20-07-2025
ਸੇਵਾਪੰਥੀ ਅਤੇ ਮਾਨਵ-ਸੇਵਾ
ਸੰਪਾਦਕ : ਕਰਨੈਲ ਸਿੰਘ ਐਮ.ਏ.
ਪ੍ਰਕਾਸ਼ਕ : ਮਹੰਤ ਭਾਈ ਕਾਨ੍ਹ ਸਿੰਘ ਸੇਵਾਪੰਥੀ, ਬਠਿੰਡਾ।
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 98552-40552
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੇਵਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਖ਼ਿਦਮਤ, ਉਪਾਸਨਾ। ਸਿੰਧੀ ਵਿਚ ਸੇਵਾ ਦਾ ਉਚਾਰਨ 'ਸੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਵੀ ਹੈ। ਸਿੱਖ ਧਰਮ ਵਿਚ ਸੇਵਾ ਦਾ ਬਹੁਤ ਮਹੱਤਵ ਹੈ। ਸੇਵਾ ਦੁਆਰਾ ਸੇਵਕ ਦੇ ਅੰਤਰਮਨ ਦੀ ਮੈਲ ਦੂਰ ਹੋ ਜਾਂਦੀ ਹੈ। ਸੇਵਾ ਦੁਆਰਾ ਮਨੁੱਖ ਵਿਕਾਰਾਂ ਤੋਂ ਮੁਕਤ ਹੋ ਕੇ ਦੁਨਿਆਵੀ ਸੁੱਖ ਭੋਗਾਂ ਦਾ ਅਨੰਦ ਮਾਣਦਿਆਂ ਵੀ ਸਹੀ ਜੀਵਨ ਜੁਗਤਿ ਪ੍ਰਾਪਤ ਕਰ ਸਕਦਾ ਹੈ। ਸੇਵਾ ਤੋਂ ਬਿਨਾਂ ਵਿਅਕਤੀ ਸਿਮਰਨ ਵਿਚ ਵੀ ਪੂਰਾ ਨਹੀਂ ਉਤਰ ਸਕਦਾ। ਸੇਵਾ ਮਨ ਨੂੰ ਕੋਮਲਤਾ ਦਿੰਦੀ ਹੈ। ਸੇਵਾ ਮਨ ਨੂੰ ਪਵਿੱਤਰਤਾ ਪ੍ਰਦਾਨ ਕਰਦੀ ਹੈ। ਸੇਵਾ ਮਨ ਵਿਚ ਸਤ, ਸੰਤੋਖ, ਦਇਆ, ਖਿਮਾ, ਨਿਮਰਤਾ, ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦਾ ਸਭ ਤੋਂ ਉੱਤਮ ਸਾਧਨ ਹੈ।
ਇਸ ਹਥਲੀ ਕਿਤਾਬ ਦੇ ਸੰਪਾਦਕ ਸ. ਕਰਨੈਲ ਸਿੰਘ ਐਮ.ਏ ਨੇ ਇਸ ਕਿਤਾਬ ਨੂੰ 9 ਸਿਰਲੇਖਾਂ ਵਿਚ ਵੰਡਿਆ ਹੈ ਜਿਸ ਵਿਚ ਸੇਵਾਪੰਥੀ ਤੇ ਖ਼ਾਲਸਾ ਪੰਥ ਡਾ. ਜੀ.ਐਸ ਅਨੰਦ, ਸੇਵਾਪੰਥੀਆਂ ਦਾ ਯੋਗਦਾਨ ਡਾ. ਬਲਕਾਰ ਸਿੰਘ, ਸੇਵਾਪੰਥੀ ਸਾਹਿਤ-ਇਕ ਅਧਿਐਨ ਡਾ. ਤਰਲੋਚਨ ਸਿੰਘ ਬੇਦੀ, ਸੇਵਾਪੰਥੀ ਸੰਪਰਦਾਇ-ਇਕ ਅਧਿਐਨ ਸ. ਬਲਬੀਰ ਸਿੰਘ ਨੰਦਾ, ਸੇਵਾਪੰਥੀ ਤੇ ਟੀਕਾਕਾਰੀ ਡਾ. ਗੁਰਮੁਖ ਸਿੰਘ,ਸਿਮਰਨ ਦਾ ਸਿਧਾਂਤ ਤੇ ਸੇਵਾ ਪੋ. ਰਾਮ ਸਿੰਘ, ਭਾਈ ਘਨੱਈਆ ਜੀ: ਜੀਵਨ ਅਤੇ ਉਦੇਸ਼ ਡਾ. ਕੇਹਰ ਸਿੰਘ, ਭਾਈ ਕਨ੍ਹਈਆ ਜੀ ਅਤੇ ਅਜੋਕੀਆਂ ਸਿੱਖ-ਸੰਸਥਾਵਾਂ ਡਾ. ਬਲਕਾਰ ਸਿੰਘ, ਭਾਈ ਕਨੱਈਆ ਜੀ ਦੀਆਂ ਸੇਵਾਵਾਂ ਨੂੰ ਸਮਰਪਿਤ ਸੈਮੀਨਾਰ ਸ. ਕਰਨੈਲ ਸਿੰਘ ਐਮ.ਏ ਅੰਕਿਤ ਕੀਤੇ ਹਨ। ਅਸਲ ਵਿਚ ਦਿੱਲੀ ਸਿੱਖ ਗੁ:ਪ੍ਰ ਕਮੇਟੀ ਵੱਲੋਂ ਭਾਈ ਕਨੱਈਆ ਜੀ ਦੀਆਂ ਸੇਵਾਵਾਂ ਨੂੰ ਸਮਰਪਿਤ ਕਰਵਾਏ ਸੈਮੀਨਾਰ ਵਿਚ ਪੜ੍ਹੇ ਗਏ ਵਿਸ਼ੇਸ਼ ਖੋਜ ਪੇਪਰਾਂ ਨੂੰ ਸ. ਕਰਨੈਲ ਸਿੰਘ ਐਮ.ਏ ਵੱਲੋਂ ਸੰਪਾਦਨ ਕਰਕੇ ਪੁਸਤਕ ਰੂਪ ਦਿਤਾ ਗਿਆ ਹੈ।
ਗੁਰੂ ਅਮਰਦਾਸ ਜੀ ਖਡੂਰ ਸਾਹਿਬ ਤੋਂ ਢਾਈ-ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਸਨ। ਇਕ ਦਿਨ ਸ੍ਰੀ ਅਮਰਦਾਸ ਜੀ ਨੇਮ ਅਨੁਸਾਰ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸਨ। ਕਿੱਲੇ ਦਾ ਠੇਡਾ ਲੱਗਾ ਅਤੇ ਆਪ ਖੱਡੀ ਦੇ ਟੋਏ ਵਿਚ ਡਿੱਗ ਪਏ, ਪਰ ਗਾਗਰ ਮੋਢੇ ਉੱਤੋਂ ਡਿੱਗਣ ਨਾ ਦਿੱਤੀ। ਖੜਕਾ ਸੁਣ ਕੇ ਜੁਲਾਹੇ ਨੇ ਜੁਲਾਹੀ ਨੂੰ ਕਿਹਾ, 'ਕੋਈ ਖੱਡੀ ਵਿਚ ਡਿੱਗ ਪਿਆ ਜਾਪਦਾ ਹੈ, ਪਤਾ ਨਹੀਂ ਕੌਣ ਹੈ' ਜੁਲਾਹੀ ਬੋਲੀ, 'ਅਮਰੂ ਨਿਥਾਵਾ ਡਿੱਗਿਆ ਹੋਣੈ, ਜਿਸ ਨੂੰ ਨਾ ਦਿਨੇ ਚੈਨ ਤੇ ਨਾ ਰਾਤ ਆਰਾਮ, ਜਿਹੜਾ ਨਾ ਘਰ ਦਾ ਨਾ ਘਾਟ ਦਾ।ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਤੇ ਮਿਹਰਾਂ, ਬਖ਼ਸ਼ਿਸ਼ਾਂ ਕਰਦਿਆਂ ਕਿਹਾ, 'ਤੁਸੀਂ ਨਿਮਾਣਿਆਂ ਦੇ ਮਾਣ, ਨਿਥਾਵਿਆਂ ਦੇ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਧਿਰਿਆਂ ਦੀ ਧਿਰ ਹੋ। ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਦੋਵਾਂ ਪੁੱਤਰਾਂ ਦਾਸੂ ਜੀ ਤੇ ਦਾਤੂ ਜੀ ਨੂੰ ਦੇਣ ਦੀ ਬਜਾਏ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਜਦ ਬਾਉਲੀ ਦੀ ਤਿਆਰੀ ਆਰੰਭੀ ਤਾਂ ਸ੍ਰੀ ਰਾਮਦਾਸ ਜੀ ਨੂੰ ਕਾਰਜ ਦਾ ਸਾਰਾ ਪ੍ਰਬੰਧ ਸੰਭਾਲਿਆ। ਨਾਲ-ਨਾਲ ਆਪ ਸੰਗਤਾਂ ਨਾਲ ਮਿਲ ਕੇ ਕਾਰ-ਸੇਵਾ ਕਰਦੇ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਤਬੇਲੇ ਵਿਚ ਭਾਈ ਕਨੱਈਆ ਜੀ ਨੇ ਘੋੜਿਆਂ ਨੂੰ ਜਲ ਛਕਾਉਣ, ਘਾਹ-ਦਾਣਾ ਲਿਆਉਣ, ਲਿੱਦ ਇਕੱਠੀ ਕਰਨ ਦੀ ਸੇਵਾ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1704 ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੜੇ ਗਏ ਯੁੱਧਾਂ ਵਿਚ ਭਾਈ ਕਨੱਈਆ ਜੀ ਨੇ ਬਿਨਾਂ ਭੇਦ-ਭਾਵ ਦੇ ਵੈਰੀ ਤੇ ਮਿੱਤਰ ਨੂੰ ਇਕ ਸਮਾਨ ਸਮਝ ਕੇ ਜਲ ਛਕਾਉਣ ਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰ ਦਾ ਸਦਕਾ ਹੀ 'ਸੇਵਾਪੰਥੀ' ਸੰਪਰਦਾਇ ਹੋਂਦ ਵਿਚ ਆਈ।
ਸੇਵਾਪੰਥੀ ਡੇਰਿਆਂ/ ਟਿਕਾਣਿਆਂ/ ਧਰਮਸ਼ਾਲਾ ਵਿਚ ਆਏ ਹੋਏ ਮੁਸਾਫ਼ਰਾਂ ਦੀ ਬੜੀ ਸੇਵਾ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਪ੍ਰਸ਼ਾਦਾ-ਪਾਣੀ ਛਕਾਇਆ ਜਾਂਦਾ ਤੇ ਮੁੱਠੀ-ਚਾਪੀ ਵੀ ਕੀਤੀ ਜਾਂਦੀ ਸੀ। ਸੇਵਾਪੰਥੀ ਅਸਥਾਨਾਂ ਵਿਚ ਬਿਮਾਰਾਂ, ਬਿਰਧਾਂ ਤੇ ਦੁਖੀਆਂ ਦੀ ਸੇਵਾ-ਸੰਭਾਲ ਹੁੰਦੀ ਰਹੀ ਹੈ।ਸੇਵਾਪੰਥੀ ਸੰਪਰਦਾਇ ਦਾ ਸਿੱਖ ਇਤਿਹਾਸ ਅਤੇ ਧਰਮ ਵਿਚ ਵਿਸ਼ੇਸ਼ ਸਥਾਨ ਹੈ। ਸੇਵਾਪੰਥੀ ਸਾਧੂ ਗ੍ਰਹਿਸਤ ਜੀਵਨ ਤੋਂ ਦੂਰ ਰਹਿ ਕੇ ਲੋਕ-ਸੇਵਾ ਵਿਚ ਲੱਗ ਕੇ ਨਾਮ-ਸਿਮਰਨ ਕਰਕੇ ਮੁਕਤੀ ਨੂੰ ਪ੍ਰਾਪਤ ਕਰਨਾ ਹੀ ਆਪਣਾ ਆਦਰਸ਼ ਮਿਥਿਆ।
ਭਾਈ ਘਨੱਈਆ ਦੀ ਮਹਾਨ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਕਰਨ ਨਾਲ ਉਹ ਇਕ ਜਤੀ, ਸਤੀ, ਸੰਤੋਖੀ, ਸੂਰਬੀਰ, ਬ੍ਰਹਮ-ਗਿਆਨੀ, ਸਮਾਜ-ਸੇਵੀ ਆਦਿ ਅਨੇਕ ਰੂਪਾਂ ਵਿਚ ਸਾਡੇ ਸਾਹਮਣੇ ਆਉਂਦੇ ਹਨ। ਉਨ੍ਹਾਂ ਦੇ ਹਰ ਰੂਪ ਦੀ ਛਟਾ ਨਿਆਰੀ ਹੈ। ਹਰ ਪੱਖ ਦੇ ਗੁਣ ਅਨੇਕ ਹਨ ਅਤੇ ਹਰ ਗੁਣ ਦੀ ਮਹਿਮਾ ਬੇਅੰਤ ਹੈ। ਤਪ, ਤਿਆਗ ਤੇ ਸੱਚ ਦੀ ਮੂਰਤ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਵਿਚ ਰਹਿ ਕੇ, ਲੰਗਰ ਲਈ ਜਲ ਢੋਣ ਦੀ ਸੇਵਾ ਕਰਦੇ-ਕਰਦੇ, ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ਵਿਚ ਸਿੱਖਾਂ ਅਤੇ ਮੁਗ਼ਲਾਂ ਦੀ ਸਮਦ੍ਰਿਸ਼ਟੀ ਨਾਲ ਦੇਖ-ਭਾਲ ਕਰਦੇ ਹੋਏ ਉਨ੍ਹਾਂ ਨੇ ਜੀਵਨ ਸਫਲ ਕੀਤਾ। ਪਿਆਸਿਆਂ ਦੀ ਪਿਆਸ ਬੁਝਾਉਂਦੇ ਹੋਏ, ਫੱਟੜਾਂ ਦੀ ਮਲ੍ਹਮ-ਪੱਟੀ ਕਰਦੇ ਹੋਏ, ਮਨ ਬਚਨ ਤੇ ਕਰਮ ਨਾਲ ਗੁਰੂ ਜੀ ਦੇ ਉਪਦੇਸ਼ਾਂ ਨੂੰ ਉਨ੍ਹਾਂ ਨੇ ਅਮਲੀ ਜਾਮਾ ਪਹਿਨਾ ਕੇ ਸੇਵਾ ਅਤੇ ਪ੍ਰੇਮ ਦੇ ਆਦਰਸ਼ ਨੂੰ ਨਵਾਂ ਸਰੂਪ ਪ੍ਰਦਾਨ ਕੀਤਾ। ਸੀਸ ਤਲੀ 'ਤੇ ਰੱਖ ਕੇ, ਸਿਰਲੱਥ ਸੂਰਮਿਆਂ ਵਾਂਗ ਯੁੱਧ ਵਿਚ ਸ਼ਰਧਾ, ਪ੍ਰੇਮ ਤੇ ਲਗਨ ਨਾਲ ਲੋੜਵੰਦਾਂ ਨੂੰ ਜੀਵਨ ਦਾਨ ਦੇ ਕੇ ਸੇਵਾ ਕੀਤੀ। ਗੁਰੂ ਜੀ ਨੇ ਭਾਈ ਘਨੱਈਆ ਵਿਚ ਸਤ, ਸੰਤੋਖ ਤੇ ਦਇਆ ਆਦਿ ਦੇ ਸ਼ੁੱਭ ਗੁਣ ਵੇਖ ਕੇ ਦਸਤੀ ਰੁਮਾਲ ਬਖ਼ਸ਼ ਕੇ ਮਹੰਤ ਥਾਪਿਆ ਅਤੇ ਧਰਮ-ਪ੍ਰਚਾਰ ਦਾ ਕਾਰਜ ਕਰਨ ਦੀ ਜ਼ੁੰਮੇਵਾਰੀ ਸੌਂਪੀ।ਇਸ ਦੇ ਫਲਸਰੂਪ ਭਾਈ ਕਨ੍ਹਈਆ ਜੀ ਦੇ ਚੇਲਿਆਂ ਦੀ ਗਿਣਤੀ ਵਧ ਗਈ ਅਤੇ ਸਮੇਂ ਦੇ ਫੇਰ ਨਾਲ 'ਸੇਵਾਪੰਥੀ' ਦੇ ਨਾਉਂ ਨਾਲ ਪ੍ਰਸਿੱਧ ਹੋਏ। ਉਸ ਵੇਲੇ ਤੋਂ ਅੱਜ ਤੱਕ ਸੇਵਾਪੰਥੀਆਂ ਨੂੰ ਗੁਰਮਤਿ ਨਾਲੋਂ ਨਿੱਖੜ ਕੇ ਤੁਰਨ ਦੀ ਲੋੜ ਨਹੀਂ ਪਈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਪਰਖ ਪੜਚੋਲ
ਆਲੋਚਕ : ਡਾ. ਜੋਗਿੰਦਰ ਸਿੰਘ ਨਿਰਾਲਾ
ਸੰਪਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫੇ : 143
ਸੰਪਰਕ : 98766-36159
ਡਾ. ਜੋਗਿੰਦਰ ਸਿੰਘ ਨਿਰਾਲਾ, ਪੰਜਾਬੀ ਦਾ ਇਕ ਜਾਣਿਆ-ਪਛਾਣਿਆ ਆਲੋਚਕ ਤੇ ਕਥਾਕਾਰ ਹੈ, ਉਸ ਵਲੋਂ ਪੰਜਾਬੀ ਪੁਸਤਕਾਂ ਦੀ ਸਮੀਖਿਆ ਅਕਸਰ ਅਖ਼ਬਾਰਾਂ ਵਿਚ ਛਪਦੀ ਰਹਿੰਦੀ ਹੈ, ਰੀਵਿਊਕਾਰੀ ਵੀ ਆਲੋਚਨਾ ਦਾ ਇਕ ਰੂਪ ਹੈ ਇਸ ਵਿਧੀ ਅਧੀਨ ਆਲੋਚਕਾਂ ਵਲੋਂ ਨਵੀਆਂ ਛਪੀਆਂ ਕਿਤਾਬਾਂ ਦੀ ਸਾਹਿਤਕ ਪੜਚੋਲ ਕੀਤੀ ਜਾਂਦੀ ਹੈ, ਜਿਸ ਨੂੰ ਪੜ੍ਹ ਕੇ ਪਾਠਕਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਹੱਥਲੀ ਪੁਸਤਕ ਰੀਵਿਊਕਾਰੀ ਦਾ ਇਕ ਸੁੰਦਰ ਨਮੂਨਾ ਹੈ। ਇਸ ਵਿਚ ਪੰਜਾਬੀ ਦੇ ਵੱਖ-ਵੱਖ ਲੇਖਕਾਂ ਦੀਆਂ 92 ਪੁਸਤਕਾਂ ਦੇ ਰੀਵਿਊ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ 92 ਪੁਸਤਕਾਂ ਦਾ ਵੇਰਵਾ ਇਸ ਤਰ੍ਹਾਂ ਹੈ: 35 ਕਹਾਣੀ ਸੰਗ੍ਰਹਿ, 14 ਨਾਵਲ, 6 ਮਿੰਨੀ ਕਹਾਣੀ ਸੰਗ੍ਰਹਿ, 6 ਵਾਰਤਕ, 3 ਸਵੈ-ਜੀਵਨੀ, 3 ਇਤਿਹਾਸ, 1 ਸੱਭਿਆਚਾਰ, 9 ਕਾਵਿ-ਸੰਗ੍ਰਹਿ, 2 ਸਫਰਨਾਮਾ, 4 ਹੋਰ, 9 ਸਾਹਿਤ ਆਲੋਚਨਾ। ਇਹ ਪੁਸਤਕਾਂ ਨਵੇਂ ਅਤੇ ਸਥਾਪਿਤ ਲੇਖਕਾਂ ਦੀਆਂ ਲਿਖੀਆਂ ਹੋਈਆਂ ਹਨ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਤੀਲ੍ਹਾ
ਲੇਖਕ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ: 295 ਰੁਪਏ, ਸਫ਼ੇ: 130
ਸੰਪਰਕ : 98767-68960
13 ਪੁਸਤਕਾਂ ਦੇ ਰਚੇਤਾ ਰਿਪੁਦਮਨ ਸਿੰਘ ਰੂਪ ਦੀ ਹੁਣ 14ਵੀਂ ਪੁਸਤਕ ਤੀਲ੍ਹਾ (ਨਾਵਲ) ਪ੍ਰਕਾਸ਼ਿਤ ਹੋਈ ਹੈ। ਛੋਟੇ-ਛੋਟੇ 62 ਭਾਗਾਂ 'ਚ ਵੰਡਿਆ ਇਹ ਨਾਵਲ 'ਤੀਲ੍ਹਾ' ਭਾਰਤੀ ਨਿਆਂਪਾਲਿਕਾ ਦੀਆਂ ਗੁੰਝਲਾਂ ਨੂੰ ਦਰਸਾਉਂਦਾ ਇਕ ਪ੍ਰਭਾਵਸ਼ਾਲੀ ਬਿਰਤਾਂਤ ਹੈ। ਆਪਣੇ ਪਿਛਲੇ ਦੋ ਨਾਵਲਾਂ ਤੋਂ ਵੱਖਰਾ, ਜਿਸ ਵਿਚ ਉਨ੍ਹਾਂ ਨੇ ਸਵੈ-ਜੀਵਨੀ ਅਤੇ ਗੈਂਗ ਕਲਚਰ ਦੀ ਪੜਚੋਲ ਕੀਤੀ ਸੀ, 'ਤੀਲ੍ਹਾ' ਕਾਨੂੰਨੀ ਅਭਿਆਸ ਦੀ ਦੁਨੀਆ ਵਿਚ ਡੂੰਘਾਈ ਨਾਲ ਉਤਰਦਾ ਹੈ, ਇਸ ਦੇ ਭ੍ਰਿਸ਼ਟ ਪੱਖਾਂ ਨੂੰ ਬੇਨਕਾਬ ਕਰਦਿਆਂ ਇਮਾਨਦਾਰੀ ਅਤੇ ਸੁਧਾਰਾਂ ਦੀ ਵਕਾਲਤ ਕਰਦਾ ਹੈ।
ਨਾਵਲ, ਸਿਮਰਨਜੀਤ ਸਿੰਘ ਨਾਂਅ ਦੇ, ਇਕ ਨੌਜਵਾਨ ਵਕੀਲ ਨੂੰ ਪੇਸ਼ ਕਰਦਾ ਹੈ, ਜਿਸ ਨੂੰ ਬਚਪਨ ਵਿਚ ਪਤਲੇ ਸਰੀਰ ਕਾਰਨ 'ਤੀਲ੍ਹਾ' ਕਿਹਾ ਜਾਂਦਾ ਸੀ। ਇਹ ਉਸਦੇ ਪਰਿਵਰਤਨ ਦਾ ਆਧਾਰ ਬਣਦਾ ਹੈ। ਸਿਮਰਨਜੀਤ ਹਾਈ ਕੋਰਟ ਵਿਚ ਇਕ ਨਿਡਰ ਤੇ ਇਮਾਨਦਾਰ ਵਕੀਲ ਬਣਦਾ ਹੈ, ਜੋ ਭ੍ਰਿਸ਼ਟ ਤਰੀਕਿਆਂ ਦੀ ਬਜਾਏ ਮੁਵੱਕਿਲਾਂ ਪ੍ਰਤੀ ਵਚਨਬੱਧਤਾ ਤੇ ਨਿਆਂ ਦੀ ਖੋਜ ਦੁਆਰਾ ਸਤਿਕਾਰ ਕਮਾਉਂਦਾ ਹੈ। ਬਾਰ ਐਸੋਸੀਏਸ਼ਨ ਸਕੱਤਰ ਵਜੋਂ ਉਸ ਦੀ ਜਿੱਤ ਉਸ ਦੇ ਉੱਤਮ ਚਰਿੱਤਰ ਦੀ ਪ੍ਰਤੀਕ ਹੈ।
ਨਾਵਲ ਦਾ ਕੇਂਦਰੀ ਵਿਸ਼ਾ ਬਾਰ ਐਸੋਸੀਏਸ਼ਨ ਚੋਣਾਂ ਤੇ ਨਿਆਂਪਾਲਿਕਾ ਦਾ ਭ੍ਰਿਸ਼ਟਾਚਾਰ ਹੈ। ਸਿਮਰਨਜੀਤ ਆਪਣੇ, ਪਿਤਾ ਨਰਦੇਵ ਸਿੰਘ ਦੇਵ ਨਾਲ ਮਿਲ ਕੇ, ਪਾਰਦਰਸ਼ਤਾ ਤੇ ਨਿਰਪੱਖਤਾ ਲਈ ਯਤਨਸ਼ੀਲ ਹੈ। ਬਿਰਤਾਂਤ ਚੋਣਾਂ ਵਿਚ ਹੇਰਾਫੇਰੀ ਤੇ ਸੀਨੀਅਰ ਵਕੀਲਾਂ ਤੇ ਜੱਜਾਂ ਦੀ ਸ਼ਕਤੀ ਦੀ ਦੁਰਵਰਤੋਂ ਵਿਰੁੱਧ ਉਨ੍ਹਾਂ ਦੇ ਸੰਘਰਸ਼ਾਂ ਨੂੰ ਸਪੱਸ਼ਟ ਕਰਦਾ ਹੈ। ਨਾਵਲ ਪ੍ਰਸ਼ਾਸਨ ਵਿਚ ਸਿਮਰਨਜੀਤ ਦੀ ਕੁਸ਼ਲਤਾ ਦਿਖਾਉਂਦਾ ਹੈ। ਸਕੱਤਰ ਵਜੋਂ ਉਹ ਵਿੱਤੀ ਬੇਨਿਯਮੀਆਂ ਠੀਕ ਕਰਦਾ ਹੈ, ਕਰਮਚਾਰੀਆਂ ਦੇ ਰਿਕਾਰਡ ਸੁਧਾਰਦਾ ਹੈ ਅਤੇ ਬਾਰ ਦੇ ਸਟਾਫ ਲਈ ਭਲਾਈ ਲਈ ਉਪਾਅ ਪੇਸ਼ ਕਰ ਕੇ ਸੰਸਥਾ ਵਿਚ ਅਨੁਸ਼ਾਸਨ ਤੇ ਇਮਾਨਦਾਰੀ ਲਿਆਉਂਦਾ ਹੈ। ਇਕ 'ਡੱਕੇ ਵਰਗੇ' ਬੱਚੇ ਤੋਂ 'ਫੁੱਲਦੇ ਵਟਵਿਰਛ' ਤੱਕ ਉਸ ਦਾ ਸਫ਼ਰ ਉਸ ਦੇ ਪ੍ਰਭਾਵ ਦਾ ਰੂਪਕ ਹੈ।
'ਤੀਲ੍ਹਾ' ਪ੍ਰਣਾਲੀਗਤ ਭ੍ਰਿਸ਼ਟਾਚਾਰ ਵਿਰੁੱਧ ਨੈਤਿਕ ਲੀਡਰਸ਼ਿਪ ਅਤੇ ਵਿਸ਼ਵਾਸ ਦੀ ਸ਼ਕਤੀ ਦਾ ਪ੍ਰਮਾਣ ਹੈ। ਰਿਪੁਦਮਨ ਸਿੰਘ ਰੂਪ ਦੀ ਇਹ ਕਹਾਣੀ ਪਾਠਕਾਂ ਨੂੰ ਕਾਨੂੰਨੀ ਪ੍ਰਣਾਲੀ ਅੰਦਰ ਨਿਆਂ ਤੇ ਸੁਧਾਰ ਲਈ ਪ੍ਰਭਾਵਸ਼ਾਲੀ ਲੜਾਈ ਦੇ ਗਵਾਹ ਬਣਨ ਦਾ ਸੱਦਾ ਦਿੰਦੀ ਹੈ। ਇਹ ਸਾਫ਼-ਸੁਥਰੀਆਂ ਸੰਸਥਾਵਾਂ ਲਈ ਉਮੀਦ ਜਗਾਉਂਦੀ ਹੈ, ਜੋ ਇਸ ਨੂੰ ਸਮਕਾਲੀ ਪੰਜਾਬੀ ਸਾਹਿਤ ਵਿਚ ਇਕ ਮਹੱਤਵਪੂਰਨ ਜੋੜ ਬਣਾਉਂਦੀ ਹੈ।
-ਜਸਵਿੰਦਰ ਸਿੰਘ 'ਕਾਈਨੌਰ'
ਮੋਬਾਈਲ : 98888-42244
ਪਾਣੀ ਉੱਤੇ ਤਰਦੀ ਅੱਗ
ਕਵੀ : ਦਾਦਰ ਪੰਡੋਰਵੀ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 88
ਸੰਪਰਕ : 91158-72450
ਸਮਕਾਲ ਤੱਕ ਪਹੁੰਚਦਿਆਂ ਆਧੁਨਿਕ ਪੰਜਾਬੀ ਗ਼ਜ਼ਲ ਨੇ ਵਿਕਾਸ ਦਾ ਇਕ ਲੰਮਾ ਪੈਂਡਾ ਤਹਿ ਕੀਤਾ ਹੈ। ਕਿਸੇ ਸਮੇਂ ਗ਼ਜ਼ਲ ਨੂੰ ਇਸ ਦੇ ਰਵਾਇਤੀ ਸ਼ਾਬਦਿਕ ਅਰਥਾਂ 'ਸੁਹਣੀ ਔਰਤ ਨਾਲ ਗੱਲਾਂ' ਦੇ ਰੂਪ ਵਿਚ ਗ੍ਰਹਿਣ ਕਰਕੇ ਇਸ ਨੂੰ ਕੇਵਲ ਰਿੰਦਾਨਾ, ਆਸ਼ਕਾਨਾ ਤੇ ਸੂਫ਼ੀਆਨਾ ਵਿਸ਼ਿਆਂ ਤੱਕ ਸੀਮਤ ਕੀਤਾ ਜਾਂਦਾ ਸੀ ਪ੍ਰੰਤੂ ਵਸਤੂ ਤੇ ਰੂਪਾਕਾਰਕ ਪੱਧਰ 'ਤੇ ਵੱਡੇ ਰੂਪਾਂਤਰਨੀ ਅਮਲਾਂ ਵਿਚ ਵੀ ਗੁਜ਼ਰਦੀ ਹੋਈ ਪੰਜਾਬੀ ਗ਼ਜ਼ਲ ਹੁਣ ਇਸ ਮੁਕਾਮ 'ਤੇ ਪਹੁੰਚ ਚੁੱਕੀ ਹੈ ਕਿ ਹੁਣ ਇਸ ਦੇ ਸੁਤੰਤਰ ਗ਼ਜ਼ਲ ਸ਼ਾਸਤਰ ਦੀ ਉਸਾਰੀ ਦੀ ਗੱਲ ਵੀ ਕੀਤੀ ਜਾਣ ਲੱਗੀ ਹੈ।
ਰਵਾਇਤੀ ਗ਼ਜ਼ਲਗੋਈ ਦੀ ਚਲ ਰਹੀ ਇਕ ਗੌਣ ਅੰਤਰਧਾਰਾ ਦੇ ਸਮਾਨੰਤਰ ਅਨੇਕ ਸਮਰੱਥ ਸ਼ਾਇਰ ਆਧੁਨਿਕ ਭਾਵਬੋਧ ਨੂੰ ਆਪਣੇ ਸਿਰਜਣਾਤਮਕ ਅਮਲ ਦਾ ਆਧਾਰ ਬਣਾ ਕੇ ਜਟਿਲ ਵਰਤਾਰਿਆਂ ਨਾਲ ਓਤ-ਪੋਤ ਅਜੋਕੀ ਜ਼ਿੰਦਗੀ ਦੇ ਬਹੁਪਰਤੀ/ਬਹੁਪਾਸਾਰੀ ਪ੍ਰਮਾਣਿਕ ਕਾਵਿ-ਬਿੰਬ ਸਿਰਜ ਰਹੇ ਹਨ। ਇਸ ਪ੍ਰਸੰਗ ਵਿਚ ਹੀ ਸ਼ਾਇਰ ਦਾਦਰ ਪੰਡੋਰਵੀ ਦੀ ਰੀਵਿਊ ਅਧੀਨ ਪੁਸਤਕ 'ਪਾਣੀ ਉੱਤੇ ਤਰਦੀ ਅੱਗ' (2025) ਵਿਸ਼ੇਸ਼ ਰੂਪ ਵਿਚ ਸਾਡਾ ਧਿਆਨ ਖਿੱਚਦੀ ਹੈ। ਇਸ ਤੋਂ ਪਹਿਲਾਂ ਉਹ 'ਅੰਦਰ ਦਾ ਸਫ਼ਰ', 'ਆਲ੍ਹਣਿਆਂ ਦੀ ਚਿੰਤਾ' 'ਤੇ 'ਖੰਭਾਂ ਥੱਲੇ ਅੰਬਰ' ਤਿੰਨ ਕਾਵਿ=ਪੁਸਤਕਾਂ ਦੀ ਸਿਰਜਮਾ ਵੀ ਕਰ ਚੁੱਕਾ ਹੈ।
ਇਸ ਪੁਸਤਕ ਦੇ ਗ਼ਜ਼ਲ ਪਾਠ ਵਿਚ ਦਾਖ਼ਲ ਹੋਣ ਤੋਂ ਪਹਿਲਾਂ 'ਸਵੈ-ਕਥਨ' ਦੇ ਰੂਪ ਵਿਚ ਕਵੀ ਦੀਆਂ ਦੋ-ਤਿੰਨ ਗੱਲਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ। ਉਸ ਦਾ ਇਹ ਕਹਿਣਾ ਦਰੁਸਤ ਹੈ ਕਿ 'ਪਹਿਲ ਖ਼ਿਆਲਾਂ ਨੂੰ ਵਧੀਆ ਅਤੇ ਢੁਕਵੀਂ ਸ਼ਬਦ ਚੋਣ' ਪੇਸ਼ ਕਰਨ ਦੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕਾਫ਼ੀਏ, ਰਦੀਫ਼ ਤੇ ਅਰੂਜ਼ ਦੀ ਜਾਣਕਾਰੀ ਪ੍ਰਤੀ ਵੀ ਰਿਵਾਇਤੀ ਸ਼ਾਇਰਾਂ ਵਾਲੀ ਹਠਧਰਮੀ ਦਾ ਉਹ ਹਾਮੀ ਨਹੀਂ। ਬੇਸ਼ੱਕ ਗ਼ਜ਼ਲ ਇਕ ਬੇਹੱਦ ਤਕਨੀਕੀ ਰੂਪਾਕਾਰ ਹੈ ਪਰ ਇਸ ਦੇ ਤਕਨੀਕੀ ਪੱਖ 'ਤੇ ਲੋੜੋਂ ਵੱਧ ਜ਼ੋਰ ਨੇ ਪੰਜਾਬੀ ਗ਼ਜ਼ਲ ਦਾ ਨੁਕਸਾਨ ਵੀ ਬਹੁਤ ਕੀਤਾ ਹੈ। ਹੋ ਸਕਦੈ 'ਉਸਤਾਦੀ-ਸ਼ਾਗਿਰਦੀ' ਪਰੰਪਰਾ ਦਾ ਵੀ ਇਸ ਵਿਚ ਬਹੁਤਾ ਦਖ਼ਲ ਹੋਵੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਣੇ ਸਿਰਜਣਾਤਮਕ ਅਮਲ ਵਿਚ ਪੰਡਰੋਵੀ ਆਪਣੇ ਹੀ ਕਥਨ ਨਾਲ ਪੂਰਾ ਨਿਭਿਆ ਹੈ। ਰਚਨਾਤਮਿਕ ਅਮਲ ਪ੍ਰਤੀ ਇਸ ਸੰਜੀਦਗੀ, ਸੁਹਿਰਦਤਾ ਤੇ ਸ਼ਾਬਦਿਕ ਕਲਾ ਕੁਸ਼ਲਤਾ ਪ੍ਰਤੀ ਸੁਜੱਗਤਾ ਨੇ ਉਸ ਦੇ ਸ਼ਿਅਰਾਂ ਦਾ ਮੁੱਲ ਬਹੁਤ ਵਧਾਇਆ ਹੈ। ਸਮਕਾਲੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਰਤਾਰਿਆਂ ਪ੍ਰਤੀ ਉਸ ਦੀ ਨਜ਼ਰ ਬਹੁਤ ਤੀਖਣ ਪੜਚੋਲਵੀਂ, ਵਿਅੰਗਯੁਕਤ ਤੇ ਇਤਿਹਾਸ-ਮਿਥਿਹਾਸਕ ਦੇ ਮਾਕੂਲ ਹਵਾਲਿਆਂ ਨਾਲ ਭਰਪੂਰ ਹੈ ਜਿਸ ਕਾਰਨ ਜ਼ਿੰਦਗੀ ਦਾ ਯਥਾਰਥ ਇਕ ਭਰਵੇਂ ਸਮੱਗਰ ਬਿੰਬ ਦੇ ਰੂਪ ਵਿਚ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਉਸ ਦੇ ਸ਼ਬਦ ਸਾਧਾਰਨ ਪ੍ਰਚੱਲਿਤ ਪ੍ਰਤੀਕ ਅਰਥਾਂ ਤੋਂ ਚਿਹਨ-ਅਰਥਾਂ ਤੱਕ ਦਾ ਸਫ਼ਰ ਤਹਿ ਕਰਕੇ ਪਾਠਕ ਦੀ ਸਿਮਰਤੀ ਵਿਚ ਸਹਿਜ ਨਾਲ ਟਿਕਦੇ ਨਹੀਂ ਸਗੋਂ ਉਸ ਦੀ ਚੇਤਨਾ ਨੂੰ ਝੰਜੋੜਦੇ ਹਨ, ਹਾਂਟ ਕਰਦੇ ਹਨ। ਇਹ ਹੀ ਕਾਵਿ ਦੀ ਅਸਲ ਤਾਕਤ ਹੁੰਦੀ ਹੈ ਤਾਂ ਹੀ ਹਰਦਿਆਲ ਸਾਗਰ ਵਰਗੇ ਸਮਰੱਥ ਸ਼ਾਇਰ ਨੂੰ ਉਹ ਵੱਖਰਾ ਤੇ ਨਿਵੇਕਲਾ ਲਗਦਾ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
1947 ਦੀ ਵੰਡ ਦੌਰਾਨ ਉਪਜੇ
ਦੁਖਾਂਤ ਦੀ ਝਲਕ
ਸੰਪਾਦਕ : ਡਾਕਟਰ ਬਲਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 120
ਸੰਪਰਕ : 78371-47400
ਨਾਮਵਰ ਅਤੇ ਵਿਸਥਾਪਿਤ ਲੇਖਕ ਮਨਮੋਹਨ ਸਿੰਘ ਦਾਊਂ ਦੇ 9 ਲੰਬੀਆਂ ਕਹਾਣੀਆਂ ਵਾਲੇ ਕਹਾਣੀ ਸੰਗ੍ਰਹਿ 'ਮੋਈ ਮਾਂ ਦਾ ਦੁੱਧ' ਬਾਰੇ ਡਾਕਟਰ ਬਲਜੀਤ ਕੌਰ ਦੇ ਸੰਪਾਦਨ ਅਧੀਨ 2025 'ਚ ਪ੍ਰਕਾਸ਼ਿਤ ਪੁਸਤਕ '1947 ਦੀ ਵੰਡ ਦੌਰਾਨ ਉਪਜੇ' ਦੁਖਾਂਤ ਦੀ ਝਲਕ ਵਿਚ ਸਿੱਖਿਆ ਅਤੇ ਸਾਹਿਤ ਦੇ ਖੇਤਰ ਦੇ ਚਰਚਿਤ 19 ਕਾਲਜ ਅਧਿਆਪਕਾਂ ਅਤੇ ਖੋਜਕਾਰਾਂ ਦੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ । ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ 1947 ਦੀ ਦੇਸ਼ ਦੀ ਵੰਡ ਦੌਰਾਨ ਹੋਏ ਕਤਲੇਆਮ,ਫਿਰਕੂ ਫ਼ਸਾਦ ਅਤੇ ਲੁੱਟ-ਖਸੁੱਟ ਨੁੰ ਲੈ ਕੇ ਲਿਖੀਆਂ ਗਈਆਂ ਹਨ। ਕਹਾਣੀਆਂ 'ਚ ਦੋ ਤਰ੍ਹਾਂ ਦੇ ਪਾਤਰਾਂ ਦੇ ਚਰਿੱਤਰ ਸਾਹਮਣੇ ਆਉਂਦੇ ਹਨ। ਕਹਾਣੀਆਂ ਦੇ ਪਾਤਰਾਂ ਦਾ ਇਕ ਵਰਗ ਉਹ ਹੈ ਜੋ ਹੈਵਾਨੀਅਤ ਦੇ ਖੂੰਖਾਰ ਰੂਪ ਵਿਚ ਇਨਸਾਨੀਅਤ ਦੀ ਪਰਿਭਾਸ਼ਾ ਨੂੰ ਲਾਂਭੇ ਕਰਕੇ ਔਰਤਾਂ, ਮਰਦਾਂ ਅਤੇ ਬੱਚਿਆਂ ਉੱਤੇ ਜ਼ਾਲਮਾਨਾ ਅੱਤਿਆਚਾਰ ਕਰਦੇ ਹਨ ਅਤੇ ਦੂਜੇ ਵਰਗ ਵਿਚ ਆਉਣ ਵਾਲੇ ਪਾਤਰ ਉਹ ਹਨ ਜੋ ਕਿ ਦਾਨਿਸ਼ਮੰਦੀ ਅਤੇ ਫਰਿਸ਼ਤਿਆਂ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੀ ਜਾਨ ਉੱਤੇ ਖੇਲ ਕੇ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਦੀ ਰੱਖਿਆ ਕਰਦੇ ਹਨ । ਇਕਹਿਰੇ ਕਥਾਨਕ, ਸੰਖੇਪ, ਪ੍ਰਭਾਵਸ਼ਾਲੀ ਬਿਰਤਾਂਤ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਆਪਣੇ-ਆਪ 1947 ਦੀ ਵੰਡ ਦੀ ਵੇਦਨਾ ਅਤੇ ਸੰਤਾਪ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਪਾਠਕਾਂ ਤੱਕ ਪਹੁੰਚਾਉਂਦੀਆਂ ਹਨ।
ਇਹ ਕਹਾਣੀ-ਸੰਗ੍ਰਹਿ ਪੁਆਧ ਖੇਤਰ ਦੇ ਉਜਾੜੇ ਦੇ ਸਮੇਂ ਦੌਰਾਨ ਮੁਸਲਮਾਨਾਂ ਵਲੋਂ ਹੰਢਾਏ ਗਏ ਸੰਤਾਪ ਦਾ ਇਕ ਇਤਿਹਾਸਕ ਦਸਤਾਵੇਜ਼ ਹੈ। ਇਸ ਸੰਪਾਦਿਤ ਪੁਸਤਕ ਦੇ ਪ੍ਰਬੁੱਧ ਖੋਜਕਾਰਾਂ ਨੇ ਇਸ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਦੀ ਵਿਸ਼ਾ ਵਸਤੂ, ਪਾਤਰਾਂ ਦੇ ਸੁਭਾਅ ਅਤੇ ਉਨ੍ਹਾਂ ਦੀ ਮਾਨਸਿਕਤਾ, ਸ਼ੈਲੀ, ਭਾਸ਼ਾ, ਸੰਵਾਦਾਂ, ਘਟਨਾਵਾਂ, ਵਾਤਾਵਰਨ ਅਤੇ ਹੋਰ ਪੱਖਾਂ ਬਾਰੇ ਆਪਣੀ ਪੈਨੀ ਸੋਚ, ਦ੍ਰਿਸ਼ਟੀ ਨਾਲ ਬਹੁਤ ਡੂੰਘਾਈ ਵਿਚ ਜਾ ਕੇ ਪਰਖ ਪੜਚੋਲ ਕਰਕੇ ਆਪਣੇ ਖੋਜ ਪੱਤਰ ਲਿਖੇ ਹਨ। ਇਨ੍ਹਾਂ ਖੋਜ ਪੱਤਰਾਂ ਨੂੰ ਪੜ੍ਹ ਕੇ ਜਿੱਥੇ ਇਨ੍ਹਾਂ ਦੇ ਲੇਖਕਾਂ ਦੇ ਪੁਖਤਾ ਗਿਆਨ, ਸਾਹਿਤਕ ਅਧਿਐਨ ਅਤੇ ਕਹਾਣੀਆਂ ਦੀ ਪਰਖ ਪੜਚੋਲ ਕਰਨ ਦੀ ਮਿਆਰੀ ਸ਼ੈਲੀ ਦਾ ਪਤਾ ਲੱਗਦਾ ਹੈ, ਉੱਥੇ ਡਾਕਟਰ ਬਲਜੀਤ ਕੌਰ ਦੀ ਪ੍ਰਭਾਵਸ਼ਾਲੀ ਸੰਪਾਦਨ ਸਮਰੱਥਾ ਦਾ ਵੀ ਗਿਆਨ ਹੁੰਦਾ ਹੈ। ਇਸ ਸੰਪਾਦਿਤ ਪੁਸਤਕ ਵਿਚ ਖੋਜਕਾਰਾਂ ਵਲੋਂ ਕਹਾਣੀਕਾਰ ਮਨਮੋਹਨ ਸਿੰਘ ਦਾਊਂ ਦੀਆਂ ਕਹਾਣੀਆਂ ਦੇ ਕਲਾਤਮਿਕ ਅਤੇ ਗੁਣਾਤਮਿਕ ਪਹਿਲੂਆਂ ਬਾਰੇ ਜਾਣਕਾਰੀ ਪਾਠਕਾਂ ਤੱਕ ਪਹੁੰਚਾ ਕੇ ਇਸ ਕਹਾਣੀ-ਸੰਗ੍ਰਹਿ ਦੇ ਮਹਤੱਵ ਵਿਚ ਹੋਰ ਵਾਧਾ ਕਰ ਦਿੱਤਾ ਹੈ ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਸਮੇਂ ਦੀ ਕੀਮਤ
ਲੇਖਕ : ਸਵੇਟ ਮਾਰਡਨ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98146-28027
ਕਰਮ ਸਿੰਘ ਜ਼ਖ਼ਮੀ 2010 ਤੋਂ ਨਿਰੰਤਰ ਲਿਖਣ-ਪੜ੍ਹਨ ਵਾਲਾ ਲੇਖਕ ਹੈ, ਜਿਸ ਦੀਆਂ 8 ਕਾਵਿ-ਪੁਸਤਕਾਂ, ਦੋ ਲੇਖ ਸੰਗ੍ਰਹਿ, ਲਗਭਗ 15 ਅਨੁਵਾਦਕ ਪੁਸਤਕਾਂ ਅਤੇ ਛੇ ਸੰਪਾਦਿਤ ਪੁਸਤਕਾਂ ਛਪ ਚੁੱਕੀਆਂ ਹਨ। ਜਿਹੜੀਆਂ ਮਿਆਰੀ ਸਾਹਿਤ ਦੀ ਹਾਮੀ ਭਰਦੀਆਂ ਹਨ। ਉਸ ਕੋਲ ਕਾਵਿ-ਕਲਾ, ਸੰਪਾਦਨਾ ਜੁਗਤ ਅਤੇ ਅਨੁਵਾਦ ਕਰਨ ਦੀ ਚੰਗੀ ਸੂਝ ਹੈ। ਕਿਸੇ ਦੂਜੀ ਭਾਸ਼ਾ ਦੀ ਮਿਆਰੀ ਪੁਸਤਕ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਅਨੁਵਾਦ ਕਰਨਾ, ਦੋਵਾਂ ਭਾਸ਼ਾਵਾਂ ਨਾਲ ਸਾਂਝ ਪੁਆਉਣੀ ਵੱਖਰਾ ਕਾਰਜ ਹੈ। ਆਦਾਨ-ਪ੍ਰਦਾਨ ਕਰਨ ਨਾਲ ਦੋਵਾਂ ਭਾਸ਼ਾਵਾਂ ਦੇ ਸਾਹਿਤ ਨੂੰ ਪਾਠਕ ਮਾਣਦੇ ਹਨ। ਇਸ ਪੱਖੋਂ ਕਰਮ ਸਿੰਘ ਜ਼ਖ਼ਮੀ ਇਕ ਉੱਦਮੀ ਲੇਖਕ ਹੈ। Va&ue of "he "}me ਸੰਸਾਰ ਪ੍ਰਸਿੱਧੀ ਦੇ ਲੇਖਕ ਸਵੇਟ ਮਾਰਡਨ ਦੀ ਚਰਚਿਤ ਰਚਨਾ ਹੈ, ਜਿਸ ਦਾ ਅਨੁਵਾਦ 'ਸਮੇਂ ਦੀ ਕੀਮਤ' ਰਾਹੀਂ ਕੀਤਾ ਗਿਆ। ਪੁਸਤਕ ਦੇ ਨਾਂਅ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਵਿਚ ਸਮਾਂ ਬਹੁਤ ਅਹਿਮੀਅਤ ਰੱਖਦਾ ਹੈ। ਕਥਨ ਹੈ "}me }s $one਼ ਸਮਾਂ ਹੀ ਦੌਲਤ ਹੈ। ਮਨੁੱਖ ਨੂੰ ਇਹ ਜਨਮ ਕੁਝ ਸਮੇਂ ਲਈ ਦਿੱਤਾ ਜਿਸ ਨੂੰ ਉਪਯੋਗੀ ਬਣਾਉਣਾ ਮਨੁੱਖ ਦਾ ਵੱਡਾ ਕਰੱਤਵ ਤੇ ਕਰਮ ਹੈ। ਇਸੇ ਨੁਕਤੇ ਤੋਂ ਇਸ ਪੁਸਤਕ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ 18 ਲੇਖ ਪੜ੍ਹਨ ਨੂੰ ਮਿਲਦੇ ਹਨ। ਇਹ ਦੱਸਣਾ ਚੰਗਾ ਹੋਵੇਗਾ ਕਿ ਸੰਸਾਰ ਪ੍ਰਸਿੱਧੀ ਲੇਖਕ ਸਵੇਟ ਮਾਰਡਨ ਦਾ ਜਨਮ ਸਾਧਾਰਨ ਕਿਸਾਨ ਪਰਿਵਾਰ 'ਚ ਹੋਇਆ। ਮਾਤਾ ਤੇ ਪਿਤਾ ਬਚਪਨ ਦੀ ਉਮਰ 'ਚ ਗੁਜ਼ਰ ਗਏ। ਭੈਣਾਂ ਨੂੰ ਪਾਲਣ ਪੋਸ਼ਣ ਲਈ ਸਖ਼ਤ ਮਿਹਨਤ ਕੀਤੀ ਪ੍ਰੰਤੂ ਪੜ੍ਹਨ ਦੀ ਰੁਚੀ ਕਾਰਨ ਬੋਸਟਨ ਯੂਨੀਵਰਸਿਟੀ ਲਾਅ ਸਕੂਲ ਤੱਕ ਪਹੁੰਚਿਆ। ਉਸ ਨੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਸਕਸੈੱਸ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ। ਇਥੇ ਕੁਝ ਲੇਖਾਂ ਦੇ ਸਿਰਲੇਖ ਵੀ ਦੱਸਣੇ ਜ਼ਰੂਰੀ ਹਨ ਜੋ ਮਨੁੱਖ ਨੂੰ ਜ਼ਿੰਦਗੀ ਦੀਆਂ ਸਫ਼ਲਤਾਵਾਂ ਪ੍ਰਾਪਤ ਕਰਨ ਲਈ ਪ੍ਰੇਰਨਾਦਾਇਕ ਹਨ ਜਿਵੇਂ ਸਮੇਂ ਦੀ ਕੀਮਤ ਸਮਝੋ, ਉੱਚੇ ਸੁਪਨੇ ਦੇਖਣ ਵਾਲੇ ਬਣੋ, ਨਿਰਾਸ਼ਾ ਨੂੰ ਆਸ਼ਾ ਵਿਚ ਬਦਲੋ, ਤਣਾਓ ਤੋਂ ਮੁਕਤੀ, ਆਪਣੀ ਸ਼ਕਤੀ ਨੂੰ ਪਛਾਣੋ, ਵਿਚਾਰਾਂ ਦਾ ਮਹੱਤਵ, ਹੀਣ ਭਾਵਨਾ ਤਿਆਗ ਦਿਓ ਅਤੇ ਦ੍ਰਿਸ਼ਟੀਕੋਣ ਦਾ ਮਹੱਤਵ ਆਦਿ। 'ਉੱਚੇ ਸੁਪਨੇ ਦੇਖਣ ਵਾਲੇ ਬਣੋ' ਇਹ ਲੇਖ ਏਨਾ ਪ੍ਰੇਰਨਾ ਦੇਣ ਵਾਲਾ ਹੈ ਕਿ ਆਮ ਬੰਦੇ ਦੀ ਜ਼ਿੰਦਗੀ ਬਦਲ ਸਕਦਾ। ਜਿਨ੍ਹਾਂ ਨੇ ਮਨੁੱਖ ਲਈ ਤੇ ਸਮਾਜ ਲਈ ਕਾਢਾਂ ਕੱਢ ਕੇ ਸਹੂਲਤਾਂ ਪ੍ਰਦਾਨ ਕੀਤੀਆਂ, ਉਨ੍ਹਾਂ 'ਚ ਕੁਝ ਹਨ : ਇਮਰਸਨ, ਐਡੀਸਨ, ਕੋਲੰਬਸ, ਜਾਰਜ ਸਟੀਫਨਸ, ਗੈਲੀਲੀਓ, ਮੋਰਸ, ਚਾਰਲਸ ਗੁਡਇਯਰ, ਇਲੀਆਸ ਹਾਵੇ ਤੇ ਫੀਲਡ ਆਦਿ। ਇਹ ਪੁਸਤਕ ਹਰ ਘਰ 'ਚ ਪੜ੍ਹੀ ਜਾਣੀ ਚਾਹੀਦੀ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਨਿਵੇਸ਼ ਕਲਾ
ਲੇਖਕ : ਪ੍ਰਾਂਜਲ ਕਾਮਰਾ
ਪ੍ਰਕਾਸ਼ਕ : ਲਾਹੌਰ ਬੁੱਕਸ਼ਾਪ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 0161-2740738
ਇਕ ਵੈਸਟੋਨੋਮੀ ਪੁਸਤਕ ਪ੍ਰਾਂਜਲ ਕਾਮਰਾ ਦੁਆਰਾ ਲਿਖੀ ਹੈ ਜਿਸ ਦਾ ਪੰਜਾਬੀ ਅਨੁਵਾਦ ਨਿਵੇਸ਼ਕ ਸ. ਦਲਜੀਤ ਸਿੰਘ ਦੁਆਰਾ ਕੀਤਾ ਗਿਆ ਹੈ। ਕਾਜਲ ਫ਼ਿਨੋਲੌਜੀ ਵੈਂਚਰਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਉਸ ਦੇ ਚੈਨਲ ਨਾਲ 30 ਲੱਖ ਤੋਂ ਵੱਧ ਲੋਕ ਜੁੜੇ ਹੋਏ ਹਨ ਤੇ ਉਸ ਨੇ 7 ਲੱਖ ਸਮਰਪਿਤ ਉਦਮੀ ਪੈਦਾ ਕੀਤੇ ਹਨ। ਇਸ ਪੁਸਤਕ ਨੂੰ 28 ਅਧਿਆਇਆਂ ਵਿਚ ਵੰਡਿਆ ਗਿਆ ਹੈ। ਇਸ ਦੇ ਪ੍ਰਮੁੱਖ ਵਿਸ਼ੇ ਸਟਾਕ ਮਾਰਕੀਟ ਨਿਵੇਸ਼ ਦੀਆਂ ਬੁਨਿਆਦੀ ਗੱਲਾਂ, ਸਟਾਕ ਨਿਵੇਸ਼ ਬਨਾਮ ਹੋਰ ਵਿੱਤੀ ਨਿਵੇਸ਼, ਸਟਾਕ ਮਾਰਕੀਟ ਪਿਛਲਾ ਮਨੋਵਿਗਿਆਨ, ਸਟਾਕ ਨਿਵੇਸ਼ੀ ਦੀ ਰਣਨੀਤੀ, ਕਾਰੋਬਾਰ ਕੀ ਕਰਨ ਦੇ ਸਮਰੱਥ ਹੈ, ਤੁਹਾਡੇ ਕੋਲ ਕਿੰਨੇ ਸਟਾਕ ਹੋਣੇ ਚਾਹੀਦੇ ਹਨ, ਸਟਾਕ ਨਿਵੇਸ਼ ਲਈ ਇਕ ਜ਼ਰੂਰੀ ਜਾਂਚ ਸੂਚੀ ਆਦਿ ਹਨ ਜੋ ਨਿਵੇਸ਼ ਕਰਤਾ ਨੂੰ ਤੱਥਕ ਜਾਣਕਾਰੀ ਪ੍ਰਦਾਨ ਕਰਦੇ ਹੋਏ ਗਿਆਨ ਦੀ ਸਮਝ ਪ੍ਰਦਾਨ ਕਰਦੀਆਂ ਹਨ। ਇਸ ਪੁਸਤਕ ਦਾ ਮੁੱਖ ਉਦੇਸ਼ ਵਿੱਤੀ ਸਿੱਖਿਆ ਅਤੇ ਨਿਵੇਸ਼ ਕਰਨ ਨੂੰ ਆਮ ਆਦਮੀ ਦੀ ਪਹੁੰਚ ਵਿਚ ਲਿਆਉਣਾ ਹੈ।
ਪੁਸਤਕ ਬੁਨਿਆਦੀ ਨਿਯਮਾਂ ਤੇ ਰਣਨੀਤੀਆਂ ਦਾ ਖੁਲਾਸਾ ਕਰਦੀ ਹੈ ਜੋ ਕਿ ਨਿਵੇਸ਼ਕ ਨੂੰ ਸਟਾਕ ਖ਼ਰੀਦਦੇ ਸਮੇਂ ਧਿਆਨ ਵਿਚ ਰੱਖਣੇ ਚਾਹੀਦੇ ਹਨ। 'ਪੁਸਤਕ ਪੁਰਾਤਨ ਮਿੱਥਾਂ ਨੂੰ ਵੀ ਤੋੜਦੀ ਹੈ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ ਸਫ਼ਲ ਨਿਵੇਸ਼ ਲਈ ਗਣਿਤ ਵਿਗਿਆਨ 'ਚ ਅੰਕੜਾ ਵਿਗਿਆਨ ਦੀ ਜਾਣਕਾਰੀ ਬਹੁਤ ਹੀ ਜ਼ਰੂਰੀ ਹੈ।' ਪਰ ਪੁਸਤਕ ਵਿਚਲੀ ਸਮੱਗਰੀ ਵਿਅਕਤੀਗਤ ਨਿਵੇਸ਼ਕਾਂ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ ਜਿਨ੍ਹਾਂ ਨੇ ਕਦੇ ਵੀ ਸਟਾਕਾਂ ਵਿਚ ਨਿਵੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਅਸਫ਼ਲ ਵੀ ਹੋਏ। ਇਹ ਪੁਸਤਕ ਆਧੁਨਿਕ ਮੁੱਲ ਨਿਵੇਸ਼ ਸਿਧਾਂਤਾਂ ਦੀ ਵਿਆਖਿਆ ਦੇ ਨਾਲ-ਨਾਲ ਸਟਾਕ ਮਾਰਕੀਟ ਦੇ ਬਹੁਤ ਸਾਰੇ ਭੇਦ ਖੋਲ੍ਹਦੀ ਹੈ। ਪੁਸਤਕ ਦੀ ਪ੍ਰਮੁੱਖ ਕੇਂਦਰ 'ਪ੍ਰਾਇਮਰੀ ਪਾਸ ਵਿਅਕਤੀ ਵੀ ਖ਼ੁਦ ਨਿਵੇਸ਼ਕ ਬਣ ਸਕਦਾ ਹੈ।' ਪੁਸਤਕ ਸਟਾਕ ਮਾਰਕੀਟ ਨਾਲ ਸੰਬੰਧਿਤ ਤੱਥਕ ਜਾਣਕਾਰੀ ਪ੍ਰਦਾਨ ਕਰਦੀ ਹੈ। ਨਿਵੇਸ਼ ਕਰਤਾ ਦੀ ਮਾਨਸਿਕਤਾ ਵਿਚ ਅਨੇਕ ਪ੍ਰਸ਼ਨ ਪੈਦਾ ਹੁੰਦੇ ਹਨ ਜਿਵੇਂ :-
ਕੀ ਤੁਸੀਂ ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਤੋਂ ਡਰਦੇ ਹੋ?
ਕੀ ਨਿਵੇਸ਼ ਸ਼ੁਰੂ ਕਰਨ ਲਈ ਇਕ ਮਾਹਿਰ ਹੋਣਾ ਲਾਜ਼ਮੀ ਹੈ?
ਸਕਾਟ ਮਾਰਕੀਟ ਸ਼ਰਤਬਾਜ਼ੀ,
ਜੂਏਬਾਜ਼ੀ ਤੇ ਕਿਸਮਤ ਦੀ ਖੇਡ ਹੈ?
ਆਦਿ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਸਮਰੱਥ ਹੈ।
-ਹਰਿੰਦਰ ਸਿੰਘ ਤੁੜ
ਮੋਬਾਈਲ : 94146-91091
ਤਿਣਕਾ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 128
ਸੰਪਰਕ : 95011-45039
ਪਰਮਿੰਦਰ ਸੋਢੀ ਪਿਛਲੇ ਕੁਝ ਦਹਾਕਿਆਂ ਤੋਂ ਜਾਪਾਨ ਵਿਚ ਵਸਿਆ ਹੋਇਆ ਹੈ। ਜਾਪਾਨੀ ਲੋਕਾਂ ਨੇ ਆਪਣੀਆਂ ਰਵਾਇਤਾਂ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਜੀਵਨ ਸ਼ੈਲੀ ਨੂੰ ਵਿਰਸੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਕਿ ਪੂੰਜੀਵਾਦੀ ਦੇਸ਼ਾਂ ਦੇ ਲੋਕ ਇਨ੍ਹਾਂ ਰਵਾਇਤਾਂ, ਰੀਤਾਂ ਅਤੇ ਪਰੰਪਰਾਵਾਂ ਨੂੰ ਵੇਸਟ-ਪੇਪਰ-ਬਾਸਕਿਟ ਵਿਚ ਸੁੱਟ ਕੇ ਮੁਨਾਫ਼ੇ ਦੇ ਮਗਰ ਨੱਠ ਰਹੇ ਹਨ। ਭਾਵੇਂ ਜਾਪਾਨੀ ਲੋਕਾਂ ਦੀ ਆਰਥਿਕਤਾ ਅਤੇ ਪ੍ਰਤੀ ਵਿਅਕਤੀ ਆਮਦਨ ਦੁਨੀਆ ਦੇ ਅਤਿ ਸਮਰਿਧ ਦੇਸ਼ਾਂ ਤੋਂ ਬਹੁਤੀ ਘੱਟ ਨਹੀਂ ਹੋਵੇਗੀ ਪਰ ਉਨ੍ਹਾਂ ਨੇ ਆਪਣੇ ਮੁੱਲਵਾਨ ਵਿਰਸੇ ਨੂੰ ਤਿਆਗਿਆ ਨਹੀਂ ਹੈ। ਉਹ ਬਹੁਤ ਸਖ਼ਤ ਮਿਹਨਤ ਕਰਦੇ ਹਨ ਪਰ ਇਹ ਮਿਹਨਤ ਵੀ ਉਨ੍ਹਾਂ ਨੂੰ 'ਕਾਇਨਾਤ ਦੀ ਬੰਦਗੀ' ਵਾਂਗ ਪ੍ਰਤੀਤ ਹੁੰਦੀ ਹੈ। ਸ਼ਾਇਦ ਇਸੇ ਲਈ ਉਨ੍ਹਾਂ ਨੂੰ ਪਰਾਜਿਤ ਨਹੀਂ ਕੀਤਾ ਜਾ ਸਕਦਾ।
ਪਰਮਿੰਦਰ ਸੋਢੀ ਇਧਰੋਂ ਭਾਰਤ ਵਿਚੋਂ ਜੋ ਵਿਰਾਸਤ ਲੈ ਕੇ ਗਿਆ ਸੀ, ਉਸ ਦੇ ਕੁਝ ਅਵਸ਼ੇਸ਼ ਉਸ ਦੇ ਅਵਚੇਤਨ ਵਿਚ ਹੀ ਬਚੇ ਸਨ ਪਰ ਉਥੇ ਜਾ ਕੇ ਇਹ ਅਵਸ਼ੇਸ਼ ਵੀ ਮੌਲ ਉੱਠੇ ਅਤੇ ਹੁਣ ਉਹ ਜਾਪਾਨੀ ਅਤੇ ਭਾਰਤੀ ਸੰਸਕ੍ਰਿਤੀ ਦਾ ਸੰਗਮ ਬਣ ਗਿਆ ਹੈ। ਉਸ ਦੀ ਵਿਚਾਰਧਾਰਾ ਕਿਸੇ ਵੀ ਢੰਗ ਨਾਲ ਅੱਗੇ ਵਧਣ, ਉੱਪਰ ਉੱਠਣ ਦਾ ਮਿਥਿਆ ਹਠ ਨਹੀਂ ਕਰਦੀ। ਬਲਕਿ ਉਹ ਬਿਲਕੁਲ ਨਿਮਰ ਹੋ ਗਿਆ ਹੈ, ਹਰ ਦੂਸਰੇ ਸ਼ਖ਼ਸ ਤੋਂ ਖਿਮਾਂ ਮੰਗਦਾ ਹੈ ਕਿ ਉਸ ਨੇ ਬੇਧਿਆਨੀ ਵਿਚ ਉਸ ਦਾ ਦਿਲ ਤਾਂ ਨਹੀਂ ਦੁਖਾ ਦਿੱਤਾ। ਇਸ ਪੁਸਤਕ ਵਿਚ ਪ੍ਰਕਾਸ਼ਿਤ ਸਾਰੇ ਲਲਿਤ ਨਿਬੰਧ ਇਸੇ ਖਿਮਾ-ਯਾਚਨਾ ਦੀ ਮੁਦਰਾ ਵਿਚੋਂ ਪ੍ਰਗਟ ਹੁੰਦੇ ਹਨ।
ਇਸ ਪੁਸਤਕ ਵਿਚ ਬਹੁਤੇ ਨਿਬੰਧ ਅਜੋਕੇ ਉਪਭੋਗਤਾਵਾਦੀ ਮਨੁੱਖ ਦੀ ਹਉਮੈ ਅਤੇ ਈਰਖਾ-ਦਵੈਖ ਦਾ ਵਿਵੇਚਨ ਕਰਦੇ ਹਨ। ਪ੍ਰੰਤੂ ਲੇਖ ਦਾ ਵਿਸ਼ਾ ਜਾਂ ਸਰੋਕਾਰ ਕੋਈ ਵੀ ਹੋਵੇ, ਪਰਮਿੰਦਰ ਸੋਢੀ ਨਵ-ਅਧਿਆਤਮਵਾਦੀ ਦ੍ਰਿਸ਼ਟੀਕੋਣ ਨਾਲ ਆਪਣੇ ਨਿਰਣੈ ਦਿੰਦਾ ਹੈ। ਉਹ ਮਨੁੱਖੀ ਸਮਾਜ ਨੂੰ ਸਹਿਣਸ਼ੀਲ, ਪਰਉਪਕਾਰੀ, ਸਰਬੱਤ ਦਾ ਭਲਾ ਚਾਹੁਣ ਵਾਲੇ ਲੋਕਾਂ ਦਾ ਸੰਗਠਨ ਬਣਾਉਣਾ ਲੋਚਦਾ ਹੈ। ਬਹੁਤੇ ਲੇਖ 'ਹਾਈਕੂ' ਵਾਂਗ ਲਘੂ-ਆਕਾਰੀ ਹਨ ਪ੍ਰੰਤੂ ਲੰਮੇ ਬਿਰਤਾਂਤਕ ਨਿਬੰਧਾਂ ਵਿਚ ਵੀ ਉਸ ਦੀ ਨਜ਼ਰ ਜਾਂ ਨਜ਼ਰੀਆ ਵਿਚਲਿਤ ਨਹੀਂ ਹੁੰਦਾ। ਉਸ ਦੀਆਂ ਰਚਨਾਵਾਂ ਵਿਚੋਂ ਇਕ ਨਵੇਂ ਮਨੁੱਖ ਦੀ ਨੁਹਾਰ ਉਘੜਦੀ ਹੈ। ਨਿਬੰਧਾਂ ਵਾਂਗ ਇਸ ਪੁਸਤਕ ਦਾ ਆਕਾਰ ਵੀ ਪੁਰਾਣੀਆਂ ਹਥਲਿਖਤ ਪੋਥੀਆਂ ਵਾਂਗ ਬੜਾ ਸੰਖੇਪ ਅਤੇ ਛੋਟਾ ਹੈ। 'ਗੁਟਕੇ' ਦੇ ਸਾਈਜ਼ ਵਿਚ ਛਪੀ ਇਸ ਪੋਥੀ ਦਾ ਮੈਂ ਹਾਰਦਿਕ ਅਭਿਨੰਦਨ ਕਰਦਾ ਹਾਂ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਤੇਰੇ ਵਾਂਗ
ਲੇਖਕ : ਅਮਰਦੀਪ ਸਿੰਘਪੁਰੀਆ
ਪ੍ਰਕਾਸ਼ਕ : ਸੁੰਦਰ ਬੁੱਕ ਡਿੱਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98723-90951
ਸ਼ਾਇਰ ਅਮਰਦੀਪ ਸਿੰਘਪੁਰੀਆ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਤੇਰੇ ਵਾਂਗ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਇਸ ਕਾਵਿ-ਸੰਗ੍ਰਹਿ ਦੇ ਨਾਂਅ 'ਤੇਰੇ ਵਾਂਗ' ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ, ਜਦੋਂ ਸ਼ਾਇਰ ਆਪਣੀ ਪ੍ਰੇਮਿਕਾ 'ਤੇ ਮੇਹਣਿਆਂ, ਰੋਸਿਆਂ ਅਤੇ ਬੇਵਫ਼ਾਈਆਂ ਦੀ ਵਾਛੜ ਕਰਕੇ ਆਖਦਾ ਹੈ ਕਿ ਤੇਰੇ ਵਾਂਗ ਹੋਰਨਾਂ ਨੇ ਵੀ ਉਸ ਨਾਲ ਬੇਵਫ਼ਾਈਆਂ ਕੀਤੀਆਂ ਹਨ, ਪਰ ਫਿਰ ਵੀ ਉਸ ਕੋਲੋਂ ਵਫ਼ਾ ਦੀ ਉਮੀਦ ਰੱਖ ਰਿਹਾ ਹੈ। ਉਹ ਬਕੋਲ ਮਿਰਜ਼ਾ ਗ਼ਾਲਿਬ 'ਹਮ ਕੋ ਹੈ ਉਨਸੇ ਵਫ਼ਾ ਕੀ ਉਮੀਦ ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।' ਦੇ ਚੱਕਰਵਿਊ ਦੀ ਘੁੰਮਣਘੇਰੀ ਵਿਚ ਗੋਤੇ ਖਾ ਰਿਹਾ ਹੈ। ਸ਼ਾਇਰ ਨੂੰ ਵੀ ਸਮਝ ਲੈਣਾ ਚਾਹੀਦਾ ਹੈ 'ਉਨਕੀ ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਵਰਨਾ ਯੂੰ ਤੋ ਕੋਈ ਬੇਵਫ਼ਾ ਨਹੀਂ ਹੋਤਾ।' ਇਸ ਕਾਵਿ-ਸੰਗ੍ਰਹਿ ਦੀ ਪਾਠਗਤ ਪ੍ਰਕਿਰਿਆ 'ਚੋਂ ਗੁਜ਼ਰਦਿਆਂ ਉਸ ਦਾ ਕਾਵਿ-ਪ੍ਰਵਚਨ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸਮਾਜ ਦੇ ਵਿਪਰੀਤ ਵਰਤਾਰਿਆਂ ਅਤੇ ਵਰਜਣਾਵਾਂ ਨਾਲ ਸਾਡੀ ਸਮਝ ਅਨੁਸਾਰ ਦਸਤਪੰਜਾ ਲੈ ਰਿਹਾ ਹੈ। ਸ਼ਾਇਰ ਕਿਸੇ ਸ਼ਾਬਦਿਕ ਘੁੰਮਣਘੇਰੀਆਂ ਦੇ ਜਿਮਨਾਸਟ ਵਿਚ ਨਹੀਂ ਪੈਂਦਾ ਤੇ ਸਪਾਟ ਸ਼ਬਦਾਂ ਰਾਹੀਂ ਆਪਣਾ ਬਣਦਾ ਕਾਵਿ-ਧਰਮ ਨਿਭਾਅ ਰਿਹਾ ਹੈ। ਸ਼ਾਇਰ ਅੱਜ ਦੇ ਦੌਰ 'ਤੇ ਕਟਾਕਸ਼ੀ ਨਸ਼ਤਰ ਚਲਾਉਂਦਿਆਂ ਬੇਬਾਕੀ ਨਾਲ ਕਹਿੰਦਾ ਹੈ ਕਿ ਸ਼ਰਮ ਹਯਾ ਖੰਭ ਲਾ ਕੇ ਉੱਡ ਰਹੀ ਹੈ ਤੇ ਜਿਉਂਦੇ ਬੰਦੇ ਦੀ ਤਾਂ ਪੁੱਛ ਪ੍ਰਤੀਤ ਨਹੀਂ ਹੁੰਦੀ ਅਤੇ ਪ੍ਰਲੋਕ ਗਮਨ ਤੋਂ ਬਾਅਦ ਉਨ੍ਹਾਂ ਦੀਆਂ ਕਬਰਾਂ ਤੇ ਫੁੱਲ ਅਰਪਨ ਦਾ ਖੇਖਨ ਕਰਦੇ ਹਨ। ਪੰਜਾਬ ਦੇ ਮਸਲਿਆਂ ਦੀ ਸਕੈਨਿੰਗ ਕਰਦਿਆਂ ਆਖਦਾ ਹੈ ਕਿ ਪੰਜਾਬ ਰਿਸ਼ਵਤਖੋਰੀ ਦੇ ਚੁੰਗਲ ਵਿਚ ਫਸਿਆ ਹੋਇਆ ਹੈ ਤੇ ਨੌਜਵਾਨ ਪੀੜ੍ਹੀ ਰੁਜ਼ਗਾਰ ਨਾ ਮਿਲਣ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਚੰਗੇਰੇ ਭਵਿੱਖ ਦੀ ਉਮੀਦ ਨਾਲ ਵਿਦੇਸ਼ਾਂ ਵੱਲ ਪਰਵਾਸ ਕਰ ਰਹੀ ਹੈ। ਅੱਜ ਦੇ ਚਕਾਚੌਂਧ ਮਾਹੌਲ ਵਿਚ ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਆਦਿ ਮਾਨਵ ਜਦੋਂ ਗੁਫ਼ਾਵਾਂ ਦੀਆਂ ਕੁੰਦਰਾਂ ਵਿਚ ਰਹਿੰਦਾ ਸੀ ਤਾਂ ਬੇਸਮਝ ਸੀ ਪਰ ਅੱਜ ਦਾ ਮਨੁੱਖ ਪੜ੍ਹ ਲਿਖ ਕੇ ਸ਼ਾਤਰ ਬਣ ਗਿਆ ਹੈ ਤੇ ਆਦਿ ਮਾਨਵ ਤੋਂ ਵੀ ਗਿਆ ਗੁਜ਼ਰਿਆ ਹੋ ਗਿਆ ਹੈ ਕਿਉਂਕਿ ਹੁਣ ਰਿਸ਼ਤਿਆਂ ਦੀ ਵਿਆਕਰਨ ਵਿਚ ਅੰਤਾਂ ਦਾ ਨਿਘਾਰ ਆ ਗਿਆ ਹੈ। ਉਹ ਅੱਜ ਦੇ ਲੇਖਕਾਂ ਦੇ ਵੀ ਬਖੀਏ ਉਧੇੜਦਾ ਹੈ ਕਿ ਕਿਵੇਂ ਉਹ ਨਾਗੁਣੀ ਜੇਹੀ ਝਾਕ ਨਾਲ ਸਰਕਾਰੇ ਦਰਬਾਰੇ ਬੇਲੂੜੀਆਂ ਕੱਢ ਰਹੇ ਹਨ ਤੇ ਆਪਣੀ ਕਲਮ ਦੇ ਧਰਮ ਨਾਲ ਧ੍ਰੋਹ ਕਮਾ ਰਹੇ ਹਨ। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨਾਲ ਮਾਵਾਂ ਦੇ ਪੁੱਤ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਤੇ ਘਰ-ਘਰ ਵਿਛ ਰਹੇ ਸੱਥਰਾਂ ਨੂੰ ਉਹ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਕਵਿਤਾਵਾਂ ਵਿਚ ਰੋਮਨ ਅੱਖਰਾਂ ਨਾਲ ਲਿਖੇ ਸ਼ੁਗਲੀ ਸ਼ਬਦ ਕਾਵਿਕ ਝੋਲ ਪੈਦਾ ਕਰਦੇ ਹਨ। ਸ਼ਾਇਰ ਨੇ ਖ਼ੁਦ ਤਹਿ ਕਰਨਾ ਹੈ ਕਿ ਕੀ ਉਸ ਨੇ ਸਟੇਜੀ ਅਖਾੜੇ ਕਲਚਰ ਦਾ ਰੋਮਾਂਚਿਕ ਸ਼ਾਇਰ ਬਣਨਾ ਹੈ ਜਾਂ ਗੰਭੀਰ ਕਿਸਮ ਦਾ ਸਮੇਂ ਦਾ ਹਾਣੀ ਸ਼ਾਇਰ ਬਣਨਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਧਰਤੀ ਪੰਜਾਬ ਦੀਏ
ਲੇਖਕ : ਸੁਖਦੇਵ ਸਿੰਘ ਗੰਢਵਾਂ
ਪ੍ਰਕਾਸ਼ਕ : ਬਸੰਤ-ਸੋਹੇਲ ਪਬਲੀਕੇਸ਼ਨ, ਫਗਵਾੜਾ
ਮੁੱਲ : 250 ਰੁਪਏ, ਸਫ਼ੇ : 93
ਸੰਪਰਕ : 96467-56737
'ਧਰਤੀ ਪੰਜਾਬ ਦੀਏ' ਸੁਖਦੇਵ ਸਿੰਘ ਗੰਢਵਾਂ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ 93 ਕਵਿਤਾਵਾਂ ਦੀ ਭਾਸ਼ਾ ਸਰਲ ਅਤੇ ਬੇਬਾਕ ਹੋਣ ਦੇ ਨਾਲ-ਨਾਲ ਸਾਦਗੀ ਭਰਪੂਰ ਹੈ, ਜਿਸ ਕਰਕੇ ਪਾਠਕ ਕਵਿਤਾ ਪਾਠ ਕਰਨ ਵੇਲੇ ਅਕੇਵਾਂ ਮਹਿਸੂਸ ਨਾ ਕਰਦਾ ਹੋਇਆ ਕਵਿਤਾ ਦੇ ਨਾਲ-ਨਾਲ ਚੱਲਣ ਲੱਗਦਾ ਹੈ। ਕਿਤਾਬ ਵਿਚਲੀਆਂ ਪਹਿਲੀਆਂ 10 ਕਵਿਤਾਵਾਂ, ਜਿਨ੍ਹਾਂ ਵਿਚ ਪੰਜਾਬ ਦੀ ਜ਼ਰਖੇਜ਼ ਮਿੱਟੀ ਦੀ ਗੱਲ ਕਰਨ ਦੇ ਨਾਲ-ਨਾਲ ਇਸ ਧਰਤ ਉੱਪਰ ਪੈਦਾ ਹੋਏ ਸਿੱਖ ਧਰਮ ਦੇ ਫਲਸਫੇ, ਬੰਦਾ ਸਿੰਘ ਬਹਾਦਰ ਅਤੇ ਛੋਟੋ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਕਵੀ ਦਾ ਮਾਂ-ਬੋਲੀ ਪੰਜਾਬੀ ਪ੍ਰਤੀ ਜਜ਼ਬਾ ਉਸ ਦੁਆਰਾ ਮਾਂ-ਬੋਲੀ ਨੂੰ ਸਮਰਪਿਤ ਲਿਖੀਆਂ ਕਵਿਤਾਵਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ, 'ਭਾਵੇਂ ਵਿਚ ਵਿਦੇਸ਼ਾਂ ਜਾਈਏ, ਨਾ ਭੁੱਲਿਓ ਮਾਂ ਬੋਲੀ। ਮਾਂ ਬੋਲੀ ਪੰਜਾਬੀ ਬਣ ਜਾਏ ਦੁਨੀਆ ਵਿਚ ਰੰਗੋਲੀ।' ਕਵੀ ਦੀ ਕਿਸਾਨੀ ਸੰਘਰਸ਼ਾਂ 'ਚ ਨਿੱਜੀ ਸ਼ਮੂਲੀਅਤ ਉਸ ਦੀ ਕਲਮ ਨੂੰ ਹੋਰ ਪ੍ਰਚੰਡ ਕਰਦੀ ਹੈ ਤੇ ਉਹ ਦੇਸ਼ ਦੇ ਹਾਕਮਾਂ ਵਲੋਂ ਅੰਨਦਾਤੇ ਨਾਲ ਹੁੰਦੀਆਂ ਵਧੀਕੀਆਂ ਖ਼ਿਲਾਫ਼ ਦਿੱਲੀ ਨੂੰ ਵੰਗਾਰਦਾ ਹੋਇਆ ਲਿਖਦਾ ਹੈ, 'ਆਪ ਪੜ੍ਹ ਪਹਿਲਾਂ ਲੋਕਤੰਤਰ ਦੇ ਅੱਖਰ, ਕਿਰਤੀ ਕਿਸਾਨਾਂ ਨਾਲ, ਨਾ ਲੈ ਤੂੰ ਟੱਕਰ। ਕਿਰਤੀ ਕਿਸਾਨਾਂ ਨੂੰ ਤੂੰ ਨਾ ਕਹਿ ਅੱਤਵਾਦੀ ਸਾਡਿਆਂ ਵਡੇਰਿਆਂ ਨੇ ਲਈ ਸੀ ਆਜ਼ਾਦੀ, ਸੋਚ ਆਪਣੀ ਨੂੰ ਚੰਗੀ ਤੂੰ ਬਣਾ ਦਿੱਲੀਏ।' ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਜਿਥੇ ਕਵੀ ਨੇ ਆਪਣੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੇ ਦਿਲ ਦੇ ਵਲਵਲਿਆਂ ਨੂੰ ਬਿਆਨ ਕੀਤਾ, ਉੱਥੇ ਉਸ ਨੇ ਸਮਾਜ ਅੰਦਰ ਫ਼ੈਲੀਆਂ ਕੁਰੀਤੀਆਂ ਨੂੰ ਰੱਜ ਕੇ ਭੰਡਿਆ ਹੈ। ਆਪਣੀ ਕਵਿਤਾਵਾਂ ਅੰਦਰ ਕਵੀ ਔਰਤ ਨੂੰ ਇਕ ਅਬਲਾ ਵਾਂਗ ਪੇਸ਼ ਕਰਨ ਦੀ ਬਜਾਏ ਆਪਣੇ ਹੱਕ ਖ਼ਾਤਰ ਲੜਨ ਵਾਲੀ ਚੰਡੀ ਦੇ ਰੂਪ ਵਿਚ ਪੇਸ਼ ਕਰਦਾ ਹੈ, 'ਨਾ ਕਰ ਚਿੰਤਾ ਮੇਰੀ ਅੰਮੀਏ ਮੈਂ ਖੁਦਕੁਸ਼ੀ ਨਹੀਂ ਕਰਨੀ, ਨਾਰੀ ਦੇ ਹੱਕਾਂ ਦੀ ਖ਼ਾਤਰ ਮੈਂ ਲੜਾਈ ਲੜਨੀ'। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ 'ਚ ਰੜ੍ਹ ਰਹੀਂ ਜਵਾਨੀ ਉਸ ਤੋਂ ਦੇਖੀ ਨਹੀਂ ਜਾਂਦੀ 'ਤੇ ਉਸ ਦਾ ਕਵੀ ਮਨ ਨਸ਼ਿਆਂ ਦੀ ਦਲਦਲ ਵਿਚ ਫ਼ਸੇ ਨੌਜਵਾਨਾਂ ਨੂੰ ਮੌਤ ਦਾ ਵਾਸਤਾ ਦੇ ਕੇ ਮੁੜ ਆਉਣ ਦੀ ਅਪੀਲ ਕਰਦਾ ਹੈ, 'ਨਸ਼ਿਆਂ ਦੀ ਗੁੱਡੀ ਜਦੋਂ ਸਿਖ਼ਰਾਂ 'ਤੇ ਚੜ੍ਹਦੀ, ਬਣਦੀ ਏ ਜਿੰਦ ਰਾਹੀ ਮੌਤ ਵਾਲੇ ਦਰ ਦੀ, ਰਹਿੰਦੇ ਦੁੱਖਾਂ ਅਤੇ ਫ਼ਿਕਰਾਂ ਦੇ ਮੀਂਹ ਵਰ੍ਹਦੇ'। ਪੁਸਤਕ ਵਿਚਲੀਆਂ ਸਮੁੱਚੀਆਂ ਕਵਿਤਾਵਾਂ ਲੋਕ ਮਨਾਂ ਦੇ ਨੇੜੇ ਹੋਣ ਦੇ ਨਾਲ-ਨਾਲ ਪੰਜਾਬੀ ਰਹਿਤਲ ਦੀ ਬਾਤ ਪਾਉਂਦੀਆਂ ਹਨ। ਕਵੀ ਸੁਖਦੇਵ ਸਿੰਘ ਗੰਢਵਾਂ ਦੀ ਇਹ ਕੋਸ਼ਿਸ਼ ਪੰਜਾਬੀ ਕਵਿਤਾ ਦੀ ਫੁੱਲਵਾੜੀ 'ਚ ਇਕ ਨਵਾਂ ਰੰਗ ਭਰਦੀ ਹੈ। ਕਵੀ ਦੇ ਇਸ ਸਾਰਥਕ ਯਤਨ ਨੂੰ ਖੁਸ਼ਅਮਦੀਦ ਕਹਿਣਾ ਤਾਂ ਬਣਦਾ ਹੈ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਪ੍ਰਤੀਬੱਧਤਾ ਤੇ ਪ੍ਰੇਰਨਾ ਦਾ ਦੂਜਾ ਨਾਮ
ਡਾ. ਏ . ਪੀ. ਜੇ. ਅਬਦੁਲ ਕਲਾਮ
ਲੇਖਕ : ਭੁਪਿੰਦਰ ਉਪਰਾਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 73550-14055
ਹਥਲੀ ਪੁਸਤਕ 'ਚ ਲੇਖਕ ਭੁਪਿੰਦਰ ਉਪਰਾਮ ਨੇ ਭਾਰਤ ਦੇ ਮਰਹੂਮ ਰਾਸ਼ਟਰਪਤੀ ਅਤੇ ਉੱਘੇ ਸਾਇੰਸਦਾਨ ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਜੀਵਨ ਸਫ਼ਰ 'ਤੇ ਇਸ ਜੀਵਨੀ ਰਾਹੀਂ ਬੜੀ ਗਹਿਰਾਈ ਨਾਲ ਚਾਨਣਾ ਪਾਇਆ ਹੈ। ਇਸ ਪੁਸਤਕ ਦੇ ਵੱਖ-ਵੱਖ ਕਾਂਡਾਂ 'ਚ ਲੇਖਕ ਨੇ ਡਾ. ਕਲਾਮ ਦੇ ਬਚਪਨ ਤੋਂ ਆਖ਼ਰੀ ਉਡਾਣ ਤੱਕ ਦਾ ਬਹੁਤ ਹੀ ਭਾਵਪੂਰਤ ਵਰਨਣ ਕੀਤਾ ਹੈ। 'ਬਾਲਪਣ ਦੇ ਪ੍ਰਭਾਵ' ਲੇਖ 'ਚ ਦੱਸਿਆ ਗਿਆ ਹੈ ਕਿ ਡਾ. ਕਲਾਮ ਨਿੱਜੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਅਨੁਸ਼ਾਸਨ 'ਚ ਰਹਿਣ ਵਾਲੇ, ਸ਼ਾਕਾਹਾਰ ਅਤੇ ਬ੍ਰਹਮਚਰਯ ਦੀ ਪਾਲਣਾ ਕਰਨ ਵਾਲਿਆਂ ਚੋਂ ਸਨ। 'ਪਰਿਵਾਰਕ ਮਾਹੌਲ' ਲੇਖ 'ਚ ਡਾ. ਕਲਾਮ ਦੇ ਵਿਅਕਤੀਤਵ ਅਤੇ ਵਰਤਾਓ ਵਿਚ ਮਾਂ ਰਾਹੀਂ ਦਿੱਤੇ ਗਏ ਸੰਸਕਾਰ, ਸਦਭਾਵ ਅਤੇ ਨੈਤਿਕਤਾ ਦੇ ਗੁਣ ਨਜ਼ਰ ਆਉਂਦੇ ਹਨ। 'ਸ਼ਖ਼ਸੀਅਤ ਦੀ ਸਿਰਜਣਾ' ਲੇਖ 'ਚ ਦੱਸਿਆ ਗਿਆ ਹੈ ਕਿ ਡਾ. ਕਲਾਮ ਨੇ ਬਚਪਨ ਦੇ ਦਿਨਾਂ 'ਚ ਹੀ ਮੁਸੀਬਤਾਂ ਨਾਲ ਟਾਕਰਾ ਲੈਣਾ ਸਿੱਖ ਲਿਆ ਸੀ। ਉਨ੍ਹਾਂ ਆਪਣੇ ਨਿਸ਼ਾਨੇ ਮਿੱਥਦੇ ਹੋਏ ਆਪਣੇ ਰਸਤੇ ਖ਼ੁਦ ਬਣਾਏ ਅਤੇ ਉਨ੍ਹਾਂ ਉੱਪਰ ਮਜ਼ਬੂਤੀ ਨਾਲ ਜਮਾ ਕੇ ਕਦਮ ਰੱਖੇ। 'ਮਿਜ਼ਾਈਲ ਸੰਪੰਨ ਭਾਰਤ' ਲੇਖ 'ਚ ਦੱਸਿਆ ਗਿਆ ਹੈ ਕਿ ਡਾ. ਕਲਾਮ ਵਲੋਂ ਭਾਰਤ ਨੂੰ ਵਿਗਿਆਨਕ ਖੇਤਰ ਵਿਚ 'ਪ੍ਰਿਥਵੀ' ਤੋਂ ਲੈ ਕੇ 'ਅਗਨੀ' ਤੱਕ ਪਹੁੰਚਾਉਣ ਦੇ ਸਫ਼ਰ 'ਚ ਉਨ੍ਹਾਂ ਦੀ ਅਦਭੁੱਤ ਭੂਮਿਕਾ ਰਹੀ। 'ਮਿਜ਼ਾਈਲਮੈਨ ਤੋਂ ਰਾਸ਼ਟਰਪਤੀ ਤੱਕ ਦਾ ਸਫ਼ਰ' ਲੇਖ 'ਚ ਚਾਨਣਾ ਪਾਇਆ ਗਿਆ ਹੈ ਕਿ ਡਾ. ਕਲਾਮ ਚਾਹੁੰਦੇ ਸਨ ਕਿ ਉਨ੍ਹਾਂ ਦੇ ਕਾਰਜਕਾਲ 'ਚ ਭਾਰਤ ਦੀ ਇਕ ਅਜੇਹੀ ਮੁਕੰਮਲ ਤਸਵੀਰ ਬਣੇ ਜਿਸ ਨਾਲ ਅਸੀਂ ਦੁਨੀਆ ਦੇ ਸਾਹਮਣੇ ਵਿਕਾਸ , ਸੰਸਕਾਰ, ਸੁਹਿਰਦਤਾ ਅਤੇ ਏਕਤਾ ਦੀ ਮਿਸਾਲ ਪੇਸ਼ ਕਰ ਸਕੀਏ। ਇਸ ਪੁਸਤਕ ਦੇ ਲੇਖ 'ਭੈਣ ਆਸਮਾਂ ਜੌਹਰ ਅਤੇ ਹੋਰ ਸ਼ਖ਼ਸੀਅਤਾਂ ਦਾ ਪ੍ਰਭਾਵ', 'ਨਵੇਂ ਸਫ਼ਰ ਦੀ ਸ਼ੁਰੂਆਤ', 'ਇਕ ਦ੍ਰਿੜ੍ਹ ਸੰਕਲਪ ਸ਼ਖ਼ਸੀਅਤ', 'ਸਵਦੇਸ਼ੀ ਰਾਕੇਟ ਦੀ ਸਿਰਜਣਾ', 'ਪੋਖਰਣ ਦੀ ਧਰਤੀ 'ਤੇ ਵੱਡੀ ਪ੍ਰਾਪਤੀ', 'ਪਰਮਾਣੂ ਖੇਤਰ ਅਤੇ ਡਾ. ਕਲਾਮ', 'ਪੁਰਸਕਾਰ ਤੇ ਸਨਮਾਨ', 'ਭਾਰਤ ਬਾਰੇ ਡਾ. ਕਲਾਮ ਦਾ ਵਿਜ਼ਨ', 'ਡਾ. ਕਲਾਮ ਦੇ ਜੀਵਨ ਦੀਆਂ ਕੁਝ ਯਾਦਾਂ', 'ਡਾ: ਕਲਾਮ ਦੇ ਅਭੁੱਲ ਭਾਸ਼ਨ', 'ਡਾ. ਕਲਾਮ ਦੇ ਕੁਝ ਪ੍ਰੇਰਨਾਦਾਇਕ ਵਿਚਾਰ ਆਦਿ ਲੇਖ ਵੀ ਬੇਹੱਦ ਰੌਚਿਕ ਹਨ। 'ਆਖ਼ਰੀ ਉਡਾਣ' ਲੇਖ 'ਚ ਡਾ. ਕਲਾਮ ਦੀ ਜ਼ਿੰਦਗੀ ਦੇ ਅੰਤਿਮ ਪਲਾਂ ਨੂੰ ਯਾਦ ਕੀਤਾ ਗਿਆ ਹੈ ਕਿ 27 ਜੁਲਾਈ 2015 ਨੂੰ ਉਨ੍ਹਾਂ ਆਪਣੀ ਜ਼ਿੰਦਗੀ ਦੀ ਆਖ਼ਰੀ ਉਡਾਣ ਭਰੀ। ਇਕ ਸਧਾਰਨ ਪਰਿਵਾਰ 'ਚੋਂ ਉੱਠ ਕੇ ਆਕਾਸ਼ ਛੂਹਣ ਵਾਲੇ ਦੇਸ਼ ਦੇ ਮਹਾਨ ਸਪੂਤ ਨੂੰ ਭਾਰਤ ਦੇ ਲੋਕ ਸਦੀਆਂ ਤੱਕ ਯਾਦ ਰੱਖਣਗੇ। ਡਾ. ਕਲਾਮ ਦੇ ਜੀਵਨ ਸਫਰ 'ਤੇ ਬਹੁਪੱਖੀ ਝਾਤ ਪੁਆਉਂਦੀ ਇਹ ਪੁਸਤਕ ਪੜ੍ਹਣਯੋਗ ਅਤੇ ਸਾਂਭਣਯੋਗ ਹੈ ਅਤੇ ਇਸ ਤੋਂ ਨਵੀਂ ਪੀੜ੍ਹੀ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲੇਗਾ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625