JALANDHAR WEATHER

14-07-2025

 ਸੰਗਠਨ
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਜ਼ਿੰਦਗੀ ਦੀ ਲੋੜਾਂ ਤੇ ਸਾਡੀਆਂ ਨਿੱਜੀ ਇੱਛਾਵਾਂ ਦੀ ਸੂਚੀ ਲੰਬੀ ਹੈ, ਪਰੰਤੂ ਮਨੁੱਖ ਵਿਚ ਜ਼ਿੰਦਗੀ ਦੀਆਂ ਵਿਸ਼ਾਲ ਲੋੜਾਂ ਦੀ ਪੂਰਤੀ ਜਾਂ ਪ੍ਰਾਪਤੀ ਲਈ ਕੰਮ ਕਰਨ ਦੀ ਸਮਰੱਥਾ, ਤਾਕਤ ਤੇ ਬੁੱਧੀ ਸੀਮਤ ਹੁੰਦੀ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਸਾਨੂੰ ਦੂਜਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ, ਇਸ ਤਰ੍ਹਾਂ ਸਮਾਜ ਵਿਚ ਸੰਗਠਨ ਜਾਂ ਕਮੇਟੀਆਂ ਹੋਂਦ ਵਿਚ ਆਉਂਦੀਆਂ ਹਨ। ਸੰਗਠਨ ਵਿਚ ਕੁਝ ਦਿਮਾਗੀ, ਤਜਰਬੇਕਾਰ ਤੇ ਜ਼ਿੰਮੇਵਾਰ ਵਿਅਕਤੀ ਸੰਗਠਨ ਵਿਚ ਚੁਣੇ ਜਾਂਦੇ ਹਨ। ਮਨੁੱਖਾਂ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਗੁਣ ਛੁਪੇ ਹੁੰਦੇ ਹਨ। ਵਿਅਕਤੀ ਨੂੰ ਸੰਗਠਨ ਵਿਚ ਆਪਣੇ ਇਨ੍ਹਾਂ ਗੁਣਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸਮਾਜ ਵਿਚ ਬਣਾਏ ਜਾਂਦੇ ਸੰਗਠਨ ਮਨੁੱਖ ਦੀ ਨਿੱਜੀ ਜ਼ਿੰਦਗੀ, ਮਾਨਸਿਕ ਸਿਹਤ ਤੇ ਸਮਾਜਿਕ ਸਿਹਤ 'ਤੇ ਗਹਿਰਾ ਪ੍ਰਭਾਵ ਪਾਉਂਦੇ ਹਨ। ਸਕੂਲ, ਕਾਲਜ, ਹਸਪਤਾਲ, ਧਾਰਮਿਕ ਸਥਾਨ ਜਿਵੇਂ ਕਿ ਗੁਰਦੁਆਰੇ, ਮੰਦਰ ਤੇ ਮਸੀਤਾਂ ਆਦਿ, ਬੈਂਕ, ਡਾਕਖਾਨੇ, ਗ੍ਰਾਮ ਪੰਚਾਇਤਾਂ, ਰੁਜ਼ਗਾਰ ਦੇਣ ਲਈ ਖੁੱਲ੍ਹੀਆਂ ਹੋਈਆਂ ਫੈਕਟਰੀਆਂ ਆਦਿ ਸਭ ਸੰਗਠਨਾਂ ਦੀਆਂ ਉਦਾਹਰਨਾਂ ਹਨ।


-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, (ਹੁਸ਼ਿਆਰਪੁਰ)

ਬੂਟੇ ਲਾਉਣ ਦਾ ਸਮਾਂ
ਅੱਜ ਹਰ ਕੋਈ ਆਪਣਾ ਸਮਾਂ ਮੋਬਾਈਲ 'ਤੇ, ਏ.ਸੀ. ਸਹਾਰੇ ਕੱਟ ਰਿਹਾ ਹੈ। ਮੀਂਹ ਸਾਨੂੰ ਚਾਹੀਦਾ ਹੈ ਪਰ ਬੂਟੇ ਕੌਣ ਲਾਏਗਾ? ਕੁਦਰਤ ਤੋਂ ਨਿਆਮਤਾਂ ਲੈਣ ਲਈ ਸਾਨੂੰ ਧਰਾਤਲ ਨਾਲ ਜੁੜਨਾ ਪਏਗਾ। ਇਕ ਮਨੁੱਖ ਇਕ ਰੁੱਖ ਅੱਜ ਸਮੇਂ ਦੀ ਮੰਗ ਹੈ। ਆਲਮੀ ਤਪਸ਼ ਦੇ ਪ੍ਰਕੋਪ ਨੂੰ ਰੋਕਣ ਲਈ ਮਾਨਸਜਾਤ ਨੂੰ ਕੁਦਰਤ ਦੀ ਥਿਊਰੀ ਨੂੰ ਸਮਝਣਾ ਹੋਵੇਗਾ।
ਬਰਸਾਤ ਦੇ ਇਸ ਮੌਸਮ ਵਿਚ ਹਰ ਇਕ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੂਟਾ ਲਗਾਉਣ ਨੂੰ ਤਰਜੀਹ ਦੇਣੀ ਹੋਵੇਗੀ ਨਹੀਂ ਤਾਂ ਅਖੌਤੀ ਵਿਕਾਸ ਦੀ ਕਬਰ ਵਿਚ ਸਾਨੂੰ ਆਪ ਦੱਬੇ ਹੋਣ ਲਈ ਤਿਆਰ ਰਹਿਣਾ ਹੋਵੇਗਾ। ਇਹੀ ਬੂਟੇ ਲਾਉਣ ਦਾ ਢੁੱਕਵਾਂ ਸਮਾਂ ਤੇ ਆਉਣ ਵਾਲੇ ਸਮੇਂ ਦਾ ਸੱਚ ਹੈ।'

-ਜਸਬੀਰ ਦੱਧਾਹੂਰ
ਪਿੰਡ ਤੇ ਡਾ. ਦੱਧਾਹੂਰ, ਤਹਿ. ਰਾਇਕੋਟ, (ਲੁਧਿਆਣਾ)

ਭਾਰਤ ਵਲੋਂ ਸਹੀ ਸੰਦੇਸ਼
ਪਿਛਲੇ ਦਿਨੀਂ ਪ੍ਰਕਾਸ਼ਿਤ ਸੰਪਾਦਕੀ 'ਭਾਰਤ ਵਲੋਂ ਚੰਗੀ ਪਹਿਲ' ਦੇ ਹਵਾਲੇ ਵਿਚ ਹੈ। ਇਹ ਗੱਲ ਦੁਨੀਆ ਭਰ ਦੇ ਦੇਸ਼ਾਂ ਨੂੰ ਸਪੱਸ਼ਟ ਹੈ ਅਤੇ ਉਨ੍ਹਾਂ ਦੁਆਰਾ ਹਾਂ ਪੱਖੀ ਪ੍ਰਗਟਾਇਆ ਵੀ ਜਾਂਦਾ ਰਹਿੰਦਾ ਹੈ ਕਿ ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਹੱਥੋਂ ਦਹਾਕਿਆਂ ਤੋਂ ਸਰਹੱਦ ਪਾਰ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਇਕ ਅਜਿਹਾ ਹੀ ਸੰਗਠਨ ਹੈ, ਜਿਸ ਦਾ ਉੱਦੇਸ਼ ਅੱਤਵਾਦ ਨਾਲ ਲੜਨਾ ਹੈ, ਪਰ ਇਕ ਦੇਸ਼ ਦੇ ਕਹਿਣ 'ਤੇ ਸਾਂਝੇ ਬਿਆਨ ਦੇ ਦਸਤਾਵੇਜ਼ ਮਤਲਬ ਸਾਂਝੇ ਐਲਾਨਨਾਮੇ ਵਿਚ ਅੱਤਵਾਦ ਦਾ ਹਵਾਲਾ ਦੇਣ ਨੂੰ ਸ਼ਾਮਿਲ ਨਹੀਂ ਕੀਤਾ ਗਿਆ।
ਮੈਂਬਰ ਦੇਸ਼ਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਦੋਸਤੀ ਨੂੰ ਮਜ਼ਬੂਤ ਕਰਨ ਦੇ ਆਦਰਸ ਟੀਚੇ ਨੂੰ ਸ਼ਾਮਿਲ ਕਰਨ ਵਾਲੇ ਇਸ ਤਰ੍ਹਾਂ ਦੇ ਐਲਾਨਨਾਮੇ 'ਤੇ ਭਾਰਤ, ਅੱਤਵਾਦ ਦਾ ਮੁਕਾਬਲਾ ਕਰਨ ਦੀਆਂ ਉਸ ਦੀਆਂ ਚਿੰਤਾਵਾਂ ਨੂੰ ਦਰਸਾਏ ਬਿਨਾਂ ਕਿਵੇਂ ਸਹਿਮਤ ਹੋ ਸਕਦਾ ਹੈ ਅਤੇ ਉਸ 'ਤੇ ਦਸਤਖ਼ਤ ਕਿਵੇਂ ਕਰ ਸਕਦਾ ਹੈ? ਇਸ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਕਿੰਗਦਾਓ ਵਿਖੇ ਸ਼ੰਘਾਈ ਸਹਿਯੋਗ ਸੰਗਠਨ ਦੀ ਰੱਖਿਆ ਮੰਤਰੀਆਂ ਦੀ ਮੀਟਿੰਗ ਵਿਚ ਅਜਿਹੇ ਪ੍ਰਸਤਾਵਿਤ ਸਾਂਝੇ ਐਲਾਨਨਾਮੇ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਕੇ ਸਹੀ ਸੰਦੇਸ਼ ਦਿੱਤਾ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਪਾਣੀ ਦਾ ਸੰਕਟ
ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ। ਪਾਣੀ ਦੇ ਸੰਕਟ ਦੀ ਵੱਡੀ ਵਜ੍ਹਾ ਮੁਫ਼ਤ ਬਿਜਲੀ ਹੈ। ਅਸੀਂ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਅਸੀਂ ਪਾਣੀ ਦੀ ਜ਼ਿਆਦਾ ਖਪਤ ਵਾਲੀ ਝੋਨੇ ਦੀ ਫ਼ਸਲ ਬੀਜਦੇ ਹਾਂ, ਜਦਕਿ ਇਸ ਦੀ ਜਗ੍ਹਾ ਨਰਮਾ ਬਾਸਮਤੀ, ਮੱਕੀ, ਦਾਲਾਂ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਬਾਹਰਲੇ ਮੁਲਕਾਂ ਵਿਚ ਸਟੋਰ ਹੁੰਦਾ ਹੈ। ਸਾਡੀਆਂ ਸਰਕਾਰਾਂ ਨੂੰ ਵੀ ਅਜਿਹੇ ਹੀ ਉਪਰਾਲੇ ਕਰਨੇ ਚਾਹੀਦੇ ਹਨ। ਪਾਣੀ ਦੀ ਟੂਟੀ ਖੁੱਲੀ ਨਾ ਛੱਡੋ। ਕਿਸਾਨਾਂ ਨੂੰ ਟਿਊਬਵੈੱਲਾਂ ਦੇ ਕੁਨੈਕਸ਼ਨ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਲਈ 5-7 ਬੂਟੇ ਲਾਉਣੇ ਲਾਜ਼ਮੀ ਕਰਨੇ ਚਾਹੀਦੇ ਹਨ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਅਖਬਾਰ ਨਾਲ ਸਾਂਝ
ਸਵੇਰੇ ਸੁਵਖਤੇ ਉੱਠ ਰੋਜ਼ਾਨਾ ਅਖ਼ਬਾਰ ਪੜ੍ਹਨਾ ਜ਼ਿੰਦਗੀ ਦੇ ਚੱਲਦੇ ਸਾਹਾਂ ਵਾਂਗੂ ਬਣ ਗਿਆ ਹੈ। ਨਿੱਕੇ ਹੁੰਦਿਆਂ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਮੇਂ ਸਾਡੇ ਘਰ ਪੰਜਾਬੀ ਅਖ਼ਬਾਰ ਆਉਂਦਾ ਸੀ। ਮੇਰੇ ਦਾਦਾ ਜੀ ਅਨਪੜ੍ਹ ਸਨ। ਮੇਰੀ ਅੱਖਰ ਜੋੜ-ਜੋੜ ਕੇ ਅਖ਼ਬਾਰ ਪੜ੍ਹਨ ਦੀ ਸਾਂਝ ਅਜਿਹੀ ਪਈ ਕਿ ਅੱਜ ਏਨੇ ਸਾਲ ਬਾਅਦ ਅਖ਼ਬਾਰ ਜ਼ਿੰਦਗੀ ਦਾ ਅਹਿਮ ਅੰਗ ਬਣ ਗਈ।
ਅਖ਼ਬਾਰ ਦੇ ਸੰਪਾਦਕੀ ਪੰਨੇ ਦੀ ਅਹਿਮੀਅਤ ਬਾਰੇ ਏਨਾ ਪਤਾ ਨਹੀਂ ਸੀ ਪਰ ਹੌਲੀ-ਹੌਲੀ ਇੰਝ ਲੱਗਾ ਜਿਵੇਂ ਸੱਚਮੁੱਚ ਹੀ ਜੀਵਨ ਜੀਊਣ ਦੀ ਜਾਚ ਆ ਗਈ ਹੋਵੇ। ਅਖ਼ਬਾਰਾਂ ਵਿਚ ਛਪਦੇ ਲੇਖਕਾਂ ਦੇ ਜੀਵਨ ਜਾਂਚ ਦੇ ਢੰਗ, ਹੱਡ-ਬੀਤੀਆਂ ਪੜ੍ਹ ਜ਼ਿੰਦਗੀ ਵਿਚ ਬਹੁਤ ਕੁਝ ਸਿੱਖਣ ਦਾ ਸਲੀਕਾ ਆ ਗਿਆ ਅਤੇ ਨਾਲ ਹੀ ਜਾਣਕਾਰੀ ਵਿਚ ਵਾਧਾ ਹੁੰਦਾ ਗਿਆ। ਜਦੋਂ ਪਹਿਲੀ ਰਚਨਾ ਅਖ਼ਬਾਰ ਵਿਚ ਛਪੀ ਤਾਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ।
ਸਭ ਨੂੰ ਪੜ੍ਹ-ਪੜ੍ਹ ਕੇ ਸੁਣਾ ਰਿਹਾ ਸੀ ਕਿ ਦੇਖੋ ਅੱਜ ਮੇਰੀ ਆਪਣੀ ਲਿਖੀ ਰਚਨਾ ਅਖ਼ਬਾਰ ਦਾ ਹਿੱਸਾ ਬਣੀ ਹੈ। ਅਖ਼ਬਾਰ ਸੱਚਮੁੱਚ ਗਿਆਨ ਦਾ ਮਹਾਂਸਾਗਰ ਹਨ।

-ਅਵਤਾਰ ਸਿੰਘ ਸੌਜਾ
ਈ.ਟੀ.ਟੀ. ਅਧਿਆਪਕ, ਸਪਸ ਖੇੜੀ ਮੱਲਾਂ, ਪਟਿਆਲਾ।

ਰੁੱਖਾਂ ਨੂੰ ਬਚਾਉਣਾ ਜ਼ਰੂਰੀ
ਅੱਜ ਦੇ ਯੁੱਗ ਵਿਚ ਰੁੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਅਸੀਂ ਮੰਨਦੇ ਹਾਂ ਕਿ ਹਰ ਇਕ ਮਨੁੱਖ ਨੂੰ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ, ਪਰ ਕਈ ਮਨੁੱਖ ਲਾਲਚ ਦੇ ਮਾਰੇ ਜੰਗਲਾਂ ਦੇ ਜੰਗਲ ਹੀ ਕੱਟੀ ਜਾ ਰਹੇ ਹਨ।
ਚਾਹੇ ਪੰਜਾਬ ਦੇ ਕੰਢੀ ਖੇਤਰ ਹੋਣ ਜਾਂ ਹਿਮਾਚਲ ਦੇ ਖੇਤਰ, ਪਿੱਛੇ ਜਿਹੇ ਸੋਸ਼ਲ ਮੀਡੀਆ 'ਤੇ ਵੀ ਸਾਨੂੰ ਇਹ ਦੇਖਣ ਵਿਚ ਮਿਲਿਆ ਕਿ ਕੁੱਲੂ ਦੇ ਇਕ ਇਲਾਕੇ 'ਚ ਬੱਦਲ ਫਟਣ ਨਾਲ ਪੰਡੋਹ ਡੈਮ ਵਿਚ ਕੱਟੀਆਂ ਹੋਈਆਂ ਲੱਕੜਾਂ ਦਾ ਢੇਰ ਆ ਗਿਆ, ਚਾਹੇ ਇਹ ਲੱਕੜ ਤਸਕਰਾਂ ਵਲੋਂ ਹੀ ਕੱਟੀ ਗਈ ਸੀ ਪਰ ਸਾਨੂੰ ਇਹ ਸਾਫ਼ ਦਿਖਾਈ ਦੇਣ ਲੱਗਾ ਕਿ ਲਾਲਚ ਭਰੇ ਮਨੁੱਖਾਂ ਨੇ ਕਿੰਝ ਜੰਗਲਾਂ ਦੇ ਜੰਗਲ ਹੀ ਲੱਕੜਾਂ ਵੱਢ ਕੇ ਖਾਲੀ ਕਰ ਦਿੱਤੇ ਹਨ। ਇਹ ਹੀ ਕੱਟੇ ਹੋਏ ਰੁੱਖ ਢਿਗਾਂ ਡਿਗਣ ਦਾ ਕਾਰਨ ਬਣਦੇ ਹਨ ਅਤੇ ਮੀਂਹ ਪੈਣ ਤੋਂ ਬਾਅਦ ਖਾਲੀ ਪਹਾੜਾਂ ਤੋਂ ਪੱਥਰ ਪਾਣੀ ਨਾਲ ਆਮ ਹੀ ਵੱਗ ਪੈਂਦੇ ਹਨ।
ਅੱਜ ਸਾਨੂੰ ਲੋੜ ਹੈ ਕਿ ਇਨ੍ਹਾਂ ਰੁੱਖਾਂ ਦੀ ਰਾਖੀ ਕਰੀਏ, ਕਿਉਂਕਿ ਰੁੱਖ ਲਗਾਉਣ ਵੇਲੇ ਤਾਂ 'ਇਕ ਮਨੁੱਖ ਇਕ ਰੁੱਖ' ਦੀ ਗੱਲ ਕੀਤੀ ਜਾਂਦੀ ਪਰ ਲਾਲਚੀ ਇਕ ਮਨੁੱਖ ਪੂਰੇ ਦਾ ਪੂਰਾ ਜੰਗਲ ਹੀ ਸਾਫ਼ ਕਰ ਜਾਂਦਾ ਹੈ, ਸਾਨੂੰ ਇਸ ਬਾਰੇ ਸੁਚੇਤ ਹੋਣਾ ਬਹੁਤ ਜਰੂਰੀ ਹੈ।

-ਅਸ਼ੀਸ਼ ਸ਼ਰਮਾ
ਜਲੰਧਰ।

ਸੋਸ਼ਲ ਅਤੇ ਸੋਸ਼ਲ ਮੀਡੀਆ
ਸੋਸ਼ਲ ਤੋਂ ਭਾਵ ਹੈ ਸਮਾਜਿਕ ਮੇਲ-ਜੋਲ। ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸੁਨੇਹੇ ਜਾਂ ਫਿਰ ਭੇਜਣ ਦਾ ਸਾਧਨ। ਇਨ੍ਹਾਂ ਦੋਵਾਂ 'ਚ ਬਹੁਤ ਜ਼ਿਆਦਾ ਅੰਤਰ ਹੈ ਪਰ ਅਸੀਂ ਸੋਸ਼ਲ ਮੀਡੀਆ ਨੂੰ ਹੀ ਸੋਸ਼ਲ ਸਮਝੀ ਬੈਠੇ ਹਾਂ ਜੋ ਕਿ ਗਲਤ ਹੈ। ਅੱਜ ਤੋਂ 25-30 ਸਾਲ ਪਹਿਲਾਂ ਫੋਨ, ਟੀ.ਵੀ. ਜਾਂ ਰੇਡੀਓ ਕਿਸੇ-ਕਿਸੇ ਦੇ ਘਰ ਹੀ ਹੁੰਦਾ ਸੀ, ਲੋਕ ਆਪਣੇ ਸੁਨੇਹੇ ਚਿੱਠੀਆਂ ਰਾਹੀਂ, ਤਾਰ ਰਾਹੀਂ ਜਾਂ ਕਿਸੇ ਵੀ ਤਰ੍ਹਾਂ ਰਿਸ਼ਤੇਦਾਰਾਂ ਤੱਕ ਪਹੁੰਚਾਉਂਦੇ ਸਨ ਤੇ ਦੂਰ ਤੱਕ ਦੀਆਂ ਰਿਸ਼ਤੇਦਾਰੀਆਂ ਵੀ ਦਿਲੋਂ ਨਿਭਾਉਂਦੇ ਸਨ ਅਤੇ ਖ਼ੁਸ਼ੀ-ਗ਼ਮੀ, ਧੁੱਪ-ਛਾਂ ਇਕੱਠੇ ਬਹਿ ਕੇ ਮਾਣਦੇ ਸਨ। ਦੁੱਖ ਵੰਡਾਉਂਦੇ ਸਨ ਤੇ ਖੁਸ਼ੀਆਂ ਦੁੱਗਣੀਆਂ ਕਰਦੇ ਸਨ। ਅਸਲ ਵਿਚ ਇਹੀ ਸੋਸ਼ਲ ਹੋਣਾ ਹੈ।
ਅੱਜ-ਕੱਲ੍ਹ ਘਰ ਵਿਚ ਜਿੰਨੇ ਮੈਂਬਰ ਓਨੇ ਫੋਨ, ਪਰ ਕਿਸੇ ਕੋਲ ਇਕ ਦੂਜੇ ਨਾਲ ਗੱਲ ਕਰਨ ਦਾ ਸਮਾਂ ਨਹੀਂ। ਲੋਕ ਇੰਸਟਾ, ਫੇਸਬੁੱਕ, ਵੱਟਸ ਐਪ, ਮੈਸੇਂਜਰ, ਵਗੈਰਾ-ਵਗੈਰਾ ਇਨ੍ਹਾਂ ਨੂੰ ਅਸੀਂ ਆਪਣਾ ਸੋਸ਼ਲ ਦਾਇਰਾ ਸਮਝੀ ਬੈਠੇ ਹਾਂ।

-ਪਰਮਿੰਦਰ ਕੌਰ
ਮੁੱਲਾਂਪੁਰ ਦਾਖਾ।