20-08-25
ਨੌਜਵਾਨ ਵਰਗ ਅਤੇ ਫੈਸ਼ਨ
ਅਜੋਕੇ ਸਮੇਂ ਸਮਾਜ ਅਨੇਕਾਂ ਬੁਰਾਈਆਂ, ਦਾਜ, ਨਸ਼ੇ, ਰਿਸ਼ਵਤ ਅਤੇ ਅਸ਼ਲੀਲਤਾ ਦੀ ਗ੍ਰਿਫ਼ਤ ਵਿਚ ਹੈ, ਇਹ ਬੁਰਾਈਆਂ ਸਮਾਜ ਨੂੰ ਕਮਜ਼ੋਰ ਕਰ ਰਹੀਆਂ ਹਨ। ਇਕ ਹੋਰ ਸਮਾਜਿਕ ਬੁਰਾਈ ਨੇ ਖ਼ਾਸ ਕਰਕੇ ਨੌਜਵਾਨ ਵਰਗ ਉੱਪਰ ਗਹਿਰਾ ਅਤੇ ਮਾਰੂ ਅਸਰ ਪਾਇਆ ਹੈ, ਉਹ ਹੈ ਫੈਸ਼ਨ। ਨੌਜਵਾਨ ਲੜਕੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਰੀਸੋ-ਰੀਸੀ ਜਿਥੇ ਲੜਕੀਆਂ ਵਰਗਾ ਪਹਿਰਾਵਾ ਕਰਕੇ ਅਤੇ ਹੇਅਰ ਸਟਾਈਲ ਬਣਾ ਕੇ ਲੜਕੀਆਂ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਥੇ ਲੜਕੀਆਂ ਵੀ ਲੜਕਿਆਂ ਵਰਗਾ ਹੇਅਰ ਸਟਾਈਲ ਅਤੇ ਪਹਿਰਾਵਾ ਕਰਕੇ ਲੜਕੇ ਬਣਨ ਲਈ ਯਤਨਸ਼ੀਲ ਹਨ। ਸੱਚ ਤਾਂ ਇਹ ਹੈ ਕਿ ਨਾ ਤਾਂ ਲੜਕਿਆਂ ਅਤੇ ਲੜਕੀਆਂ ਅਤੇ ਨਾ ਹੀ ਲੜਕੀਆਂ ਤੋਂ ਲੜਕੇ ਬਣ ਹੋਣਾ ਹੈ। ਪੰਜਾਬੀ ਦਾ ਅਖਾਣ ਹੈ, 'ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜਗ ਭਾਉਂਦਾ'। ਪਰ ਪਤਾ ਨਹੀਂ ਨੌਜਵਾਨ ਵਰਗ ਇਸ ਦੇ ਉਲਟ ਕਿਉਂ ਚੱਲ ਰਿਹਾ ਹੈ? ਕੀ ਇਹ ਸਾਡੇ ਅਮੀਰ ਅਤੇ ਗੌਰਵਮਈ ਪੰਜਾਬੀ ਸਭਿਆਚਾਰ ਨਾਲ ਖਿਲਵਾੜ ਨਹੀਂ? ਕੀ ਇਹ ਪੈਸੇ ਅਤੇ ਸਮੇਂ ਦੀ ਬਰਬਾਦੀ ਨਹੀਂ? ਕਿਸੇ ਗੈਰ ਪੰਜਾਬੀ ਸੱਭਿਆਚਾਰ ਤੋਂ ਕੋਈ ਚੰਗਾ ਗੁਣ ਗ੍ਰਹਿਣ ਕਰਨਾ ਮਾੜੀ ਗੱਲ ਨਹੀਂ, ਪਰ ਆਪਣੇ ਗੌਰਵਮਈ ਅਤੇ ਅਮੀਰ ਸੱਭਿਆਚਾਰ ਨੂੰ ਵਿਸਾਰਨਾ ਜ਼ਰੂਰ ਮਾੜੀ ਗੱਲ ਹੈ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।
ਸਰਕਾਰੀ ਦਫ਼ਤਰਾਂ ਤੋਂ ਕੋਹਾਂ ਦੂਰ ਮਾਤਾ-ਭਾਸ਼ਾ
ਮੁੱਖ ਮੰਤਰੀ ਪੰਜਾਬ ਵਲੋਂ ਆਪਣੇ ਫੇਸਬੁੱਕ ਪੇਜ 'ਤੇ ਮਿਤੀ 6-6-25 ਨੂੰ ਪੋਸਟ ਪਾ ਕੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਨਿਯੁਕਤ ਹੋਣ ਸੰਬੰਧੀ ਪੰਜਾਬੀਆਂ ਨੂੰ ਜਾਣੂ ਕਰਵਾਇਆ ਗਿਆ ਸੀ। 6 ਪੰਨਿਆਂ ਦੀ ਇਸ ਲਿਸਟ ਵਿਚ ਪੰਜ ਸ਼ਬਦ ਪੰਜਾਬੀ ਦੇ ਸਨ। ਬਾਕੀ ਸਭ ਸ਼ਬਦ ਅੰਗਰੇਜ਼ੀ ਦੇ ਵਰਤੇ ਹੋਏ ਸਨ, ਇਸੇ ਤਰ੍ਹਾਂ ਬੀਤੇ ਦਿਨੀਂ ਕਿਸੇ ਮਿੱਤਰ ਵਲੋਂ ਆਪਣੀ ਟੈਸਟਿੰਗ ਦੀ ਰਿਪੋਰਟ ਲਈ ਪਾਣੀ ਦਾ ਸੈਂਪਲ ਜ਼ਿਲ੍ਹੇ ਦੇ ਮੁੱਖ ਦਫਤਰ (ਗੁਰਦਾਸਪੁਰ) 'ਚ ਬਣਦੀ ਫੀਸ ਜਮ੍ਹਾਂ ਕਰਵਾ ਕੇ ਦਿੱਤਾ ਗਿਆ। ਦੋ ਦਿਨ ਬਾਅਦ ਈ-ਮੇਲ ਰਾਹੀਂ ਮਿਲੇ ਜਵਾਬ ਦੇ ਚਾਰ ਪੰਨਿਆਂ ਵਿਚ ਇਕ ਵੀ ਸ਼ਬਦ ਪੰਜਾਬੀ ਵਿਚ ਨਹੀਂ ਸੀ ਲਿਖਿਆ। ਇਸ ਸਾਰੇ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਕੋਈ ਵੀ ਹੋਵੇ ਪੰਜਾਬੀ ਨੂੰ ਪ੍ਰਫੁਲਿਤ ਕਰਨ ਵਾਲੇ ਬਿਆਨ ਹੀ ਸੁਣਨ ਨੂੰ ਮਿਲਦੇ ਹਨ ਪਰ ਹਕੀਕਤ 'ਚ ਇਸ 'ਤੇ ਕੋਈ ਅਮਲ ਨਹੀਂ ਕੀਤਾ ਜਾਂਦਾ। ਜੇਕਰ ਸੱਚ 'ਚ ਪੰਜਾਬੀ ਨੂੰ ਪ੍ਰਫੁਲਿਤ ਕਰਨਾ ਹੈ ਤਾਂ ਸਰਕਾਰੀ ਦਫਤਰਾਂ 'ਚ ਹਰੇਕ ਕੰਮ ਪੰਜਾਬੀ 'ਚ ਲਾਜ਼ਮੀ ਹੋਣਾ ਚਾਹੀਦਾ ਹੈ।
-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।
ਕਿਵੇਂ ਹੋਈ ਤੀਆਂ ਦੀ ਸ਼ੁਰੂਆਤ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ ਡਾ. ਆਸਾ ਸਿੰਘ ਘੁੰਮਣ ਦਾ ਲੇਖ 'ਕਿਵੇ ਹੋਈ ਤੀਆਂ ਦੀ ਸ਼ੁਰੂਆਤ' ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਰਚਨਾ ਹੈ। ਡਾ. ਸਾਹਿਬ ਨੇ ਬਹੁਤ ਸਾਰੇ ਸਰੋਤਾਂ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਹੈ ਕਿ ਤੀਆਂ ਦੇ ਤਿਉਹਾਰ ਦੀ ਆਰੰਭਤਾ ਸੰਬੰਧੀ ਵਿਗਿਆਨਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ। ਵਹਿਮਾਂ-ਭਰਮਾਂ ਵਿਚ ਪੈ ਕੇ ਜਾਂ ਧਰਮ ਦੀ ਆੜ ਹੇਠ ਤੀਆਂ ਦੇ ਤਿਉਹਾਰ ਦਾ ਸੰਬੰਧ ਸ਼ਿਵ ਪਾਰਬਤੀ ਨਾਲ ਜੋੜਨਾ ਢੁਕਵਾਂ ਨਹੀਂ ਹੈ। ਲੇਖਕ ਨੇ ਇਹ ਗੱਲ ਵੀ ਦ੍ਰਿੜ੍ਹ ਕੀਤੀ ਹੈ ਕਿ ਇਹੋ ਜਿਹੇ ਸਾਂਝੀਵਾਲਤਾ ਦੇ ਤਿਉਹਾਰਾਂ ਨੂੰ ਕਿਸੇ ਇਕ ਵਿਸ਼ੇਸ਼ ਧਰਮ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਸਗੋਂ ਆਪਸੀ ਸਨੇਹ, ਭਾਈਚਾਰਕ ਸਾਂਝ ਅਤੇ ਜਵਾਨ ਕੁੜੀਆਂ ਦੀਆਂ ਸਧਰਾਂ, ਵਲਵਲੇ ਅਤੇ ਤੀਖਣ ਜਜ਼ਬੇ ਧਰਮਾਂ ਮਜ਼੍ਹਬ ਦੀਆਂ ਸੀਮਾਵਾਂ ਤੋਂ ਮੁਕਤ ਹੁੰਦੇ ਹਨ। ਜਾਣਕਾਰੀ ਭਰਪੂਰ ਲੇਖ ਛਾਪਣ 'ਤੇ ਅਦਾਰਾ ਵਧਾਈ ਦਾ ਪਾਤਰ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਸੜਕਾਂ ਦੀ ਖਸਤਾ ਹਾਲਤ
ਕੋਈ ਵੀ ਪਾਰਟੀ ਦੀ ਸਰਕਾਰ ਜਾਂ ਕਮੇਟੀ ਬਣਨ ਤੋਂ ਪਹਿਲਾਂ ਆਪਣੇ ਮੈਮੋਰੰਡਮ ਅਤੇ ਆਪਣੇ ਭਾਸ਼ਨਾਂ ਵਿਚ ਸੜਕਾਂ ਤੇ ਸਿਹਤ ਸਹੂਲਤਾਂ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ ਪਰ ਜਦੋਂ ਹੀ ਉਨ੍ਹਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੇ ਕੰਮ ਦਿਖਾਈ ਦੇਣੇ ਬੰਦ ਹੋ ਜਾਂਦੇ ਹਨ। ਮੰਡੀ ਗੋਬਿੰਦਗੜ੍ਹ ਅਤੇ ਖੰਨੇ ਦੇ ਬਿਲਕੁਲ ਵਿਚਕਾਰ ਚੰਡੀਗੜ੍ਹ ਨੂੰ ਲੱਗਦੀ ਮੁੱਖ ਸੜਕਾਂ 'ਚੋਂ ਇਕ ਜੋ ਅਲੋੜ ਪਿੰਡ (ਭਾਦਲਾ ਦਾ ਟੋਟਾ) ਕਹੀ ਜਾਣ ਵਾਲੀ ਸੜਕ ਦੀ ਹਾਲਤ ਬਿਲਕੁਲ ਖ਼ਸਤਾ ਹੋ ਗਈ ਹੈ। ਉਸ ਸੜਕ ਉੱਪਰ ਸਫ਼ਰ ਕਰਦੇ ਸਮੇਂ ਇੰਝ ਲੱਗਦਾ ਹੈ ਕਿ ਸੜਕ ਕਿਸੇ ਸਰਕਾਰ ਜਾਂ ਕਮੇਟੀ ਦੁਆਰਾ ਚੋਰੀ ਕਰ ਲਈ ਗਈ ਹੈ। ਤਕਰੀਬਨ 40 ਫੁੱਟ ਚੌੜੀ ਸੜਕ ਵਿਚ 3 ਤੋਂ 4-4 ਫੁੱਟ ਡੂੰਘੇ ਟੋਏ ਪਏ ਹੋਏ ਹਨ। ਇਸ ਸੜਕ ਉੱਪਰ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਦੇ ਮੌਸਮ ਵਿਚ ਤਾਂ ਇਥੋਂ ਸਫ਼ਰ ਕਰਨਾ ਮੌਤ ਨਾਲ ਖੇਡਣ ਦੇ ਬਰਾਬਰ ਹੈ। ਇਕ ਕਾਰ ਉਪਰ ਟਰਾਲੀ ਵਿਚ ਲੱਦਿਆ ਲੋਹਾ ਡਿੱਗ ਗਿਆ, ਜਿਸ ਵਿਚ ਕਾਰ ਚਾਲਕ ਸਵਾਰ ਨੂੰ ਸਥਾਨਕ ਲੋਕਾਂ ਵਲੋਂ ਬਹੁਤ ਮੁਸ਼ਕਿਲ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਦੇ ਥੋੜ੍ਹੇ ਸਮੇਂ ਬਾਅਦ ਹੀ ਇਕ ਹੋਰ ਟਰੱਕ ਪਲਟ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਗੁੱਸੇ ਵਿਚ ਆ ਕੇ ਧਰਨਾ ਪ੍ਰਦਰਸਨ ਕੀਤਾ ਪਰ ਕਿਸੇ ਕਮੇਟੀ ਅਤੇ ਸਰਕਾਰ ਦੇ ਕੰਨ ਉੱਪਰ ਕੋਈ ਜੂੰ ਨਾ ਸਰਕੀ। ਕੀ ਸਰਕਾਰ ਜਾਂ ਕਮੇਟੀ ਕਿਸੇ ਬਹੁਤ ਵੱਡੀ ਘਟਨਾ ਦੇ ਵਾਪਰਨ ਦੀ ਉਡੀਕ ਕਰ ਰਹੀ ਹੈ। ਫਿਰ ਹੀ ਇਸ ਦੀ ਮੁਰੰਮਤ ਸ਼ੁਰੂ ਹੋਵੇਗੀ।
-ਕਬੀਰ ਸਿੰਘ (ਖੰਨਾ)
ਮਾਤਾ ਗੁਜਰੀ ਕਾਲਜ, ਸ੍ਰੀ ਫਤਹਿਗੜ੍ਹ ਸਾਹਿਬ।