JALANDHAR WEATHER

06-06-2025

 ਸਾਲ ਦੀ ਇਕੱਠੀ ਮਿਲੇ ਕਣਕ ਕੌਮੀ ਅੰਨ ਸੁਰੱਖਿਆ ਕਾਨੂੰਨ ਤਹਿਤ ਦੇਸ਼ ਭਰ ਵਿਚ ਅਨੇਕਾਂ ਹੀ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਦੀ ਵੰਡ ਰਾਸ਼ਨ ਡਿਪੂਆਂ ਰਾਹੀਂ 3-3 ਮਹੀਨੇ ਮਗਰੋਂ ਕੀਤੀ ਜਾਂਦੀ ਹੈ। ਸਾਲ ਵਿਚ ਇਹ ਵੰਡ ਹੁਣ ਚਾਰ ਵਾਰ ਹੋਣ ਕਾਰਨ ਗਰੀਬ ਵਰਗ ਦੇ ਲਾਭਪਾਤਰੀਆਂ ਨੂੰ ਸਾਲ ਵਿਚ ਚਾਰ ਵਾਰ ਕਣਕ ਲਿਆਉਣ ਲਈ ਦਿਹਾੜੀ ਛੱਡਣੀ ਪੈਂਦੀ ਹੈ, ਜਿਸ ਕਰਕੇ ਗਰੀਬ ਆਦਮੀ ਦਾ ਕਾਫੀ ਆਰਥਿਕ ਨੁਕਸਾਨ ਹੋ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲਾਭਪਾਤਰੀਆਂ ਨੂੰ ਕਣਕ ਦੀ ਫ਼ਸਲ ਵੇਲੇ ਹੀ ਸਾਲ ਭਰ ਦੀ ਕਣਕ ਇੱਕੋ ਵਾਰ ਇਕੱਠੀ ਹੀ ਦਿੱਤੀ ਜਾਵੇ। ਅਜਿਹਾ ਹੋਣ ਕਾਰਨ ਗਰੀਬ ਆਦਮੀ ਦੀ ਦਿਹਾੜੀ ਵੀ ਨਹੀਂ ਮਰੇਗੀ 'ਤੇ ਉਸ ਦੀ ਖੱਜਲ ਖੁਆਰੀ ਵੀ ਘਟੇਗੀ। ਇਸ ਤੋਂ ਇਲਾਵਾ ਸਾਲ ਭਰ ਖੁੱਲ੍ਹੇ ਵਿਚ ਪਈ ਕਣਕ ਕਾਫੀ ਖ਼ਰਾਬ ਵੀ ਹੋ ਜਾਂਦੀ ਹੈ। ਸਰਕਾਰ ਨੂੰ ਖੁੱਲ੍ਹੇ ਵਿਚ ਪਈ ਕਣਕ ਦੀ ਰਾਖੀ ਲਈ ਵੀ ਵੱਖਰਾ ਖ਼ਰਚਾ ਕਰਨਾ ਪੈਂਦਾ ਹੈ। ਸਰਕਾਰ ਨੂੰ ਇਸ ਪਾਸੇ ਜ਼ਰੂਰ ਗੌਰ ਕਨੀ ਚਾਹੀਦੀ ਹੈ। -ਅੰਗਰੇਜ ਸਿੰਘ ਵਿੱਕੀ ਕੋਟਗੁਰੂ, ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ) ਘਰੇਲੂ ਹਿੰਸਾ ਮਰਦ ਪ੍ਰਧਾਨ ਸਮਾਜ ਵਿਚ ਸਾਰੇ ਕਾਨੂੰਨੀ ਕਾਇਦੇ ਮਰਦ ਦੀ ਮਰਦਾਨਗੀ ਅਤੇ ਮਰਦ ਦੀ ਪ੍ਰਧਾਨਗੀ ਨੂੰ ਸੀਮਿਤ ਨਹੀਂ ਕਰ ਸਕੇ। ਇਸ ਦੀ ਤਾਜ਼ਾ ਮਿਸਾਲ ਘਰੇਲੂ ਹਿੰਸਾ ਰਿਪੋਰਟ ਦੇ ਰਹੀ ਹੈ। ਪਿਛਲੇ ਸਾਲ ਕੌਮੀ ਮਹਿਲਾ ਕਮਿਸ਼ਨ ਨੂੰ ਕਰੀਬ 25700 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹਨਾਂ ਵਿਚ ਘਰੇਲੂ ਹਿੰਸਾ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਹਿੱਸਾ 24 ਫ਼ੀਸਦੀ ਬਣਦਾ ਹੈ। ਹੁਣ ਮਾਨਯੋਗ ਸਰਵ ਉੱਚ ਅਦਾਲਤ ਨੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਹੇਠਲੇ ਪੱਧਰ 'ਤੇ ਔਰਤ ਅਤੇ ਬੱਚਿਆਂ ਦੀ ਭਲਾਈ ਲਈ ਰੱਖਿਅਕ ਅਫ਼ਸਰ ਤਾਇਨਾਤ ਕਰਨ ਨੂੰ ਕਿਹਾ ਹੈ। ਇਹ ਅਫ਼ਸਰ ਪੀੜਤ ਦੀ ਸਾਰ ਲਵੇਗਾ ਅਤੇ ਉਸਨੂੰ ਅਧਿਕਾਰਾਂ ਤੋਂ ਜਾਣੂ ਕਰਵਾਏਗਾ। ਇਹ ਸਹੀ ਅਤੇ ਢੁਕਵਾਂ ਉਪਰਾਲਾ ਹੈ ਇਸ ਨਾਲ ਔਰਤਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਜਾਗਰੂਕਤਾ ਫੈਲੇਗੀ। ਅਦਾਲਤੀ ਕਾਨੂੰਨ ਦੇ ਡਰ ਨਾਲ ਥੋੜਾ ਤਾਂ ਜ਼ਰੂਰ ਔਰਤ ਹਿੰਸਾ ਨੂੰ ਵਿਰਾਮ ਲੱਗਣ ਦੀ ਆਸ ਬੱਝੀ ਹੈ। -ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ ...ਪਰ ਆਪਾਂ ਨੂੰ ਕੀ ਲੈਣਾ...? ਪੰਜਾਬ ਸਰਕਾਰ ਲਗਾਤਾਰ ਪ੍ਰਚਾਰ ਕਰ ਰਹੀ ਹੈ, ਕਿ ਯੁੱਧ ਨਸ਼ਿਆਂ ਵਿਰੁੱਧ ਪਰ ਜੇਕਰ ਵੇਖਿਆ ਜਾਵੇ, ਇਸ ਯੁੱਧ ਵਿਚ ਜਿੱਤ ਕੌਣ ਰਿਹਾ ਹੈ। ਪੰਜਾਬ ਸਰਕਾਰ ਜਾਂ ਨਸ਼ਾ ਤਸਕਰ, ਪਰ ਇਸ ਯੁੱਧ ਦੇ ਬਾਵਜੂਦ ਵੀ ਪੰਜਾਬ ਵਿਚ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ। ਫਿਰ ਇਹ ਕਿਉਂ..? ਸੋਚਣਾ ਬਣਦਾ ਹੈ, ਹਰੇਕ ਹਲਕਾ ਵਿਧਾਇਕ ਅਤੇ ਪੰਜਾਬ ਪੁਲਿਸ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਲਗਾਤਾਰ ਅਗਵਾਈ ਕਰ ਰਹੀ ਹੈ। ਵਿਧਾਇਕ ਆਪਣੇ ਹਲਕੇ ਅਧੀਨ ਪੈਂਦੇ ਹਰੇਕ ਪਿੰਡ ਵਿਚ ਲਗਾਤਾਰ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਲਾਹ ਮਸ਼ਵਰੇ ਚੱਲ ਰਹੇ ਹਨ, ਪਿੰਡਾਂ ਦੇ ਲੋਕ ਪਿੱਠ ਪਿੱਛੇ ਜ਼ਰੂਰ ਦੱਸ ਰਹੇ ਹਨ, ਕਿ ਫਲਾਣਾ ਨਸ਼ਾ ਖਾਂਦਾ ਹੈ ਜਾਂ ਫਲਾਣਾ ਵੇਚਦਾ ਹੈ। ਫਿਰ ਉਹ ਕੌਣ ਹਨ ਜੋ ਪੰਜਾਬ ਵਿਚੋਂ ਨਸ਼ਾ ਮੁਕਤੀ ਚਾਹੁੰਦੇ ਹਨ। ਫਿਰ ਸਰਕਾਰਾਂ ਨੂੰ ਕਿਉਂ ਕੋਸਦੇ ਹੋ ਜੇਕਰ ਤੁਸੀਂ ਪਿੰਡਾਂ ਦੇ ਲੋਕਾਂ ਜਾਂ ਪੰਜਾਬ ਬਾਰੇ ਸੋਚਦੇ ਹੋ ਤਾਂ ਆਪਾਂ ਨੂੰ ਕੀ ਲੈਣਾ ਵਾਲਾ ਬਹਾਨਾ ਆਪਣੇ ਦਿਲ ਅਤੇ ਦਿਮਾਗ਼ ਵਿਚੋਂ ਕੱਢਣਾ ਪਵੇਗਾ ਤਾਂਜਾਕੇ ਪਿੰਡ-ਪਿੰਡ, ਸ਼ਹਿਰ- ਸ਼ਹਿਰ ਅਤੇ ਪੂਰੇ ਪੰਜਾਬ ਵਿਚ ਸੁਧਾਰ ਹੋ ਸਕਦਾ ਹੈ। ਜੇਕਰ ਤੁਸੀਂ ਪਿੰਡ ਦੇ ਹਿਮਾਇਤੀ ਹੋ ਤਾਂ ਬੁਰਾ ਭਲਾ ਵੀ ਸੁਣਨਾ ਪਵੇਗਾ, ਜੇਕਰ ਬੁਰਾ ਭਲਾ ਨਹੀਂ ਸੁਣ ਸਕਦੇ, ਤਾਂ ਬਹਾਨਾ ਤਾਂ ਹੈ ਹੀ ਆਪਣੇ ਕੋਲ ਆਪਾਂ ਨੂੰ ਕੀ ਲੈਣਾ..? ਨਾ ਨਸ਼ੇ ਪੰਜਾਬ ਸਰਕਾਰ ਬੰਦ ਕਰ ਸਕਦੀ ਹੈ, ਨਾ ਹੀ ਪਿੰਡਾਂ ਦੀ ਪੰਚਾਇਤ ਇਹ ਸਾਰੇ ਸਾਥ ਮੰਗਦੇ ਹਨ, ਜਦੋਂ ਤੱਕ ਪੰਜਾਬ ਦੇ ਹਰੇਕ ਪਿੰਡ ਵਿਚੋਂ ਨਸ਼ੇ ਖਾਤਮੇ ਦੀ ਆਵਾਜ਼ ਨਹੀਂ ਆਉਂਦੀ, ਉਦੋਂ ਤੱਕ ਨਸ਼ੇ ਤਸਕਰਾਂ ਅਤੇ ਨਸ਼ੇ ਦਾ ਖ਼ਾਤਮਾ ਨਹੀਂ ਹੋ ਸਕਦਾ। -ਗੁਰਪ੍ਰੀਤ ਸਿੰਘ ਜਖ਼ਵਾਲੀ (ਫ਼ਤਹਿਗੜ੍ਹ ਸਾਹਿਬ)