28-07-2025
ਬੇਰੁਜ਼ਗਾਰੀ
ਅੱਜ ਬੇਰੁਜ਼ਗਾਰੀ ਕਾਰਨ ਘਰਾਂ 'ਚ ਕਲੇਸ਼ ਵਧ ਰਹੇ ਹਨ। ਪੰਜਾਬ 'ਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਕੰਮ ਲਈ ਬਣਦੀ ਤਨਖਾਹ ਨਹੀਂ ਮਿਲਦੀ, ਜਿਸ ਨਾਲ ਘਰਾਂ ਦਾ ਗੁਜ਼ਾਰਾ ਤੱਕ ਨਹੀਂ ਚੱਲਦਾ। ਨਿੱਜੀ ਸਕੂਲਾਂ/ਕਾਲਜਾਂ 'ਚ ਬਹੁਤ ਜ਼ਿਆਦਾ ਪੜ੍ਹੇ-ਲਿਖੇ ਅਧਿਆਪਕਾਂ ਨੂੰ ਮਾਮੂਲੀ ਜਿਹੀ ਤਨਖਾਹ ਮਿਲਦੀ ਹੈ। ਨਿੱਜੀ ਅਦਾਰਿਆਂ ਵਲੋਂ ਇਕ ਤਰ੍ਹਾਂ ਨਾਲ ਕਿਰਤ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸੇ ਕਾਰਨ ਪੰਜਾਬ ਦੀ ਜਵਾਨੀ ਬਾਹਰਲੇ ਦੇਸ਼ਾਂ ਨੂੰ ਭੱਜ ਰਹੀ ਹੈ, ਜਿੱਥੇ ਕੰਮ ਦੀ ਕਦਰ ਹੈ ਤੇ ਮਿਹਨਤ ਦਾ ਮੁੱਲ ਵੀ ਮਿਲਦਾ ਹੈ। ਬੇਰੁਜ਼ਗਾਰੀ ਦੀ ਇਕ ਵਜ੍ਹਾ ਸਕੂਲਾਂ-ਕਾਲਜਾਂ ਦੀਆਂ ਬਹੁਤ ਜ਼ਿਆਦਾ ਫ਼ੀਸਾਂ ਵੀ ਹਨ, ਕਿਉਂਕਿ ਬੱਚੇ ਪੜ੍ਹਾਈ ਛੱਡਣ ਕਾਰਨ ਬੇਰੁਜ਼ਗਾਰ ਹੋ ਰਹੇ ਹਨ। ਬੇਰੁਜ਼ਗਾਰੀ ਤੋਂ ਨਿਰਾਸ਼ ਨੌਜਵਾਨ ਖੁਦਕੁਸ਼ੀਆਂ ਤੱਕ ਕਰ ਰਹੇ ਹਨ।
ਸਰਕਾਰ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਘੱਟ ਕਰਨੀਆਂ ਚਾਹੀਦੀਆਂ ਹਨ, ਦੂਸਰਾ ਪੜ੍ਹੇ-ਲਿਖੇ ਨੌਜਵਾਨਾਂ ਲਈ ਵੱਧ ਤੋਂ ਵੱਧ ਅਸਾਮੀਆਂ ਪੈਦਾ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਜਦੋਂ ਪੰਜਾਬੀ ਨੌਜਵਾਨਾਂ ਕੋਲ ਰੁਜ਼ਗਾਰ ਹੋਵੇਗਾ ਤਾਂ ਉਹ ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਵੀ ਬਚ ਸਕਣਗੇ, ਨਹੀਂ ਤਾਂ ਹੁਣ ਨਸ਼ੇੜੀ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਲੁੱਟਾਂ-ਖੋਹਾਂ ਤੇ ਚੋਰੀਆਂ ਤੱਕ ਕਰਨ ਲੱਗੇ ਹੋਏ ਹਨ।
-ਸ਼ਮਿੰਦਰਪਾਲ ਕੌਰ
ਉਮੀਦਾਂ ਨੂੰ ਸਦਾ ਜਿਊਂਦਾ ਰੱਖੋ
ਜ਼ਿੰਦਗੀ 'ਚ ਉਮੀਦਾਂ ਨੂੰ ਹਮੇਸ਼ਾ ਜਿਊਂਦਾ ਰੱਖੋ। ਉਨ੍ਹਾਂ ਨੂੰ ਕਦੇ ਮਰਨ ਨਾ ਦਿਓ। ਭਾਵੇਂ ਉਮੀਦ ਦੀ ਕਿਰਨ ਕਿੰਨੀ ਵੀ ਨਿੱਕੀ ਕਿਉਂ ਨਾ ਹੋਵੇ, ਕੀ ਪਤਾ ਕਦੋਂ ਤੁਹਾਡੀ ਉਹ ਨਿੱਕੀ ਜਿੰਨੀ ਉਮੀਦ ਦੀ ਕਿਰਨ ਹੀ ਤੁਹਾਡੀ ਆਉਣ ਵਾਲੀ ਜ਼ਿੰਦਗੀ 'ਚ ਚਾਨਣ ਖਿਲਾਰ ਦੇਵੇ। ਦੂਸਰੀ ਗੱਲ ਬੰਦਾ ਉਮੀਦਾਂ ਸਹਾਰੇ ਹੀ ਜਿਊਂਦਾ ਹੈ। ਉਮੀਦ ਹੀ ਬੰਦੇ ਨੂੰ ਅੱਗੇ ਤੋਰਦੀ ਹੈ ਤੇ ਉਮੀਦ ਆਸਰੇ ਹੀ ਬੰਦਾ ਅੱਗੇ ਵਧਦਾ ਹੈ।
ਉਸ ਦੇ ਆਸਰੇ ਹੀ ਬੰਦਾ ਜ਼ਿੰਦਗੀ ਦੀਆਂ ਪੁਲਾਂਘਾਂ ਪੁੱਟਦਾ ਕਈ ਵਾਰ ਵੱਡੀਆਂ-ਵੱਡੀਆਂ ਮੱਲਾਂ ਵੀ ਮਾਰ ਲੈਂਦਾ ਹੈ। ਇਸੇ ਕਰਕੇ ਆਖਿਆ ਗਿਆ ਹੈ ਕਿ ਜੀਵੇ ਆਸ਼ਾ ਮਰੇ ਨਿਰਾਸ਼ਾ!
-ਲੈਕਚਰਾਰ ਅਜੀਤ ਖੰਨਾ
ਐਮ.ਏ.ਐਮ.ਫਿਲ, ਐਮ.ਜੀ.ਐਮ.ਸੀ., ਬੀ.ਐਡ.
ਸੜਕ ਹਾਦਸੇ ਨੇ ਫੌਜਾ ਸਿੰਘ ਵੀ ਨਹੀਂ ਬਖ਼ਸ਼ਿਆ
ਸੜਕਾਂ 'ਤੇ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਮੋਟਰ ਗੱਡੀਆਂ ਤਾਂ ਆਪਸ ਵਿਚ ਅਕਸਰ ਹੀ ਭਿੜਦੀਆਂ ਰਹਿੰਦੀਆਂ ਹਨ। ਪਰ ਪੈਦਲ ਜਾਂਦੇ ਰਾਹਗੀਰਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਮੈਰਾਥਾਨ ਤੇ ਬਜ਼ੁਰਗ ਦੌੜਾਕ ਫੌਜਾ ਸਿੰਘ ਦਾ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ। ਫੌਜਾ ਸਿੰਘ ਉਨ੍ਹਾਂ ਦੇ ਪਿੰਡ ਬਿਆਸ ਪਿੰਡ ਵਿਚਲੇ ਘਰ ਨੇੜੇ ਸੈਰ ਕਰਦੇ ਸਮੇਂ ਇਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਪਹਿਲਾਂ ਨੇੜਲੇ ਹਸਪਤਾਲ ਤੇ ਫਿਰ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਪੰਜਾਬ ਵਿਚ ਸਪੀਡ 'ਤੇ ਕੋਈ ਕੰਟਰੋਲ ਨਹੀਂ ਰਿਹਾ, ਜਿਸ ਕਰਕੇ ਰੋਜ਼ਾਨਾ ਲੋਕਾਂ ਦੀਆਂ ਜਾਨਾਂ ਭੰਗ ਦੇ ਭਾੜੇ ਜਾ ਰਹੀਆਂ ਹਨ। ਸੜਕ ਹਾਦਸੇ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੇ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ।
ਆਂਦਰਾਂ ਦੀ ਖਿੱਚ
ਪਿਛਲੇ ਦਿਨੀਂ 'ਅਜੀਤ' ਮੈਗਜ਼ੀਨ ਵਿਚ ਡਾ. ਇਕਬਾਲ ਸਿੰਘ ਸਕਰੌਦੀ ਦੀ ਲਿਖੀ ਕਹਾਣੀ 'ਆਂਦਰਾਂ ਦੀ ਖਿੱਚ' ਪੜ੍ਹੀ ਜੋ ਦਿਲ ਨੂੰ ਟੁੰਬ ਗਈ, ਸਹਿਜ-ਸੁਭਾਅ ਹੀ ਮੂੰਹ ਵਿਚੋਂ ਨਿਕਲਿਆ ਕਾਸ਼! ਇਹ ਇਕ ਕਹਾਣੀ ਹੀ ਹੁੰਦੀ, ਪਰ ਅਜਿਹਾ ਨਹੀਂ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਅਹਿਸਾਨ ਫਰਾਮੋਸ਼ ਹੋ ਗਈ ਹੈ। ਉਹ ਆਪਣੀ ਜਨਨੀ, ਪਾਲਣਹਾਰ ਮਾਤਾ ਦੀ ਕੀਤੀ ਗਈ ਤਪੱਸਿਆ ਨੂੰ ਭੁਲਾ ਕੇ ਆਪਣੀ ਨਿੱਜੀ ਜ਼ਿੰਦਗੀ ਵਿਚ ਮਸਤ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਫਰਜ਼ ਵੀ ਭੁਲਾ ਚੁੱਕੀ ਹੈ। ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੀ, ਪਰੰਤੂ ਇਸ ਦੇ ਉਲਟ ਕਹਾਣੀ ਵਿਚ ਆਪਣੀ ਧੀ-ਜਵਾਈ ਦੇ ਘਰ ਹਰ ਸੁੱਖ ਸੁਵਿਧਾ, ਪਿਆਰ ਅਤੇ ਸਤਿਕਾਰ ਪਾ ਰਹੀ ਮਾਤਾ ਦਾ ਦਿਲ ਤਾਂ ਆਪਣੇ ਪੁੱਤਰ ਅਤੇ ਪੋਤਿਆਂ ਨੂੰ ਮਿਲਣ ਦੀ ਆਸ ਵਿਚ ਧੜਕ ਰਿਹਾ ਹੈ।
ਇਸ ਕਹਾਣੀ ਰਾਹੀਂ ਲੇਖਕ ਨੇ ਸਾਡੀ ਨਵੀਂ ਪੀੜ੍ਹੀ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਆਪਣੇ ਬਜ਼ੁਰਗਾਂ ਦਾ ਖਿਆਲ ਉਸੇ ਤਰ੍ਹਾਂ ਰੱਖਣ ਜਿਵੇਂ ਬਚਪਨ ਵਿਚ ਮਾਤਾ-ਪਿਤਾ ਨੇ ਉਨ੍ਹਾਂ ਦਾ ਰੱਖਿਆ ਸੀ। ਮਾਤਾ-ਪਿਤਾ ਆਪਣੇ ਬੇਟੇ ਦੇ ਘਰ ਵਿਚ ਉਸੇ ਤਰ੍ਹਾਂ ਰਹਿਣ ਜਿਵੇਂ ਬਚਪਨ ਵਿਚ ਬੇਟਾ ਰਹਿੰਦਾ ਸੀ। ਇਸ ਕਹਾਣੀ ਲਈ ਡਾ. ਇਕਬਾਲ ਸਿੰਘ ਸਕਰੌਦੀ ਤੇ ਤੁਸੀਂ ਵਧਾਈ ਦੇ ਪਾਤਰ ਹੋ।
-ਮਨਜੀਤ ਕੌਰ
ਸਰਕਾਰੀ ਹਾਈ ਸਕੂਲ, ਝੁਨੇਰ।
ਰੁੱਖਾਂ ਦੇ ਰਾਖੇ
ਸਾਡੇ ਸ਼ਹਿਰ ਬਠਿੰਡਾ ਵਿਚ 'ਰੁੱਖਾਂ ਦੇ ਰਾਖੇ' ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਇਹ ਟੀਮ ਬਠਿੰਡਾ ਸ਼ਹਿਰ ਵਿਚ ਅਤੇ ਆਸਪਾਸ ਦੇ ਇਲਾਕੇ ਵਿਚ ਜਿਥੇ ਵੀ ਲੋਕ ਰੁੱਖਾਂ ਦਾ ਜੰਗਲ ਲਗਾਉਣਾ ਚਾਹੁੰਦੇ ਹੋਣ ਇਹ ਰੁੱਖਾਂ ਦੇ ਰਾਖੇ ਟੀਮ ਰੁੱਖ ਲਗਾਉਣ ਵਿਚ ਲੋਕਾਂ ਦੀ ਪੂਰੀ ਮਦਦ ਕਰਦੀ ਹੈ। ਜੋ ਰੁੱਖ ਪਹਿਲਾਂ ਤੋਂ ਲੱਗੇ ਹੋਏ ਹਨ ਉਨ੍ਹਾਂ ਦੀ ਪੂਰੀ ਸਾਂਭ ਸੰਭਾਲ ਤੋਂ ਇਲਾਵਾ ਕਾਟ ਸ਼ਾਂਟ ਕਰ ਕੇ ਵਧੀਆ ਰੁੱਖ ਬਣਾ ਰਹੀ ਹੈ। ਇਹ ਟੀਮ ਸਵੇਰ ਤੋਂ ਹੀ ਆਪਣਾ ਪੂਰਾ ਸਾਜੋ ਸਾਮਾਨ ਲੈ ਕੇ ਰੁੱਖ ਲਗਾਉਣ ਲਈ ਜਿਸ ਜਗ੍ਹਾ ਰੁੱਖ਼ ਲਗਾਉਣੇ ਹੋਣ ਉੱਥੇ ਪੁੱਜ ਕੇ ਬਹੁਤ ਮਿਹਨਤ ਕਰ ਕੇ ਰੁੱਖ ਲਗਾਉਣ ਲਈ ਟੋਏ ਖੱਡੇ ਪੁੱਟ ਕੇ ਉਨ੍ਹਾਂ ਵਿਚ ਰੁੱਖ ਲਗਾਉਣ ਦਾ ਆਪਣਾ ਟੀਚਾ ਪੂਰਾ ਕਰਦੀ ਹੈ।
'ਰੁੱਖਾਂ ਦੇ ਰਾਖੇ' ਗਰੁੱਪ ਵਲੋਂ ਅੱਜ ਸਾਲ ਪੂਰਾ ਹੋਣ 'ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ। ਸਾਰੀਆਂ ਸੰਗਤਾਂ ਵਲੋਂ ਇਸ ਟੀਮ ਵਲੋਂ ਕੀਤੇ ਜਾ ਰਹੇ ਵਧੀਆ ਕਾਰਜ ਰੁੱਖ ਲਗਾਉਣ ਦੀ ਸ਼ਲਾਘਾ ਕੀਤੀ ਗਈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ।