11-08-25
ਅੰਨਦਾਤਾ ਦੀ ਸੱਭਿਆਚਾਰਕ ਤੇ ਆਰਥਿਕ ਤਬਾਹੀ
ਪੰਜਾਬ ਦੀ ਮਿੱਟੀ ਸਿਰਫ਼ ਅਨਾਜ ਨਹੀਂ ਉਗਾਉਂਦੀ, ਇਹ ਇਤਿਹਾਸ, ਪਰੰਪਰਾਵਾਂ, ਸੱਭਿਆਚਾਰ ਅਤੇ ਖੁਸ਼ਹਾਲੀ ਦੀਆਂ ਜੜ੍ਹਾਂ ਵੀ ਲਗਾਉਂਦੀ ਰਹੀ ਹੈ | ਪਰ ਅੱਜ ਇਹ ਜੜ੍ਹਾਂ ਸੁੱਕ ਰਹੀਆਂ ਹਨ | ਕਿਸਾਨੀ ਸੰਕਟ ਸਿਰਫ਼ ਖੇਤੀ ਦੇ ਮੰਦੇ ਹੋਣ ਜਾਂ ਉਤਪਾਦਨ ਘਟਣ ਦੀ ਗੱਲ ਨਹੀਂ, ਇਹ ਸੰਕਟ ਸਾਡੇ ਜੀਵਨ ਦੇ ਤਾਣੇ-ਬਾਣੇ ਨੂੰ ਚੀਰ ਰਿਹਾ ਹੈ | ਇਹ ਝਾਕੀ ਹੈ ਉਸ ਤਬਦੀਲੀ ਦੀ, ਜੋ ਅਸੀਂ ਚੁੱਪ ਚਾਪ ਦੇਖ ਰਹੇ ਹਾਂ | ਪੰਜਾਬੀ ਸੱਭਿਆਚਾਰ ਦੀ ਜੜ੍ਹ ਖੇਤੀ ਵਿਚ ਗੱਡੀ ਹੋਈ ਹੈ | ਇਹ ਕੋਈ ਕਹਾਵਤ ਨਹੀਂ, ਸੱਚਾਈ ਹੈ ਗਿੱਧੇ, ਭੰਗੜੇ, ਮੌਸਮਾਂ ਦੇ ਤਿਉਹਾਰ, ਖੇਤਾਂ ਦੀਆਂ ਰੀਤਾਂ, ਗਿੱਧਿਆਂ ਦੀਆਂ ਬੋਲੀਆਂ ਸਭ ਕੁਝ ਕਿਸਾਨੀ ਨਾਲ ਜੁੜਿਆ ਹੋਇਆ ਹੈ | ਪਰ ਅੱਜ ਤਾਂ ਕਿਸਾਨ ਖੁਦ ਮਜ਼ਦੂਰ ਬਣ ਗਿਆ, ਜਦ ਉਸਦੇ ਹੱਥ ਖਾਲੀ ਹਨ, ਤਾਂ ਇਹ ਰੀਤਾਂ ਵੀ ਖੋਖਲੀਆਂ ਹੋ ਰਹੀਆਂ ਹਨ | ਸ਼ਹਿਰ ਵੱਲ ਹੋ ਰਿਹਾ ਪਲਾਇਨ, ਨੌਜਵਾਨਾਂ ਵਲੋਂ ਖੇਤੀ ਤੋਂ ਬੇਰੁਖੀ ਇਹ ਸਭ ਕੁਝ ਸੱਭਿਆਚਾਰਕ ਅਸਮਾਨਤਾ ਦਾ ਸੰਕੇਤ ਹੈ | ਜਦ ਮਿੱਟੀ ਨਾਲ ਜੁੜੀ ਪਹਿਚਾਣ ਹੀ ਮਿਟਣ ਲੱਗ ਜਾਵੇ, ਤਾਂ ਸੱਭਿਆਚਾਰ ਵੀ ਬੇਮਾਅਨੇ ਹੋ ਜਾਂਦਾ ਹੈ | ਆਰਥਿਕ ਪੱਖੋਂ ਕਮਜ਼ੋਰ ਅੱਜ ਦਾ ਪੰਜਾਬੀ ਕਿਸਾਨ ਖੇਤੀ ਕਰ ਕੇ ਨਹੀਂ, ਕਰਜ਼ਾ ਲੈ ਕੇ ਜੀਅ ਰਿਹਾ ਹੈ | ਜੇਕਰ ਖੇਤੀ ਉਤਪਾਦਨ ਘੱਟ ਵੀ ਨਹੀਂ ਹੋਇਆ, ਤਾਂ ਵੀ ਲਾਗਤਾਂ ਨੇ ਲਾਭ ਖਾ ਲਿਆ ਹੈ | ਡੀਜ਼ਲ, ਬੀਜ, ਖਾਦ, ਮਜ਼ਦੂਰੀ ਹਰ ਇਕ ਵਸਤੂ ਦੀ ਕੀਮਤ ਵਧੀ, ਪਰ ਉਤਪਾਦ ਦੀ ਕੀਮਤ ਨਹੀਂ | ਉਲਟ ਐਮ.ਐਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਨੂੰ ਵੀ ਸਰਕਾਰੀ ਪੱਧਰ 'ਤੇ ਲਾਗੂ ਨਹੀਂ ਕੀਤਾ ਗਿਆ | ਇਸ ਆਰਥਿਕ ਅਸਮਾਨਤਾ ਨੇ ਕਿਸਾਨ ਨੂੰ ਕਰਜ਼ਦਾਰ ਬਣਾਇਆ, ਜਦਕਿ ਆੜ੍ਹਤੀਆਂ, ਬੈਂਕਾਂ ਅਤੇ ਭਾਰਤ ਦੀ ਖਪਤ ਕਾਰਪੋਰੇਟ ਢਾਂਚਾ ਲਾਭ 'ਚ ਹੈ | ਇਹ ਆਰਥਿਕ ਮਾਡਲ ਕਿਸਾਨੀ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹੈ | ਇਸੇ ਕਾਰਨ ਹਰ ਸਾਲ ਸੈਂਕੜੇ ਕਿਸਾਨ ਆਪਣੇ ਜੀਵਨ ਤੋਂ ਹਾਰ ਜਾਂਦੇ ਹਨ | ਅੰਤ ਵਿਚ ਪੰਜਾਬ ਦਾ ਕਿਸਾਨੀ ਸੰਕਟ ਅੰਕੜੇ ਦੀ ਕਹਾਣੀ ਨਹੀਂ, ਇਹ ਹਜ਼ਾਰਾਂ ਪਰਿਵਾਰਾਂ ਦੀ ਬੇਵਸੀ ਦੀ ਕਵਿਤਾ ਹੈ ਜਿਸ ਵਿਚ ਤਕਲੀਫ਼, ਉਮੀਦ, ਵਿਸ਼ਵਾਸ ਅਤੇ ਵਿਅਥਾ ਦੇ ਤੱਤ ਮਿਲਦੇ ਹਨ | ਜੇ ਅਸੀਂ ਅਜੇ ਵੀ ਸਮੇਂ ਦੀ ਪੁਕਾਰ ਨਾ ਸੁਣੀ, ਤਾਂ ਇਹ ਸੰਕਟ ਸਿਰਫ਼ ਕਿਸਾਨ ਦੀ ਜ਼ਿੰਦਗੀ ਨਹੀਂ, ਸਾਡੀ ਸਾਂਝੀ ਵਿਰਾਸਤ ਨੂੰ ਵੀ ਖਤਰੇ ਵਿਚ ਪਾ ਦੇਵੇਗਾ | ਇਹ ਸਮਾਂ ਹੈ ਪੁੱਛਣ ਦਾ ਅਸੀਂ ਇਕ ਅਜਿਹੀ ਕੌਮ ਬਣ ਰਹੇ ਹਾਂ ਜੋ ਆਪਣਾ ਰੋਟੀ ਉਗਾਉਣ ਵਾਲਾ ਭੁੱਲ ਜਾਂਦੀ ਹੈ?”
-ਵੀਰਪਾਲ ਕੌਰ
ਪਿੰਡ ਕੋਟਲੀ ਖੁਰਦ, ਤਹਿ. ਮੌੜ ਮੰਡੀ (ਬਠਿੰਡਾ)
ਸੱਚ ਬਿਆਨ ਕਰਦਾ ਲੇਖ
ਪਿਛਲੇ ਦਿਨੀਂ ਅਜੀਤ ਅਖ਼ਬਾਰ ਵਿਚ ਡਾ. ਇਕਬਾਲ ਸਿੰਘ ਸਕਰੌਦੀ ਦਾ ਲੇਖ 'ਆਂਦਰਾਂ ਦੀ ਖਿੱਚ' ਕੌੜਾ ਸੱਚ ਬਿਆਨ ਕਰਦਾ ਹੈ | ਮਾਂ-ਬਾਪ ਆਪਣੇ ਬੱਚਿਆਂ ਨੂੰ ਤਾਂ ਔਖੇ ਹੋ ਕੇ ਪਾਲਦੇ ਨੇ, ਪਰ ਬੱਚੇ ਵੱਡੇ ਹੋ ਕੇ ਮਾਪਿਆਂ ਦਾ ਸਹਾਰਾ ਨਹੀਂ ਬਣਦੇ | ਪੈਸੇ ਦੀ ਚਮਕ ਹੀ ਵੱਖਰੀ ਹੈ | ਜ਼ਿਆਦਾਤਰ ਧਨਾਢ ਲੋਕ ਵੀ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਰੋਲਦੇ ਹਨ | ਬੁਢਾਪਾ ਹਰੇਕ 'ਤੇ ਹੀ ਆਉਣਾ ਹੈ, ਪਰ ਬੁਢਾਪੇ ਦਾ ਸਹਾਰਾ ਬਣਨਾ ਸਭ ਤੋਂ ਵੱਡਾ ਨੇਕ ਕੰਮ ਹੈ | ਸਰਵਣ ਪੁੱਤ ਵੀ ਵਿਰਲੇ ਹੀ ਬਣਦੇ ਹਨ | ਬੱਚੇ ਮਾਂ-ਬਾਪ ਨੂੰ ਜਿਊਾਦੇ ਜੀਅ ਵੱਖ ਰਹਿਣ ਲਈ ਮਜਬੂਰ ਕਰਦੇ ਹਨ, ਪਰ ਮਾਂ-ਬਾਪ ਹਮੇਸ਼ਾ ਬੱਚੇ ਦਾ ਚੰਗਾ ਹੀ ਸੋਚਦੇ ਹਨ | ਜਦੋਂ ਬੱਚਾ ਕਿਤੇ ਡਿਗਦਾ ਹੈ, ਤਾਂ ਮਾਂ ਦੇ ਦਿਲ ਅੰਦਰੋਂ ਆਵਾਜ਼ ਆਉਂਦੀ ਹੈ | ਕਿਤੇ ਸੱਟ ਤਾਂ ਨਹੀਂ ਲੱਗੀ | ਕਈ ਤਾਂ ਪਤਨੀ ਪਿੱਛੇ ਲੱਗ ਕੇ ਮਾਪਿਆਂ ਨੂੰ ਦੁਰਕਾਰ ਦਿੰਦੇ ਹਨ | ਜੋ ਕਿ ਅਸਹਿ ਸਦਮਾ ਹੈ | ਹੁਣ ਤਾਂ ਜੇ ਮਾਂ-ਬਾਪ ਕੋਲ ਪੈਸਾ, ਘਰ, ਜ਼ਮੀਨ ਹੈ ਤਾਂ ਲਾਲਚ ਵੱਸ ਮਾਪੇ ਸਾਂਭਦੇ ਹਨ | ਨੈਤਿਕ ਕਦਰਾਂ ਕੀਮਤਾਂ ਖ਼ਤਮ ਨੇ |
-ਹਰਜਿੰਦਰ ਪਾਲ ਸਿੰਘ
881ਏ, ਜਵੱਦੀ ਕਲਾਂ, ਲੁਧਿਆਣਾ |
ਖ਼ੁਦ 'ਤੇ ਭਰੋਸਾ ਰੱਖੋ
ਸਿਆਣੇ ਕਹਿੰਦੇ ਹਨ ਕਿ ਮਾੜੇ ਵਕਤ 'ਚ ਹੀ ਆਪਣੇ ਪਰਾਏ ਦੀ ਪਛਾਣ ਹੁੰਦੀ ਹੈ | ਚੰਗੇ ਵਕਤ 'ਚ ਤਾਂ ਹਰ ਕੋਈ ਤੁਹਾਡੇ ਨਾਲ ਹੁੰਦਾ ਹੈ | ਪਰ ਜਦ ਮਾੜਾ ਵਕਤ ਆਉਂਦਾ ਹੈ ਤਾਂ ਸਭ ਸੱਜਣ, ਮਿੱਤਰ ਤੇ ਰਿਸ਼ਤੇਦਾਰ ਸਾਥ ਛੱਡ ਜਾਂਦੇ ਹਨ | ਜਦੋਂ ਮੇਰਾ ਚੰਗਾ ਵਕਤ ਸੀ ਤਾਂ ਹਰ ਕੋਈ ਜੀ-ਜੀ ਕਰਦਾ ਸੀ, ਪਰ ਮਾੜਾ ਵਕਤ ਕੀ ਆਇਆ, ਸਭ ਸੰਗੀ ਸਾਥੀ ਪਤਾ ਨਹੀਂ ਕਿਧਰ ਛੂ ਮੰਤਰ ਹੋ ਗਏ? ਬੱਸ ਇਕ ਦੋ ਦੋਸਤ ਹੀ ਮੇਰੇ ਨਾਲ ਉਹ ਡੱਟ ਕੇ ਖਲੋਤੇ | ਇਸੇ ਤਰ੍ਹਾਂ ਰਿਸ਼ਤੇਦਾਰਾਂ 'ਚ ਵੀ ਬੱਸ ਇਕ ਦੋ ਨੇ ਹੀ ਸਾਥ ਦਿੱਤਾ |
ਹਮੇਸ਼ਾ ਯਾਦ ਰੱਖੋ ਕਦੇ ਕਿਸੇ ਦੇ ਆਸਰੇ ਨਾ ਰਹੋ, ਆਪਣੇ ਦਮ ਤੇ ਖਲੋਵੋ | ਜੇ ਦੂਜਿਆਂ ਦਾ ਆਸਰਾ ਤੱਕੋਗੇ ਤਾਂ ਮਾਰੇ ਜਾਵੋਗੇ, ਪਰ ਜੇ ਖ਼ੁਦ 'ਤੇ ਭਰੋਸਾ ਰੱਖ ਕੇ ਚੱਲੋਗੇ ਤਾਂ ਸਫ਼ਲ ਰਹੋਗੇ |
-ਲੈਕਚਰਾਰ ਅਜੀਤ ਖੰਨਾ
ਐੱਮ.ਏ.ਐੱਮ.ਫਿਲ, ਐੱਮ.ਜੀ.ਐੱਮ. ਸੀ.ਬੀ.ਐੱਡ.
ਕਾਰਗਿਲ ਦੀ ਜੰਗ
ਯੁਗੇਸ਼ ਕੁਮਾਰ ਗੋਇਲ ਦੀ ਰਚਨਾ 'ਬੇਮਿਸਾਲ ਕੁਰਬਾਨੀਆਂ ਦੀ ਗੌਰਵ ਗਾਥਾ ਹੈ ਕਾਰਗਿਲ ਦੀ ਜੰਗ' ਪੜ੍ਹੀ | ਜਿਸ ਬਾਰੇ ਲੇਖਕ ਨੇ ਕਾਰਗਿਲ ਦੀ ਜੰਗ ਬਾਰੇ ਵਿਸਥਾਰ ਨਾਲ ਲਿਖਿਆ ਹੈ | ਕਾਬਿਲੇ ਗ਼ੌਰ ਸੀ | ਕਾਰਗਿਲ ਜੰਗ ਭਾਰਤ ਤੇ ਪਾਕਿ ਵਿਚਕਾਰ ਮਈ ਤੋਂ ਜੁਲਾਈ, 1999 ਦੇ ਦਰਮਿਆਨ ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹੇ ਕਾਰਗਿਲ ਵਿਚ ਕੰਟਰੋਲ ਰੇਖਾ ਦੇ ਨਾਲ-ਨਾਲ ਹੋਰ ਕਈ ਥਾਵਾਂ 'ਤੇ ਲੜੀ ਗਈ ਸੀ | ਭਾਰਤ ਦੀ ਇਸ ਸੰਘਰਸ਼ ਵਿਚ ਜਿੱਤ ਨਾਲ ਜਾਣਿਆ ਜਾਂਦਾ ਹੈ | 'ਆਪ੍ਰੇਸ਼ਨ ਸਫੇਦ ਸਾਗਰ' ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਫ਼ੌਜ ਅਤੇ ਨੀਮ ਫ਼ੌਜੀ ਦਸਤਿਆਂ ਨੂੰ ਕੰਟਰੋਲ ਰੇਖਾ ਦੇ ਨਾਲ ਕੀਤੇ ਗਏ ਭਾਰਤੀ ਟਿਕਾਣਿਆਂ ਤੋਂ ਬਾਹਰ ਕੱਢਣ ਲਈ ਭਾਰਤੀ ਫ਼ੌਜ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ ਸੀ |
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ |
ਭਿਖਾਰੀਆਂ 'ਤੇ ਸ਼ਿਕੰਜਾ
ਪੰਜਾਬ ਸਰਕਾਰ ਦੁਆਰਾ ਪ੍ਰਸ਼ਾਸਨ ਨਾਲ ਮਿਲ ਕੇ ਭਿਖਾਰੀਆਂ ਦੀ ਫੜੋ-ਫੜੀ ਜਾਰੀ ਹੈ | ਉਨ੍ਹਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਅਪਰਾਧੀ ਨਾਬਾਲਗ ਬੱਚਿਆਂ ਨੂੰ ਜਬਰਦਸਤੀ ਭੀਖ ਮੰਗਣ ਦਾ ਆਦੀ ਬਣਾ ਰਹੇ ਹਨ | ਜਦੋਂ ਕਿ ਇਨ੍ਹਾਂ ਬੱਚਿਆਂ ਦੀ ਉਮਰ ਪੜ੍ਹਨ ਦੀ ਹੈ | ਇਹ ਬੱਚੇ ਭੀਖ ਦੀ ਖਾਤਰ ਕਾਰ ਸਾਫ਼ ਕਰਦੇ ਹਨ ਤੇ ਕਾਰ ਵਾਲੇ ਦੇ ਪਿੱਛੇ ਦੌੜਦੇ ਹਨ | ਇਨ੍ਹਾਂ ਬੱਚਿਆਂ ਦਾ ਕੋਈ ਸਰਗਨਾ ਹੁੰਦਾ ਹੈ ਜੋ ਕਿ ਇਨ੍ਹਾਂ ਤੋਂ ਭੀਖ ਦੇ ਮੰਗੇ ਹੋਏ ਪੈਸੇ ਸ਼ਾਮ ਨੂੰ ਲੈ ਲੈਂਦਾ ਹੈ |
ਪੰਜਾਬ ਦੇ ਕਈ ਸ਼ਹਿਰਾਂ 'ਚੋਂ ਬੱਚੇ ਗਾਇਬ ਹੋ ਚੁੱਕੇ ਹਨ | ਦਿਨ ਦਿਹਾੜੇ ਬੱਚੇ ਚੁੱਕੇ ਜਾ ਰਹੇ ਹਨ | ਇਹ ਛੋਟੇ ਬੱਚੇ ਚੋਰੀਆਂ ਵੀ ਕਰਦੇ ਹਨ ਅਤੇ ਕਈ ਵਾਰਦਾਤਾਂ ਨੂੰ ਵੀ ਅੰਜਾਮ ਦੇ ਸਕਦੇ ਹਨ |
ਸਰਕਾਰ ਨੇ ਇਹ ਬਹੁਤ ਸ਼ਲਾਘਾਯੋਗ ਜੋ ਕਦਮ ਚੁੱਕਿਆ ਹੈ | ਇਨ੍ਹਾਂ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਤੇ ਕਿਸੇ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ |
ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕਖਾਨਾ ਝਬੇਲਵਾਲੀ |