31-07-2025
ਕੁਦਰਤ ਨਾਲ ਜੋੜਨ ਦਾ ਵਧੀਆ ਉਪਰਾਲਾ
ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖੀ ਜੀਵਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਜਲ ਜੀਵਾਂ, ਬਨਸਪਤੀ ਆਦਿ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ ਫਿਰ ਹੌਲੀ-ਹੌਲੀ ਮਨੁੱਖ ਰੂਪੀ ਜੀਵ ਦਾ ਵਿਕਾਸ ਆਰੰਭ ਹੋਇਆ। ਕੁਦਰਤ ਨੇ ਇਸ ਦੇ ਨਿਰਬਾਹ ਤੇ ਜਿਊਂਦੇ ਰਹਿਣ ਲਈ ਬਨਸਪਤੀ ਪੈਦਾ ਕੀਤੀ, ਜੋ ਯੁੱਗਾਂ ਤੋਂ ਇਸ ਨਾਲ ਹੈ, ਪਰ ਅੱਜ ਇਨਸਾਨ ਲਾਲਚ ਵੱਸ ਇਸ ਨੂੰ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ। ਅਜਿਹਾ ਵਰਤਾਰਾ ਖ਼ੁਦ ਇਸ ਨੂੰ ਤੇ ਇਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਕਟ ਵਾਲੀ ਸਥਿਤੀ ਵੱਲ ਲੈ ਕੇ ਜਾ ਰਿਹਾ ਹੈ। ਜਿੱਥੇ ਮਨੁੱਖ ਦੀ ਬਨਸਪਤੀ ਪ੍ਰਤੀ ਬੇਰੁਖੀ ਦੀਆਂ ਗੱਲਾਂ ਸੁਣਨ ਦੇਖਣ ਨੂੰ ਮਿਲਦੀਆਂ ਹਨ, ਉੱਥੇ ਭਾਰਤ ਦੇ ਇਕ ਛੋਟੇ ਜਿਹੇ ਸੂਬੇ ਸਿੱਕਮ ਦੀ ਸਰਕਾਰ ਵਲੋਂ ਵਿਅਕਤੀ ਨੂੰ ਕੁਦਰਤ ਨਾਲ ਜੋੜਨ ਤੇ ਪਿਆਰ ਕਰਨ ਲਈ ਇਕ ਅਨੋਖਾ ਉਪਰਾਲਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਲਈ ਆਪਣੇ ਕੰਮ ਵਾਲੀ ਥਾਂ 'ਤੇ ਬੂਟੇ ਵਾਲਾ ਇਕ-ਇਕ ਗਮਲਾ ਗੋਦ ਲੈਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਸੂਬੇ ਦੇ ਲੋਕ ਤਾਂ ਪਹਿਲਾਂ ਹੀ ਕੁਦਰਤ ਪ੍ਰੇਮੀ ਹਨ। ਕਰਮਚਾਰੀਆਂ ਦਾ ਆਪਣੀ ਡਿਊਟੀ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਸੁਹਿਰਦਤਾ ਕਾਇਮ ਰੱਖਣ ਦਾ ਹਾਂ ਪੱਖੀ ਕਦਮ ਵਾਕਿਆ ਹੀ ਸ਼ਲਾਘਾਯੋਗ ਹੈ।
-ਲਾਭ ਸਿੰਘ ਸ਼ੇਰਗਿੱਲ ਸੰਗਰੂਰ
ਪੰਜਾਬ ਸਰਕਾਰ ਦਾ ਵਧੀਆ ਫ਼ੈਸਲਾ
ਪੰਜਾਬ ਸਰਕਾਰ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਲੋਕਾਂ ਲਈ ਵੱਧ ਤੋਂ ਵੱਧ ਸਜ਼ਾ ਦੇਣ ਬਾਰੇ ਵਿਧਾਨ ਸਭਾ ਵਿਚ ਬਿੱਲ ਪਾਸ ਕਰਵਾ ਦਿੱਤਾ ਹੈ, ਇਹ ਪੰਜਾਬ ਸਰਕਾਰ ਦਾ ਬੇਅਦਬੀਆਂ ਨੂੰ ਰੋਕਣ ਲਈ ਬਹੁਤ ਵਧੀਆ ਉਪਰਾਲਾ ਹੈ। ਜਿਸ ਦੀ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ, ਸਿੱਖਾਂ ਅਤੇ ਆਮ ਲੋਕਾਂ ਵਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਜੇਕਰ ਪਹਿਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲੇ ਲੋਕਾਂ ਨੂੰ ਸਜ਼ਾ ਵਾਲਾ ਬਿੱਲ ਵਿਧਾਨ ਸਭਾ ਵਿਚ ਪਾਸ ਕਰਵਾ ਦਿੰਦੀਆਂ। ਫਿਰ ਪੰਜਾਬ ਵਿਚ ਇੰਨੀਆਂ ਜ਼ਿਆਦਾ ਬੇਅਦਬੀਆਂ ਨਹੀਂ ਹੋਣੀਆਂ ਸਨ। ਪੰਜਾਬ ਸਰਕਾਰ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਲੋਕਾਂ ਖ਼ਿਲਾਫ਼ ਇਹ ਸਖ਼ਤ ਸਜ਼ਾ ਵਾਲਾ ਬਿੱਲ ਵਿਧਾਨ ਸਭਾ ਵਿਚ ਪਾਸ ਕਰਵਾਉਣ ਦੇ ਫ਼ੈਸਲੇ ਨਾਲ ਸ਼ਰਾਰਤੀ ਲੋਕਾਂ ਦੇ ਮਨ ਵਿਚ ਡਰ ਅਤੇ ਭੈਅ ਪੈਦਾ ਹੋਵੇਗਾ। ਜਿਸ ਨਾਲ ਕਾਫੀ ਹੱਦ ਤੱਕ ਬੇਅਦਬੀਆਂ ਰੁਕਣਗੀਆਂ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਸਵੱਛ ਸਰਵੇਖਣ ਰਿਪੋਰਟ
ਦੇਸ਼ ਵਿਚ ਸਾਫ਼-ਸਫ਼ਾਈ ਅਤੇ ਸਹੂਲਤਾਂ ਨੂੰ ਲੈ ਕੇ ਤਾਜ਼ਾ ਸਵੱਛ ਸਰਵੇਖਣ ਰਿਪੋਰਟ ਇਚ ਇਕ ਵਾਰ ਫਿਰ ਇੰਦੌਰ ਸ਼ਹਿਰ ਨੇ ਪੂਰੇ ਦੇਸ਼ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਪੰਜਾਬ ਅਤੇ ਗੁਆਂਢੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੂਜੇ ਸਥਾਨ 'ਤੇ ਰਿਹਾ ਪਰ ਪੰਜਾਬ ਦੇ ਬਾਕੀ ਸ਼ਹਿਰਾਂ ਦੀ ਕਾਰਗੁਜ਼ਾਰੀ ਕੋਈ ਬਹੁਤਾ ਤਸੱਲੀਬਖ਼ਸ਼ ਨਾ ਰਹਿਣ ਕਰਕੇ ਨਿਰਾਸ਼ਾ ਹੀ ਹੱਥ ਲੱਗੀ ਹੈ। ਬਠਿੰਡਾ ਸਾਫ਼-ਸਫ਼ਾਈ ਪੱਖੋਂ ਚੰਗੀ ਕਾਰਗੁਜ਼ਾਰੀ ਕਰਨ ਵਿਚ ਯਤਨਸ਼ੀਲ ਹੈ ਪਰੰਤੂ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋਣ ਕਰਕੇ ਬਠਿੰਡੇ ਦੇ ਨਾਲ-ਨਾਲ ਪੰਜਾਬ ਦੇ ਬਾਕੀ ਸ਼ਹਿਰਾਂ ਨੂੰ ਵੀ ਇਕ ਠੋਸ ਯੋਜਨਾਬੰਦੀ ਤਹਿਤ ਕੰਮ ਕਰਨਾ ਹੋਵੇਗਾ। ਹੁਣ ਮੀਹਾਂ ਦਾ ਮੌਸਮ ਚੱਲ ਰਿਹਾ ਹੈ। ਪੰਜਾਬ ਦੇ ਬਹੁਤੇ ਸ਼ਹਿਰਾਂ ਵਿਚ ਪਾਣੀ ਦਾ ਨਿਕਾਸ ਦਰੁਸਤ ਨਹੀਂ। ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਦੀਆਂ ਕੋਠੀਆਂ ਦੇ ਨਾਲ-ਨਾਲ ਥਾਣਿਆਂ ਅਤੇ ਚੌਕੀਆਂ ਵਿਚ ਵੀ ਪਾਣੀ ਭਰ ਜਾਂਦਾ ਹੈ। ਆਜ਼ਾਦੀ ਦੇ 75 ਸਾਲ ਬਾਅਦ ਵੀ ਮੀਂਹ ਦੇ ਪਾਣੀ ਦੇ ਨਿਕਾਸ ਅਤੇ ਉਸ ਦੀ ਸੁਚੱਜੀ ਸਾਂਭ ਸੰਭਾਲ ਲਈ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸਫ਼ਾਈ ਪੱਖੋਂ ਸਮੇਂ ਦੇ ਹਾਣੀ ਅਤੇ ਦੇਸ਼ ਵਿਚੋਂ ਮੋਹਰੀ ਬਣਾਉਣ ਲਈ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)
ਸਹਿਣਸ਼ੀਲਤਾ ਅਪਣਾਓ
ਅਸੀਂ ਰੋਜ਼ਾਨਾ ਅਖ਼ਬਾਰਾਂ ਵਿਚ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਪੜ੍ਹਦੇ ਹਾਂ। ਲੋਕਾਂ ਵਿਚ ਸਹਿਣਸ਼ੀਲਤਾ ਨਹੀਂ ਰਹੀ ਹੈ। ਕੋਈ ਆਪਣੇ ਘਰੇਲੂ ਝਗੜੇ ਕਾਰਨ ਤੇ ਕੋਈ ਆਪਣੇ ਦਫ਼ਤਰਾਂ ਵਿਚ ਸੀਨੀਅਰਾਂ ਨਾਲ ਝਗੜ ਕੇ ਖੁਦਕੁਸ਼ੀ ਨੂੰ ਤਰਜੀਹ ਦੇ ਰਿਹਾ ਹੈ। ਅਕਸਰ ਪਰਿਵਾਰਾਂ ਵਿਚ ਤਕਰਾਰ ਹੋ ਜਾਂਦਾ ਹੈ। ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਵੀ ਬਿਲਕੁਲ ਸਹਿਣਸ਼ੀਲਤਾ ਨਹੀਂ ਹੈ। ਜੇ ਬੱਚੇ ਗਲਤ ਹੋਣ ਤਾਂ ਵੀ ਮਾਂ-ਪਿਓ ਨੂੰ ਅੱਜ ਇੰਨਾ ਵੀ ਹੱਕ ਨਹੀਂ ਕਿ ਉਨ੍ਹਾਂ ਨੂੰ ਝਿੜਕ ਸਕਣ। ਕੋਈ ਅਜਿਹਾ ਗ਼ਲਤ ਕਦਮ ਨਾ ਉਠਾਓ, ਜਿਸ ਨਾਲ ਕੱਲ੍ਹ ਨੂੰ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਸ਼ਰਮਿੰਦਾ ਹੋਣਾ ਪਵੇ। ਜ਼ਿੰਦਗੀ ਬਹੁਦ ਖੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੋ।
-ਸੰਜੀਵ ਸਿੰਘ ਸੈਣੀ ਮੁਹਾਲੀ
ਮੁੱਖ ਮੰਤਰੀ (ਪੰਜਾਬ) ਸਿਹਤ ਯੋਜਨਾ
ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਦੇ ਹਰੇਕ ਨਾਗਰਿਕ ਲਈ ਦਸ ਲੱਖ ਤੱਕ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਗਿਆ ਸੀ, ਜਿਸ ਸੰਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ। ਇਸ ਯੋਜਨਾ ਵਿਚ ਰਜਿਸਟਰਡ ਹੋਣ ਵਾਲੇ ਵਿਅਕਤੀ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ। ਇਸ ਯੋਜਨਾ ਵਿਚ ਆਊਟਸੋਰਸ ਕਾਮੇ, ਠੇਕਾ ਅਧਾਰਿਤ ਕਾਮੇ, ਮੁਲਾਜ਼ਮ ਅਤੇ ਪੈਨਸ਼ਨਰ ਵੀ ਲਾਭ ਲੈ ਸਕਦੇ ਹਨ। ਅੱਜ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਵਿੱਤੀ ਹਾਲਾਤ ਮਾੜੇ ਹੋਣ ਕਰਕੇ ਮੌਤ ਦੇ ਮੂੰਹ ਜਾ ਰਹੇ ਹਨ। ਜੇ ਮੁੱਖ ਮੰਤਰੀ (ਪੰਜਾਬ) ਦੀ ਸਿਹਤ ਯੋਜਨਾ ਇਮਾਨਦਾਰੀ ਨਾਲ ਲਾਗੂ ਹੋ ਜਾਵੇ ਤਾਂ ਇਹ ਸਮੁੱਚੇ ਪੰਜਾਬੀਆਂ ਲਈ ਵੱਡੀ ਰਾਹਤ ਪ੍ਰਦਾਨ ਕਰੇਗੀ।
-ਇੰਜੀ. ਰਛਪਾਲ ਸਿੰਘ ਚੰਨੂੰਵਾਲਾ ਮੋਗਾ।