JALANDHAR WEATHER

06-08-2025

 ਫੈਸ਼ਨ ਦਾ ਦਿਖਾਵਾ

ਫੈਸ਼ਨ ਦਾ ਜਾਦੂ ਅੱਜ ਸਾਡੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਰਤੀ ਸਮਾਜ ਵਿਦੇਸ਼ੀ ਪਹਿਰਾਵੇ, ਬੋਲੀ ਤੇ ਵਿਦੇਸ਼ੀ ਖਾਣਿਆਂ ਪਿੱਛੇ ਘੁੰਮਦਾ ਨਜ਼ਰ ਆ ਰਿਹਾ ਹੈ। ਫੈਸ਼ਨ ਅਜਿਹਾ ਦਿਖਾਵਾ ਹੈ, ਜੋ ਸਾਡੇ ਜੀਵਨ ਦੀ ਸਾਦਗੀ ਅਤੇ ਮੌਲਿਕਤਾ ਨੂੰ ਖ਼ਤਮ ਕਰ ਕੇ ਇਸ ਨੂੰ ਨਕਲੀ ਬਣਾਉਂਦਾ ਹੈ। ਅੱਜ ਨਕਲ ਸਾਡੇ ਜੀਵਨ ਦੇ ਸਭ ਖੇਤਰਾਂ ਵਿਚ ਦਾਖਲ ਹੋ ਚੁੱਕੀ ਹੈ। ਸਾਡਾ ਪਹਿਰਾਵਾ, ਬੋਲ-ਚਾਲ ਅਤੇ ਵਰਤੋਂ-ਵਿਹਾਰ ਦਾ ਢੰਗ ਆਦਿ ਸਭ ਕੁਝ ਬਣਾਉਟੀ ਹੈ। ਅੱਜ ਸਾਡੇ ਨੌਜਵਾਨ ਲੜਕੇ/ਲੜਕੀਆਂ ਫ਼ਿਲਮੀ ਕਲਾਕਾਰਾਂ ਦੀ ਨਕਲ ਕਰਦੇ ਹਨ। ਫ਼ੈਸ਼ਨ ਦੇ ਇਸ ਦੌਰ ਵਿਚ ਵਿਆਹੀ ਅਤੇ ਕੁਆਰੀ ਕੁੜੀ ਦੀ ਪਛਾਣ ਕਰਨੀ ਔਖੀ ਹੋ ਗਈ ਹੈ। ਹੁਣ ਤਾਂ ਕੁੜੀਆਂ ਨੇ ਦੇਖਾ-ਦੇਖੀ ਮੁੰਡਿਆਂ ਵਾਲੇ ਕੱਪੜੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸਾਨੂੰ ਦਿਖਾਵੇ ਨਾਲੋਂ ਸਾਦਗੀ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ।

-ਗੌਰਵ ਮੁੰਜਾਲ ਪੀ.ਸੀ.ਐਸ.

ਅਣਖ ਖ਼ਾਤਰ ਕਤਲ

ਅਸੀਂ ਅਕਸਰ ਅਣਖ ਖ਼ਾਤਰ ਕਤਲ ਹੋਣ ਬਾਰੇ ਪੜ੍ਹਦੇ ਹਾਂ। ਅਜੋਕੇ ਪਦਾਰਥਵਾਦ ਤੇ ਵਿਸ਼ਵੀਕਰਨ ਦੇ ਯੁੱਗ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਉਲਟਾ ਦਿੱਤੀ ਹੈ। ਪਿਆਰ ਤੇ ਰਿਸ਼ਤਿਆਂ ਦਾ ਆਦਰਸ਼ਵਾਦੀ ਸੰਕਲਪ ਉੱਡ ਗਿਆ ਹੈ। ਹੁਣ ਆਦਰਸ਼ਵਾਦੀ ਦੀ ਥਾਂ ਭੋਗਵਾਦ ਨੇ ਲੈ ਲਈ ਹੈ। ਇਹੋ ਹੀ ਕਾਰਨ ਹੈ ਕਿ ਅਜੋਕਾ ਮਨੁੱਖੀ ਮਨ ਤੇ ਤਨ ਦੋਵੇਂ ਭਟਕ ਰਹੇ ਹਨ। ਪਿਆਰ ਦੀ ਥਾਂ ਵਾਸ਼ਨਾ ਲੈ ਰਹੀ ਹੈ। ਅੱਜ ਲੋਕੀ ਸਰੀਰਾਂ 'ਚੋਂ ਪਿਆਰ ਲੱਭ ਰਹੇ ਹਨ। ਪਹਿਲਾਂ ਪਿਆਰ ਵਿਚ ਪਵਿੱਤਰਤਾ, ਵਫ਼ਾਦਾਰੀ, ਕੁਰਬਾਨੀ ਹੁੰਦੀ ਸੀ। ਸਿਰ ਫਿਰੇ ਲੋਕ ਆਪਸੀ ਸਹਿਮਤੀ ਨਾਲ ਵੀ ਗਲਤ ਸੰਬੰਧ ਕਾਇਮ ਕਰ ਰਹੇ ਹਨ। ਜਿਸ ਨੂੰ ਲਿਵ-ਇਨ ਰਿਲੇਸ਼ਨਸ਼ਿਪ ਆਖਦੇ ਹਨ। ਸਾਨੂੰ ਯੂਰਪ ਤੇ ਪੱਛਮੀ ਦੇਸ਼ਾਂ ਦੀ ਨਕਲ ਨਹੀਂ ਕਰਨੀ ਚਾਹੀਦੀ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਖ਼ੌਫ਼ ਤੇ ਹੌਸਲੇ ਦੀ ਲੜਾਈ

ਆਪਣੇ ਵਿਲੱਖਣ ਸੱਭਿਆਚਾਰ, ਖੇਤੀਬਾੜੀ ਅਤੇ ਜੋਸ਼ੀਲੇ ਲੋਕਾਂ ਲਈ ਮਸ਼ਹੂਰ ਪੰਜਾਬ ਅੱਜਕੱਲ੍ਹ ਕਤਲ ਅਤੇ ਜਬਰੀ ਵਸੂਲੀ ਵਰਗੀਆਂ ਘਟਨਾਵਾਂ ਕਾਰਨ ਚਰਚਾ ਵਿਚ ਹੈ। ਇਹ ਅਪਰਾਧਿਕ ਗਤੀਵਿਧੀਆਂ ਸੂਬੇ ਦੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ 'ਤੇ ਡੂੰਘਾ ਪ੍ਰਭਾਵ ਛੱਡ ਰਹੀਆਂ ਹਨ। ਲੋਕਾਂ ਦੇ ਦਿਲਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਭਰ ਗਈ ਹੈ, ਜਿਸ ਨਾਲ ਜੀਵਨ ਦੇ ਹਰ ਪਹਿਲੂ 'ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ ਪ੍ਰਤੀ ਭਰੋਸਾ ਘਟ ਰਿਹਾ ਹੈ। ਕਾਰੋਬਾਰੀ ਅਤੇ ਉਦਯੋਗਪਤੀ ਵਿਸ਼ੇਸ਼ ਤੌਰ 'ਤੇ ਨਿਸ਼ਾਨੇ 'ਤੇ ਹਨ, ਜਿਸ ਨਾਲ ਨਿਵੇਸ਼ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਡਰ ਦੇ ਮਾਹੌਲ ਕਰਕੇ ਕਈ ਵਾਰ ਲੋਕ ਸ਼ਿਕਾਇਤ ਦਰਜ ਕਰਵਾਉਣ ਤੋਂ ਵੀ ਝਿਜਕਦੇ ਹਨ ਜਿਸ ਨਾਲ ਅਪਰਾਧੀਆਂ ਦੇ ਹੌਂਸਲੇ ਹੋਰ ਵਧਦੇ ਹਨ।

-ਹਰਜਸਪ੍ਰੀਤ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਫ਼ਰਤ ਅਤੇ ਪਿਆਰ

ਅਜੋਕੇ ਸਮੇਂ ਵਿਚ ਇਹ ਆਮ ਦੇਖਿਆ ਅਤੇ ਸੁਣਿਆ ਜਾਂਦਾ ਹੈ ਕਿ ਸਮਾਜ ਦੇ ਵੱਡੇ ਹਿੱਸੇ ਦੇ ਮਨ ਨਫ਼ਰਤ, ਈਰਖਾ ਅਤੇ ਸਾੜੇ ਨਾਲ ਭਰੇ ਪਏ ਹਨ। ਭਰਾ-ਭਰਾ ਨਾਲ ਅਤੇ ਗੁਆਂਢੀ ਗੁਆਂਢੀ ਨਾਲ ਬਿਨਾਂ ਵਜ੍ਹਾ ਨਫ਼ਰਤ ਕਰਦਾ ਹੈ। ਜੇਕਰ ਨਫ਼ਰਤ ਕਰਨੀ ਹੀ ਹੈ ਤਾਂ ਬੁਰਾਈ ਨਾਲ ਕਰੋ। ਕੋਈ ਵੀ ਵਿਅਕਤੀ ਸਰਬ-ਕਲਾ ਸੰਪੂਰਨ ਨਹੀਂ ਹੁੰਦਾ, ਬਲਕਿ ਚੰਗੇ ਵਿਅਕਤੀ ਵਿਚ ਵੀ ਕੋਈ ਨਾ ਕੋਈ ਔਗੁਣ ਜ਼ਰੂਰ ਹੁੰਦਾ ਹੈ। ਇਸ ਤਰ੍ਹਾਂ ਮਾੜੇ ਵਿਅਕਤੀ ਵਿਚ ਵੀ ਗੁਣ ਜ਼ਰੂਰ ਹੁੰਦੇ ਹਨ। ਜੇਕਰ ਕਿਸੇ ਦਾ ਦਿਲ ਜਿੱਤਣਾ ਹੋਵੇ ਤਾਂ ਅਸੀਂ ਧੱਕੇਸ਼ਾਹੀ ਨਾਲ ਨਹੀਂ ਸਗੋਂ ਪਿਆਰ ਅਤੇ ਪ੍ਰੇਰਨਾ ਸਦਕਾ ਜਿੱਤ ਸਕਦੇ ਹਾਂ। ਨਫ਼ਰਤ ਕਰਨ ਨਾਲ ਨਫ਼ਰਤ ਵਧਦੀ ਹੈ, ਪਿਆਰ-ਮੁਹੱਤ ਨਹੀਂ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।