ 25-30 ਹਜ਼ਾਰ ਦੀ ਆਬਾਦੀ ਵਾਲੇ ਨਵੇਂ ਸ਼ਹਿਰ ਵਸਾਉਣ ਦੀ ਜ਼ਰੂਰਤ ਹੈ। ਪਿਛਲੇ ਦਿਨੀਂ ਅਜੀਤ ਅਖ਼ਬਾਰ ਮੁਤਾਬਕ ਸਰਕਾਰ 24311 ਏਕੜ ਜ਼ਮੀਨ ਐਕੁਆਇਰ ਕਰ ਕੇ ਸ਼ਹਿਰਾਂ ਦਾ ਵਿਸਤਾਰ ਕਰਨ ਜਾ ਰਹੀ ਹੈ। ਐਨੀ ਜ਼ਮੀਨ ਐਕੁਆਇਰ ਕਰਨ ਨਾਲ ਲਗਭਗ 5000 ਪਰਿਵਾਰ ਪ੍ਰਭਾਵਿਤ ਹੋਣਗੇ। ਸਰਕਾਰ ਨੂੰ ਐਨੇ ਜ਼ਿਆਦਾ ਬੇਜ਼ਮੀਨੇ ਹੋਣ ਵਾਲੇ ਲੋਕਾਂ ਦੇ ਮੁੜ ਵਸੇਬੇ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ। ਜ਼ਮੀਨਾਂ ਸਾਡੇ ਲੋਕਾਂ ਦੇ ਗੁਜ਼ਰ-ਬਸਰ ਦਾ ਸਾਧਨ ਹਨ। ਖੇਤੀਬਾੜੀ ਕਰਨ ਵਾਲੇ ਲੋਕ ਸਿਰਫ ਖੇਤੀ ਹੀ ਕਰ ਸਕਦੇ ਹਨ। ਹੋਰ ਕਿੱਤੇ ਦੁਕਾਨਦਾਰੀ, ਬਿਜਨਸ ਆਦਿ ਇਹ ਲੋਕ ਨਹੀਂ ਕਰ ਸਕਦੇ। ਇਨ੍ਹਾਂ ਤੋਂ ਐਕੁਆਇਰ ਕੀਤੀ ਜ਼ਮੀਨ ਵਿਚੋਂ ਇਨ੍ਹਾਂ ਲਈ ਕੁਝ ਰਕਬਾ ਰਾਖਵਾਂ ਰੱਖਣਾ ਚਾਹੀਦਾ ਹੈ। ਇਹ ਵੀ ਖ਼ਦਸ਼ਾ ਹੈ ਕਿ ਐਕੁਆਇਰ ਕੀਤੀ ਗਈ ਜ਼ਮੀਨ ਅਮੀਰ ਲੋਕ ਹੀ ਹਥਿਆ ਲੈਣਗੇ।
-ਬਲਵਿੰਦਰ ਸਿੰਘ ਰੋਡੇ ਮੋਗਾ
ਆਪਣੇ ਤੱਕ ਮਤਲਬ ਰੱਖੋ
ਕੌਣ ਕੀ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ? ਦੂਜਿਆਂ ਪ੍ਰਤੀ ਰਾਇ ਦੇਣਾ, ਸਾਡਾ ਇਹ ਕੰਮ ਨਹੀਂ ਹੈ। ਅੱਜ ਜ਼ਿੰਦਗੀ ਬਹੁਤ ਜ਼ਿਆਦਾ ਰੁਝੇਵਿਆਂ ਵਾਲੀ ਹੋਣ ਕਰਕੇ ਆਪਣੇ ਖ਼ੂਨ ਦੇ ਰਿਸ਼ਤਿਆਂ ਲਈ ਵੀ ਸਮਾਂ ਕੱਢਣਾ ਮੁਸ਼ਕਿਲ ਹੈ। ਛੁੱਟੀ ਵਾਲਾ ਦਿਨ ਹੀ ਇਕ ਦੂਜੇ ਨੂੰ ਮਿਲਿਆ ਜਾਂਦਾ ਹੈ। ਅਜਿਹੀ ਦੌੜ ਭੱਜ ਦੀ ਜ਼ਿੰਦਗੀ ਵਿਚ ਅਸੀਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿਚ ਦਿਲਚਸਪੀ ਕਿਉਂ ਰੱਖ ਰਹੇ ਹਾਂ? ਕਦੇ ਵੀ ਦੋਸਤਾਂ ਦੀ ਜ਼ਿੰਦਗੀ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ। ਮੁਸੀਬਤ ਵਿਚ ਇਕ-ਦੂਜੇ ਦੀ ਮਦਦ ਜ਼ਰੂਰ ਕਰੋ। ਆਪਣੇ ਲਈ ਜ਼ਰੂਰ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਰੱਖੋ। ਰੂਹ ਨੂੰ ਸਕੂਨ ਦੇਣ ਵਾਲੇ ਕੰਮ ਕਰੋ, ਲੋੜਵੰਦਾਂ ਦੀ ਮਦਦ ਕਰੋ। ਚੰਗੀਆਂ ਕਿਤਾਬਾਂ ਪੜ੍ਹੋ।
-ਸੰਜੀਵ ਸਿੰਘ ਸੈਣੀ, ਮੁਹਾਲੀ
ਲਗਾਤਾਰ ਵਧਦੀ ਗਰਮੀ
ਭਾਰਤ ਦੇ ਕਈ ਰਾਜਾਂ ਵਿਚ ਗਰਮੀ ਪੈ ਰਹੀ ਹੈ। ਕਈ ਥਾਵਾਂ 'ਤੇ ਤਾਪਮਾਨ 50 ਡਿਗਰੀ ਦੇ ਆਸਪਾਸ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਸਾਲ ਪਿਛਲੇ ਸਾਲਾਂ ਨਾਲੋਂ ਵੱਧ ਗਰਮੀ ਪੈ ਰਹੀ ਹੈ। ਜੋ ਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਵਧਦੀ ਗਰਮੀ ਨੇ ਸਭ ਨੂੰ ਬੇਹਾਲ ਕੀਤਾ ਹੋਇਆ ਹੈ। ਮਨੁੱਖੀ ਜੀਵਨ, ਪਸ਼ੂ ਪੰਛੀਆਂ ਅਤੇ ਬਨਸਪਤੀ ਸਭ ਦਾ ਨੁਕਸਾਨ ਹੋ ਰਿਹਾ ਹੈ। ਇਹ ਸਭ ਕੁਦਰਤ ਨਾਲ ਛੇੜਖਾਨੀ ਕਰਨ ਦਾ ਨਤੀਜਾ ਹੈ, ਜਿਸ ਲਈ ਸਿੱਧੇ ਤੌਰ 'ਤੇ ਮਨੁੱਖ ਜ਼ਿੰਮੇਵਾਰ ਹੈ। ਮਨੁੱਖ ਵੱਲੋਂ ਆਪਣੇ ਹਿੱਤਾਂ ਲਈ ਧਰਤੀ ਤੋਂ ਲਗਾਤਾਰ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਇਸ ਤੋਂ ਬਚਣ ਲਈ ਸਾਨੂੰ ਧਰਤੀ 'ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਦੇ ਸਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਅਜਿਹਾ ਕਰ ਕੇ ਅਸੀਂ ਵਾਤਾਵਰਨ ਨੂੰ ਸਿਹਤਮੰਦ ਬਣਾ ਸਕਦੇ ਹਾਂ।
-ਗੌਰਵ ਮੁੰਜਾਲ ਪੀ.ਸੀ.ਐਸ.
ਗਰਮੀ ਵਿਚ ਰੱਖੋ ਬਚਾਅ
ਕੜਾਕੇ ਦੀ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਰਕੇ ਸਬਜ਼ੀਆਂ ਦਾ ਨੁਕਸਾਨ ਹੋਣ ਲੱਗ ਗਿਆ ਹੈ। ਬਹੁਤ ਜ਼ਿਆਦਾ ਗਰਮੀ ਪਸ਼ੂ, ਪੰਛੀਆਂ ਦੇ ਨਾਲ-ਨਾਲ ਇਨਸਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਘਰ ਤੋਂ ਬਾਹਰ ਫ਼ਜ਼ੂਲ ਆਉਣਾ-ਜਾਣਾ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ। ਪਸ਼ੂ, ਪੰਛੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਸਾਨੂੰ ਸਭ ਨੂੰ ਹੀ ਕਰਨਾ ਚਾਹੀਦਾ ਹੈ। ਗਰਮੀ ਦੇ ਮੌਸਮ ਵਿਚ ਸਾਨੂੰ ਸਭ ਨੂੰ ਇਕ ਦੂਜੇ ਦੀ ਹਮੇਸ਼ਾ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ।
-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)