21-08-25
ਜੀਭ ਵਾਲੀ ਗੋਲੀ 'ਤੇ ਲੱਗੇ ਪੰਜਾਬੀ
ਪੰਜਾਬ 'ਚ ਨਸ਼ਿਆਂ ਤੋਂ ਖਹਿੜਾ ਛੁਡਾਉਣ ਦੇ ਚੱਕਰ 'ਚ ਜ਼ਿਆਦਾਤਰ ਪੰਜਾਬੀ ਜੀਭ ਵਾਲੀ ਗੋਲੀ ਦੀ ਚਾਟ 'ਤੇ ਲੱਗ ਗਏ ਹਨ ਅਤੇ ਆਏ ਦਿਨ ਇਹ ਗੋਲੀ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਿਸ ਕਾਰਨ ਪੰਜਾਬ ਵਿਚ ਇਹ ਮਸਲਾ ਬੜਾ ਹੀ ਗੰਭੀਰ ਹੁੰਦਾ ਜਾਪ ਰਿਹਾ ਹੈ, ਕਿਉਂਕਿ ਇਸ ਗਿਣਤੀ 'ਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਇਸ ਗੋਲੀ ਲੈਣ ਵਾਲਿਆਂ ਵਿਚ ਸ਼ਾਮਿਲ ਹੁੰਦੀਆ ਜਾ ਰਹੀਆਂ ਹਨ ਤੇ ਕਈ ਸਰਕਾਰੀ ਮੁਲਾਜ਼ਮ ਵੀ ਹਨ ਜੋ ਇਹ ਗੋਲੀ ਖਾਣ ਦੇ ਆਦੀ ਹੋ ਚੁੱਕੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਜਨਵਰੀ 'ਚ ਲੱਗਭਗ 88 ਲੱਖ ਗੋਲੀਆਂ ਦੀ ਖਪਤ ਸੀ, ਜੋ ਕਿ ਮਈ ਦੇ ਮਹੀਨੇ 'ਚ 91 ਲੱਖ ਦੇ ਕਰੀਬ ਹੋ ਗਈ ਹੈ। ਸਿਹਤ ਵਿਭਾਗ ਵਲੋਂ ਓਟ ਸੈਟਰਾਂ ਦੇ ਜ਼ਰੀਏ ਬੁਪਰੋਨੋਰਫਿਨ ਹੀ ਗੋਲੀ ਮੁਫਤ ਦਿੱਤੀ ਜਾਂਦੀ ਹੈ, ਜਿਸ ਕਾਰਨ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ 'ਤੇ ਜੀਊਣ ਲੱਗ ਗਏ ਹਨ। ਜਿਸ ਕਾਰਨ ਇਹ ਪੰਜਾਬ 'ਚ ਇਹ ਮੁਫ਼ਤ ਦੀ ਗੋਲੀ ਵਜੋਂ ਮਸ਼ਹੂਰ ਹੋ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਨ੍ਹਾਂ ਓਟ ਸੈਟਰਾਂ 'ਤੇ ਰਜਿਸਟਰਡ ਮਰੀਜ਼ਾਂ ਨੇ ਸਾਰੇ ਹੀ ਅੰਕੜੇ ਤੋੜ ਦਿੱਤੇ ਹਨ। ਆਪ ਸਰਕਾਰ ਦੇ ਪਹਿਲੇ ਵਰ੍ਹੇ 2022 ਦੌਰਾਨ ਓਟ ਕਲੀਨਿਕਾਂ ਦੇ ਮਰੀਜਾ ਦਾ ਅੰਕੜਾ 1.05 ਲੱਖ ਸੀ ਜੋ ਕਿ ਹੁਣ ਵੱਧ ਕੇ ਤਿੰਨ ਲੱਖ ਦੇ ਕਰੀਬ ਹੋ ਗਿਆ ਹੈ। ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਉਣ ਤੋਂ ਪਹਿਲਾਂ ਰਜਿਸਟਰਡ ਮਰੀਜ਼ਾਂ ਦੀ ਗਿਣਤੀ 2.25 ਲੱਖ ਤੋਂ ਵਧ ਕੇ ਤਿੰਨ ਲੱਖ ਪਹੁੰਚ ਗਈ ਹੈ। ਪੰਜਾਬ ਇਸ ਵੇਲੇ ਤਿੰਨ ਦਰਜਨ ਨਸ਼ਾ ਛੁਡਾਊ ਕੇਂਦਰ ਸਰਕਾਰੀ ਹਨ ਜਦ ਕਿ 177 ਪ੍ਰਾਈਵੇਟ ਹਨ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਰੋਕਥਾਮ ਵੱਲ ਧਿਆਨ ਦੇਕੇ ਇਸ ਵਧ ਰਹੇ ਗੰਭੀਰ ਮਸਲੇ 'ਤੇ ਵੀ ਕੋਈ ਕੰਮ ਕਰੇ।
-ਨਵਦੀਪ ਸਿੰਘ ਬੁੱਧ ਸਿੰਘ ਵਾਲਾ।
ਨੱਥੂਵਾਲਾ ਗਰਬੀ (ਮੋਗਾ)
ਜੀਵਨ ਖਾਣੀਆਂ ਸੜਕਾਂ
ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੀਆਂ ਸੜਕਾਂ ਨੇ ਛੱਪੜਾਂ ਦਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਕਿਸੇ ਪਾਸੇ ਬਰਸਾਤਾਂ ਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ। ਜੈਤੋਂ-ਬਠਿੰਡਾ ਰੋਡ ਵਾਲੀ ਸੜਕ ਬਣਦੇ ਸਾਰ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਗੋਨਿਆਣਾ ਬਾਈਪਾਸ 'ਤੇ ਪਹੁੰਚਦਿਆਂ ਤਾਂ ਪਤਾ ਹੀ ਨੀ ਲੱਗਦਾ ਕਿ ਇਥੇ ਵੀ ਕਦੇ ਸੜਕ ਹੁੰਦੀ ਸੀ। ਸਾਡੇ ਪਿੰਡ ਦੀ ਸੜਕ ਦਾ ਹਾਲ ਛੱਪੜ ਵਾਂਗ ਹੋਇਆ ਪਿਆ। ਸੜਕਾਂ 'ਤੇ ਪਏ 3-3 ਫੁੱਟ ਦੇ ਡੂੰਘੇ ਟੋਏ ਮਨੁੱਖਾਂ ਦੀਆਂ ਕੀਮਤੀ ਜ਼ਿੰਦਗੀਆਂ ਖਾ ਰਹੇ ਹਨ। ਇਧਰ ਕਿਸੇ ਦਾ ਕੋਈ ਧਿਆਨ ਨਹੀਂ ਹੈ। ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਜਾਂਦੀ ਹੈ ਕਿ ਜੇਕਰ ਸੜਕਾਂ ਬਣਾਉਣ ਲਈ ਬਹੁਤਾ ਬਜਟ ਨਹੀਂ ਹੈ ਤਾਂ ਘੱਟੋ-ਘੱਟ ਸੜਕ 'ਤੇ ਪਏ ਟੋਏ ਹੀ ਭਰ ਦਿੱਤੇ ਜਾਣ ਤਾਂ ਜੋ ਸੜਕਾਂ 'ਤੇ ਲੱਗੇ ਬੋਰਡ ਲੋਕਾਂ ਨੂੰ ਮੂੰਹ ਨਾ ਚਿੜਾਉਣ ਕਿ 'ਦੁਬਾਰਾ ਫਿਰ ਆਇਓ, ਸਾਡਾ ਸ਼ਹਿਰ ਤੁਹਾਡਾ ਧੰਨਵਾਦ ਕਰਦਾ ਹੈ।'
-ਸੁਖਵੰਤ ਸਿੰਘ ਸਿੱਧੂ
ਪਿੰਡ ਅਜਿਤ ਗਿੱਲ (ਜੈਤੋ)