18-08-25
ਮਿਲਾਵਟ ਹੀ ਮਿਲਾਵਟ
ਰੋਜ਼ਾਨਾ ਅਖਬਾਰਾਂ, ਮੀਡੀਆ ਤੇ ਸੋਸ਼ਲ ਮੀਡੀਆਂ ਦੀਆਂ ਖ਼ਬਰਾਂ ਪੜ੍ਹ ਸੁਣ ਕੇ ਤੇ ਵੇਖ ਕੇ ਮਨ ਪ੍ਰੇਸ਼ਾਨ ਹੁੰਦਾ ਹੈ ਕਿ ਹਰ ਪਾਸੇ ਬੇਈਮਾਨੀ ਤੇ ਮਿਲਾਵਟ ਜ਼ੋਰਾਂ 'ਤੇ ਚੱਲ ਰਹੀ ਹੈ। ਦੁੱਧ, ਦੇਸੀ ਘਿਓ ਤੇ ਪਨੀਰ ਤੇ ਹਰ ਇਕ ਖਾਣ ਵਾਲੀਆਂ ਵਸਤਾਂ ਸਭ ਵਿਚ ਮਿਲਾਵਟ ਹੀ ਮਿਲਾਵਟ ਮਿਲ ਰਹੀ ਹੈ। ਸਬਜ਼ੀਆਂ ਨੂੰ ਟੀਕੇ ਲਾਏ ਜਾ ਰਹੇ ਹਨ। ਵੇਸਣ ਵਿਚ ਮੱਕੀ ਦਾ ਆਟਾ, ਛੋਲਿਆਂ ਦੀ ਦਾਲ ਵਿਚ ਮਟਰਾਂ ਦੇ ਦਾਣੇ। ਹਲਦੀ ਵਿਚ ਲੱਕੜਾਂ ਦਾ ਬੂਰਾ, ਗੁੜ ਵਿਚ ਸੀਰਾ ਤੇ ਬਾਕੀ ਹੋਰ ਬਹੁਤ ਕੁਝ ਮਿਲਾਇਆ ਜਾ ਰਿਹਾ ਹੈ। ਜੰਕ ਫੂਡ ਦੇ ਨਾਂਅ 'ਤੇ ਸ਼ਰੇਆਮ ਸੜਕਾਂ ਦੇ ਕਿਨਾਰਿਆਂ 'ਤੇ ਜ਼ਹਿਰ ਵਰਤਾਇਆ ਜਾ ਰਿਹਾ ਹੈ। ਬਾਕੀ ਚਿੱਟਾ ਤਾਂ ਖ਼ਤਮ ਕਿਥੋਂ ਹੋਣਾ ਹੈ। ਜਿਹੜੀਆਂ ਚੀਜ਼ਾਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ, ਉਨ੍ਹਾਂ 'ਤੇ ਕੋਈ ਕੰਟਰੋਲ ਨਹੀਂ ਹੋ ਰਿਹਾ। ਇਨ੍ਹਾਂ ਲੋਟੂਆਂ 'ਤੇ ਕਦੋਂ ਤੇ ਕੌਣ ਨੱਥ ਪਾਵੇਗਾ? ਇਹ ਹੁਣ ਵੇਖਣ ਤੇ ਸੋਚਣ ਦਾ ਗੰਭੀਰ ਵਿਸ਼ਾ ਬਣਿਆ ਹੋਇਆ ਹੈ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ
ਕਰਜ਼ੇ ਦਾ ਜਾਲ
ਪਿਛਲੇ ਦਿਨੀਂ ਅਜੀਤ ਵਿਚ ਦਵਿੰਦਰ ਕੌਰ ਧਾਲੀਵਾਲ ਦਾ ਲੇਖ 'ਵੱਡੇ ਦੇਸ਼ ਵੀ ਕਰਜ਼ੇ ਦੇ ਜਾਲ ਵਿਚ ਫਸਣ ਲੱਗੇ' ਪੜ੍ਹਿਆ। ਇਸ ਲੇਖ ਨੂੰ ਪੜ੍ਹ ਕੇ ਸਮਝ ਲੱਗੀ ਕਿ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਫੈਲੀ ਸਰਮਾਏਦਾਰੀ ਦੀ ਜਕੜ ਕਰਜ਼ੇ ਦੇ ਰੂਪ ਵਿਚ ਕਿਸ ਤਰ੍ਹਾਂ ਪੂਰੀ ਮਨੁੱਖਤਾ ਨੂੰ ਦਿਵਾਲੀਆਪਣ ਵੱਲ ਧੱਕ ਰਹੀ ਹੈ। ਕਿਰਤੀ ਵਰਗ ਦੀ ਕਿਰਤ ਨੂੰ ਦਿਨੋ ਦਿਨ ਖ਼ਤਮ ਕੀਤਾ ਜਾ ਰਿਹਾ ਹੈ। ਕਾਰਪੋਰੇਟ ਜਗਤ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ।
ਮਹਿੰਗਾਈ ਵਧਣ ਅਤੇ ਆਮਦਨ ਘਟਣ ਕਾਰਨ ਗਰੀਬ ਅਤੇ ਮੱਧ ਵਰਗੀ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਸਮਾਜਿਕ ਬੇਚੈਨੀ ਵਧ ਰਹੀ ਹੈ। ਫਿਰਕੂਵਾਦ ਦੀ ਰਾਜਨੀਤੀ ਦੇਸ਼ਾਂ ਦਾ ਬੇਲੋੜਾ ਖਰਚ ਕਰਵਾ ਰਹੀ ਹੈ। ਦੇਸ਼-ਵਿਦੇਸ਼ ਪ੍ਰਤੀ ਚੰਗੀਆਂ ਨੀਤੀਆਂ ਦੀ ਘਾਟ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾਉਣਾ ਚੰਗੀਆਂ ਸਰਕਾਰਾਂ ਦਾ ਕੰਮ ਨਹੀਂ।
-ਜਗਰੂਪ ਸਿੰਘ
ਥੇਹ ਕਲੰਦਰ ਫਾਜ਼ਿਲਕਾ।