JALANDHAR WEATHER

22-08-25

 ਸਿੱਖਣਾ
ਮਨੋਵਿਗਿਆਨ ਵਿਸ਼ੇ ਦੇ ਵਿਗਿਆਨਕ ਢੰਗ ਦੇ ਅਨੁਸਾਰ ਸਿੱਖਣਾ ਵਿਵਹਾਰ ਵਿਚ ਪਰਿਵਰਤਨ ਨੂੰ ਕਿਹਾ ਜਾਂਦਾ ਹੈ। ਪਰੰਤੂ ਸਭ ਤਰ੍ਹਾਂ ਦੇ ਵਿਵਹਾਰ ਵਿਚ ਹੋਏ ਪਰਿਵਰਤਨਾਂ ਨੂੰ ਸਿੱਖਣਾ ਨਹੀਂ ਕਿਹਾ ਜਾਂਦਾ, ਕਿਉਂਕਿ ਕੁਝ ਪਰਿਵਰਤਨ ਥਕਾਵਟ, ਦਵਾਈ ਖਾਣ ਨਾਲ ਅਤੇ ਪਰਪੱਕਤਾ ਆਦਿ ਦੇ ਕਾਰਨ ਵੀ ਹੁੰਦੇ ਹਨ। ਮਨੋਵਿਗਿਆਨਕ ਭਾਸ਼ਾ ਵਿਚ ਮਨੁੱਖੀ ਵਿਵਹਾਰ ਵਿਚ ਜਿਹੜੇ ਪਰਿਵਰਤਨ ਅਭਿਆਸ ਅਤੇ ਅਨੁਭਵ ਦੇ ਸਿੱਟੇ ਵਜੋਂ ਹੁੰਦੇ ਹਨ ਉਨ੍ਹਾਂ ਨੂੰ ਸਿੱਖਣਾ ਕਿਹਾ ਜਾਂਦਾ ਹੈ। ਇਸ ਪਰਿਵਰਤਨ ਦਾ ਉਦੇਸ਼ ਵਾਤਾਵਰਨ ਦੇ ਅਨੁਸਾਰ ਸਮਾਯੋਜਨ ਜਾਂ ਅਨੁਕੂਲਣ ਕਰਨਾ ਹੁੰਦਾ ਹੈ। ਸਿੱਖਣਾ ਇਕ ਮਾਨਸਿਕ ਪ੍ਰਕਿਰਿਆ ਹੈ, ਜਿਹੜੀ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਰਹਿੰਦੀ ਹੈ। ਸੀਮਤ, ਛੋਟੇ ਤੇ ਆਮ ਸ਼ਬਦਾਂ ਵਿਚ ਸਿੱਖਣ ਤੋਂ ਮਤਲਬ ਸਿਰਫ਼ ਗਿਆਨ ਪ੍ਰਾਪਤੀ ਲਈ ਪੜ੍ਹੀਆਂ ਜਾਂਦੀਆਂ ਕਿਤਾਬਾਂ ਤੋਂ ਹੁੰਦਾ ਹੈ, ਪਰੰਤੂ ਵਿਸ਼ਾਲ ਅਰਥਾ ਵਿਚ ਅਸੀਂ ਘਰ, ਸਕੂਲ, ਸੜਕ ਅਤੇ ਹਰ ਸਮੇਂ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂ। ਮਨੁੱਖ ਨੂੰ ਪ੍ਰਾਪਤ ਹੋਈਆਂ ਜਮਾਂਦਰੂ ਕਿਰਿਆਵਾਂ ਨੂੰ ਵੀ ਸਿੱਖਣਾ ਨਹੀਂ ਕਿਹਾ ਜਾਂਦਾ। ਸੰਖੇਪ ਵਿਚ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਤਜਰਬਿਆਂ ਤੋਂ ਲਾਭ ਉਠਾ ਕੇ ਵਿਵਹਾਰ ਵਿਚ ਕੀਤੇ ਪਰਿਵਰਤਨ ਨੂੰ ਸਿੱਖਣਾ ਕਹਿੰਦੇ ਹਨ।

-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, (ਹੁਸ਼ਿਆਰਪੁਰ)।

ਦਹੇਜ ਸਮਾਜ 'ਤੇ ਇਕ ਵੱਡਾ ਕਲੰਕ

ਦਾਜ ਵਿਰੋਧੀ ਕਾਨੂੰਨ ਹੋਣ ਦੇ ਬਾਵਜੂਦ ਇਹ ਦਾਜ ਲੈਣ-ਦੇਣ ਨੂੰ ਰੋਕਣ ਵਿਚ ਨਾਕਾਮ ਹੀ ਰਿਹਾ ਹੈ। ਦਾਜ ਇਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਣ ਪੂਰੇ ਭਾਰਤ ਵਿਚ ਹੀ ਹੈ। ਸਮਾਜ ਦੀ ਤਰੱਕੀ ਤੇ ਆਧੁਨਿਕਤਾ ਨਾਲ ਇਸ ਕੁਰੀਤੀ 'ਚ ਘਟਣ ਦੀ ਥਾਂ ਵਾਧਾ ਹੀ ਹੋਇਆ ਹੈ। ਕਿੰਨੇ ਹੀ ਮਾਂ-ਬਾਪ ਹਨ ਜੋ ਆਪਣੀ ਧੀ ਦੇ ਵਿਆਹ ਲਈ ਲਿਆ ਹੋਇਆ ਕਰਜ਼ਾ ਉਤਾਰਦੇ ਹੀ ਮਰ ਜਾਂਦੇ ਹਨ ਤੇ ਕਿੰਨੇ ਹੀ ਪਿਓ ਇਸ ਘੁਟਣ ਨਾਲ ਰੋਜ਼ ਹੀ ਜੀਅ ਰਹੇ ਹਨ ਤੇ ਕਿੰਨੀਆਂ ਹੀ ਧੀਆਂ ਦਾਜ ਨਾ ਦੇ ਪਾਉਣ ਕਾਰਨ ਕੁਆਰੀਆਂ ਹੀ ਰਹਿ ਜਾਂਦੀਆਂ ਹਨ। ਇਸ ਮਸਲੇ ਦੇ ਹਲ ਲਈ ਸਮਾਜਿਕ ਜਾਗਰੂਕਤਾ ਦੀ ਜ਼ਰੂਰਤ ਹੈ। ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਅੱਗੇ ਆਉਣ ਚਾਹੀਦਾ ਹੈ। ਜੇਕਰ ਅੱਜ ਦੀ ਪੀੜ੍ਹੀ ਹੀ ਦਹੇਜ ਦਾ ਬਾਈਕਾਟ ਕਰ ਦੇਵੇ ਤਾਂ ਇਹ ਕੁਰੀਤੀ ਆਪਣੇ-ਆਪ ਹੀ ਬੰਦ ਹੋ ਜਾਵੇਗੀ। ਮੁੰਡਿਆਂ ਨੂੰ ਆਪਣਾ ਜੀਵਨ ਸਾਥੀ ਚੁਣਨ ਵੇਲੇ ਉਸ ਦੇ ਗੁਣਾਂ ਨੂੰ ਵੇਖਣਾ ਚਾਹੀਦਾ ਹੈ ਨਾ ਕਿ ਉਸ ਦੇ ਪਿਓ ਦੇ ਪੈਸਿਆਂ ਨੂੰ।

-ਗੌਰਵ ਮੁੰਜਾਲ
ਪੀ.ਸੀ.ਐਸ.।

ਬੂਟੇ ਲਾਉਣੇ ਜ਼ਰੂਰੀ

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹਨ। ਹਰੇਕ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਬੂਟੇ ਲਗਾ ਕੇ, ਉਨ੍ਹਾਂ ਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ। ਬੂਟੇ ਅਸੀਂ ਘਰ ਵਿਚ, ਪਾਰਕ ਵਿਚ, ਸਕੂਲ ਵਿਚ ਜਾਂ ਸਾਂਝੀਆਂ ਥਾਵਾਂ 'ਤੇ ਲਗਾ ਸਕਦੇ ਹਾਂ। ਮੈਂ ਆਪਣੇ ਹੱਥੀਂ ਪੰਜ ਦਰੱਖ਼ਤ ਲਗਾ ਚੁੱਕਾ ਹਾਂ। ਇਕ ਤ੍ਰਵੈਣੀ ਵੀ ਭਾਵ ਬੋੜ੍ਹ, ਨਿੰਮ, ਪਿੱਪਲ ਇਕੱਠੇ ਲਗਾਏ ਹਨ। ਜਿਨ੍ਹਾਂ ਦੀ ਉਮਰ 7-8 ਸਾਲ ਹੋ ਚੁੱਕੀ ਹੈ।
ਸੜਕਾਂ ਦਾ ਵਾਧਾ ਹੋਣ ਕਾਰਨ ਦਰੱਖ਼ਤ ਜ਼ਿਆਦਾ ਗਿਣਤੀ ਵਿਚ ਕੱਟੇ ਗਏ ਹਨ। ਪਰ ਅਸੀਂ ਬਰਾਬਰ ਗਿਣਤੀ ਵਿਚ ਦਰੱਖ਼ਤ ਨਹੀਂ ਲਗਾ ਸਕੇ। ਧਾਰਮਿਕ ਸੰਸਥਾਵਾਂ, ਸਭਾਵਾਂ, ਸੁਸਾਇਟੀਆਂ ਨੂੰ ਇਹ ਸੇਵਾ ਕਰਨੀ ਚਾਹੀਦੀ ਹੈ। ਇਹ ਸਾਨੂੰ ਆਕਸੀਜਨ ਦਿੰਦੇ ਹਨ, ਜੋ ਸਾਹ ਲੈਣ ਲਈ ਸਾਡੇ ਕੰਮ ਆਉਂਦੀ ਹੈ। ਇਹ ਛਾਂ ਦਿੰਦੇ ਹਨ, ਹਰਿਆਵਲ ਦਿੰਦੇ ਹਨ, ਦਵਾਈਆਂ, ਫਲ, ਫੁੱਲ ਦਿੰਦੇ ਹਨ। ਪੰਛੀਆਂ ਦਾ ਰੈਣ ਬਸੇਰਾ ਇਨ੍ਹਾਂ ਦਰੱਖ਼ਤਾਂ 'ਤੇ ਹੀ ਹੁੰਦਾ ਹੈ। ਬਾਲਣ ਦਿੰਦੇ ਹਨ। ਵਰਖਾ ਲਿਆਉਣ ਵਿਚ ਸਹਾਈ ਹੁੰਦੇ ਹਨ। ਅੱਜ ਦੇ ਸਮੇਂ ਵਿਚ ਸਭ ਤੋਂ ਵੱਡਾ ਪੁੰਨ ਦਾ ਕੰਮ ਦਰੱਖ਼ਤ ਲਗਾਉਣਾ ਹੈ।

-ਜੋਗਿੰਦਰ ਸਿੰਘ ਲੋਹਾਮ
ਨੈਸ਼ਨਲ ਅਵਾਰਡੀ, ਮੋਗਾ।

ਲਾਵਾਰਸ ਕੁੱਤਿਆਂ ਦਾ ਖ਼ੌਫ਼

ਪੰਜਾਬ ਵਿਚ ਲਾਵਾਰਸ ਕੁੱਤਿਆਂ ਦਾ ਖ਼ੌਫ਼ ਇੰਨਾ ਵਧ ਗਿਆ ਹੈ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਲਾਵਾਰਸ ਕੁੱਤਿਆਂ ਦੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਲਾਵਾਰਸ ਕੁੱਤੇ ਰਾਹ ਜਾਂਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜੇਕਰ ਕੋਈ ਵਿਅਕਤੀ ਮੋਟਰਸਾਈਕਲ ਜਾਂ ਸਕੂਟਰ 'ਤੇ ਜਾਂਦਾ ਹੈ ਤਾਂ ਕੁੱਤੇ ਉਨ੍ਹਾਂ ਦੇ ਪਿੱਛੇ ਭੱਜਦੇ ਹਨ ਤੇ ਕਈ ਵਾਰ ਤਾਂ ਵੱਢ ਵੀ ਦਿੰਦੇ ਹਨ। ਲਾਵਾਰਸ ਕੁੱਤਿਆਂ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰਾਂ ਨੂੰ ਕੁਝ ਠੋਸ ਕਦਮ ਚੁੱਕ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।

-ਲਵਪ੍ਰੀਤ ਕੌਰ

ਨੇਕ ਤੇ ਦ੍ਰਿੜ੍ਹ ਇਰਾਦੇ ਨਾਲ ਕੰਮ ਕਰੋ

ਸਿਆਣੇ ਆਖਦੇ ਨੇ ਮਰਦਾਂ ਦੀ ਹਿੰਮਤ ਅੱਗੇ ਤਾਂ ਪਰਬਤ ਨਿਉਂ ਜਾਇਆ ਕਰਦੇ ਨੇ। ਇਸ ਲਈ ਜੇ ਤੁਹਾਡਾ ਇਰਾਦਾ ਤੇ ਹਿੰਮਤ ਨੇਕ ਤੇ ਦ੍ਰਿੜ੍ਹ ਹੈ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਡੇ ਅੱਗੇ ਨਹੀਂ ਟਿਕ ਸਕਦੀ। ਕਦੇ ਵੀ ਮਰੇ ਮਨ ਜਾਂ ਡਿਕ ਡੋਲੇ ਖਾਂਦੇ ਚਿੱਤ ਨਾਲ ਕੋਈ ਕੰਮ ਨਾ ਕਰੋ। ਕਿਉਂਕਿ ਉਹ ਤੁਹਾਡੇ ਇਰਾਦੇ ਨੂੰ ਨਾ ਕੇਵਲ ਕਮਜ਼ੋਰ ਕਰਦਾ ਹੈ ਸਗੋਂ ਤੁਹਾਡੀ ਸਫ਼ਲਤਾ ਨੂੰ ਵੀ ਸ਼ੱਕੀ ਬਣਾਉਂਦਾ ਹੈ। ਇਸ ਲਈ ਸਦਾ ਨੇਕ ਤੇ ਦ੍ਰਿੜ੍ਹ ਇਰਾਦੇ ਨਾਲ ਕੰਮ ਕਰੋ। ਉਹ ਤੁਹਾਡੀ ਕਾਮਯਾਬੀ ਨੂੰ ਯਕੀਨੀ ਬਣਾਉਂਦਾ ਹੈ।

-ਲੈਕਚਰਾਰ ਅਜੀਤ ਖੰਨਾ
ਐੱਮ.ਏ.ਐਮ.ਫਿਲ. ਐੱਮ.ਜੀ.ਐੱਮ.ਸੀ.ਬੀ.ਐਡ