27-08-25
ਧਾਰਮਿਕ ਆਜ਼ਾਦੀ 'ਤੇ ਚੋਟ
ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿਚ ਅਕਸਰ ਘੱਟ ਗਿਣਤੀ ਧਰਮਾਂ ਨਾਲ ਸੰਬੰਧਿਤ ਵਿਅਕਤੀਆਂ ਨਾਲ ਵਿਤਕਰੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ ਵਿਚ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਦੌਰਾਨ ਇੱਕ ਅੰਮ੍ਰਿਤਧਾਰੀ ਸਿੱਖ ਉਮੀਦਵਾਰ ਨੂੰ ਕੇਵਲ ਆਪਣੀ ਧਾਰਮਿਕ ਪਛਾਣ ਦੇ ਚਿੰਨ੍ਹ ਕੜਾ ਅਤੇ ਕਿਰਪਾਨ ਪਹਿਨਣ ਕਰਕੇ ਪ੍ਰੀਖਿਆ ਹਾਲ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਹ ਕੋਈ ਨਵੀਂ ਘਟਨਾ ਨਹੀਂ, ਪਿਛਲੇ ਸਾਲ ਵੀ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਭਰਤੀ ਦੌਰਾਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇਸ ਸਾਲ ਵੀ ਸਿੱਖ ਉਮੀਦਵਾਰ ਨੂੰ ਉਸ ਦੀ ਧਾਰਮਿਕ ਪਹਿਚਾਣ ਕਾਰਨ ਪ੍ਰੀਖਿਆ ਵਿਚ ਸ਼ਾਮਿਲ ਹੋਣ ਤੋਂ ਰੋਕ ਕੇ ਵਾਂਝਿਆ ਰੱਖਿਆ ਗਿਆ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਗਈ ਸੀ। ਭਾਰਤੀ ਸੰਵਿਧਾਨ ਦੀ ਧਾਰਾ 25 ਹਰ ਨਾਗਰਿਕ ਨੂੰ ਆਪਣਾ ਧਰਮ ਮੰਨਣ ਅਤੇ ਇਸ ਦੀ ਪਾਲਣਾ ਕਰਨ ਦੀ ਪੂਰਨ ਆਜ਼ਾਦੀ ਦਿੰਦੀ ਹੈ। ਪਰ ਇਸ ਮਾਮਲੇ ਵਿਚ ਨਾ ਸਿਰਫ਼ ਸੰਵਿਧਾਨ ਦੀ ਉਲੰਘਣਾ ਹੋਈ, ਸਗੋਂ ਸਿੱਖ ਪਹਿਚਾਣ ਨੂੰ ਵੀ ਚੁਣੌਤੀ ਦਿੱਤੀ ਗਈ। ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜੋ ਪੂਰੀ ਤਰ੍ਹਾਂ ਜਾਇਜ਼ ਹੈ। ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਪੱਸ਼ਟ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
-ਹਰਜਸਪ੍ਰੀਤ ਕੌਰ (ਵਿਦਿਆਰਥਣ)
ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਿਦਿਆਰਥੀ ਅਤੇ ਅਨੁਸ਼ਾਸਨ
ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਜਿੰਦ-ਜਾਨ ਹੁੰਦਾ ਹੈ। ਅਨੁਸ਼ਾਸਨ ਦਾ ਅਰਥ ਹੈ 'ਖੁਦ ਨੂੰ ਸ਼ਾਸਿਤ ਕਰਨਾ'। ਸੋਚੋ ਜੇਕਰ ਕੋਈ ਨਿਯਮ ਨਾ ਹੋਵੇ ਤਾਂ ਕਿਵੇਂ ਹੋਵੇਗਾ। ਨਾ ਉੱਠਣ ਦਾ ਸਮਾਂ ਹੋਵੇ, ਨਾ ਖਾਣ-ਪੀਣ ਦਾ ਸਮਾਂ, ਨਾ ਪੜ੍ਹਨ ਦਾ ਸਮਾਂ, ਨਾ ਸੌਣ ਦਾ ਸਮਾਂ। ਸਕੂਲ ਵਿਚ ਅਧਿਆਪਕ, ਵਿਦਿਆਰਥੀ ਅਤੇ ਵਿੱਦਿਆ ਤਿੰਨ ਜ਼ਰੂਰੀ ਪੱਖ ਹਨ। ਸੰਸਥਾ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਉੱਥੇ ਮੌਜੂਦ ਵਿਦਿਆਰਥੀਆਂ ਵਿਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ। ਅਜੋਕੇ ਸਮੇਂ ਵਿਚ ਅਨੁਸ਼ਾਸਨ ਭੰਗ ਹੋਣ ਦੀਆਂ ਸਮੱਸਿਆਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਜੋ ਕਿ ਇੱਕ ਗੰਭੀਰ ਮਸਲਾ ਹੈ। ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ 'ਬਾਹਰੋਂ ਰਸਮੀ ਤੌਰ 'ਤੇ ਲਾਗੂ ਕੀਤਾ ਗਿਆ ਅਨੁਸ਼ਾਸਨ' ਅਤੇ 'ਅੰਦਰੋਂ ਆਪ ਨਿਯਮਾਂ ਦੀ ਪਾਲਣਾ ਕਰਨ ਵਾਲਾ ਸਵੈ ਅਨੁਸ਼ਾਸਨ।'ਕਿਸੇ ਸੰਸਥਾ ਵਲੋਂ ਲਾਗੂ ਕੀਤਾ ਅਨੁਸ਼ਾਸਨ ਪਹਿਲੀ ਕਿਸਮ ਵਿਚ ਆਉਂਦਾ ਹੈ ਇਸਦੀ ਪਾਲਣਾ ਕਰਨਾ ਵਿਦਿਆਰਥੀ ਲਈ ਜ਼ਰੂਰੀ ਇਸ ਲਈ ਹੁੰਦਾ ਹੈ ਕਿਉਂਕਿ ਉਹ ਉਸ ਸੰਸਥਾ ਦਾ ਵਿਦਿਆਰਥੀ ਹੁੰਦਾ ਹੈ ਅਤੇ ਇਸ ਦੀ ਉਲੰਘਣਾ ਉਸ ਨੂੰ ਨਿਯਮਾਂ ਦਾ ਦੋਸ਼ੀ ਬਣਾਉਂਦੀ ਹੈ। ਦੂਜੀ ਕਿਸਮ ਦਾ ਅਨੁਸ਼ਾਸਨ ਸਵੈ ਅਨੁਸ਼ਾਸਨ ਹੁੰਦਾ ਹੈ ਜੋ ਵਿਅਕਤੀ ਦੇ ਅੰਦਰੋਂ ਆਪ ਪੈਦਾ ਹੁੰਦਾ ਹੈ ਅਤੇ ਉਸਦਾ ਮਨ ਕਰਦਾ ਹੈ ਕਿ ਉਹ ਸਭ ਕੁਝ ਨਿਯਮਾਂ ਅਨੁਸਾਰ ਕਰੇ।
-ਅਮਨਦੀਪ ਸਿੰਘ
ਹੈੱਡ ਮਾਸਟਰ, ਸ ਹ ਸ ਬੁੱਗਾ ਕਲਾਂ
ਟਰੰਪ ਦੇ ਬਿਆਨ ਦੀ ਸਾਰੇ ਨਿੰਦਾ ਕਰਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ (ਰੂਸ ਦੇ ਨਾਲ) ਨੂੰ 'ਮ੍ਰਿਤਕ ਅਰਥਵਿਵਸਥਾ' ਦੱਸਣਾ ਸਿਰਫ਼ ਇਕ ਬੇਤੁਕਾ ਬਿਆਨ ਹੈ।ਇਹ ਤੱਥ ਕਿ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਗਤੀ ਨਾਲ ਵਧ ਰਹੀ ਅਰਥਵਿਵਸਥਾ ਹੈ, ਟਰੰਪ ਦੇ ਇਸ ਭ੍ਰਾਮਕ ਬਿਆਨ ਨੂੰ ਝੂਠਾ ਸਾਬਤ ਕਰਨ ਲਈ ਕਾਫ਼ੀ ਹੈ।ਬੇਸ਼ੱਕ, ਅਜਿਹੇ ਭੜਕਾਊ ਸੁਰ ਭਾਰਤ ਨੂੰਖੇਤੀਬਾੜੀ ਅਤੇ ਡੇਅਰੀ ਵਰਗੇਖੇਤਰਾਂ ਵਿਚ ਸ਼ੁਲਕ 'ਤੇ ਰਿਆਇਤਾਂ ਦੇਣ ਦੀਅਮਰੀਕਾ ਦੀ ਮੰਗ ਨੂੰ ਮੰਨਣ ਲਈ ਮਜਬੂਰ ਨਹੀਂ ਕਰ ਸਕਦੇ। ਹੁਣ ਇਹ ਸਮਾਂ ਹੈ ਜਦੋਂਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਸੁਰ ਵਿਚ ਟਰੰਪ ਦੇ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ।ਇਸ ਮਾਮਲੇ 'ਤੇ ਦੇਸ਼ ਦੀ ਸੰਸਦ ਵਿਚ ਚਰਚਾ ਕਰ ਕੇ ਇਸ ਵਿਰੁੱਧ ਸਰਬਸੰਮਤੀ ਨਾਲ ਇਕ ਮਤਾ ਪਾਸ ਹੋਣਾ ਚਾਹੀਦਾ ਹੈ।
-ਇੰਜੀ. ਕ੍ਰਿਸ਼ਨ ਕਾਂਤ ਸੂਦ ਨੰਗਲ।
ਰੋਜ਼ਾਨਾ ਗਰਾਊਂਡ ਜਾਣ ਦੇ ਲਾਭ
ਅੱਜ ਕੱਲ੍ਹ ਦੇ ਨੌਜਵਾਨ ਅਕਸਰ ਸਾਰਾ ਦਿਨ ਮੋਬਾਈਲ 'ਤੇ ਸਮਾਂ ਬਰਬਾਦ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਜੇਕਰ ਉਹ ਰੋਜ਼ਾਨਾ ਸਿਰਫ਼ 2 ਘੰਟੇ 'ਗਰਾਊਂਡ' ਵਿਚ ਬਿਤਾਉਣ ਤਾਂ ਉਹ ਬਿਮਾਰੀਆਂ ਤੋਂ ਬਚ ਸਕਦੇ ਹਨ ਅਤੇ ਆਪਣਾ ਸਰੀਰ ਵੀ ਤੰਦਰੁਸਤ ਤੇ ਫੁਰਤੀਲਾ ਬਣਾ ਸਕਦੇ ਹਨ। ਗਰਾਊਂਡ ਵਿਚ ਖੇਡਾਂ ਦੀ ਪ੍ਰੈਕਟਿਸ ਕਰਨ ਨਾਲ ਉਹ ਮੁਕਾਬਲਿਆਂ ਲਈ ਤਿਆਰ ਹੋ ਸਕਦੇ ਹਨ ਅਤੇ ਸਫ਼ਲਤਾ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਉਨ੍ਹਾਂ ਨੂੰ ਮਾੜੀ ਸੰਗਤ ਅਤੇ ਨਸ਼ਿਆਂ ਤੋਂ ਵੀ ਦੂਰ ਰੱਖਦਾ ਹੈ।
-ਰਣਵੀਰ ਸਿੰਘ
ਮੰਡੀ ਗੋਬਿੰਦਗੜ੍ਹ।