23-06-2025
ਸਰਕਾਰ ਤੋਂ ਨਾਰਾਜ਼ ਬੇਰੁਜ਼ਗਾਰ
ਪੰਜਾਬ ਵਿਚ ਬੜੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਬੇਰੁਜ਼ਗਾਰਾਂ ਦੀ ਗਿਣਤੀ ਘਟੀ ਨਹੀਂ, ਸਗੋਂ ਵਧਦੀ ਜਾ ਰਹੀ ਹੈ। ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਰਕਾਰੀ ਪ੍ਰੋਫ਼ੈਸਰਾਂ ਅਤੇ ਲੈਕਚਰਾਰ ਦੀਆਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਨਿਗੂਣੀਆਂ ਪੋਸਟਾਂ ਕੱਢੀਆਂ ਗਈਆਂ। ਉਹ ਵੀ ਲੰਮਾ ਸਮਾਂ ਕੋਰਟ ਕੇਸਾਂ ਵਿਚ ਲਮਕਦੀਆਂ ਰਹੀਆਂ। ਫਿਰ ਮਾਸਟਰ ਕੇਡਰ ਦੀਆਂ ਪੋਸਟਾਂ ਪਿਛਲੀ ਸਰਕਾਰ ਅਖ਼ੀਰ ਵਿਚ ਕੱਢ ਕੇ ਗਈ ਉਹ ਵੀ ਬਹੁਤ ਨਿਗੁਣੀਆਂ ਸਨ। ਇਸ ਸਰਕਾਰ ਵਿਚ ਸਰਕਾਰੀ ਅਧਿਆਪਕਾਂ, ਲੈਕਚਰਾਰਾਂ, ਪ੍ਰੋਫ਼ੈਸਰਾਂ ਦੀ ਪੋਸਟ ਨਹੀਂ ਆਈ। ਪੁਲਿਸ ਦੀਆਂ ਹਜ਼ਾਰਾਂ ਦੀ ਗਿਣਤੀ ਵਿਚ ਹਰ ਸਰਕਾਰ ਕੱਢਦੀ ਹੈ ਕਿਉਂ ਜੋ ਹੱਕ ਮੰਗਦੇ ਲੋਕਾਂ ਨੂੰ ਕੁਟਵਾਉਣਾ ਹੁੰਦਾ ਹੈ ਅਤੇ ਆਪਣੇ ਲੀਡਰਾਂ ਨਾਲ ਵਾਧੂ ਦਿਖਾਵੇ ਲਈ ਗਾਰਦ ਲਗਾਉਣੀ ਹੁੰਦੀ ਹੈ। ਪੰਜਾਬ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਬੀ.ਐੱਡ. ਕਾਲਜ ਹਨ ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹਰ ਸਾਲ ਸਿਖਿਆਰਥੀ ਅਧਿਆਪਕ ਦਾ ਕੋਰਸ ਕਰਕੇ ਨਿਕਲਦੇ ਹਨ ਜਿਨ੍ਹਾਂ ਦਾ ਲੱਖਾਂ ਰੁਪਏ ਖ਼ਰਚ ਹੋਇਆ ਹੁੰਦਾ ਹੈ। ਸਰਕਾਰ ਕਾਲਜਾਂ ਤੋਂ ਫੀਸਾਂ ਲੈ ਲੈਂਦੀ ਹੈ ਅਤੇ ਕਾਲਜ ਸਿਖਿਆਰਥੀਆਂ ਤੋਂ ਦੁੱਗਣਾ ਮੁਨਾਫ਼ਾ ਇਹ ਬਿਜ਼ਨਕ ਬਣ ਚੁੱਕਿਆ ਹੈ। ਜਿਸ ਵਿਚ ਸਿਖਿਆਰਥੀਆਂ ਨੂੰ ਘਾਟਾ, ਧੱਕੇ ਅਤੇ ਸੰਘਰਸ਼ ਕਰਨ ਤੇ ਸਰਕਾਰ ਦੀ ਪੁਲਿਸ ਤੋਂ ਡਾਂਗਾਂ ਮਿਲਦੀਆਂ ਹਨ। ਪ੍ਰਾਈਵੇਟ ਸਕੂਲ ਕਾਲਜ ਇਨ੍ਹਾਂ ਅਧਿਆਪਕਾਂ ਨੂੰ ਬਹੁਤ ਨਿਗੂਣੀ ਤਨਖਾਹ ਦਿੰਦੇ ਹਨ। ਕੰਮ ਨੌਕਰਾਂ ਵਾਂਗ ਲੈਂਦੇ ਹਨ। ਪੰਜਾਬ ਦੀ ਸਿੱਖਿਆ ਡਾਵਾਂਡੋਲ ਹੈ ਅਤੇ ਬੇਰੁਜ਼ਗਾਰ ਅਧਿਆਪਕ ਸੜਕਾਂ 'ਤੇ ਧੱਕੇ ਖਾ ਰਹੇ ਹਨ। ਹੁਣ ਜੇਕਰ ਗੱਲ ਹੋਰਨਾਂ ਅਦਾਰਿਆਂ ਦੀ ਵੀ ਕਰੀਏ ਤਾਂ ਪੰਜਾਬ ਵਿਚਲੇ ਸਰਕਾਰੀ ਹਸਪਤਾਲ ਬੜੇ ਲੰਮੇ ਸਮੇਂ ਤੋਂ ਡਾਕਟਰਾਂ ਬਿਨਾਂ ਖਾਲੀ ਹਨ ਜਿਸ ਕਰਕੇ ਮਰੀਜ਼ ਅਤੇ ਡਾਕਟਰੀ ਪੜ੍ਹਾਈ ਕਰਨ ਵਾਲੇ ਮੁੰਡੇ ਕੁੜੀਆਂ ਪ੍ਰਾਈਵੇਟ ਹਸਪਤਾਲਾਂ ਵਿਚ ਧੱਕੇ ਖਾ ਰਹੇ ਹਨ। ਪ੍ਰਾਈਵੇਟ ਹਸਪਤਾਲ ਮਰੀਜ਼ਾਂ ਤੋਂ ਦੁੱਗਣਾ ਮੁਨਾਫ਼ਾ ਲੈ ਕੇ ਪ੍ਰਾਈਵੇਟ ਮੁੰਡੇ ਕੁੜੀਆਂ ਨੂੰ ਬਹੁਤ ਥੋੜੀਆਂ ਤਨਖਾਹਾਂ ਦੇ ਰਹੇ ਹਨ।
-ਗੁਰਦਿੱਤ ਸਿੰਘ ਸੇਖਾ
ਪਿੰਡ ਤੇ ਡਾਕ. ਦਲੇਲ ਸਿੰਘ ਵਾਲਾ (ਮਾਨਸਾ)
ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ
ਅੱਜ ਕੱਲ੍ਹ ਬਹੁਤੇ ਦੇਸ਼ ਯੁੱਧ ਵਿਚ ਫਸੇ ਹੋਏ ਹਨ, ਯੁੱਧ ਚਾਹੇ ਕਿਸੇ ਵੀ ਗੱਲ ਲਈ ਛਿੜਿਆ ਹੋਵੇ, ਇਹ ਚਾਹੇ ਦੋ ਦੇਸ਼ਾਂ ਵਿਚ, ਦੋ ਸੂਬਿਆਂ 'ਚ ਜਾਂ ਦੋ ਬੰਦਿਆਂ ਵਿਚ ਹੀ ਕਿਉਂ ਨਾ ਹੋ ਰਿਹਾ ਹੋਵੇ, ਇਸ ਦਾ ਨੁਕਸਾਨ ਦੋਵਾਂ ਨੂੰ ਹੀ ਉਠਾਉਣਾ ਪੈਂਦਾ ਹੈ। ਰੂਸ-ਯੂਕਰੇਨ ਯੁੱਧ, ਇਜ਼ਰਾਈਲ-ਹਮਾਸ ਯੁੱਧ, ਭਾਰਤ-ਪਾਕਿਸਤਾਨ ਯੁੱਧ ਹੋਵੇ, ਇਹ ਯੁੱਧ ਜਾਨੀ ਅਤੇ ਮਾਲੀ ਨੁਕਸਾਨ ਜ਼ਿਆਦਾ ਕਰਦੇ ਹਨ। ਇਸ ਵੇਲੇ ਇਜ਼ਰਾਈਲ-ਈਰਾਨ ਯੁੱਧ ਇਕ ਭਿਆਨਕ ਮੋੜ 'ਤੇ ਪਹੁੰਚ ਚੁੱਕਿਆ ਹੈ, ਹਾਲਾਂਕਿ ਦੋਵਾਂ ਦੇਸ਼ਾਂ ਨੂੰ ਯੂਰਪ ਅਤੇ ਅਰਬ ਦੇਸ਼ ਇਸ ਯੁੱਧ ਨੂੰ ਖ਼ਤਮ ਕਰਨ ਲਈ ਕਹਿ ਰਹੇ ਹਨ ਪਰ ਇਸ ਦੇ ਬਾਵਜੂਦ ਇਹ ਦੋਵੇਂ ਦੇਸ਼ ਰੁਕ ਨਹੀਂ ਰਹੇ, ਨਤੀਜਾ ਦੋਵਾਂ ਦੇਸ਼ਾਂ ਦਾ ਕਾਫੀ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ, ਅਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਪਰ ਅਖ਼ੀਰ ਇਹ ਯੁੱਧ ਰੋਕਣ ਲਈ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ 'ਤੇ ਹੀ ਆਉਣਾ ਪਵੇਗਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਗੱਲਬਾਤ ਕਿੰਨੀ ਜਲਦੀ ਹੋ ਸਕਦੀ ਹੈ ਉਸ ਗੱਲਬਾਤ ਨੂੰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਗੱਲਬਾਤ ਨਾਲ ਹੀ ਦੋਵਾਂ ਦੇਸ਼ਾਂ ਦਾ ਭਲਾ ਹੋ ਸਕਦਾ ਹੈ।
-ਅਸ਼ੀਸ਼ ਸ਼ਰਮਾ ਜਲੰਧਰ।
ਇਮਾਨਦਾਰੀ, ਮਿਹਨਤ ਤੇ ਸਮੇਂ ਦਾ ਸੁਮੇਲ
ਅੱਜ ਦੀ ਤੜਕ-ਭੜਕ ਤੇ ਚਕਾਚੌਂਧ ਕਰਨ ਵਾਲੀ ਜ਼ਿੰਦਗੀ ਨੇ ਆਦਮੀ ਨੂੰ ਘੁੰਮਣਘੇਰੀਆਂ 'ਚ ਪਾਇਆ ਹੋਇਆ ਹੈ ਜਾਂ ਉਹ ਸੋਚਦਾ ਹੈ ਕਿ ਮੇਰੇ ਕੋਲ ਆ ਵੀ ਹੋਵੇ, ਉਹ ਵੀ ਹੋਵੇ। ਜੋ ਕੋਲ ਹੈ ਉਸ ਵੱਲ ਨਿਗਾਹ ਨਹੀਂ, ਜੋ ਨਹੀਂ ਹੈ ਉਸ ਨੂੰ ਹਾਸਿਲ ਕਰਨ ਲਈ ਤਰਲੋ ਮੱਛੀ ਹੋਇਆ ਫਿਰਦਾ ਹੈ। ਹਾਂ, ਕੁਝ ਹਾਸਲ ਕਰਨ ਲਈ ਭੱਜ-ਦੌੜ ਤਾਂ ਕਰਨੀ ਹੀ ਪੈਂਦੀ ਹੈ। ਸਿਆਣਿਆਂ ਦਾ ਕਹਿਣਾ ਹੈ ਕਿ ਮਿਹਨਤ ਨੂੰ ਹੀ ਫ਼ਲ ਲੱਗਦਾ ਹੈ ਪਰ ਅੱਜ ਬੰਦਾ ਮਿਹਨਤ ਨਾਲ ਨਹੀਂ ਠੱਗੀਆਂ-ਠੋਰੀਆਂ, ਹੇਰਾਫੇਰੀਆਂ, ਉਲਟੇ ਢੰਗਾਂ ਆਦਿ ਨਾਲ ਧਨ-ਦੌਲਤ ਤੇ ਰੁਤਬੇ ਹਾਸਲ ਕਰਨ ਦੀ ਤਾਕ ਵਿਚ ਰਹਿੰਦਾ ਹੈ।
-ਲਾਭ ਸਿੰਘ ਸ਼ੇਰਗਿੱਲ (ਸੰਗਰੂਰ)
ਰਿਸ਼ਵਤਖੋਰੀ ਕਿਵੇਂ ਰੁਕੇਗੀ...?
ਪੰਜਾਬ 'ਚ ਰਿਸ਼ਵਤਖੋਰੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਭਾਵੇਂ ਸਰਕਾਰ ਆਪਣੀ ਪੱਧਰ 'ਤੇ ਇਸ ਨੂੰ ਖ਼ਤਮ ਕਰਨ ਲਈ ਕਾਫੀ ਕੋਸ਼ਿਸ਼ ਕਰ ਰਹੀ ਹੈ। ਫਿਰ ਵੀ ਰਿਸ਼ਵਤਖੋਰੀ ਦੇ ਬਹੁਤ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਮੌਜੂਦਾ ਸਰਕਾਰ ਦੇ ਕਈ ਐਮ.ਐਲ.ਏ., ਮੰਤਰੀ ਅਤੇ ਵੱਡੇ-ਵੱਡੇ ਅਫ਼ਸਰਾਂ ਨੂੰ ਰਿਸ਼ਵਤਖੋਰੀ ਦੇ ਇਲਜਾਮ ਲੱਗਣ ਕਰਕੇ ਆਪਣੇ ਅਹੁਦੇ ਵੀ ਗੁਆਉਣੇ ਪਏ। ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਰਿਸ਼ਵਤਖੋਰੀ ਦੀ ਨਾਮੁਰਾਦ ਬਿਮਾਰੀ ਖ਼ਤਮ ਨਹੀਂ ਹੋ ਸਕਦੀ। ਸਾਡੇ ਵਿਚੋਂ ਹੀ ਬਹੁਤੇ ਲੋਕ ਰਿਸ਼ਵਤ ਦੇ ਕੇ ਗ਼ਲਤ ਕੰਮ ਕਰਾਉਂਦੇ ਹਨ। ਕੰਮ ਚਾਹੇ ਗ਼ਲਤ ਹੋਵੇ ਜਾਂ ਠੀਕ ਹੋਵੇ। ਰਿਸ਼ਵਤਖੋਰ ਹਰ ਇਕ ਇਨਸਾਨ ਤੋਂ ਰਿਸ਼ਵਤ ਦੀ ਝਾਕ ਰੱਖਦੇ ਹਨ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਗਰਮੀ ਦੀਆਂ ਛੁੱਟੀਆਂ
7 ਜੂਨ ਦੇ ਅਜੀਤ, ਬਾਲ ਸੰਸਾਰ ਜਲੰਧਰ ਵਿਚ ਮੈਡਮ ਕਮਲਜੀਤ ਕੌਰ ਗੁੰਮਟੀ ਦੀ ਲਿਖੀ ਬਾਲ ਕਹਾਣੀ 'ਗਰਮੀ ਦੀਆਂ ਛੁੱਟੀਆਂ' ਬਹੁਤ ਪਸੰਦ ਆਈ। ਕਹਾਣੀਕਾਰਾ ਨੇ ਕਹਾਣੀ ਦੇ ਮੁੱਖ ਪਾਤਰ ਨਵੀਨ ਦੀ ਅਗਾਂਹਵਧੂ ਸੋਚ ਰਾਹੀਂ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਿ ਸਦੀਆਂ ਪਹਿਲਾਂ ਮਨੂੰਸਮ੍ਰਿਤੀ ਅਨੁਸਾਰ ਸਮਾਜ ਨੂੰ ਚਾਰ ਵਰਗਾਂ ਵਿਚ ਵੰਡਣਾ ਗ਼ਲਤ ਕਾਰਜ ਸੀ। ਅੱਜ ਦੇ ਵਿਗਿਆਨਕ ਯੁੱਗ ਵਿਚ ਕੋਈ ਵੀ ਵਿਅਕਤੀ ਕਿਸੇ ਵੀ ਘਰ ਵਿਚ ਜਨਮ ਲੈ ਕੇ ਆਪਣੀ ਲਗਨ, ਸਖ਼ਤ ਮਿਹਨਤ, ਸਿਰੜ ਅਤੇ ਦ੍ਰਿੜ੍ਹ ਇਰਾਦੇ ਸਦਕਾ ਉੱਚੇ ਤੋਂ ਉੱਚੇ ਅਹੁਦੇ 'ਤੇ ਬਿਰਾਜਮਾਨ ਹੋ ਸਕਦਾ ਹੈ। ਇਸ ਦੇ ਨਾਲ ਦੀ ਨਾਲ ਅਜੋਕੇ ਮਾਪਿਆਂ ਨੂੰ ਇਹ ਸਿੱਖਿਆ ਵੀ ਦਿੱਤੀ ਗਈ ਹੈ ਕਿ ਉਹ ਆਪਣੇ ਧੀਆਂ ਪੁੱਤਰਾਂ ਨੂੰ ਕੇਵਲ ਸਕੂਲ ਦੀ ਕਿਤਾਬੀ ਪੜ੍ਹਾਈ ਤੱਕ ਹੀ ਸੀਮਤ ਨਾ ਕਰਨ। ਸਗੋਂ ਬੱਚਿਆਂ ਨੂੰ ਘਰ ਦੇ ਵੱਡੇ ਬਜ਼ੁਰਗਾਂ ਦੀ ਸੰਗਤ ਵਿਚ ਨੈਤਿਕ ਕਦਰਾਂ-ਕੀਮਤਾਂ, ਸਬਰ, ਸੰਤੋਖ, ਸਹਿਜਤਾ ਅਤੇ ਸੰਜਮ ਜਿਹੇ ਸਦਗੁਣਾ ਦੇ ਧਾਰਨੀ ਬਣਨ ਦੇਣਾ ਚਾਹੀਦਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ।