22-06-2025
ਮਹਾਨ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ 'ਹਜ਼ੂਰੀ ਰਾਗੀ' ਪਟਿਆਲੇ ਵਾਲੇ
ਲੇਖਿਕਾ : ਜਸਬੀਰ ਕੌਰ
ਪ੍ਰਕਾਸ਼ਕ : ਰਿਗੀ ਪਬਲੀਕੇਸ਼ਨ, ਖੰਨਾ
ਮੁੱਲ : 1100 ਰੁਪਏ, ਸਫੇ : 278
ਸੰਪਰਕ : 98884-11766
ਗੁਰਬਾਣੀ ਦੇ ਕੀਰਤਨ ਦਾ ਸਿੱਖ ਧਰਮ ਵਿਚ ਬਹੁਤ ਵੱਡਾ ਅਸਥਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਹ ਮਹਾਨ ਪਰੰਪਰਾ ਆਰੰਭ ਹੁੰਦੀ ਹੈ। ਰਬਾਬੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਰਬਾਬ ਉਤੇ ਸੰਗਤ ਕਰਦੇ ਸਨ। ਗੁਰੂ ਸਾਹਿਬ ਨੇ ਆਪਣੀ ਸਰੋਦੀ ਆਵਾਜ਼ ਵਿਚ ਗਾਇਨ ਕੀਤੇ ਜਾਂਦੇ ਕੀਰਤਨ ਨਾਲ ਹੀ ਦੁਨੀਆ ਭਰ ਵਿਚ ਸੱਚ ਦਾ ਹੋਕਾ ਦਿੱਤਾ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਕੀਰਤਨ ਕਲਾ ਦੇ ਗਿਆਤਾ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਜ਼ਿਆਦਾਤਰ ਮੁਸਲਮਾਨ ਰਬਾਬੀ ਵੀ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕੀਰਤਨ ਕਰਿਆ ਕਰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਫਿਰ ਸਿੱਖ ਰਾਗੀਆਂ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਕੀਰਤਨ ਰਾਤ ਆਖਰੀ ਚੌਕੀ ਦੀ ਸਮਾਪਤੀ ਤੱਕ ਨਿਰੰਤਰ ਚਲਦਾ ਰਹਿੰਦਾ ਹੈ। ਇਸ ਦੀ ਆਰੰਭਤਾ ਤੜਕਸਾਰ ਦੋ ਵਜੇ ਹੁੰਦੀ ਹੈ। ਵੱਖ-ਵੱਖ ਜਥੇ ਸਮੇਂ-ਸਮੇਂ 'ਤੇ ਕੀਰਤਨ ਕਰਦੇ ਹਨ। ਭਾਵੇਂ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਾਗੀ ਜਥਿਆਂ ਦੀ ਗਿਣਤੀ ਬਹੁਤ ਹੈ ਪਰ ਜਿਸ ਸਮੇਂ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ, ਅਰਥਾਤ ਉਦੋਂ ਮੈਂ ਅਜੇ ਸਕੂਲ ਪੜ੍ਹਦਾ ਸਾਂ, ਉਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਉੱਚ ਕੋਟੀ ਦੇ 10 ਰਾਗੀ ਜਥੇ ਹੀ ਹੁੰਦੇ ਸਨ। ਇਹ ਸਾਰੇ ਹੀ ਬਹੁਤ ਗੁਣੀਜਨ ਸਨ ਪਰ ਸ਼੍ਰੋਮਣੀ ਰਾਗੀ ਸਵਰਗੀ ਭਾਈ ਬਖਸ਼ੀਸ਼ ਸਿੰਘ ਪਟਿਆਲਾ ਦੀ ਰਸਭਿੰਨੀ ਆਵਾਜ਼ ਅਤੇ ਉਨ੍ਹਾਂ ਦੇ ਇਕ ਸੁਰ ਹੋ ਕੇ ਕੀਰਤਨ ਕਰਨ ਦਾ ਸੰਗਤਾਂ 'ਤੇ ਡੂੰਘਾ ਪ੍ਰਭਾਵ ਸੀ। ਉਨ੍ਹਾਂ ਨੇ ਸਿਰਫ਼ ਪੰਜ ਸਾਲ ਹੀ ਬਤੌਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਵੀ ਬਤੌਰ ਹਜ਼ੂਰੀ ਰਾਗੀ ਸੰਗਤਾਂ ਨੂੰ ਨਿਹਾਲ ਕੀਤਾ।
ਵਿਚਾਰ ਗੋਚਰੀ ਇਸ ਵੱਡਅਕਾਰੀ ਇਸ ਪੁਸਤਕ ਦਾ ਲਿਖਣ ਕਾਰਜ ਭਾਈ ਸਾਹਿਬ ਦੀ ਸਪੁੱਤਰੀ ਡਾ. ਜਸਬੀਰ ਕੌਰ ਨੇ ਬੜੀ ਹੀ ਰੀਝ, ਖੋਜ, ਪੂਰੀ ਜਾਣਕਾਰੀ ਅਤੇ ਠੋਸ ਸਰੋਤਾਂ ਦੇ ਆਧਾਰ 'ਤੇ ਕੀਤਾ ਹੈ। ਇਸ ਪੁਸਤਕ ਦੇ ਭੂਮਿਕਾ ਵਾਲੇ ਭਾਗ ਵਿਚ ਪੰਨਾ : 13 ਤੋਂ 277 ਤੱਕ 5 ਅਧਿਆਏ ਸ਼ਾਮਿਲ ਹਨ। ਹੋਰਨਾਂ ਕਲਮ ਨਵੀਸਾਂ ਦੀ ਪੇਸ਼ਕਾਰੀ ਵਾਲੇ ਭਾਗ ਵਿਚ ਉੱਘੇ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਭਾਈ ਅਮਰਜੀਤ ਸਿੰਘ ਤਾਨ ਪਟਿਆਲਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਲਮਜੀਤ ਸਿੰਘ, ਇਨ੍ਹਾਂ ਸਤਰਾਂ ਦੇ ਲੇਖਕ, ਉਘੇ ਸ਼ਾਸਤਰੀ ਗਾਇਕ ਸਿੰਘ ਬੰਧੂ ਭਾਈ ਜਸਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਬਲਜਿੰਦਰ ਸਿੰਘ ਗੁਰਦੁਆਰਾ ਕਰਮਸਰ ਰਾੜਾ ਸਾਹਿਬ, ਭਾਈ ਅਜੀਤ ਸਿੰਘ ਸੇਵਾ ਪੰਥੀ ਹੁਸ਼ਿਆਰਪੁਰ, ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਉਘੇ ਲੇਖਕ ਬਲਬੀਰ ਸਿੰਘ ਕੰਵਲ ਯੂ.ਕੇ., ਰਾਗੀ ਭਾਈ ਕੁਲਤਾਰ ਸਿੰਘ ਤਰਨ ਤਾਰਨ, ਰਾਗੀ ਭਾਈ ਸੁਖਦੇਵ ਸਿੰਘ ਤਰਨ ਤਾਰਨ, ਭਾਈ ਸਾਹਿਬ ਦੇ ਸਪੁੱਤਰ ਕੁਲਦੀਪ ਸਿੰਘ ਤਬਲਾ ਵਾਦਕ, ਕੁਲਵੰਤ ਸਿੰਘ ਤਬਲਾ ਵਾਦਕ, ਭਾਈ ਰਾਜ ਬਰਿੰਦਰ ਸਿੰਘ ਤਬਲਾ ਵਾਦਕ, ਰੇਡੀਓ ਸਟੇਸ਼ਨ ਜਲੰਧਰ ਦੇ ਸਾਰੰਗੀ ਵਾਦਕ ਸ਼ਮਿੰਦਰ ਪਾਲ ਸਿੰਘ, ਡਾ. ਜਬਰ ਸਿੰਘ ਪਟਿਆਲਾ, ਭਾਈ ਸਾਹਿਬ ਦੀਆਂ ਬੇਟੀਆਂ ਮਨਜੀਤ ਕੌਰ, ਰਜਿੰਦਰ ਕੌਰ, ਸਪੁੱਤਰੀ ਸੁਰਿੰਦਰ ਕੌਰ, ਭਾਈ ਜਤਿੰਦਰ ਪਾਲ ਸਿੰਘ ਮੈਲਬੌਰਨ ਅਤੇ ਪ੍ਰੋਫੈਸਰ ਜਤਿੰਦਰ ਪਾਲ ਸਿੰਘ ਆਸਟ੍ਰੇਲੀਆ ਦੇ ਲੇਖ ਪੰਜਾਬੀ ਵਿਚ ਹਨ, ਜਦਕਿ ਭਾਈ ਸਾਹਿਬ ਦੇ ਸਪੁੱਤਰ ਡਾ. ਸੁਖਵਿੰਦਰ ਸਿੰਘ, ਡਾ. ਮਨਜੀਤ ਸਿੰਘ ਹੂੰਝਣ, ਡਾ. ਬ੍ਰਹਮਨੀਤ ਕੌਰ, ਆਰੋਹੀ ਬਰਾੜ ਅਤੇ ਡਾ. ਹਰਗੁਨੀਤ ਕੌਰ (ਪੋਤਰੀਆਂ) ਦੇ ਲੇਖ ਅੰਗਰੇਜ਼ੀ ਵਿਚ ਹਨ। ਇਨ੍ਹਾਂ ਸਾਰੇ ਲੇਖਾਂ ਵਿਚ ਬਹੁਤ ਬੇਸ਼ਕੀਮਤੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਗਈ ਹੈ।
ਪੁਸਤਕ ਦੀਆਂ ਕੁਝ ਝਲਕਾਂ : ਭਾਈ ਸਾਹਿਬ ਨੂੰ ਕੀਰਤਨ ਦੀ ਦਾਤ ਵਿਰਸੇ ਵਿਚ ਹੀ ਮਿਲੀ। ਭਾਈ ਸਾਹਿਬ ਦਾ ਜਨਮ ਪਿੰਡ ਮੱਖਣ ਵਿੰਡੀ ਵਿਚ ਫ਼ੌਜਦਾਰ ਵੀਰ ਸਿੰਘ ਦੀ ਇਕਲੌਤੀ ਪੁੱਤਰੀ ਰਾਮ ਕੌਰ ਅਤੇ ਪਿਤਾ ਭਾਈ ਕਿਰਪਾਲ ਸਿੰਘ ਸਪੁੱਤਰ ਉਘੇ ਰਾਗੀ ਭਾਈ ਜਵਾਲਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦੇ ਪੰਜਾਂ ਭਰਾਵਾਂ ਵਿਚੋਂ ਗੁਰਦੀਪ ਸਿੰਘ ਨੇ ਲੰਮਾ ਸਮਾਂ ਉਨ੍ਹਾਂ ਨਾਲ ਤਬਲੇ 'ਤੇ ਸੰਗਤ ਕੀਤੀ। ਉਨ੍ਹਾਂ ਭਲੇ ਵੇਲਿਆਂ ਵਿਚ ਆਲ ਇੰਡੀਆ ਰੇਡੀਓ ਹੀ ਮਨੋਰੰਜਨ ਦਾ ਇਕੋ ਇਕ ਵੱਡਾ ਸਾਧਨ ਸੀ। ਭਾਈ ਬਖਸ਼ੀਸ਼ ਸਿੰਘ ਏ ਗਰੇਡ ਦੇ ਪ੍ਰਵਾਨਿਤ ਕਲਾਕਾਰ ਸਨ ਅਤੇ ਖਾਸ ਗੱਲ ਇਹ ਕਿ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵਲੋਂ ਗਠਿਤ ਲਿਸਨਰਜ਼ ਪੈਨਲ ਦੇ ਵੀ ਉਹ ਮੈਂਬਰ ਰਹੇ। ਉਹ ਇਕੋ ਇਕ ਰਾਗੀ ਹਨ, ਜਿਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ। ਭਾਈ ਸਾਹਿਬ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਜਿਥੇ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨ ਕੀਤਾ ਗਿਆ, ਉਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਤੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਕਰਵਾਏ ਗਏ ਉੱਚ ਕੋਟੀ ਦੇ ਇਨਾਮੀ ਕਲਾਸੀਕਲ ਕੀਰਤਨ ਦਰਬਾਰ ਵਿਚ ਭਾਈ ਬਖਸ਼ੀਸ਼ ਸਿੰਘ ਨੂੰ ਨਾਮਵਰ ਜੱਜਾਂ ਨੇ ਪਹਿਲਾ ਸਥਾਨ ਦਿੱਤਾ।
ਪੁਸਤਕ ਵਿਚ ਭਾਈ ਸਾਹਿਬ ਦੀਆਂ ਰੇਡੀਓ ਨਾਲ ਜੁੜੀਆਂ ਯਾਦਾਂ, ਪੰਜਾਬ ਐਂਡ ਸਿੰਧ ਬੈਂਕ ਦੇ ਬਾਨੀ ਸਵਰਗੀ ਡਾ. ਇੰਦਰਜੀਤ ਸਿੰਘ ਦੇ ਵਿਚਾਰ ਵੀ ਦਰਜ ਹਨ। ਪੁਸਤਕ ਵਿਚ ਭਾਈ ਸਾਹਿਬ ਦੀਆਂ 8 ਰੰਗੀਨ ਤਸਵੀਰਾਂ, ਪਰਿਵਾਰਕ ਯਾਦਾਂ ਤੇ ਸਾਂਝਾਂ ਨੂੰ ਦਰਸਾਉਂਦੀਆਂ ਰੰਗੀਨ ਤਸਵੀਰਾਂ, ਸੰਤਾਂ ਮਹਾਂਪੁਰਖਾਂ ਸਨਮੁੱਖ ਕੀਰਤਨ ਕਰਦਿਆਂ ਦੀਆਂ ਤਸਵੀਰਾਂ, ਆਪਣੇ ਪ੍ਰਸੰਸਕਾਂ ਨਾਲ ਤਸਵੀਰਾਂ ਅਤੇ ਕੈਨੇਡਾ ਫੇਰੀ ਦੀਆਂ ਰੰਗੀਨ ਤਸਵੀਰਾਂ ਵੀ ਸ਼ਾਮਿਲ ਹਨ। ਇਸ ਨਾਲ ਕਿ ਪੁਸਤਕ ਦੀ ਆਭਾ ਵਿਚ ਵਾਧਾ ਹੁੰਦਾ ਹੈ। ਅਧਿਆਏ ਪੰਜ ਦੇ ਕਈ ਪੰਨਿਆਂ ਉਤੇ ਕੁਝ ਪ੍ਰਮੁੱਖ ਕਲਮ ਨਵੀਸਾਂ ਦੀਆਂ ਭਾਈ ਸਾਹਿਬ ਬਾਰੇ ਹਸਤ ਲਿਖਤ ਵਿਚਾਰਾਂ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ।
ਅਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ 'ਮਹਿਫਿਲ' ਦੇ ਅੰਤਰਗਤ ਪੂਰੀ ਇੰਟਰਵਿਊ ਬਹੁਤ ਜਾਣਕਾਰੀ ਭਰਪੂਰ ਤੇ ਪੜ੍ਹਨਯੋਗ ਹੈ (ਪੰਨਾ 164 ਤੋਂ 173)। ਭਾਈ ਬਖਸ਼ੀਸ਼ ਸਿੰਘ ਬਹੁਤ ਮਿੱਠ ਬੋਲੜੇ, ਨਿਮਰ, ਸਾਦੇ ਸੁਭਾਅ ਦੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਮਿਕਨਾਤੀਸੀ ਖਿੱਚ ਸੀ। ਗਾਇਨ ਵੇਲੇ ਵੀ ਉਹ ਸਟੇਜ 'ਤੇ ਬੈਠਦਿਆਂ ਹੀ ਸੰਗਤ ਦੇ ਮਿਜਾਜ਼ ਨੂੰ ਭਾਂਪ ਲੈਂਦੇ ਸਨ। ਪੁਸਤਕ ਵਿਚ ਭਾਈ ਸਾਹਿਬ ਦੇ ਜੀਵਨ ਅਤੇ ਗਾਇਨ ਸ਼ੈਲੀ ਸਮੇਤ ਹਰ ਜਾਣਕਾਰੀ ਨੂੰ ਪਾਠਕਾਂ ਨਾਲ ਸਾਂਝਾ ਕਰਨ ਦੇ ਯਤਨ ਕੀਤੇ ਗਏ ਨੇ। ਪੁਸਤਕ ਦੀ ਦਿੱਖ ਬਹੁਤ ਸੁੰਦਰ, ਕਾਗਜ਼ ਉਮਦਾ ਅਤੇ ਛਪਾਈ ਵਧੀਆ ਹੈ। ਮੇਰੀ ਜਾਚੇ ਹਰ ਕੀਰਤਨ ਅਤੇ ਸੰਗੀਤ ਪ੍ਰੇਮੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜੋ ਕਿ ਆਪਣੇ-ਆਪ ਵਿਚ ਇਕ ਸ਼ਾਹਕਾਰ ਰਚਨਾ ਹੋ ਨਿੱਬੜੀ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਥੰਮ੍ਹੀਆਂ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਤਕਦੀਰ ਪ੍ਰਕਾਸ਼ਨ ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 9465656214
ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਨਿੱਠ ਕੇ ਲਿਖਣ ਵਾਲਾ, ਨਿਰੰਤਰ ਸਾਹਿਤ ਸਾਧਨਾ ਵਿਚ ਰੁੱਝਿਆ ਹੋਇਆ ਸੰਨ 2025 ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ 'ਥੰਮ੍ਹੀਆਂ' ਦਾ ਲੇਖਕ ਤਰਸੇਮ ਸਿੰਘ ਭੰਗੂ ਇਸ ਤੋਂ ਪਹਿਲਾਂ ਵੀ ਮਾਂ ਬੋਲੀ ਪੰਜਾਬੀ ਦੀ ਝੋਲੀ ਨੂੰ 9 ਪੁਸਤਕਾਂ ਸਮਰਪਿਤ ਕਰ ਚੁੱਕਾ ਹੈ। ਉਸ ਦਾ ਇਸ ਪੁਸਤਕ ਨੂੰ ਪਾਠਕਾਂ ਅਤੇ ਪਾਤਰਾਂ ਨੂੰ ਸਮਰਪਿਤ ਕਰਨਾ ਉਸ ਦੀ ਉਸਾਰੂ ਸੋਚ ਤੇ ਸਾਹਿਤ ਨੂੰ ਸਮਰਪਿਤ ਹੋਣ ਨੂੰ ਪ੍ਰਮਾਣਿਤ ਕਰਦਾ ਹੈ। ਇਸ ਪੁਸਤਕ ਬਾਰੇ ਨਾਮਵਰ ਸਾਹਿਤਕਾਰਾਂ ਵਲੋਂ ਆਪਣੇ ਪੁਖਤਾ ਵਿਚਾਰ ਲਿਖਣਾ ਇਸ ਪੁਸਤਕ ਦੀ ਮਹੱਤਤਾ ਦੀ ਹਾਮੀ ਭਰਦਾ ਹੈ। ਲੇਖਕ ਨੇ ਆਪਣੀਆਂ ਕਹਾਣੀਆਂ 'ਚ ਪਰਿਵਾਰਕ, ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਮੁੱਦਿਆਂ ਨੂੰ ਚੁੱਕਿਆ ਹੀ ਨਹੀਂ ਸਗੋਂ ਇਕ ਰਾਹ ਦਸੇਰਾ ਬਣ ਕੇ ਮੁੱਦਿਆਂ ਦਾ ਹੱਲ ਦੱਸ ਕੇ ਬਦਲਾਅ ਦਾ ਹੋਕਾ ਦੇਣ ਦੀ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਇਆ ਹੈ। ਲੇਖਕ ਇਸ ਸਮਾਜਿਕ ਵਰਤਾਰਿਆਂ ਦੀ ਹਕੀਕਤ ਨੂੰ ਬਹੁਤ ਬੇਬਾਕੀ ਨਾਲ ਬਿਆਨ ਕਰਨ ਦੀ ਸਮਰੱਥਾ ਰੱਖਦਾ ਅਨੁਭਵ ਹੋ ਰਿਹਾ ਹੈ। ਸਿਰਮੌਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਵੱਖ-ਵੱਖ ਵਿਧਾਵਾਂ ਵਿਚ ਪ੍ਰਕਾਸ਼ਿਤ ਹੋਣ ਵਾਲਾ ਇਹ ਕਲਮਕਾਰ ਇੱਕ ਨਾਮਵਰ ਕਹਾਣੀਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕਾ ਹੈ।
ਕਹਾਣੀ ਦੇ ਖੇਤਰ ਵਿਚ ਨਵੀਆਂ ਅਤੇ ਪੁਖਤਾ ਪੈੜਾਂ ਪਾਉਣ ਵਾਲਾ ਇਹ ਲੇਖਕ ਨਵੇਂ ਕਹਾਣੀਕਾਰਾਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦੀ ਪੇਸ਼ਕਾਰੀ, ਦਿਲਚਸਪ ਸ਼ੈਲੀ, ਘਟਨਾਵਾਂ ਦਾ ਤਾਣਾ-ਬਾਣਾ ਬੁਣਨ ਦਾ ਸਲੀਕਾ ਪਾਠਕਾਂ ਦੇ ਮਨਾਂ ਨੂੰ ਟੁੰਬਦਾ ਹੈ। ਕਹਾਣੀਆਂ ਦੇ ਵਿਸ਼ਿਆਂ ਮੁਤਾਬਿਕ ਪਾਤਰਾਂ ਦੀ ਚੋਣ, ਉਨ੍ਹਾਂ ਦਾ ਚਰਿੱਤਰ ਚਿਤਰਣ, ਭਾਸ਼ਾ, ਸੰਵਾਦਾਂ ਦੀ ਚੋਣ ਅਤੇ ਵਾਤਾਵਰਨ ਦੀ ਸਿਰਜਣਾ ਵਿਚ ਮੁਹਾਰਤ ਹੋਣਾ ਲੇਖਕ ਦੇ ਸਫਲ ਕਹਾਣੀਕਾਰ ਹੋਣ ਦਾ ਸਬੂਤ ਹੈ । ਕਹਾਣੀਆਂ ਵਿਚ ਅਖਾਣਾਂ, ਮੁਹਾਵਰਿਆਂ ਤੇ ਠੇਠ ਸ਼ਬਦ ਦੀ ਵਰਤੋਂ ਲੇਖਕ ਦੀ ਭਾਸ਼ਾ ਉੱਤੇ ਪਕੜ ਨੂੰ ਦਰਸਾਉਂਦੀ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਇਨ੍ਹਾਂ ਕਹਾਣੀਆਂ ਵਿਚ ਸਮਾਜ ਦੇ ਲੋਕਾਂ ਦਾ ਦੁੱਖ ਦਰਦ,ਉਨ੍ਹਾਂ ਦੇ ਸੰਕਟ, ਉਨ੍ਹਾਂ ਦੀਆਂ ਦੁਸ਼ਵਾਰੀਆਂ ਅਤੇ ਤ੍ਰਾਸਦੀਆਂ ਨਜ਼ਰ ਆਉਂਦੀਆਂ ਹਨ। ਕਹਾਣੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਸਾਂਝ ਵੀ ਪਾਈ ਗਈ ਹੈ। ਇਸ ਪੁਸਤਕ ਦੀ ਕਹਾਣੀ ਥੰਮ੍ਹੀਆਂ ਵਿਚ ਹਰਮੇਸ਼, ਅਫ਼ਸਰ ਮੈਡਮ, ਸੁਰਜੀਤ ਅਤੇ ਦਫਤਰ ਦੀਆਂ ਔਰਤਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀ ਮਾਨਸਿਕਤਾ ਅਤੇ ਦਫਤਰਾਂ ਦੇ ਮਾਹੌਲ ਨੂੰ ਬਹੁਤ ਚੰਗੇ ਢੰਗ ਨਾਲ ਬਿਆਨ ਕੀਤਾ ਹੈ। ਇਹੋ ਜਿਹੀਆਂ ਕਹਾਣੀਆਂ ਦੀ ਸਿਰਜਣਾ ਸਮਾਜ ਅਤੇ ਸਮੇਂ ਦੀ ਲੋੜ ਹੈ। ਸਮਾਜ ਲੇਖਕ ਤੋਂ ਭਵਿੱਖ ਵਿਚ ਵੀ ਇਹੋ ਜਿਹੀਆਂ ਕਹਾਣੀਆਂ ਦੀ ਸਿਰਜਣਾ ਦੀ ਉਮੀਦ ਰੱਖਦਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਰੰਗ-ਪ੍ਰਸੰਗ
ਸੁਰਜੀਤ ਪਾਤਰ ਦੇ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 248
ਸੰਪਰਕ : 98726-02296
ਪੰਜਾਬੀ ਲੰਮੀ ਕਹਾਣੀ ਦਾ ਸ਼ਾਹ-ਸੁਆਰ, ਉੱਚ ਦੁਮਾਲੜਾ ਵਰਿਆਮ ਸਿੰਘ ਸੰਧੂ ਨਵੀਆਂ ਪੈੜਾਂ ਦਾ ਸਿਰਜਕ ਸਾਹਿਤਕਾਰ ਹੈ, ਜਿਸ ਨੇ ਆਪਣੇ ਜਿਗਰੀ ਮਿੱਤਰ ਪੰਜਾਬੀ ਸ਼ਾਇਰੀ ਦੇ ਮੀਨਾਰ ਪਦਮਸ੍ਰੀ ਸੁਰਜੀਤ ਪਾਤਰ ਬਾਰੇ ਉਸ ਦੇ ਵਿਛੋੜੇ ਨੂੰ ਇਕ ਸਾਲ ਦੇ ਅੰਦਰ-ਅੰਦਰ ਵਿਲੱਖਣ ਪੁਸਤਕ 'ਰੰਗ-ਪ੍ਰਸੰਗ ਸੁਰਜੀਤ ਪਾਤਰ ਦੇ' ਲਿਖ ਕੇ ਕਿ ਹੋਰ ਤਗਮਾ ਹਾਸਲ ਕਰ ਲਿਆ ਹੈ। ਉਸ ਦੇ ਦਿੱਤੇ ਪ੍ਰਮਾਣ ਕਥਨ-ਪ੍ਰਵਚਨ ਹਨ। ਕਸੀਦ ਕੀਤੇ ਅਨੁਭਵ ਹਨ। ਇਸੇ ਕਰਕੇ ਉਹ ਸਪੱਸ਼ਟ ਕਰਦਾ : ''ਇਹ ਕਿਤਾਬ ਨਾ ਜੀਵਨੀ ਹੈ, ਨਾ ਆਲੋਚਨਾ। ਇਹ ਸੁਰਜੀਤ ਪਾਤਰ ਦੇ ਜੀਵਨ, ਸ਼ਾਇਰੀ ਅਤੇ ਸ਼ਖ਼ਸੀਅਤ ਵਿਚੋਂ ਕਸੀਦ ਕੀਤੇ ਸ਼ਰਬਤੀ ਤੁਪਕੇ ਹਨ। ਪਰ ਸੁਰਜੀਤ ਤਾਂ ਸੁਰ+ਜੀਤ ਸੀ। ਸ਼ਬਦ ਸੀ, ਸੁਰ ਸੀ, ਸੰਗੀਤ ਸੀ, ਧਰਤੀ ਦਾ ਗੀਤ ਸੀ। ਉਸ ਦੀ ਅਲਵਿਦਾ ਬਾਰੇ ਲਿਖਦਾ : ਪੰਜਾਬੀ ਅਦਬ ਦਾ ਉੱਚਾ ਸ਼ਮਲ੍ਹਾ ਡਿੱਗ ਪਿਆ ਹੈ। ਪੰਜਾਬੀ ਕਵਿਤਾ ਦਾ ਅਸਮਾਨੀ ਬੁਰਜ ਢਹਿ ਗਿਆ ਹੈ। ਉਸ ਦੀ ਸ਼ਾਇਰੀ ਸੁੱਚੇ ਸਭਿਆਚਾਰ ਦਾ ਸਿਰਨਾਵਾਂ ਹੈ। ਉਹ ਸ਼ਬਦਾਂ ਦਾ ਜਾਦੂਗਰ ਸੀ। 'ਹਵਾ 'ਚ ਲਿਖੇ ਹਰਫ਼' ਛਪਣ 'ਤੇ ਉਸ ਨੇ ਲਿਖਿਆ ਸੀ : 'ਇਹ ਕਿਤਾਬ ਪੰਜਾਬੀ ਕਵਿਤਾ ਦੇ ਅਸਮਾਨ ਵੱਲ ਖੁੱਲ੍ਹਦੀ ਖਿੜਕੀ ਹੈ।' ਹੋਰ ਅੱਗੇ ਲਿਖਦਾ : 'ਪਾਤਰ ਸੱਚਮੁੱਚ ਦਰਵੇਸ਼ ਰੂਹ ਸੀ। ਦਰਵੇਸ਼ਾਂ ਵਾਲਾ ਧੀਰਜ, ਦਰੱਖਤਾਂ ਵਰਗਾ ਜਿਗਰਾ, ਉਹ ਦਰਵੇਸ਼ਾਂ ਵਾਂਗ ਜੀਵਿਆ ਤੇ ਦਰਵੇਸ਼ਾਂ ਵਾਂਗ ਹੀ ਸਹਿਜ-ਸੁਭਾਅ, ਚੁੱਪ-ਚਪੀਤੇ ਤੁਰ ਗਿਆ।' ਇਸ ਪੁਸਤਕ ਵਿਚ ਲਗਭਗ 50 ਸਿਰਲੇਖਾਂ ਵਾਲੀਆਂ ਰਚਨਾਵਾਂ ਪਾਠਕ ਨੂੰ ਬੰਨ੍ਹੀ ਰੱਖਦੀਆਂ ਹਨ। ਅੰਤ 'ਚ ਜਿੱਥੇ ਸੁਖਵਿੰਦਰ ਅੰਮ੍ਰਿਤ ਵਲੋਂ ਪਾਤਰ ਬਾਰੇ ਬਹੁਤ ਕਮਾਲ ਦਾ 'ਮੁਰਸ਼ਦਨਾਮਾ' ਹੈ, ਉਥੇ ਸੁਰਜੀਤ ਪਾਤਰ ਦੀ ਆਖ਼ਰੀ ਨਜ਼ਮ ਵੀ ਹੈ। ਪਾਤਰ ਸਮਾਗਮਾਂ ਨੂੰ ਚਾਰ ਚੰਨ ਲਾਉਣ ਵਾਲੇ ਦੇਵ ਦਿਲਦਾਰ ਦੀ ਭੂਮਿਕਾ ਜ਼ਿਕਰਯੋਗ ਹੈ।
ਵਿਦੇਸ਼ 'ਚ ਪਾਤਰ ਦੇ ਸਮਾਗਮਾਂ ਨੂੰ ਸਫਲ ਬਣਾਉਣ ਵਿਚ ਹਰਦੇਵ ਵਿਰਕ, ਦੀਦਾਰ ਪ੍ਰਦੇਸੀ ਤੇ ਹਰਭਜਨ ਸਿੰਘ ਨੇ ਦੋਸਤੀ ਪੂਰੀ। ਪਾਤਰ ਨੂੰ ਯਾਦ ਕਰਦਿਆਂ ਮਿੱਤਰਾਂ-ਸਨੇਹੀਆਂ ਵਲੋਂ ਅਕੀਦਤ ਵਜੋਂ ਭਾਵ-ਪੂਰਵਕ ਵਿਚਾਰ ਹਨ ਜਿਨ੍ਹਾਂ 'ਚ ਗੁਰਭਜਨ ਗਿੱਲ, ਅਰਵਿੰਦਰ ਜੌਹਲ, ਸਵਰਾਜਬੀਰ ਤੇ ਮੋਹਨਜੀਤ ਸ਼ਾਮਿਲ ਹਨ। ਵਰਿਆਮ ਸਿੰਘ ਸੰਧੂ ਨੇ ਪਾਤਰ ਨਾਲ ਗੰਢੀ ਦੋਸਤੀ ਨੂੰ ਜਿਸ ਤਰ੍ਹਾਂ ਪੇਸ਼ ਕੀਤਾ, ਉਸ ਦਾ ਅੰਦਾਜ਼ਾ ਹੀ ਵੱਖਰਾ ਹੈ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਜਿਹੜੇ ਸਮਾਗਮ ਹੋਏ, ਉਨ੍ਹਾਂ ਦੀ ਤਰਜਮਾਨੀ ਸ੍ਰੀ ਸੰਧੂ ਨੇ ਬਹੁਤ ਜ਼ਿੰਮੇਵਾਰੀ ਨਾਲ ਨਿੱਠ ਕੇ ਨਿਭਾਈ। ਅਸਲ ਵਿਚ ਇਹ ਪੁਸਤਕ ਜਿਥੇ ਪਾਤਰ ਤੇ ਸੰਧੂ ਦੇ ਆਪਸੀ ਸੁਮੇਲ ਨੂੰ ਪ੍ਰਤੀਬਿੰਬਤ ਕਰਦੀ ਹੈ, ਉਥੇ ਹੋਰ ਬਹੁਤ ਸਾਰੇ ਪੰਜਾਬੀ ਲੇਖਕਾਂ, ਆਲੋਚਕਾਂ ਤੇ ਚਿੰਤਕਾਂ ਬਾਰੇ ਵੀ ਚਕਾ-ਚੌਂਧ ਕਰਦੀ। ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿਚ ਪਾਤਰ ਦੀ ਸ਼ਾਇਰੀ ਦੇ ਸਮਾਗਮਾਂ ਬਾਰੇ ਜਾਣਕਾਰੀ ਬੜੀ ਰੌਚਿਕ ਹੈ, ਜਿਸ ਨੂੰ ਪੜ੍ਹਕੇ ਸੁਰਜੀਤ ਪਾਤਰ ਦਾ ਜਲੌਅ ਚੜ੍ਹਦੇ ਸੂਰਜ ਵਾਂਗ ਪ੍ਰਕਾਸ਼ ਕਰਦਾ ਹੈ। ਪਾਤਰ ਦੀ ਨਿਵੇਕਲੀ ਵਾਰਤਕ ਪੁਸਤਕ 'ਸੂਰਜ ਮੰਦਰ ਦੀਆਂ ਪੌੜੀਆਂ' ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਮਾਨਣਯੋਗ ਹੈ। ਕੈਨੇਡਾ ਤੋਂ ਵਰਿਆਮ ਸਿੰਘ ਸੰਧੂ ਦੇ ਪੁੱਤਰ ਵਲੋਂ 'ਸੀਰਤ' ਮੈਗਜ਼ੀਨ ਕੱਢਣਾ ਤੇ ਪਾਤਰ ਦਾ ਸੰਪੂਰਨ ਸਹਿਯੋਗ ਮਿਲਣਾ ਵੀ ਕਮਾਲ ਹੈ। ਬਰੈਂਪਟਨ (ਕੈਨੇਡਾ) 'ਚ ਪਾਤਰ ਦੀ ਸੁਰਮਈ ਸ਼ਾਮ ਦੇ ਨਜ਼ਾਰੇ, ਸੰਧੂ ਨੇ ਸੁਆਲ-ਜੁਆਬ ਕਰਕੇ ਬੁਲੰਦੀਆਂ ਛੂਹ ਲਈਆਂ। ਜਿਥੇ ਪਾਤਰ ਦੀ ਬੱਲੇ-ਬੱਲੇ ਹੋਈ, ਉਥੇ ਕੁਝ ਨਿੰਦਕਾਂ ਵਿਸ਼ੇਸ਼ ਤੌਰ 'ਤੇ ਗੁਰਬਚਨ ਵਲੋਂ ਕਿੜ ਕੱਢਣ ਦਾ ਵਤੀਰਾ ਖ਼ੂਬ ਵਿਆਖਿਆ ਗਿਆ। ਇਸ ਨਿੰਦਣੀ ਆਲੋਚਨਾ ਬਾਰੇ ਪੰਜ ਲੇਖ ਹਨ : ਪਾਤਰ ਅਤੇ ਤਰਸ ਦੇ ਪਾਤਰ, ਸੰਗਮਰਮਰ 'ਤੇ ਚਿੱਕੜ, ਬੰਬਾਂ ਤੇ ਡੱਬਾ ਰੱਖ ਕੇ ਚਲਾਉਣਾ, ਚਿੜੀਓ ਜਿਊ ਪਓ ਚਿੜੀਓ ਮਰ ਜਾਓ ਅਤੇ ਸੌਂਕਣੇ ਲੜ ਲੈ ਨੀ।' ਪਾਤਰ ਨੇ ਵਿਰੋਧੀਆਂ ਦਾ ਸੰਤਾਪ ਜਿਸ ਸਹਿਜ ਨਾਲ ਹੰਢਾਇਆ ਉਸ ਬਾਰੇ ਨਾਵਲਕਾਰ ਗੁਰਦਿਆਲ ਸਿੰਘ ਦਾ ਸੁਰਜੀਤ ਪਾਤਰ ਨੂੰ ਸੁਝਾਉ ਪੜ੍ਹ ਕੇ ਜਾਣਿਆ ਜਾ ਸਕਦਾ ਹੈ। ਹੋਰ ਅੱਗੇ : 'ਪਾਤਰ ਨੂੰ ਆਤਮ-ਹੱਤਿਆ ਕਰ ਲੈਣ ਦਾ ਸੁਝਾਅ' ਪੜ੍ਹ ਕੇ ਪਾਠਕ ਗ਼ਮਗੀਨ ਹੋ ਜਾਂਦਾ। ਇਨਾਮਾਂ, ਸਨਮਾਨਾਂ ਬਾਰੇ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਬਾਰੇ ਵੀ ਚੰਗੀ ਜਾਣਕਾਰੀ ਦਿੱਤੀ ਗਈ। ਪਾਤਰ ਦੀਆਂ ਕਵਿਤਾਵਾਂ ਨੂੰ ਬੜੀ ਸੁਚੱਜਤਾ ਨਾਲ ਪਾਠਕਾਂ ਨਾਲ ਸਾਂਝਾ ਕਰਕੇ ਸੰਧੂ ਨੇ ਇਕ ਉੱਤਮ ਸਮੀਖਿਆ ਵਾਲਾ ਫ਼ਰਜ਼ ਅਦਾ ਕੀਤਾ। ਮੁੱਲਵਾਨ ਪੁਸਤਕ ਅਦਬ ਦਾ ਹਾਸਲ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਫਾਂਸੀ ਅਹਾਤੇ ਤੋਂ
(ਯੇਰਵੜਾ ਦੀਆਂ ਔਰਤਾਂ ਨਾਲ ਗੁਜ਼ਾਰਿਆ ਇਕ ਵਰ੍ਹਾ)
ਲੇਖਕ : ਸੁਧਾ ਭਾਰਦਵਾਜ
ਅਨੁਵਾਦ : ਬੂਟਾ ਸਿੰਘ ਮਹਿਮੂਦਪੁਰ
ਪ੍ਰਕਾਸ਼ਨ : ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਮਹਿਮੂਦਪੁਰ, ਸ਼ਹੀਦ ਭਗਤ ਸਿੰਘ ਨਗਰ
ਮੁੱਲ :300 ਰੁਪਏ, ਸਫ਼ੇ : 200
ਸੰਪਰਕ : 94634-74342
ਸੁਧਾ ਭਾਰਦਵਾਜ ਇਕ ਜਾਣੀ-ਪਛਾਣੀ ਤੇ ਸਮਾਜਿਕ ਨਿਆਂ ਤੇ ਹੱਕਾਂ ਲਈ ਲੜਨ ਵਾਲੀ ਉੱਘੀ ਹਸਤੀ ਹੈ। ਨਵੰਬਰ 2018 ਤੋਂ 2020 ਤੱਕ ਉਹ ਯੇਰਵੜਾ ਦੀ ਜੇਲ੍ਹ ਵਿਚ ਰਹੀ ਅਤੇ ਹਥਲੀ ਕਿਤਾਬ ਵਿਚ ਉਸ ਨੇ ਆਪਣੇ ਯੇਰਵੜਾ ਦੀ ਜੇਲ੍ਹ ਵਿਚ ਰਹਿੰਦਿਆਂ ਹੋਏ ਅਨੁਭਵਾਂ ਨੂੰ ਬੜੀ ਬੇਬਾਕੀ ਨਾਲ ਬਿਆਨ ਕੀਤਾ ਹੈ। ਸੁਧਾ ਭਾਰਦਵਾਜ ਦੀ ਇਸ ਪੁਸਤਕ ਦਾ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ ਅਤੇ ਬੂਟਾ ਸਿੰਘ ਨੇ ਅਨੁਵਾਦ ਕਰਦੇ ਸਮੇਂ ਪੁਸਤਕ ਦੇ ਹਰ ਪਹਿਲੂ ਨਾਲ ਪੂਰਨ ਨਿਆਂ ਕੀਤਾ ਹੈ ਕਿਉਂਕਿ ਕਿਸੇ ਵੀ ਪੁਸਤਕ ਦਾ ਅਨੁਵਾਦ ਕਰਦੇ ਸਮੇਂ ਅਨੁਵਾਦਕ ਲਈ ਇਹ ਸ਼ਰਤ ਜ਼ਰੂਰੀ ਹੈ ਕਿ ਉਹ ਪੁਸਤਕ ਦੇ ਹਰ ਤੱਥ ਨੂੰ ਉਸੇ ਤਰ੍ਹਾਂ ਪੇਸ਼ ਕਰੇ ਜਿਵੇਂ ਕਿ ਲੇਖਕ ਨੇ ਪੇਸ਼ ਕਰਨਾ ਚਾਹਿਆ ਹੈ ਅਤੇ ਬੂਟਾ ਸਿੰਘ ਇਸ ਪੱਖੋਂ ਵਧਾਈ ਦੇ ਪਾਤਰ ਹਨ। ਇਸ ਪੁਸਤਕ ਵਿਚ ਸੁਧਾ ਭਾਰਦਵਾਜ ਦੇ ਗ੍ਰਿਫ਼ਤਾਰ ਹੋਣ ਤੋਂ ਲੈ ਕੇ ਜੇਲ੍ਹ ਜਾਣ ਤੱਕ ਦੇ ਹਰ ਪਹਿਲੂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ ਅਤੇ ਭਾਰਤੀ ਨਿਆਂ ਪ੍ਰਣਾਲੀ ਦੀ ਸੁਸਤ ਚਾਲ ਅਤੇ ਜੇਲ੍ਹਾਂ ਵਿਚ ਨਿਆਂ ਅਤੇ ਰਿਹਾਈ ਦੀ ਉਡੀਕ ਵਿਚ ਜ਼ਿੰਦਗੀ ਗੁਜ਼ਾਰ ਰਹੀਆਂ ਔਰਤਾਂ ਦੇ ਹਾਲਾਤਾ ਦਾ ਜ਼ਿਕਰ ਕੀਤਾ ਹੈ। ਜੇਲ੍ਹਾਂ ਵਿਚਲਾ ਜੀਵਨ ਅਤੇ ਦੁਨੀਆ ਤੋਂ ਟੁੱਟਿਆ ਹੋਇਆ ਗਿਰਾਂ ਜਿਥੇ ਕੈਦੀ ਔਰਤਾਂ ਦੀ ਜ਼ਿੰਦਗੀ ਆਪਣੀ ਬੈਰਕ ਦੀ ਚਾਰਦਿਵਾਰੀ ਵਿਚ ਹੀ ਸੀਮਿਤ ਹੈ, ਰਿਹਾਈ ਦੀ ਉਮੀਦ ਨਾਮਾਤਰ ਹੈ ਪਰਿਵਾਰ ਸਾਥ ਛੱਡ ਦਿੰਦਾ ਹੈ, ਜੇਲ੍ਹ ਤੋਂ ਰਿਹਾਅ ਹੋ ਕੇ ਕਿਵੇਂ ਜੀਵਨ ਬਸਰ ਹੋਏਗਾ, ਸਮਾਜ ਇਨ੍ਹਾਂ ਨੂੰ ਫਿਰ ਤੋਂ ਆਪਣੇ ਵਿਚ ਸ਼ਾਮਿਲ ਕਰੇਗਾ ਜਾਂ ਨਹੀਂ? ਵਰਗੇ ਕਈ ਅਣਸੁਲਝੇ ਸਵਾਲ ਇਸ ਪੁਸਤਕ ਰਾਹੀਂ ਪੇਸ਼ ਹੂੰਦੇ ਹਨ। ਜੇਲ੍ਹਾਂ ਇਕ ਤਰ੍ਹਾਂ ਦਾ ਸੁਧਾਰ ਘਰ ਹੁੰਦੀਆਂ ਹਨ ਪਰ ਸੁਧਾ ਭਾਰਦਵਾਜ ਨੇ ਔਰਤਾਂ ਦੀਆਂ ਜੇਲ੍ਹਾਂ ਵਿਚਲੇ ਕਰਵਿਹਾਰ, ਔਰਤਾਂ ਦੀ ਆਪਸੀ ਲੜਾਈ, ਆਪਸੀ ਗੱਲਬਾਤ, ਖਾਣੇ ਪਿਛੇ ਝਗੜੇ, ਗਾਲੀਗਲੋਚ, ਆਪਸੀ ਸਾਂਝ ਔਰਤ ਜੇਲਰਾਂ ਦੀ ਭੈੜੀ ਵਾਣੀ ਆਦਿ ਕਈ ਹੋਰ ਅਨੁਭਵ ਬਿਆਨ ਕੀਤੇ ਹਨ। ਜੇਲ੍ਹ ਪ੍ਰਸ਼ਾਸਨ ਦੇ ਹਿਰਦੇ ਵਿਚ ਰੱਤੀ ਭਰ ਵੀ ਹਮਦਰਦੀ ਨਹੀਂ ਕਿਸੇ ਲਈ ਅਤੇ ਜੇਲ੍ਹ ਪ੍ਰਸ਼ਾਸਨ ਇਸ ਪੱਖੋਂ ਬੇਪ੍ਰਵਾਹ ਹੈ। ਸਜ਼ਾਯਾਫ਼ਤਾ ਕੈਦੀਆਂ ਨੂੰ ਤਾਂ ਜਿਵੇਂ ਕਾਨੂੰਨ ਵੀ ਭੁਲਾ ਹੀ ਛੱਡਦਾ ਹੈ ਇਹੋ ਜਿਹੇ ਕੈਦੀਆਂ ਨੂੰ ਨਾ ਤਾਂ ਆਪਣੇ ਮੁੱਕਦਮੇ ਬਾਰੇ ਕੁਝ ਦੱਸਿਆ ਜਾਂਦਾ ਹੈ ਨਾ ਕਾਨੂੰਨੀ ਸਹਾਇਤਾ ਲਈ ਪ੍ਰੇਰਿਆ ਜਾਂਦਾ ਹੈ ਅਤੇ ਨਾ ਹੀ ਪਰਿਵਾਰ ਦੇ ਕੋਈ ਮੈਂਬਰ ਉਨ੍ਹਾਂ ਦੀ ਸੁਧ ਲੈਣ ਆਉਂਦੇ ਹਨ। ਕੁੱਲ ਮਿਲਾ ਕੇ ਪੁਸਤਕ ਔਰਤ ਕੈਦੀਆਂ ਦੇ ਸੰਜੀਦਾ ਮਸਲਿਆਂ 'ਤੇ ਛਾਨਣ ਪਾਉਣ ਦੇ ਨਾਲ-ਨਾਲ ਔਰਤ ਕੈਦੀਆਂ ਪ੍ਰਤੀ ਇਕ ਸੰਵੇਦਨਸ਼ੀਲ ਦ੍ਰਿਸ਼ਟੀ ਅਪਣਾਉਣ ਨੂੰ ਤਰਜੀਹ ਦਿੰਦੀ ਹੈ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਸੁਕਰਾਤ
ਮੁਕੱਦਮੇ ਤੋਂ ਮੌਤ ਤੱਕ (ਚਾਰ ਸੰਵਾਦ)
ਮੂਲ ਯੂਨਾਨੀ ਲੇਖਕ : ਪਲੈਟੋ
ਅੰਗਰੇਜ਼ੀ ਅਨੁਵਾਦ : ਬੈਂਜਮਿਨ ਜੋਐੱਟ
ਪੰਜਾਬੀ ਅਨੁਵਾਦ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : jaspreetjagraon@hotmail.com
ਵਿਦਵਾਨ ਅਨੁਵਾਦਕ ਨੇ ਇਸ ਪੁਸਤਕ ਦਾ ਸਰਲ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਉਸ ਨੇ ਇਸ ਕਿਤਾਬ ਨੂੰ ਚਾਰ ਭਾਗਾਂ ਵਿਚ (ਪਹਿਲਾ ਸੰਵਾਦ-ਯੂਥੀਫ਼ਰੋ, ਦੂਜਾ ਸੰਵਾਦ-ਅਪੌਲੋਜੀਆ ਕਬੂਲਨਾਮਾ, ਤੀਜਾ ਸੰਵਾਦ-ਕ੍ਰੀਟੋ, ਚੌਥਾ ਸੰਵਾਦ-ਫ਼ੀਡੋ) ਵੰਡ ਕੇ ਬੜੀ ਮਿਹਨਤ ਕੀਤੀ ਹੈ। ਸੁਕਰਾਤ ਦੇ ਅਧਿਕਤਰ ਵਿਚਾਰ ਮੌਖਿਕ ਅਤੇ ਪ੍ਰਸ਼ਨ-ਉੱਤਰ ਸੰਵਾਦ ਦੇ ਰੂਪ ਵਿਚ ਮਿਲਦੇ ਹਨ ਜਿਨ੍ਹਾਂ ਨੂੰ ਅੱਗੇ ਜਾ ਕੇ ਪਲੈਟੋ ਤੇ ਅਰਸਤੂ ਨੇ ਆਪਣੀਆਂ ਰਚਨਾਵਾਂ ਵਿਚ ਸੰਭਾਲ ਲਿਆ। ਉਪਰੋਕਤ ਚਾਰਾਂ ਸੰਵਾਦਾਂ ਦੇ ਮੁੱਖ ਨੁਕਤੇ ਇਹ ਹਨ :-
ਸੰਸਾਰ ਕੀ ਹੈ, ਮੈਂ ਕੀ ਹਾਂ, ਕੀ ਹੋ ਸਕਦਾ ਹਾਂ ਭਾਵ ਮੇਰੇ
ਅਸਤਿਤਵ ਦਾ ਵਿਕਾਸ ਕਿਵੇਂ ਸੰਭਵ ਹੈ ਆਦਿ ਦਾ ਜਵਾਬ ਕੇਵਲ ਸੁਕਰਾਤ ਵਰਗੇ ਦਾਰਸ਼ਨਿਕ ਹੀ ਦੇ ਸਕਦੇ ਹਨ। ਅਸਤਿਤਵ ਦੇ ਵਿਕਾਸ ਬਾਰੇ ਵੀਹਵੀਂ ਸਦੀ ਵਿਚ ਅਜਿਹੀ ਪ੍ਰਸਤੁਤੀ ਜਾਂ ਪਾਲ ਸਾਰਤਰ ਨੇ ਵੀ ਕੀਤੀ ਹੈ। ਸੁਕਰਾਤ ਨੇ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਨਹੀਂ ਦਿੱਤਾ। ਉਪਰੋਕਤ ਚਾਰ ਸੰਵਾਦਾਂ ਵਿਚ ਜੋ ਮੁੱਲਵਾਨ ਨੁਕਤੇ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਕੇਂਦਰੀ ਸੂਤਰ, ਸੰਖੇਪ ਵਿਚ, ਨੋਟ ਕੀਤੇ ਜਾ ਸਕਦੇ ਹਨ। ਪਹਿਲੇ ਸੰਵਾਦ ਵਿਚ ਮਾਨਵ ਦਾ ਅਸਤਿਤਵ ਉਸ ਦੀ ਸਮ੍ਰਿਤੀ ਦਾ ਅੰਗ ਦਰਸਾਇਆ ਗਿਆ ਹੈ। ਨੇਕੀ, ਪਵਿੱਤਰਤਾ ਅਤੇ ਧਰਮ ਬਾਰੇ ਨਿੱਠ ਕੇ ਚਰਚਾ ਕੀਤੀ ਗਈ ਹੈ। ਦੂਜੇ ਸੰਵਾਦ ਵਿਚ ਮਾਨਵੀ ਸੰਵੇਦਨਸ਼ੀਲਤਾ ਬਾਰੇ ਚਰਚਾ ਹਾਜ਼ਰ ਹੈ। ਇਸ ਸੰਵਾਦ ਵਿਚ ਕਬੂਲਨਾਮਾ ਨਿਡਰਤਾ ਸਹਿਤ ਪੇਸ਼ ਕੀਤਾ ਗਿਆ। ਤੀਜੇ ਸੰਵਾਦ ਵਿਚ 'ਕ੍ਰੀਟੋ' ਵਿਚ 'ਏਥਨਜ਼' ਤੋਂ ਨਿਕਾਲੇ ਤੋਂ ਇਨਕਾਰ ਕਰਦਿਆਂ ਸੁਕਰਾਤ ਨੇ ਮੌਤ ਦੀ ਸਜ਼ਾ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਇਉਂ ਸਮੇਂ ਦੇ ਕਾਨੂੰਨ ਦਾ ਸਤਿਕਾਰ ਕੀਤਾ। ਇਉਂ ਸਮੇਂ ਦੇ ਕਾਨੂੰਨ ਦਾ ਸਤਿਕਾਰ ਕੀਤਾ। ਚੌਥੇ ਸੰਵਾਦ 'ਫ਼ੀਡੋ' ਵਿਚ ਰੂਹ (ਆਤਮਾ) ਦੀ ਸਦੀਵਤਾ (ਅਮਰਤਾ) ਬਾਰੇ ਦ੍ਰਿੜ੍ਹ ਨਿਸ਼ਚਾ ਪ੍ਰਸਤੁਤ ਕੀਤਾ ਗਿਆ ਹੈ। ਸੁਕਰਾਤ ਨੂੰ ਪੁਨਰ-ਜਨਮ ਵਿਚ ਵਿਸ਼ਵਾਸ ਹੈ। ਇਹ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਅਨੁਸਾਰ ਆਤਮਾ ਇਕ ਸਰੀਰ ਨੂੰ ਤਿਆਗ ਕੇ ਦੂਜੇ ਸਰੀਰ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਇੰਝ ਸਵੈ-ਇੱਛਾ ਅਨੁਸਾਰ ਫ਼ਾਨੀ ਸੰਸਾਰ ਨੂੰ ਤਿਆਗਣ ਲਈ ਮਾਨਵਾਂ ਨੂੰ ਆਤਮਕ ਬਲ ਪ੍ਰਦਾਨ ਕੀਤਾ ਗਿਆ ਹੈ, ਜਿਵੇਂ ਗੁਰਬਾਣੀ ਵਿਚ ਭਾਣਾ ਮੰਨਣ ਦੀ ਸ਼ਕਤੀ ਦਿੱਤੀ ਜਾਂਦੀ ਹੈ। ਸੁਕਰਾਤ ਨੇ ਹੋਰਨਾਂ ਪੁਰਾਤਨ ਅਤੇ ਸਮਕਾਲੀ ਵਿਚਾਰਵਾਨਾਂ ਵਾਂਗ ਜੰਗਲਾਂ ਵਿਚ ਘੁਮੱਕੜ ਬਣ ਕੇ ਸਿੱਖਿਆਵਾਂ ਨਹੀਂ ਦਿੱਤੀਆਂ। ਤਤਕਾਲੀਨ ਲੋਕਾਂ ਨਾਲ ਸੰਵਾਦ ਰਚਾ ਕੇ ਵਿਹਾਰਕ (ਪ੍ਰਯੋਗਕ) ਉਪੇਦਸ਼ ਦਿੱਤੇ ਨੇ। ਉਸ ਦੇ ਬੋਲੇ ਸ਼ਬਦਾਂ ਵਿਚ ਮਿਲਣ ਵਾਲਿਆਂ ਨੂੰ ਪ੍ਰਭਾਵਿਤ ਕਰਨ ਦੀ ਅਦਭੁੱਤ ਸ਼ਕਤੀ ਸੀ। ਅਜਿਹੇ ਸੱਚੇ ਚਿੰਤਨ ਕਾਰਨ ਹੀ ਉਸ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਉਸ ਨੇ ਪੂਰਬਲੇ ਚਿੰਤਨ ਨੂੰ ਸਿਰ-ਪਰਨੇ ਕਰ ਦਿੱਤਾ। ਅਜਿਹੇ ਚਿੰਤਕ ਨੂੰ ਦਰਸ਼ਨ ਵਿਚੋਂ ਕਦੇ ਵੀ ਗ਼ੈਰ-ਹਾਜ਼ਰ ਨਹੀਂ ਕੀਤਾ ਜਾ ਸਕਦਾ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.co
ਮਨੁ ਪੰਖੀ ਭਇੳ
ਲੇਖਕ : ਮਨਮੋਹਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲਧਿਆਣਾ
ਮੁੱਲ : 475 ਰੁਪਏ, ਸਫ਼ੇ : 319
ਸੰਪਰਕ : 98682-52946
ਕਵੀ, ਖੋਜ ਕਰਤਾ, ਅਨੁਵਾਦਕ ਅਤੇ ਨਾਵਲਕਾਰ ਮਨਮੋਹਨ ਦੇ 'ਨਿਰਵਾਣ' ਅਤੇ 'ਸਹਿਜ ਗੁਫ਼ਾ ਮਹਿ ਆਸਣੁ' ਮਗਰੋਂ ਤੀਜਾ ਵੱਡ ਆਕਾਰੀ ਨਾਵਲ ਹੈ 'ਮਨੁ ਪੰਖੀ ਭਇੳ'। ਇਹ ਨਾਵਲ ਸੰਗੀਤ, ਸ਼ਾਇਰੀ, ਇਤਿਹਾਸ, ਰਾਜਨੀਤੀ, ਧਰਮ, ਅਧਿਆਤਮ ਦੇ ਨਾਲ-ਨਾਲ ਦੇਸ਼ ਵੰਡ ਤੋਂ ਪਹਿਲਾਂ ਦੀਆਂ ਪਰਿਸਥਿਤੀਆਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਨਾਵਲ ਦਾ ਮੁੱਖ ਪਾਤਰ ਬੋਧਾ ਹੈ। ਸੰਗੀਤ ਦਾ ਮਾਹਿਰ ਪਾਰਸ, ਹਾਲਾਤ-ਏ-ਹਾਜ਼ਰਾ ਦਾ ਗਿਆਤਾ ਤਾਇਆ ਬਿਸ਼ਨ ਸਿੰਘ,ਬੋਧਾ ਦੀ ਪਤਨੀ ਕੰਮੋ, ਹੀਰਾ ਸਿੰਘ ਉਸਦੀ ਪ੍ਰੇਮਿਕਾ ਤਰੰਨਮ, ਹੈੱਡਮਾਸਟਰ ਅਹਿਮਦਦੀਨ, ਰਸ਼ੀਦ, ਮਾਸਟਰ ਰੁਲੀਆ ਰਾਮ, ਸਰਦਾਰ ਸਾਹਿਬ ਯੂਨੀਅਨਿਸ਼ਟ ਆਦਿ ਅਨੇਕਾਂ ਪਾਤਰ ਹਨ ਕਿਉਂਕਿ ਨਾਵਲ ਦਾ ਕਥਾਨਕ ਵੀਹਵੀ ਸਦੀ ਦੇ ਆਰੰਭ ਤੋਂ ਲੈ ਕੇ ਦੇਸ਼ ਦੀ ਵੰਡ ਅਤੇ ਆਜ਼ਾਦੀ ਪ੍ਰਾਪਤ ਹੋਣ ਅਤੇ ਪਾਕਿਸਤਾਨ ਤੇ ਭਾਰਤ ਵਿਚਾਲੇ ਲਾਂਘਾ ਖੁੱਲ੍ਹਣ ਤੱਕ ਦੀਆਂ ਅਣਗਿਣਤ ਘਟਨਾਵਾਂ ਨੂੰ ਆਪਣੇ ਦਾਇਰੇ ਵਿਚ ਲੈਂਦਾ ਹੈ। ਇਸ ਲਈ ਇਸ ਵਿਚ ਇਤਿਹਾਸਕ ਪਾਤਰ ਗਾਂਧੀ, ਨਹਿਰੂ, ਜਿਨਾਹ, ਮਾਊਂਟਬੇਟਨ, ਪਟੇਲ, ਲਿਆਕਤ ਅਲੀ, ਡਾ. ਅੰਬੇਡਕਰ, ਸ਼ਹੀਦ ਭਗਤ ਸਿੰਘ, ਉੇਸ ਦੇ ਇਨਕਲਾਬੀ ਸਾਥੀਆਂ ਸੁਖਦੇਵ, ਰਾਜਗੁਰੂ ਅਤੇ ਬਿਸਮਿਲ ਆਦਿ ਦਾ ਜ਼ਿਕਰ ਵੀ ਸੁਭਾਵਿਕ ਤੌਰ 'ਤੇ ਹੋਇਆ ਹੈ। ਮਾਸਟਰ ਤਾਰਾ ਸਿੰਘ, ਲਾਲਾ ਲਾਜਪਤ ਰਾਏ ਅਤੇ ਗਦਰੀ ਆਗੂਆਂ ਸਹਿਤ ਕਈ ਹੋਰ ਆਜ਼ਾਦੀ ਸੰਗਰਾਮੀਆਂ ਦਾ ਵੀ ਵੇਰਵਾ ਦਰਜ਼ ਹੈ। ਨਾਵਲ ਦੀ ਕਥਾ ਸ਼ਿਬ ਸਿੰਘ ਦੇ ਪੁੱਤਰ ਬੋਧ ਸਿੰਘ ਤੋਂ ਸ਼ੁਰੂ ਹੋ ਕੇ ਉਸ ਦੇ ਸੰਗੀਤ ਦੀ ਸਿੱਖਿਆ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨ, ਬਾਰਾਂ ਸਥਾਪਿਤ ਹੋਣ 'ਤੇ ਉਸ ਦਾ ਦੁਆਬੇ ਤੋਂ ਉੱਠ ਕੇ ਇਕ ਬਾਰ 'ਤੇ ਆ ਕੇ ਗੁਰਦੁਆਰੇ ਦਾ ਮੁੱਖ ਪਾਠੀ ਅਤੇ ਸਕੂਲ ਅਧਿਆਪਕ ਬਣਨ, ਹਾਲਤ ਮੁਤਾਬਕ ਮਨਪਸੰਦ ਕੰਮੋ ਨਾਲ ਵਿਆਹ, ਗੋਪਾਲ ਸਿੰਘ ਤੇ ਗੁਰਦੇਵ ਪੁੱਤਰਾਂ ਦੇ ਜਨਮ, ਦੇਸ਼ ਦੀ ਵੰਡ ਦੇ ਨਾਸਾਜ਼ਗਾਰ ਹਾਲਾਤ ਬਣਨ 'ਤੇ ਬਾਰ ਛੱਡਣ ਲਈ ਮਜਬੂਰ ਹੋਣ ਤੇ ਪਹਿਲਾਂ ਪੁੱਤਰ ਗੁਰਦੇਵ ਫਿਰ ਪਤਨੀ ਕੰਮੋ ਦਾ ਵਿਛੜਣਾ, ਜਬਰ ਜਿਨਾਹ ਮਗਰੋਂ ਕੰਮੋ ਦਾ ਵਹਿਸ਼ੀਆਨਾ ਕਤਲ, ਰਸ਼ੀਦ ਦੀ ਮਦਦ ਨਾਲ ਜ਼ਖ਼ਮੀ ਹਾਲਤ ਵਿਚ ਅੰਬਰਸਰ ਪੁੱਜਣਾ ਤੇ ਉਸਨੂੰ ਮੁਸਲਮਾਨ ਸਮਝ ਕੇ ਆਪਣੇ ਹੀ ਲੋਕਾਂ ਹੱਥੋਂ ਸਿਰ ਧੜ ਤੋਂ ਅਲੱਗ ਕਰ ਦੇਣਾ, ਆਖ਼ਿਰ ਵਿਚ ਲੇਖਕ ਦਾ ਕਥਨ, 'ਵੰਡ ਨੂੰ ਵਾਪਰਿਆ ਪੌਣੀ ਸਦੀ ਹੋ ਚਲੀ ਸੀ। ਅਚਾਨਕ ਪਤਾ ਨਹੀਂ ਕੀ ਵਾਪਰਿਆ ਕਿ ਗੁਰੁ ਨਾਨਕ ਪਾਤਿਸ਼ਾਹ ਦੇ ਪੰਜ ਸੌ ਪੰਜਾਹਵੇਂ ਗੁਰਪੁਰਬ ਉੱਤੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਗਿਆ। ਲਾਂਘੇ ਨੂੰ ਪਾਕਿਸਤਾਨ ਤੇ ਭਾਰਤ ਸਰਕਾਰਾਂ 'ਚ ਸਹਿਮਤੀ ਬਣਾਉਣ 'ਚ ਗੋਪੀ ਦੇ ਪੁੱਤਰ ਗੁਰਮੋਹਨ ਦੀ ਬੜੀ ਭੂਮਿਕਾ ਸੀ।' ਇਸ ਇਤਿਹਾਸਕ ਘਟਨਾ ਦੇ ਸੰਦਰਭ 'ਚ ਇਹ ਕਥਨ ਆਪਣੇ-ਆਪ ਵਿਚ ਸਵਾਲ ਖੜ੍ਹਾ ਕਰਦਾ ਹੈ। ਗੋਪਾਲ ਸਿੰਘ ਦੇ ਪੁੱਤਰ ਗੁਰਮੋਹਨ ਦੀ ਭੂਮਿਕਾ ਨਾਲ ਲਾਂਘਾ ਖੁੱਲ੍ਹਣਾ ਅਤੇ ਪਾਕਿਸਤਾਨ ਛੁੱਟ ਗਏ ਚਾਚੇ ਗੁਰਦੇਵ ਉਰਫ਼ ਗੁਲਾਮ ਅੱਬਾਸ (ਇਸਲਾਮ ਕਬੂਲ ਚੁੱਕੇ) ਨਾਲ ਮਿਲਣ ਉਪਰੰਤ ਨਾਵਲ ਸਮਾਪਤ ਹੁੰਦਾ ਹੈ। ਇਸ ਕਥਾਨਕ ਵਿਚ ਤਬਲਚੀ ਹੀਰਾ ਸਿੰਘ ਅਤੇ ਤਰੰਨਮ ਦੀ ਪ੍ਰੇਮਕਥਾ ਦਾ ਦੁਖਾਂਤ ਵੀ ਜੋੜਿਆ ਗਿਆ ਹੈ। ਨਾਵਲ ਵਿਚ ਹਰਿਵੱਲਭ ਸੰਗੀਤ ਸੰਮੇਲਨ ਦੀ ਮਾਰਫ਼ਤ ਬਹੁਤ ਸਾਰੇ ਸੰਗੀਤ ਘਰਾਣਿਆਂ ਅਤੇ ਸੰਗੀਤ ਉਸਤਾਦਾਂ ਅਤੇ ਸੰਗੀਤ ਦੀ ਸੂਖ਼ਮ ਜਾਣਕਾਰੀ ਨਾਵਲ ਦੇ ਪਹਿਲੇ ਹਿੱਸੇ ਵਿਚ ਬਹੁਤ ਤਫ਼ਸੀਲ ਨਾਲ ਦਿੱਤੀ ਗਈ ਹੈ। ਨਾਵਲਕਾਰ ਇਸਲਾਮ, ਇਸਾਈਅਤ, ਸਿੱਖ ਧਰਮ ਅਤੇ ਹਿੰਦੂ ਧਰਮ ਦੀਆਂ ਬੁਨਿਆਦੀ ਗੱਲਾਂ ਵਿਸਥਾਰ ਸਹਿਤ ਤੁਲਨਾਤਮਕ ਰੂਪ 'ਚ ਪੇਸ਼ ਕਰਦਾ ਹੈ। ਉਹ ਇਕ ਇਸ਼ਵਰਵਾਦ ਕਰਕੇ ਇਸਲਾਮ ਅਤੇ ਇਸਾਈਅਤ ਨੂੰ ਸ੍ਰੇਸ਼ਠ ਦੱਸਦਾ ਹੈ। ਉਹ ਹਿੰਦੂ ਅਤੇ ਹਿੰਦੂ ਧਰਮ ਨੂੰ ਬਹੁਇਸ਼ਵਰਵਾਦੀ ਅਤੇ ਸਮਾਜ ਵਿਚ ਜਾਤ-ਪਾਤ, ਵਰਗ ਵੰਡ ਲਈ ਜ਼ਿੰਮੇਦਾਰ ਠਹਿਰਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਮਹਾਭਾਰਤ ਅਤੇ ਗੀਤਾ ਆਦਿ ਦੇ ਸੰਦਰਭ ਵੀ ਨਾਵਾਚੀ ਰੂਪ ਵਿਚ ਪੇਸ਼ ਕਰਦਾ ਹੈ। ਇਥੋਂ ਤੱਕ ਕੇ ਤਿਰਕੁਟੀ ਅਤੇ ਚਤੁਰਕੁਟੀ ਦੀ ਵੰਡ ਕਰਕੇ , ਅੰਗਰੇਜ਼ਾਂ ਲਈ ਲੋਕਾਂ ਨੂੰ ਆਪਸ ਵਿਚ ਲੜਾਉਣਾ ਅਤੇ ਹੋਰ ਵੰਡਣ ਨੂੰ ਸੌਖਾ ਰਾਹ ਦੱਸਦਾ ਹੈ। ਕੁਰਾਨ ਸ਼ਰੀਫ਼ ਇਸਾਈ ਧਰਮ ਗ੍ਰੰਥਾਂ ਦਾ ਸਤੁਤੀਗਾਨ ਕਰਦਾ ਹੈ। ਦੇਸ਼ ਦੀ ਵੰਡ ਲਈ ਸਿਰਫ਼ ਤੇ ਸਿਰਫ਼ ਜਿਨਾਹ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਗਿਆ ਹੈ। ਗਾਂਧੀ ਨੂੰ ਵੰਡ ਦਾ ਕਟੱੜ ਵਿਰੋਧੀ ਅਤੇ ਨਹਿਰੂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਨਾਵਲ ਮੁਤਾਬਕ ਕਿਉਂਕਿ ਦੇਸ਼ ਦੀ ਵੰਡ ਸਮੇਂ ਸਿੱਖਾਂ ਲਈ 'ਹੋਮ ਲੈਂਡ' ਦੀ ਗੱਲ ਨਹੀਂ ਕੀਤੀ ਗਈ, ਉਹੀ ਮੰਗ ਮਗਰੋਂ 'ਪੰਜਾਬ ਸੰਕਟ' ਦੇ ਕਾਲੇ ਦੌਰ ਦੇ ਰੂਪ ਵਿਚ ਉੱਭਰੀ ਦੱਸਦਾ ਹੈ। ਨਾਵਲ ਇਸ ਧਾਰਨਾ ਨੂੰ ਵੀ ਪੱਕਾ ਕਰਦਾ ਹੈ ਕਿ ਭਾਰਤ ਵਿਚ ਪਹਿਲੋਂ ਸ਼ਿਲਪਕਾਰਾਂ-ਕਾਸ਼ਤਕਾਰਾਂ ਦਾ ਰਾਜ ਸੀ। ਹਿੰਦੂ ਬਾਹਰੋਂ ਆਏ ਤੇ ਉਨ੍ਹਾਂ ਨੇ ਜਾਤ-ਪਾਤ ਅਤੇ ਵਰਗ ਵੰਡ ਥੋਪ ਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਲਿਆ। ਕੁਝ ਪਾਤਰਾਂ ਦੇ ਬੋਲਦਿਆਂ, ਸੋਚਦਿਆਂ, ਵਿਚਰਦਿਆਂ ਉਨ੍ਹਾਂ ਮੂੰਹੋਂ ਕਬੀਰ, ਵਾਰਿਸ, ਇਕਬਾਲ , ਮੀਰ, ਦਾਗ਼, ਗ਼ਾਲਿਬ ਆਦਿ ਦੀ ਸ਼ਾਇਰੀ ਝਰਨੇ ਵਾਂਗ ਫੁਟਦੀ ਹੈ। ਗੁਰਬਾਣੀ, ਗੀਤਾ, ਕੁਰਾਨ ਆਦਿ ਦੇ ਹਵਾਲੇ ਪ੍ਰਸੰਗਵਸ ਦਰਜ ਕੀਤੇ ਗਏ ਹਨ। ਨਾਵਲ ਵਿਚ ਦੇਸ਼ ਕਾਲ ਦੇ ਵਾਤਾਵਰਨ ਦੀ ਉਸਾਰੀ ਬਿਹਤਰ ਢੰਗ ਨਾਲ ਕੀਤੀ ਗਈ ਹੈ। ਜਲ੍ਹਿਆਂਵਾਲਾ ਬਾਗ ਦਾ ਸਾਕਾ, ਸ. ਭਗਤ ਸਿੰਘ ਦੀ ਸ਼ਹਾਦਤ ਸਮੇਂ ਦਾ ਮਾਹੌਲ ਅਤੇ ਤਬਾਦਲਾ ਆਬਾਦੀ ਸਮੇਂ ਦੇ ਤਨਾਅਪੂਰਣ, ਦਰਦਨਾਕ, ਖ਼ੌਫ਼ਨਾਕ ਤੇ ਹੌਲਨਾਕ ਖੂਨੀ ਮੰਜ਼ਰ ਜਿਹੇ ਕਈ ਪ੍ਰਸੰਗਾਂ ਦਾ ਬਿਰਤਾਂਤ ਮਾਰਮਿਕ ਅਤੇ ਹਿਰਦੇਵੇਧਕ ਹੈ। ਕਾਵਿਕਤਾ ਵਾਲੀ ਅਲੰਕਾਰਕ ਭਾਸ਼ਾ, ਮਨੋਵਚਨੀ,ਪ੍ਰਵਚਨੀ ਅਤੇ ਸੰਬੋਧਨੀ ਸ਼ੈਲੀ ਵਿਚ ਲਿਖਿਆ ਨਾਵਲ 'ਮਨੁ ਪੰਖੀ ਭਇੳ' ਨਿਵੇਕਲੀ ਜਾਣਕਾਰੀ ਦਾ ਭਰਪੂਰ ਖ਼ਜ਼ਾਨਾ ਹੈ।
-ਡਾ.ਧਰਮਪਾਲ ਸਾਹਿਲ
ਮੋਬੀਲ : 98761-56964
ਨਗਰ-ਮਹਾਂਨਗਰ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 211
ਸੰਪਰਕ : 98147-83069
ਬਲਦੇਵ ਸਿੰਘ ਸੜਕਨਾਮਾ ਬਹੁ ਵਿਧਾਵਾਂ ਵਿਚ ਲਿਖਣ ਵਾਲੇ ਅਜਿਹੇ ਲੇਖਕ ਹਨ ਜਿਨ੍ਹਾਂ ਦੀ ਆਪਣੀ ਇਕ ਸ਼ੈਲੀ ਹੈ, ਜਿਸ ਸਦਕਾ ਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਸਥਾਨ ਵੀ ਵੱਖਰਾ ਹੈ। ਨਗਰ ਮਹਾਂਨਗਰ ਉਨ੍ਹਾਂ ਦਾ ਅਜਿਹਾ ਵਾਰਤਕ ਸੰਗ੍ਰਹਿ ਹੈ ਜਿਸ ਵਿਚ ਲੇਖਕ ਨੇ ਆਪਣੇ ਕਲਕੱਤੇ ਮਹਾਂਨਗਰ ਦੇ ਅਨੁਭਵਾਂ ਦੇ ਨਾਲ-ਨਾਲ ਕਈ ਵਿਸ਼ਿਆਂ 'ਤੇ ਆਪਣਾ ਵੱਖਰਾ ਲਹਿਜਾ ਪੇਸ਼ ਕੀਤਾ ਹੈ। ਸੜਕਨਾਮਾ ਰਾਹੀਂ ਡਰਾਈਵਰਾਂ, ਸੜਕਾਂ ਤੇ ਕਲਕੱਤੇ ਵਰਗੇ ਮਹਾਂਨਗਰ ਦੀ ਵੱਖਰੀ ਤਸਵੀਰ ਉਲੀਕਣ ਵਾਲੇ ਇਸ ਲੇਖਕ ਨੇ ਆਪਣੇ ਇਸ ਸੰਗ੍ਰਹਿ ਵਿਚ ਵੀ ਉਸੇ ਸ਼ੈਲੀ ਨੂੰ ਬਰਕਰਾਰ ਰੱਖਿਆ ਹੈ। ਰਾਜਨੀਤਕ ਸਮਾਜਿਕ ਤੇ ਮਾਨਸਿਕ ਤੌਰ 'ਤੇ ਚੇਤੰਨ ਕਰਨ ਲਈ ਇਨ੍ਹਾਂ ਲੇਖਾਂ ਵਿਚ ਲੇਖਕ ਕਿਤੇ-ਕਿਤੇ ਬਹੁਤ ਤਕੜਾ ਵਿਅੰਗ ਕਰਦਾ ਨਜ਼ਰ ਆਉਂਦਾ ਹੈ ਤੇ ਕਿਤੇ ਪਾਠਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਸੁਚੇਤ ਕਰਦਾ ਨਜ਼ਰੀਂ ਪੈਂਦਾ ਹੈ। ਵਕਤ ਬੀਤਣ ਦੇ ਨਾਲ ਹੱਥ ਵਿਚ ਕੁਝ ਨਹੀਂ ਰਹਿੰਦਾ ਇਸ ਲਈ ਵਕਤ ਰਹਿੰਦੇ ਸੰਭਾਲੀਆਂ ਚੀਜ਼ਾਂ ਹੀ ਭਵਿੱਖ ਦੀ ਪੂੰਜੀ ਹੁੰਦੀਆਂ ਹਨ, ਬਹੁਤ ਸਾਰੇ ਲੇਖ ਇਸ ਵੱਲ ਇਸ਼ਾਰਾ ਕਰਦੇ ਜਾਪਦੇ ਹਨ। ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤੇ ਉਨ੍ਹਾਂ ਨਾਲ ਜੁੜੇ ਕਈ ਕਿੱਸੇ ਇਸ ਲੇਖ ਸੰਗ੍ਰਹਿ ਦਾ ਹਿੱਸਾ ਹਨ। ਵਿਕਾਸਸ਼ੀਲ ਤੇ ਵਿਕਸਿਤ ਭਾਰਤ ਨੂੰ ਲੈ ਕੇ ਲਿਖੇ ਗਏ ਲੇਖਾਂ ਵਿਚ ਲੇਖਕ ਦੀ ਚਿੰਤਾ ਅਤੇ ਚਿੰਤਨ ਦੋਵੇਂ ਸੁਹਿਰਦ ਰੂਪ ਵਿਚ ਦਿਖਾਈ ਦਿੰਦੇ ਹਨ। ਪ੍ਰੋਫੈਸਰ ਕੌਤਕੀ ਦਾ ਹਰ ਪਲ ਚੇਤੰਨ ਰਹਿਣਾ ਤੇ ਲੇਖਕ ਨੂੰ ਚਿੰਤਨ ਕਰਨ ਲਈ ਕੁਰੇਦਦੇ ਰਹਿਣਾ ਪਾਠਕਾਂ ਨੂੰ ਵੀ ਕਈ ਗੱਲਾਂ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਰ ਵਿਕਾਸ ਦੀ ਅਸਲ ਪਰਿਭਾਸ਼ਾ ਕੀ ਹੈ ਤੇ ਅਸੀਂ ਕਿਸ ਵਿਕਾਸ ਦੀ ਦੌੜ ਵਿਚ ਸ਼ਾਮਿਲ ਹਾਂ ਜਿਸ ਵਿਚ ਆਪਣੇ ਆਪ ਨੂੰ ਤੇ ਆਪਣੇ ਆਲੇ-ਦੁਆਲੇ ਨੂੰ ਭੁੱਲਦੇ ਜਾ ਰਹੇ ਹਾਂ। ਪ੍ਰਵਾਸ ਕਾਰਨ ਖਾਲੀ ਹੋ ਰਹੇ ਪੰਜਾਬ ਦੀ ਚਿੰਤਾ, ਨਸ਼ਿਆਂ ਵਿਚ ਡੁੱਬ ਰਹੇ ਨੌਜਵਾਨ ਦੀ ਚਿੰਤਾ, ਬਿਹਾਰੀਆਂ ਦਾ ਪੰਜਾਬ ਤੇ ਕਬਜ਼ਾ ਤੇ ਪੰਜਾਬੀਆਂ ਦੀ ਮੁੱਕਦੀ ਜਾ ਰਹੀ ਹੋਂਦ ਦੀ ਚਿੰਤਾ, ਗੰਦੀ ਸਿਆਸਤ ਦੀ ਭੇਟ ਚੜ੍ਹ ਰਹੇ ਰਿਸ਼ਤੇ, ਜੀਵਨ ਪ੍ਰਤੀ ਆਪੋ-ਆਪਣਾ ਦ੍ਰਿਸ਼ਟੀਕੋਣ ਸਮਝਣ ਤੇ ਸਮਝਾਉਣ ਦੇ ਨੁਕਤੇ, ਦੇਸ਼ ਭਗਤੀ ਦੇ ਨਵੀ ਪੀੜ੍ਹੀ ਲਈ ਬਦਲ ਰਹੇ ਅਰਥ, ਮੁਫਤਖੋਰ ਅਤੇ ਸਰਕਾਰ ਦੀਆਂ ਚੱਲ ਰਹੀਆਂ ਮੁਫ਼ਤੋ ਮੁਫ਼ਤ ਦੀਆਂ ਸਕੀਮਾਂ ਦਾ ਅਸਲ ਸੱਚ, ਆਧੁਨਿਕਤਾ ਤੇ ਵਿਕਾਸ ਵਿਚੋਂ ਭਵਿੱਖ ਤਲਾਸ਼ ਰਹੇ ਗ਼ਰੀਬ ਲੋਕਾਂ ਦੀ ਦਾਸਤਾਨ ਇਨ੍ਹਾਂ ਸਾਰੇ ਵਿਸ਼ਿਆਂ ਨੂੰ ਲੇਖਕ ਨੇ ਆਪਣੇ ਲੇਖਾਂ ਵਿਚ ਬੜੇ ਹੀ ਸਹਿਜ ਨਾਲ ਪੇਸ਼ ਕੀਤਾ ਹੈ। ਨਵੇਂ ਰੁਝਾਨ ਤੇ ਨਵੀਆਂ ਚੁਣੌਤੀਆਂ ਰਾਹੀਂ ਕੁਝ ਨਵਾਂ ਕਰਨ ਦੀ ਚਾਹਨਾ ਤੇ ਤਮੰਨਾ ਵੀ ਹੈ ਪਰ ਉਲਝੇ ਹਾਲਾਤਾਂ ਵਿਚ ਗੁੱਥੀ ਸੁਲਝਾਉਣੀ ਥੋੜ੍ਹੀ ਮੁਸ਼ਕਿਲ ਵੀ ਜਾਪਦੀ ਹੈ। ਸੜਕਾਂ, ਡਰਾਈਵਰਾਂ ਅਤੇ ਕਲਕੱਤੇ ਰਹਿੰਦਿਆਂ ਹੰਢਾਈਆਂ ਹੱਡਬੀਤੀਆਂ ਵੀ ਇਸ ਸੰਗ੍ਰਹਿ ਦਾ ਹਿੱਸਾ ਹਨ। ਨਿਰਾਸ਼ਾ ਦੇ ਆਲਮ ਵਿਚ ਵੀ ਲੇਖਕ ਆਸ਼ਾ ਦਾ ਪੱਲਾ ਨਹੀਂ ਛੱਡਦਾ, ਇਹ ਉਸ ਦੇ ਕਈ ਲੇਖਾਂ ਵਿਚ ਆਸ਼ਾਵਾਦੀ ਨਜ਼ਰੀਏ ਨੂੰ ਦੇਖਦਿਆਂ ਜਾਣਿਆ ਜਾ ਸਕਦਾ ਹੈ। ਪੁਸਤਕ ਪੜ੍ਹਦੇ ਹੋਏ ਕਿਤੇ ਵੀ ਨੀਰਸਤਾ ਮਹਿਸੂਸ ਨਹੀਂ ਹੁੰਦੀ, ਸਗੋਂ ਹਰ ਲੇਖ ਇਕ ਵੱਖਰੇ ਰੰਗ ਨੂੰ ਸਾਹਮਣੇ ਲੈ ਕੇ ਆਉਂਦਾ ਹੈ। ਭਾਸ਼ਾ, ਬੋਲੀ ਅਤੇ ਸ਼ੈਲੀ ਪੱਖੋਂ ਲੇਖਕ ਦਾ ਅਨੁਭਵ ਆਪਣੇ ਲੇਖਾਂ ਵਿਚੋਂ ਆਪ ਬੋਲਦਾ ਹੈ। ਸਚਮੁੱਚ ਪੁਸਤਕ ਮਾਨਣ ਯੋਗ ਹੈ।
-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਅੱਖਰ ਅੱਖਰ
ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 1000 ਰੁਪਏ, ਸਫ਼ੇ : 472
ਸੰਪਰਕ : 98726-31199
ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਸਮੁੱਚੀਆਂ ਗ਼ਜ਼ਲਾਂ ਦਾ ਇਹ ਸੰਗ੍ਰਹਿ ਬੜੀ ਰੀਝ ਅਤੇ ਸੁਹਜ-ਸਵਾਦ ਨਾਲ ਪ੍ਰਕਾਸ਼ਿਤ ਕਰਵਾਇਆ ਹੈ। ਇਸ ਪੁਸਤਕ ਵਿਚ ਉਸ ਦੁਆਰਾ 7 ਗ਼ਜ਼ਲ-ਸੰਗ੍ਰਹਿਆਂ ਵਿਚ ਪ੍ਰਕਾਸ਼ਿਤ 800 ਤੋਂ ਵੱਧ ਗ਼ਜ਼ਲਾਂ, ਸੰਗ੍ਰਹਿਤ ਹਨ ਜੋ ਕਵੀ ਦੀ ਤੁਗ਼ਜ਼ਲ-ਪ੍ਰਤਿਭਾ ਦਾ ਬੜਾ ਮਿਆਰੀ ਪ੍ਰਮਾਣ ਪ੍ਰਸਤੁਤ ਕਰਦੀਆਂ ਹਨ। ਉਸ ਦੀਆਂ ਇਹ ਗ਼ਜ਼ਲਾਂ 1973 ਈ. ਤੋਂ 2023 ਈ. ਤੱਕ ਰਚੀਆਂ ਗਈਆਂ ਸਨ। ਇਨ੍ਹਾਂ ਗ਼ਜ਼ਲਾਂ ਦੀ ਸੰਖਿਆ ਅਤੇ ਗੁਣਾਤਮਕਤਾ ਤੋਂ ਇਹ ਅਨੁਮਾਨ ਲਗਾਉਣਾ ਕਠਿਨ ਨਹੀਂ ਕਿ ਕਵੀ ਗ਼ਜ਼ਲ ਕਾਵਿ ਰੂਪ ਪ੍ਰਤੀ ਬਹੁਤ ਜਨੂੰਨੀ ਰਿਹਾ ਹੈ। ਰਹਿੰਦਾ ਵੀ ਕਿਵੇਂ ਨਾ ਜਦੋਂ ਉਸ ਦੇ ਸਿਰਜਣਾਤਮਕ ਦੌਰ ਵਿਚ ਪ੍ਰੋ. ਮੋਹਨ ਸਿੰਘ, ਜਗਤਾਰ, ਰਣਧੀਰ ਸਿੰਘ ਚੰਦ, ਸੁਰਜੀਤ ਪਾਤਰ, ਕੰਵਰ ਚੌਹਾਨ, ਕੁਲਵੰਤ ਜਗਰਾਉਂ, ਅਜਾਇਬ ਚਿੱਤਰਕਾਰ, ਬੀਬਾ ਸੁਖਵਿੰਦਰ ਅੰਮ੍ਰਿਤ.. ਵਰਗੇ ਅਨੇਕ ਪ੍ਰਤਿਭਾਸ਼ਾਲੀ ਗ਼ਜ਼ਲ ਦਾ ਖ਼ੂਬਸੂਰਤ ਮਾਹੌਲ ਸਿਰਜਣ ਲਈ ਯਤਨਸ਼ੀਲ ਸਨ। ਗ਼ਜ਼ਲ ਦੀ ਇਕ ਮਹਿਕ ਛਾਈ ਰਹੀ ਇਸ ਯੁੱਗ ਵਿਚ।
ਗੁਰਭਜਨ ਗਿੱਲ ਨੇ ਪੰਜਾਬ ਦੀ ਸੰਸਕ੍ਰਿਤੀ, ਈਥਾਸ, ਪੰਜਾਬੀਆਂ ਦੇ ਚਰਿੱਤਰ, ਪੰਜਾਬੀਅਤ ਨੂੰ ਲੱਗ ਰਹੇ ਖੋਰੇ, ਇਸ ਦੌਰ ਦੇ ਰਾਜਨੇਤਾਵਾਂ ਦੀ ਅਧੋਗਤੀ, ਪੰਜਾਬ ਦੇ ਸਾਕਾਦਾਰੀ-ਸਿਸਟਮ ਅਤੇ ਆਪਣੇ ਨਿੱਜੀ ਪ੍ਰਤੀਕਰਮਾਂ ਬਾਰੇ ਬੜੀ ਸ਼ਿੱਦਤ ਨਾਲ ਲਿਖਿਆ ਹੈ। ਭਾਵੇਂ ਉਹ ਖ਼ੁਦ ਵੀ ਉਪਭੋਗਤਾਵਾਦੀ ਸੰਸਕ੍ਰਿਤੀ ਦਾ ਅੰਗ ਰਿਹਾ ਹੈ, ਪਰ ਇਸ ਸਿਸਟਮ ਵਿਚ ਰਹਿਣ ਦੇ ਬਾਵਜੂਦ ਉਸ ਨੇ ਆਪਣੇ ਜੀਵਨ ਦਾ ਖ਼ੂਬ ਅਨੰਦ ਮਾਣਿਆ ਹੈ। ਬੇਸ਼ੱਕ ਉਸ ਨੂੰ ਆਪਣੇ ਅਹਿਦ ਵਿਚ ਇਕ ਖ਼ੁਸ਼-ਖ਼ੁਸ਼ਹਾਲ ਜੀਵਨ ਉਪਲਬਧ ਰਿਹਾ ਪਰ ਤਾਂ ਵੀ ਉਸ ਦੇ ਅੰਦਰ ਇਕ ਟੀਸ ਜਿਹੀ ਚੁੱਭਦੀ ਰਹੀ ਹੈ ਕਿ ਇਧਰ-ਉਧਰ ਹੋ ਕੀ ਰਿਹਾ ਹੈ? ਪੰਜਾਬੀ ਲੋਕ ਕਿਵੇਂ ਇਕ ਆਪ-ਸਹੇੜੇ ਸੰਕਟ ਵਿਚ ਫਸਦੇ ਜਾ ਰਹੇ ਹਨ? ਇਹ ਸਾਰੇ ਵਿਸ਼ੇ ਉਸ ਦੀਆਂ ਗ਼ਜ਼ਲਾਂ ਵਿਚ ਹੀਰੇ-ਮੋਤੀਆਂ ਵਾਂਗ ਜੜੇ ਪਏ ਹਨ। ਉਹ ਸੁਹਜ-ਸੰਵੇਦਨਾ ਦਾ ਸ਼ਾਇਰ ਹੈ। ਉਸ ਦੇ ਗ਼ਜ਼ਲ-ਸੰਗ੍ਰਹਿਆਂ ਦੇ ਨਾਂਅ ਦੇਖੋ। ਪੁਸਤਕਾਂ ਦੇ ਸਰਵਰਕ ਦੇਖੋ। ਜੀਅ ਕਰਦਾ ਹੈ ਕਿ ਇਹ ਪੁਸਤਕਾਂ ਘਰ ਦੀ ਕਾਰਨਿਸ ਜਾਂ ਕਿਸੇ ਸ਼ੋਅ-ਕੇਸ ਵਿਚ ਜੜੀਆਂ ਹੋਣ ਅਤੇ ਅਸੀਂ ਬਸ ਵੇਖੀ ਜਾਈਏ। ਉਸ ਦੀ ਹਰ ਗ਼ਜ਼ਲ ਨਾ ਕੇਵਲ ਆਕਰਿਸ਼ਤ ਹੀ ਕਰਦੀ ਹੈ ਸਗੋਂ ਅੰਦੋਲਿਤ ਵੀ ਕਰਦੀ ਹੈ। ਜਿੰਨਾ ਆਕਰਸ਼ਕ ਅਤੇ ਬਣਿਆ-ਠਣਿਆ ਕਵੀ ਆਪ ਹੈ। ਓਨੀਆਂ ਹੀ ਸੁੰਦਰ ਅਤੇ ਜੀਵੰਤ ਉਸ ਦੀਆਂ ਇਹ ਗ਼ਜ਼ਲਾਂ ਵੀ ਹਨ। ਕਈ ਵਾਰ ਤਾਂ ਡਰ ਵੀ ਲਗਦਾ ਹੈ ਮੌਜੂਦਾ ਕੁਲਹਿਣੇ ਤੇ ਚੰਦਰੇ ਆਲੇ-ਦੁਆਲੇ ਵਿਚ ਕਿਧਰੇ ਕਵੀ ਜਾਂ ਉਸ ਦੀ ਸੁੰਦਰ ਤਖ਼ਲੀਕ ਨੂੰ ਨਜ਼ਰ ਹੀ ਨਾ ਲੱਗ ਜਾਵੇ ਪਰ ਸੱਚੇ ਪਾਤਿਸ਼ਾਹ ਅਤੇ ਸੁਹਿਰਦ ਮਿੱਤਰਾਂ ਦੇ ਆਸਰੇ ਉਹ ਹਰ ਭੈੜੀ ਨਜ਼ਰ ਤੋਂ ਬਚਿਆ ਹੋਇਆ ਹੈ। ਰੱਬ ਕਰੇ ਉਹ ਇਸੇ ਤਰ੍ਹਾਂ ਨਜ਼ਰ ਆਉਂਦਾ ਰਹੇ।
ਹਿੰਦੂ! ਸਿੱਖ ਧਰਮ ਦੇ ਵਿਰੋਧੀ ਕਿਉਂ ਬਣੇ?
ਲੇਖਕ : ਪ੍ਰਿੰ. ਨਾਹਰ ਸਿੰਘ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਨ, ਸਮਾਣਾ
ਮੁੱਲ : 350 ਰੁਪਏ, ਸਫ਼ੇ : 160
ਸੰਪਰਕ : 94179-33831
ਹਥਲੀ ਪੁਸਤਕ ਦੇ ਲਿਖਾਰੀ ਪ੍ਰਿੰਸੀਪਲ ਨਾਹਰ ਸਿੰਘ ਨੇ ਇਸ ਬੁਨਿਆਦੀ ਸਵਾਲ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ ਹੈ ਕਿ ਹਿੰਦੂਆਂ ਅਤੇ ਸਿੱਖਾਂ ਦਾ ਆਪਸ ਵਿਚ ਨਹੁੰ-ਮਾਸ ਦਾ ਰਿਸ਼ਤਾ ਹੋਣ ਦੇ ਬਾਵਜੂਦ, ਆਖਰ ਹਿੰਦੂ, ਸਿੱਖਾਂ ਦੇ ਵਿਰੋਧੀ (ਵੈਰੀ) ਕਿਉਂ ਬਣੇ? ਹਾਲਾਂਕਿ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਹਿੰਦੂ ਘਰਾਂ-ਘਰਾਣਿਆਂ ਵਿਚ ਹੀ ਜਨਮ ਲਿਆ ਸੀ। ਚਾਹੀਦਾ ਤਾਂ ਇਹ ਸੀ ਕਿ ਹਿੰਦੂ ਵੀਰ ਆਪਣੇ ਵਿਚੋਂ ਉੱਠੇ ਸਿੱਖ ਧਰਮ ਦੀ ਪ੍ਰਸੰਸਾ ਕਰਦੇ, ਮਾਣ ਕਰਦੇ ਕਿ ਉਨ੍ਹਾਂ ਵਰਗੀ ਕਾਇਰ ਹੋ ਚੁੱਕੀ ਜਮਾਤ ਵਿਚ ਜਨਮ ਲੈ ਕੇ ਸਿੱਖ ਗੁਰੂਆਂ ਨੇ ਮੁਗ਼ਲ ਬਾਦਸ਼ਾਹਾਂ ਦਾ ਬੜੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਸੀ। ਹੋਰ ਤਾਂ ਹੋਰ ਨੌਵੇਂ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਚਾਂਦਨੀ ਚੌਕ ਦਿੱਲੀ ਵਿਚ ਆਪਣਾ ਸੀਸ ਤੱਕ ਨਿਛਾਵਰ ਕਰ ਦਿੱਤਾ ਸੀ ਪਰ ਫਿਰ ਵੀ ਹਿੰਦੂ ਵੀਰ, ਸਿੱਖਾਂ ਪ੍ਰਤੀ ਗ਼ੈਰ-ਸੰਜੀਦਾ ਹੀ ਰਹੇ।
ਪ੍ਰਿੰਸੀਪਲ ਸਾਹਿਬ ਨੇ ਦਰਸਾਇਆ ਹੈ ਕਿ ਸਿੱਖ ਗੁਰੂਆਂ ਨੇ ਆਪਣੇ ਸੇਵਕਾਂ ਤੇ ਸਿੱਖਾਂ ਨੂੰ ਵਰਣ-ਵਿਵਸਥਾ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਅਤੇ ਤੀਰਥ-ਯਾਤਰਾਵਾਂ ਆਦਿ ਤੋਂ ਮਨ੍ਹਾਂ ਕੀਤਾ ਸੀ ਅਤੇ ਇਸ ਪ੍ਰਕਾਰ ਹਿੰਦੂ ਧਰਮ ਨੂੰ 'ਕਥਿਤ ਢਾਹ' ਲਾਈ ਸੀ। ਇਸੇ ਕਾਰਨ ਹੀ ਉਹ ਸਿੱਖ ਧਰਮ ਦੇ ਵਿਰੋਧੀ ਬਣੇ ਸਨ। ਹੋਰ ਤਾਂ ਹੋਰ, ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਸਪੁੱਤਰਾਂ (ਬਾਬਾ) ਸਿਰੀ ਚੰਦ, ਬਾਬਾ ਲੱਖਮੀ ਦਾਸ, ਦਾਤੂ ਜੀ, ਦਾਸੂ ਜੀ, ਮੋਹਨ ਜੀ, ਮੋਹਰੀ ਜੀ, ਪ੍ਰਿਥੀ ਚੰਦ ਜੀ, ਧੀਰ ਮੱਲ ਜੀ, ਰਾਮ ਰਾਇ ਜੀ ਆਦਿ ਨੂੰ ਵੀ ਆਪਣੇ ਹੱਥਾਂ ਉੱਪਰ ਚੜ੍ਹਾ ਕੇ ਸਿੱਖ ਧਰਮ ਵਿਚ ਹਿੰਦੂਵਾਦੀ ਘੁਸ-ਪੈਠ ਕਰਨ ਦਾ ਯਤਨ ਕੀਤਾ। ਸਮੇਂ-ਸਮੇਂ ਕੁਝ ਹੋਰ ਹਿੰਦੂ ਵਿਅਕਤੀਆਂ ਚੰਦੂ ਲਾਲ ਅਤੇ ਗੰਗੂ ਬ੍ਰਾਹਮਣ... ਆਦਿ ਨੇ ਵੀ ਸਿੱਖ ਗੁਰੂਆਂ ਦੇ ਵਿਰੁੱਧ ਘਿਨਾਉਣੀਆਂ ਸਾਜ਼ਿਸ਼ਾਂ ਕਤੀਆਂ।
ਇਸ ਪੁਸਤਕ ਦੇ ਕੁੱਲ 54 ਉਪਭਾਗ ਹਨ ਅਤੇ ਇਨ੍ਹਾਂ ਉਪਭਾਗਾਂ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਹਿੰਦੂ-ਬ੍ਰਾਹਮਣਵਾਦ ਦੇ ਸਿੱਖ-ਵਿਰੋਧੀ ਵਿਹਾਰ ਦੀ ਆਲੋਚਨਾ ਕੀਤੀ ਗਈ ਹੈ। ਭਾਵੇਂ ਲੇਖਕ ਮੰਨਦਾ ਹੈ ਕਿ ਜੇ ਸਿੱਖ ਗੁਰੂਆਂ ਦੇ ਜੀਵਨ ਵਿਚ ਕੋਈ ਪੰਜ-ਸੱਤ ਹਿੰਦੂ ਵਿਰੋਧੀ ਰਹੇ ਹੋਣਗੇ ਤਾਂ ਉਨ੍ਹਾਂ ਦੇ ਸ਼ਰਧਾਲੂ ਅਤੇ ਅਨਿਨ ਸਿੱਖਾਂ ਵਿਚ ਹਿੰਦੂਓਂ ਸਜੇ ਸਿੱਖਾਂ ਦੀ ਗਿਣਤੀ ਤਾਂ ਲੱਖਾਂ ਵਿਚ ਪਹੁੰਚ ਗਈ ਸੀ। ਇਸ ਪੱਖ ਵੱਲ ਵੀ ਧਿਆਨ ਦੇਣਾ ਬਣਦਾ ਸੀ ਪਰ ਤਾਂ ਵੀ ਪ੍ਰਿੰਸੀਪਲ ਸਾਹਿਬ ਵਲੋਂ ਕੱਢੇ ਨਿਸ਼ਕਰਸ਼ ਬਿਲਕੁਲ ਸਹੀ ਹਨ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136