JALANDHAR WEATHER

26-08-25

 ਬੱਚਿਆਂ ਵਿਚ ਖੇਡਾਂ ਪ੍ਰਤੀ ਜਾਗਰੂਕਤਾ
ਸਿੱਖਿਆ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਵਿਚ ਮਾਨਸਿਕ, ਬੌਧਿਕ ਅਤੇ ਸਰੀਰਕ ਵਿਕਾਸ ਵੀ ਸ਼ਾਮਿਲ ਹੁੰਦਾ ਹੈ। ਚੰਗਾ ਸਕੂਲ ਉਹ ਹੀ ਮੰਨਿਆ ਜਾਂਦਾ ਹੈ ਜਿੱਥੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦਾ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਖੇਡਾਂ ਬੱਚਿਆਂ ਨੂੰ ਸਰੀਰਿਕ ਪੱਖੋਂ ਸੁਡੌਲ, ਸਿਹਤਮੰਦ ਅਤੇ ਫੁਰਤੀਲਾ ਬਣਾਉਂਦੀਆਂ ਹਨ। ਜਦੋਂ ਕੋਈ ਨਵਾਂ ਸਕੂਲ ਖੁੱਲ੍ਹਦਾ ਹੈ ਤਦ ਉਸ ਨੂੰ ਮਾਨਤਾ ਦੇਣ ਦੀਆਂ ਸ਼ਰਤਾਂ ਵਿਚ ਇਹ ਵੀ ਜ਼ਰੂਰ ਹੋਵੇ ਕਿ ਉੱਥੇ ਖੇਡਾਂ ਦਾ ਚੰਗਾ ਪ੍ਰਬੰਧ ਹੋਵੇ। ਖੇਡਾਂ ਬੱਚਿਆਂ ਵਿਚ ਅਨੁਸ਼ਾਸਨ ਪੈਦਾ ਕਰਦੀਆਂ ਹਨ। ਇਕ ਟੀਮ ਦੇ ਰੂਪ ਵਿਚ ਮਿਲ ਕੇ ਕੰਮ ਕਰਨ ਦੀ ਜਾਚ ਪੈਦਾ ਕਰਦੀਆਂ ਹਨ। ਖੇਡਾਂ ਖੇਡਣ ਨਾਲ ਬੱਚੇ ਤਣਾਅ ਮੁਕਤ ਰਹਿੰਦੇ ਹਨ। ਖੇਡਾਂ ਖਿਡਾਰੀਆਂ ਅੰਦਰ ਇਕਾਗਰਤਾ ਪੈਦਾ ਕਰਦੀਆਂ ਹਨ। ਖੇਡ ਖੇਡਦਿਆਂ ਉਨ੍ਹਾਂ ਦੀ ਸਿਰਫ਼ ਸਰੀਰਕ ਸ਼ਕਤੀ ਦੀ ਵਰਤੋਂ ਨਹੀਂ ਹੁੰਦੀ, ਸਗੋਂ ਦਿਮਾਗੀ ਸ਼ਕਤੀ ਵੀ ਲੱਗਦੀ ਹੈ। ਉਨ੍ਹਾਂ ਅੰਦਰ ਸਹਿਣਸ਼ੀਲਤਾ ਸ਼ਕਤੀ ਪੈਦਾ ਹੁੰਦੀ ਹੈ। ਅੱਜ ਦੀ ਸਿੱਖਿਆ ਖੇਡ ਬਿਨਾਂ ਅਧੂਰੀ ਹੈ। ਉਹ ਮਾਪੇ ਬਹੁਤ ਕਿਸਮਤ ਵਾਲੇ ਹਨ ਜਿਨ੍ਹਾਂ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਰੱਖਦੇ ਹਨ। ਅਜਿਹੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਲਈ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ।

-ਸੰਗੀਤਾ (ਈ.ਟੀ.ਟੀ.)
ਜ਼ਿਲਾ ਫ਼ਤਹਿਗੜ੍ਹ ਸਾਹਿਬ।

ਭਰਤੀ ਪ੍ਰਕਿਰਿਆ 'ਚ ਧੋਖਾਧੜੀ
ਮੈਂ ਤੁਹਾਡੇ ਅਖਬਾਰ ਰਾਹੀਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਵਿਚ ਹੋ ਰਹੀਆਂ ਧੋਖਾਧੜੀਆਂ ਅਤੇ ਅਨਿਯਮਿਤਤਾਵਾਂ ਵੱਲ ਧਿਆਨ ਦਿਵਾਉਣਾ ਚਾਹੁੰਦੀ ਹਾਂ। 1158 ਪੋਸਟਾਂ ਵਾਲਾ ਮਾਮਲਾ ਇਸ ਗੱਲ ਦਾ ਤਾਜ਼ਾ ਉਦਾਹਰਨ ਹੈ ਜਿਸ ਨਾਲ ਸੈਂਕੜੇ ਨੌਜਵਾਨਾਂ ਦੀਆਂ ਉਮੀਦਾਂ ਤੇ ਭਰੋਸੇ ਦੋਹਾਂ ਨੂੰ ਝਟਕਾ ਲੱਗਿਆ ਹੈ। ਨੌਜਵਾਨਾਂ ਦੀ ਮਿਹਨਤ ਅਤੇ ਭਵਿੱਖ ਨਾਲ ਖਿਲਵਾੜ ਬਿਲਕੁਲ ਬਰਦਾਸ਼ਤਯੋਗ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਹੋਰ ਨੌਜਵਾਨ ਨਿਆਂ ਤੋਂ ਵਾਂਝਾ ਨਾ ਰਹੇ।

-ਮੰਜੂ ਰਾਇਕਾ (ਬੀ ਏ)
ਰਣਬੀਰ ਕਾਲਜ ਸੰਗਰੂਰ।

ਬਾਰਿਸ਼ਾਂ ਅਤੇ ਛੱਪੜ
ਕਈ ਸਾਲ ਪਹਿਲਾਂ ਬਾਰਿਸ਼ਾਂ ਹੋਣ ਕਾਰਨ ਪਿੰਡਾਂ ਦੇ ਛੱਪੜ ਨੱਕੋ-ਨੱਕ ਭਰ ਜਾਂਦੇ ਸਨ। ਜਿਸ ਵਿਚ ਲੋਕ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਨਹਾਉਂਦੇ ਹੁੰਦੇ ਸਨ ਅਤੇ ਛੱਪੜਾਂ 'ਚੋਂ ਮਿੱਟੀ ਕੱਢ ਕੇ ਆਪਣੇ ਕੱਚੇ ਕੋਠੇ, ਕੰਧਾਂ ਤੇ ਵਿਹੜੇ ਲਿੱਪਦੇ ਪੋਚਦੇ ਹੁੰਦੇ ਸਨ। ਘਰਾਂ ਵਿਚ ਲੱਗੇ ਨਲਕਿਆਂ ਦਾ ਸਾਫ਼ ਸੁਥਰਾ ਪਾਣੀ ਨਾਲੀਆਂ ਰਾਹੀਂ ਛੱਪੜਾਂ 'ਚ ਪੈਂਦਾ ਸੀ। ਹੁਣ ਬਾਰਿਸ਼ਾਂ ਘਟ ਗਈਆਂ ਹਨ ਅਤੇ ਪਿੰਡਾਂ ਦੀ ਆਬਾਦੀ ਵੀ ਵਧ ਗਈ ਹੈ ਤੇ ਛੱਪੜਾਂ 'ਚ ਗੰਦਾ ਪਾਣੀ ਪੈਣ ਅਤੇ ਕੂੜਾ ਕਰਕਟ ਸੁੱਟਣ ਕਾਰਨ ਛੱਪੜ ਪੂਰੇ ਜਾ ਰਹੇ ਹਨ ਅਤੇ ਲੋਕਾਂ ਵਲੋਂ ਛੱਪੜਾਂ ਵਾਲੀ ਜਗ੍ਹਾ 'ਤੇ ਹੌਲੀ-ਹੌਲੀ ਨਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਛੱਪੜਾਂ ਦੀ ਹੋਂਦ ਮੁੱਕਣ ਕਿਨਾਰੇ ਹੈ। ਪਿਛਲੇ ਸਾਲਾਂ ਦੌਰਾਨ ਤੰਦਰੁਸਤ ਮਿਸ਼ਨ ਤਹਿਤ ਸਰਕਾਰ ਵਲੋਂ ਛੱਪੜਾਂ ਦੀ ਸਾਫ਼-ਸਫ਼ਾਈ ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਵਿਆਪਕ ਮੁਹਿੰਮ ਚਲਾਈ ਗਈ ਸੀ। ਪਰ ਉਸ ਨੂੰ ਕੋਈ ਬਹੁਤਾ ਬੂਰ ਨਹੀਂ ਪਿਆ ਜਾਪਦਾ।
ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ 'ਤੇ ਛੱਪੜਾਂ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਜੋ ਛੱਪੜ ਗੰਦਗੀ ਦਾ ਰੂਪ ਧਾਰ ਚੁੱਕੇ ਹਨ ਉਨ੍ਹਾਂ ਦੀ ਸਾਫ਼ ਸਫਾਈ ਕਰਵਾ ਕੇ ਉੱਥੇ ਸੁੰਦਰ ਬਗੀਚੇ, ਪਾਰਕ ਆਦਿ ਬਣਾਏ ਜਾਣ। ਇਸ ਨਾਲ ਜਿੱਥੇ ਛੱਪੜਾਂ ਵਾਲੀ ਜਗ੍ਹਾ ਦੀ ਹੋਂਦ ਬਚੀ ਰਹੇਗੀ। ਆਪਸੀ ਰੰਜਿਸ਼ਾਂ ਘਟਣਗੀਆਂ। ਉਥੇ ਹੀ ਵਾਤਾਵਰਨ ਵੀ ਸਾਫ਼-ਸੁਥਰਾ ਹੋਵੇਗਾ ਅਤੇ ਗੰਦਗੀ ਤੇ ਬਿਮਾਰੀਆਂ ਤੋਂ ਵੀ ਨਿਜਾਤ ਮਿਲੇਗੀ।

-ਗੌਰਵ ਮੁੰਜਾਲ
ਪੀ.ਸੀ.ਐਸ.

ਸ਼ਲਾਘਾਯੋਗ ਪਹਿਲ
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਨੇੜੇ ਇਕ ਪ੍ਰਾਈਵੇਟ ਸਕੂਲ ਦੁਆਰਾ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਨਾਲ ਜੋੜਨ ਦੇ ਸੰਬੰਧੀ ਇਕ ਅਨੋਖੀ ਪਹਿਲ ਕੀਤੀ ਹੈ। ਜਿਸ ਤਹਿਤ ਬੱਚਿਆਂ ਦਾ ਪਹਿਲਾਂ ਪੀਰੀਅਡ ਅਖ਼ਬਾਰ ਪੜ੍ਹਨ ਨਾਲ ਸ਼ੁਰੂ ਹੁੰਦਾ ਹੈ। ਅੱਜਕੱਲ੍ਹ ਦੇ ਸਕੂਲੀ ਬੱਚਿਆਂ ਵਿਚ ਅਖ਼ਬਾਰ ਪੜ੍ਹਨ ਦਾ ਬਿਲਕੁਲ ਵੀ ਰੁਝਾਨ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਮੋਬਾਈਲ, ਲੈਪਟਾਪ ਤੋਂ ਹੀ ਵਿਹਲ ਨਹੀਂ। ਇਸ ਸਥਿਤੀ ਵਿਚ ਇਸ ਸਕੂਲ ਦੀ ਪਹਿਲ ਕਾਬਿਲੇ ਤਰੀਫ ਹੈ।
ਅਖ਼ਬਾਰ ਪੜ੍ਹਨ ਨਾਲ ਬੱਚੇ ਦੀ ਜਾਣਕਾਰੀ ਦੇ ਵਾਧੇ ਦੇ ਨਾਲ, ਭਾਸ਼ਾ ਤੇ ਸ਼ਬਦਾਵਲੀ ਦਾ ਵਿਕਾਸ, ਸੋਚਣ ਤੇ ਵਿਸ਼ਲੇਸ਼ਣਾਤਮਿਕ ਰਵੱਈਏ ਦਾ ਵਿਕਾਸ, ਕਰੀਅਰ ਸੇਧ ਅਤੇ ਆਤਮਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ। ਸਕੂਲ ਦੀ ਇਸ ਪਹਿਲ ਦਾ ਮਕਸਦ ਬੱਚਿਆਂ ਨੂੰ ਮੋਬਾਈਲ ਦਾ ਆਦੀ ਬਣਨ ਤੋਂ ਬਚਾਉਣਾ ਅਤੇ ਅਖ਼ਬਾਰ ਪੜ੍ਹਨ ਦੀ ਆਦਤ ਅਪਣਾਉਣਾ ਹੈ। ਰਿਪੋਰਟ ਅਨੁਸਾਰ ਬੱਚੇ ਅਖ਼ਬਾਰ ਪੜ੍ਹਨ ਤੋਂ ਬਾਅਦ ਉਤਸ਼ਾਹਿਤ ਨਜ਼ਰ ਆਏ। ਬੱਚਿਆਂ ਨੇ ਦੇਸ਼ ਦੁਨੀਆ ਦੀਆਂ ਖ਼ਬਰਾਂ ਤੋਂ ਇਲਾਵਾ ਰਾਜਨੀਤੀ, ਟੈਕਨਾਲੋਜੀ ਅਤੇ ਸਮਾਜਿਕ ਲੇਖਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ।
ਨਿਸ਼ਚਤ ਹੀ ਜੇਕਰ ਬੱਚੇ ਛੋਟੀਆਂ ਕਲਾਸਾਂ ਵਿਚ ਅਖ਼ਬਾਰ ਤੋਂ ਨੈਤਿਕ ਸਿੱਖਿਆ ਪ੍ਰਾਪਤ ਕਰਨਗੇ ਤਾਂ ਉਨ੍ਹਾਂ ਵਿਚ ਸਮਾਜਿਕ ਮੁੱਲਾਂ ਦਾ ਵਿਕਾਸ ਹੋਵੇਗਾ, ਜਿਸ ਦੀ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਜ਼ਰੂਰਤ ਹੈ। ਛੱਤੀਸਗੜ੍ਹ ਦੇ ਇਸ ਸਕੂਲ ਪ੍ਰਬੰਧਕਾਂ ਦੇ ਇਸ ਕਦਮ ਦੀ ਜਿੰਨੀ ਜ਼ਿਆਦਾ ਤਾਰੀਫ਼ ਕੀਤੀ ਜਾਵੇ, ਘੱਟ ਹੈ। ਬਾਕੀ ਰਾਜਾਂ ਨੂੰ ਵੀ ਇਸ ਪਹਿਲ ਨੂੰ ਅਪਣਾਉਣਾ ਚਾਹੀਦਾ ਹੈ। ਜਿਸ ਨਾਲ ਬੱਚਿਆਂ ਵਿਚ ਅਖ਼ਬਾਰ ਪੜ੍ਹਨ ਦੀ ਆਦਤ ਵਿਕਸਤ ਹੋ ਜਾਵੇ।

-ਚਰਨਜੀਤ ਸਿੰਘ ਮੁਕਤਸਰ,
ਸ.ਪ੍ਰ.ਸ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।