26-06-2025
ਕੰਟਰੋਲ
ਪ੍ਰਮਾਤਮਾ ਦੀ ਰਚਾਈ ਗਈ ਸ੍ਰਿਸ਼ਟੀ ਬਹੁਤ ਵਿਸ਼ਾਲ ਹੈ। ਇਸ ਸ੍ਰਿਸ਼ਟੀ ਦਾ ਆਦਿ-ਅੰਤ ਅਤੇ ਗਿਣਤੀ-ਮਿਣਤੀ ਅਜੇ ਤੱਕ ਵਿਗਿਆਨਿਕ ਢੰਗਾਂ ਨਾਲ ਵੀ ਭਰੋਸੇਯੋਗ ਵਿਸ਼ਵਾਸ ਨਾਲ ਨਹੀਂ ਪ੍ਰਾਪਤ ਹੋਈ। ਆਪਣੀ ਬੁੱਧੀ ਮੁਤਾਬਕ ਸਿਰਫ਼ ਅੰਦਾਜ਼ੇ ਲਾਏ ਜਾਂਦੇ ਹਨ। ਕੁਦਰਤ ਦੇ ਨਿਯਮਾਂ ਅਨੁਸਾਰ ਸਾਡੀ ਜ਼ਿੰਦਗੀ ਦੀ ਹੋਂਦ ਤੇ ਸਫਲਤਾ ਇਸ ਵਿਸ਼ਾਲ ਸ੍ਰਿਸ਼ਟੀ ਤੇ ਵਾਤਾਵਰਨ ਵਿਚੋਂ ਕੁਝ ਸੀਮਤ ਹਿੱਸਾ ਕੰਟਰੋਲ ਕਰਨ ਉੱਤੇ ਨਿਰਭਰ ਕਰਦਾ ਹੈ। ਦੇਸ਼, ਸਮਾਜ ਤੇ ਪਰਿਵਾਰਾਂ ਦੇ ਕੰਮ ਤੇ ਹੋਂਦ ਇਸੇ ਕੰਟਰੋਲ ਦੇ ਸਿੱਟੇ ਵਜੋਂ ਹੁੰਦੀ ਹੈ। ਸਕੂਲਾਂ ਵਿਚ ਬੱਚਿਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਅਤੇ ਦਫ਼ਤਰਾਂ ਵਿਚ ਸਰਕਾਰਾਂ ਵਲੋਂ ਬਣਾਈਆਂ ਗਈਆਂ ਨੀਤੀਆਂ ਤੇ ਯੋਜਨਾਵਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਜਿਸ ਵਿਅਕਤੀ ਵਿਚ ਕਿਸੇ ਕੰਮ, ਮਰਿਆਦਾ ਜਾਂ ਨਿੱਜੀ ਜੀਵਨ ਸੰਬੰਧੀ ਕੰਟਰੋਲ ਨਹੀਂ ਹੁੰਦਾ। ਉਹ ਮਨੁੱਖ ਪਾਗਲ ਜਾਂ ਫਕੀਰ ਕਹਾਉਂਦਾ ਹੈ। ਮਨੋਵਿਗਿਆਨ ਵਿਸ਼ੇ ਵਿਚ ਕੰਟਰੋਲ ਕਰਨ ਦੀ ਖ਼ਾਸ ਮਹੱਤਤਾ ਹੁੰਦੀ ਹੈ।
ਪ੍ਰਯੋਗ ਜਾਂ ਜਾਂਚ ਕਰਦੇ ਸਮੇਂ ਮਨੁੱਖੀ ਵਿਵਹਾਰ ਵਿਚ ਵਾਧਾ ਜਾਂ ਘਾਟਾ ਕਰਨਾ ਕੰਟਰੋਲ ਨਾਲ ਹੀ ਸੰਭਵ ਹੁੰਦਾ ਹੈ। ਕਿਸੇ ਮਨੁੱਖ ਵਿਚ ਵਿਸ਼ੇਸ਼ ਤਰ੍ਹਾਂ ਦਾ ਲੋੜੀਂਦਾ ਜਾਂ ਇੱਛੁਕ ਵਿਵਹਾਰ ਪੈਦਾ ਕਰਨਾ ਜਾਂ ਖ਼ਤਮ ਕਰਨਾ ਕੇਵਲ ਕੰਟਰੋਲ ਰਾਹੀਂ ਹੀ ਸੰਭਵ ਹੈ। ਆਖ਼ਰੀ ਸਿੱਟਾ ਇਹੀ ਹੈ ਕਿ ਸਾਡੀ ਜ਼ਿੰਦਗੀ ਦੇ ਸਾਰੇ ਸਰੀਰਕ ਤੇ ਮਾਨਸਿਕ ਕੰਮ, ਨਿਯਮ ਤੇ ਸਿਧਾਂਤ ਕੰਟਰੋਲ ਨਾਲ ਹੀ ਹੁੰਦੇ ਹਨ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ : ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)
ਵਾਤਾਵਰਨ ਪ੍ਰਤੀ ਅਸਲ ਸਾਰਥਿਕਤਾ
1972 ਵਿਚ ਸੰਯੁਕਤ ਰਾਸ਼ਟਰ ਦੇ ਯਤਨਾਂ ਸਦਕਾ ਹਰ ਸਾਲ 5 ਜੂਨ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਉਣ ਲਈ ਨਿਸਚਿਤ ਕੀਤਾ ਗਿਆ।
ਭਾਰਤ ਨੇ 1986 ਵਿਚ ਵਾਤਾਵਰਨ ਸੁਰੱਖਿਆ ਐਕਟ ਬਣਾਇਆ ਤੇ ਉਦੋਂ ਤੋਂ ਸਾਡੇ ਦੇਸ਼ ਵਿਚ ਵੀ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ, ਹਵਾ, ਪਾਣੀ ਤੇ ਮਿੱਟੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ਵ ਵਾਤਾਵਰਨ ਦਿਵਸ ਦਾ ਹਿੱਸਾ ਬਣ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਯਤਨ ਕੀਤੇ ਜਾਂਦੇ ਹਨ। ਓਜ਼ੋਨ ਪਰਤ ਦਾ ਛਿੱਦਣਾ, ਤਪਸ਼ ਦਾ ਵਧਣਾ, ਦਰੱਖਤਾਂ ਦੀ ਕਟਾਈ, ਪਾਣੀ ਦੀ ਬਰਬਾਦੀ, ਆਵਾਜਾਈ ਦੇ ਸਾਧਨਾਂ ਦਾ ਧੂੰਆਂ ਆਦਿ ਬੜੇ ਹੀ ਗੰਭੀਰ ਪੱਖ ਹਨ ਜਿਨ੍ਹਾਂ ਨੂੰ ਲੈ ਕੇ ਦੁਨੀਆ ਭਰ ਵਿਚ ਵਾਤਾਵਰਨ ਪ੍ਰੇਮੀਆਂ ਵਲੋਂ ਲੋਕਾਈ ਦੇ ਭਲੇ ਲਈ ਹੋਕਾ ਦਿੱਤਾ ਜਾਂਦਾ ਹੈ।
ਹੁਣ ਗੱਲ ਇਹ ਹੈ ਕਿ ਅਸੀਂ ਵਾਤਾਵਰਨ ਪ੍ਰਤੀ ਕਿੰਨੇ ਕੁ ਚੇਤੰਨ ਹਾਂ? ਅਸੀਂ ਸਾਡੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਕਿੰਨਾ ਕੁ ਯੋਗਦਾਨ ਪਾ ਰਹੇ ਹਾਂ?
-ਲਾਭ ਸਿੰਘ ਸ਼ੇਰਗਿਲ
ਸੰਗਰੂਰ
ਪਿੰਨ ਕੋਡ ਨੂੰ ਅਲਵਿਦਾ
ਪਿੰਨ ਕੋਡਾਂ ਦਾ ਯੁੱਗ, ਜੋ ਡਾਕ ਪਤਿਆਂ ਦਾ ਆਕਰਸ਼ਨ ਸੀ, ਖ਼ਤਮ ਹੋ ਗਿਆ ਹੈ, ਅਤੇ ਭਾਰਤੀ ਡਾਕ ਵਿਭਾਗ ਨੇ ਇਕ ਵਿਕਲਪ ਵਜੋਂ 'ਡਿਜੀਪਿਨ' ਨਾਮਕ ਇਕ ਡਿਜੀਟਲ ਪਤਾ ਪੇਸ਼ ਕੀਤਾ ਹੈ। ਡਿਜੀਪਿਨ ਹੁਣ ਤੋਂ ਦੇਸ਼ ਵਿਚ ਨਵਾਂ ਪਤਾ ਪ੍ਰਣਾਲੀ ਹੋਵੇਗੀ। ਆਓ, ਜਾਣਦੇ ਹਾਂ ਕਿ ਪਿੰਨ ਕੋਡ ਅਤੇ ਡਿਜੀਪਿਨ ਵਿਚ ਕੀ ਅੰਤਰ ਹਨ। ਭਾਰਤੀ ਡਾਕ ਵਿਭਾਗ ਨੇ ਸਹੀ ਸਥਾਨ ਨੂੰ ਸਮਝਣ ਲਈ ਡਿਜੀਪਿਨ ਪ੍ਰਣਾਲੀ ਪੇਸ਼ ਕੀਤੀ ਹੈ। ਡਿਜੀਪਿਨ ਵਿਚ 10 ਅੰਕਾਂ ਵਾਲਾ ਡਿਜੀਟਲ ਕੋਡ ਹੈ। ਰਵਾਇਤੀ ਪਿੰਨ ਕੋਡ ਦੀ ਬਜਾਏ, ਜੋ ਇਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਸੀ, ਡਿਜੀਪਿਨ ਸਹੀ ਸਥਾਨ ਦੀ ਜਾਣਕਾਰੀ ਪ੍ਰਦਾਨ ਕਰੇਗਾ। ਯਾਨੀ, ਇਸ ਡਿਜੀਪਿਨ ਰਾਹੀਂ ਤੁਹਾਡੇ ਘਰ ਜਾਂ ਕਾਰੋਬਾਰ ਦੀ ਸਹੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਤੁਸੀਂ ਡਿਜੀਪਿਨ ਬਣਾਉਣ ਲਈ ਮਨੋਨੀਤ ਸਰਕਾਰੀ ਵੈੱਬਸਾਈਟ 'ਤੇ ਜਾ ਕੇ ਅਤੇ ਕੋਡ ਲੱਭ ਕੇ ਆਪਣਾ ਘਰ ਲੱਭ ਸਕਦੇ ਹੋ। ਡਿਜੀਪਿਨ ਦਾ ਫਾਇਦਾ ਇਹ ਹੈ ਕਿ ਇਹ ਸਹੀ ਜਗ੍ਹਾ 'ਤੇ ਪੱਤਰ ਵਿਹਾਰ ਪਹੁੰਚਾਏਗਾ ਅਤੇ ਐਂਬੂਲੈਂਸਾਂ ਅਤੇ ਫਾਇਰ ਵਿਭਾਗਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਸਥਾਨ ਨੂੰ ਸਮਝ ਕੇ ਸਹੀ ਢੰਗ ਨਾਲ ਪਹੁੰਚਣ ਵਿਚ ਮਦਦ ਕਰੇਗਾ।
-ਗੌਰਵ ਮੁੰਜਾਲ
ਪੀ.ਸੀ.ਐਸ.
ਸਕੀਮਾਂ ਆਸਾਨ ਕਰੋ
ਪੰਜਾਬ ਵਿਚ ਗਰੀਬਾਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਪ੍ਰਚਾਰ ਤਾਂ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਪਰੰਤੂ ਗਰੀਬ ਆਦਮੀ ਵਾਸਤੇ ਇਨ੍ਹਾਂ ਦਾ ਲਾਭ ਲੈਣਾ ਬਹੁਤ ਜ਼ਿਆਦਾ ਔਖਾ ਹੈ।
ਜਿਸ ਕਰਕੇ ਬਹੁਤੇ ਲੋਕ ਇਨ੍ਹਾਂ ਸਕੀਮਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਲੜਕੀ ਦੇ ਵਿਆਹ ਲਈ ਮਿਲਣ ਵਾਲੀ ਆਸ਼ੀਰਵਾਦ ਸਕੀਮ ਅਤੇ ਉਸਾਰੀ ਕਿਰਤੀ ਕਾਮਿਆਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਲਾਭ ਲੈਣਾ ਗਰੀਬ ਆਦਮੀ ਲਈ ਆਪਣੀ ਦਿਹਾੜੀ ਛੱਡ ਕੇ ਕਈ-ਕਈ ਦਿਨ ਦਫ਼ਤਰਾਂ ਦੇ ਗੇੜੇ ਲਾਉਣਾ ਵੱਸ ਵਿਚ ਨਹੀਂ ਹੁੰਦਾ। ਫਾਰਮ ਦੀ ਪ੍ਰਕਿਰਿਆ ਇਸ ਪ੍ਰਕਾਰ ਦੀ ਬਣਾਈ ਹੋਈ ਹੈ ਤਾਂ ਕਿ ਵੱਧ ਤੋਂ ਵੱਧ ਫਾਈਲਾਂ ਰੱਦ ਕੀਤੀਆਂ ਜਾ ਸਕਣ। ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬਾਂ ਨੂੰ ਮਿਲਣ ਵਾਲੀਆਂ ਸਕੀਮਾਂ ਬਹੁਤ ਜ਼ਿਆਦਾ ਕੀਤੀਆਂ ਜਾਣ ਤਾਂ ਜੋ ਦਿਹਾੜੀਦਾਰ ਗਰੀਬ ਆਦਮੀ ਨੂੰ ਆਪਣੀ ਦਿਹਾੜੀ ਛੱਡ ਕੇ ਦਫ਼ਤਰਾਂ ਵਿਚ ਧੱਕੇ ਨਾ ਖਾਣੇ ਪੈਣ।
-ਅੰਗਰੇਜ਼ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਮਿਹਨਤ ਨਾਲ ਬਦਲੋ ਕਿਸਮਤ
ਹਰ ਕੋਈ ਰਾਤੋ ਰਾਤ ਸਫ਼ਲ ਹੋ ਜਾਣਾ ਚਾਹੁੰਦਾ ਹੈ, ਜਦ ਲੋਕਾਂ ਨੂੰ ਸਫ਼ਲਤਾ ਨਹੀਂ ਮਿਲਦੀ ਤਾਂ ਫਿਰ ਉਹ ਆਪਣੀ ਅਸਫ਼ਲਤਾ ਦਾ ਦੋਸ਼ ਆਪਣੀ ਮਾੜੀ ਕਿਸਮਤ 'ਤੇ ਲਗਾਉਂਦੇ ਹਨ। ਬਹੁਤੇ ਲੋਕ ਚਾਹੁੰਦੇ ਹਨ ਕਿ ਮਿਹਨਤ ਕੀਤੇ ਬਗੈਰ ਉਨ੍ਹਾਂ ਦੀ ਕਿਸਮਤ ਦਾ ਤਾਰਾ ਵੀ ਚਮਕ ਜਾਵੇ। ਅਜਿਹੇ ਨਿਕੰਮੇ, ਵਹਿਲੇ ਨਿਖੱਟੂ ਲੋਕ ਕਿਸਮਤ ਦੇ ਸਹਾਰੇ ਜਿਊਂਦੇ ਹਨ।
ਉਨ੍ਹਾਂ ਦੀ ਸੋਚ ਹੈ ਕਿ 'ਜੋ ਕਿਸਮਤ 'ਚ ਲਿਖਿਆ ਹੋਵੇਗਾ ਉਹ ਮਿਲ ਜਾਵੇਗਾ। ਪਰਮਾਤਮਾ ਨੇ ਮਨੁੱਖ ਨੂੰ ਇਹ ਸਰੀਰ ਵਿਹਲੇ ਬੈਠ ਕੇ ਖਾਣ ਲਈ ਨਹੀਂ ਸਗੋਂ ਮਿਹਨਤ ਕਰਨ ਲਈ ਬਖ਼ਸ਼ਿਆ ਹੈ।
ਮਿਹਨਤੀ ਮਨੁੱਖ ਆਲਸ ਅਤੇ ਬਹਾਨੇਬਾਜ਼ੀਆਂ ਨੂੰ ਪਰ੍ਹੇ ਰੱਖ ਕੇ ਅਣਥੱਕ ਮਿਹਨਤ ਸਦਕਾ ਆਪਣੀ ਕਿਸਮਤ ਆਪ ਬਣਾਉਂਦੇ ਹਨ। ਮਿਹਨਤ ਕਰਨਾ ਮਨੁੱਖ ਦਾ ਕਰਮ ਹੈ ਅਤੇ ਮਿਹਨਤ ਦਾ ਫ਼ਲ ਦੇਣਾ ਪਰਮਾਤਮਾ ਦੇ ਹੱਥ ਵਸ ਹੁੰਦਾ ਹੈ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।