28-08-25
ਖ਼ੁਦ ਲਈ ਸਮਾਂ ਕੱਢੋ
ਸਮੇਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ, ਇੱਕ ਵਾਰ ਲੰਘਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਜ਼ਿਦਗੀ ਵਿਚ ਹਰ ਪਲ ਨੂੰ ਖੁਸ਼ੀ ਅਤੇ ਰੱਬ ਦੀ ਰਜ਼ਾ ਵਿਚ ਹੀ ਬਿਤਾਉਣਾ ਚਾਹੀਦਾ ਹੈ। ਆਧੁਨਿਕ ਯੁੱਗ ਵਿਚ ਸਾਡੇ ਰੁਝੇਵੇਂ ਬਹੁਤ ਵਧ ਗਏ ਹਨ। ਹਰ ਇਨਸਾਨ ਨੂੰ ਰੁਪਏ ਕਮਾਉਣ ਦੀ ਹੋੜ ਲੱਗੀ ਹੋਈ ਹੈ। ਜ਼ਿੰਦਗੀ ਕਦੋਂ ਆਪਣੀ ਸਾਹਾਂ ਦੀ ਪਟੜੀ ਤੋਂ ਥੱਲੇ ਉਤਰ ਕੇ ਮੌਤ ਵੱਲ ਹੋ ਜਾਵੇ, ਕਿਸੇ ਨੂੰ ਕੁਝ ਪਤਾ ਨਹੀਂ। ਸਾਰੀ ਉਮਰ ਅਸੀਂ ਆਪਣੇ-ਆਪ ਨੂੰ ਝਮੇਲਿਆਂ ਵਿਚ ਉਲਝਾ ਕੇ ਰੱਖਦੇ ਹਾਂ। ਆਪਣੇ ਘਰ-ਪਰਿਵਾਰ ਅਤੇ ਬੱਚਿਆਂ ਲਈ ਦੌਲਤ ਇੱਕਠਾ ਕਰਦੇ-ਕਰਦੇ ਕਦੋਂ ਜਵਾਨੀ ਤੋਂ ਬੁਢਾਪਾ ਆ ਜਾਂਦਾ ਹੈ, ਪਤਾ ਹੀ ਨਹੀਂ ਚੱਲਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਖ਼ੁਦ ਲਈ ਸਮਾਂ ਜ਼ਰੂਰ ਕੱਢੀਏ। ਭਾਵੇਂ ਜਿੰਦਗੀ ਵਿਚ ਜਿੰਨੇ ਮਰਜ਼ੀ ਰੁਝੇਵੇਂ, ਮੁਸ਼ਕਿਲਾਂ ਆਦਿ ਹੋਣ, ਸਾਨੂੰ ਖ਼ੁਦ ਲਈ ਵੀ ਜ਼ਰੂਰ ਜਿਊਣਾ ਚਾਹੀਦਾ ਹੈ। ਆਪਣੀ ਸਿਹਤ ਦੀ ਤੰਦਰੁਸਤੀ ਲਈ ਯੋਗਾ ਜਾਂ ਕਸਰਤ ਕਰਨੀ ਚਾਹੀਦੀ ਹੈ। ਆਪਣੇ ਮਨ ਅੰਦਰ ਦੱਬੇ ਹੋਏ ਅਰਮਾਨਾਂ ਨੂੰ ਖੰਭ ਲਾ ਕੇ ਖੁਸ਼ੀਆਂ ਦੇ ਅਸਮਾਨ ਵਿਚ ਉੱਡਣਾ ਚਾਹੀਦਾ ਹੈ। ਹਰ ਉਮਰ ਦੇ ਪੜਾਅ ਨੂੰ ਜਿਊਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਕੁਝ ਸਮਾਂ ਪਰਮਾਤਮਾ ਦੇ ਸ਼ੁਕਰਾਨੇ ਵਿਚ ਬਿਤਾਉਣਾ ਚਾਹੀਦਾ ਹੈ। ਹਰ ਪਲ ਖੁਸ਼ੀ ਅਤੇ ਅਨੰਦ ਵਿਚ ਰਹਿਣਾ ਚਾਹੀਦਾ ਹੈ।
-ਸੰਗੀਤਾ (ਈ.ਟੀ.ਟੀ)
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤੂਰਾਂ, ਫ਼ਤਹਿਗੜ੍ਹ ਸਾਹਿਬ।
ਰਿਸ਼ਵਤ, ਸਮਾਜ ਅਤੇ ਸਰਕਾਰ
ਅਜੋਕੇ ਸਮੇਂ ਸਮਾਜ ਅੰਦਰ ਅਨੇਕਾਂ ਬੁਰਾਈਆਂ/ਕੁਰੀਤੀਆਂ ਪਾਈਆਂ ਜਾ ਰਹੀਆਂ ਹਨ ਜੋ ਕਿ ਸਮਾਜਿਕ ਸਿਹਤ ਉੱਪਰ ਮਾੜਾ ਅਤੇ ਮਾਰੂ ਪ੍ਰਭਾਵ ਪਾ ਰਹੀਆਂ ਹਨ। ਇਨ੍ਹਾਂ ਬੁਰਾਈਆਂ ਵਿਚ ਨਸ਼ੇ, ਫੈਸ਼ਨ ਅਤੇ ਅਸ਼ਲੀਲਤਾ ਆਦਿ ਸ਼ਾਮਿਲ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਬੁਰਾਈ ਹੈ। 'ਰਿਸ਼ਵਤ' ਜੋ ਸਮਾਜ ਨੂੰ ਲੱਕੜ ਦੇ ਘੁਣ ਵਾਂਗ ਕਮਜ਼ੋਰ ਅਤੇ ਖੋਖਲਾ ਕਰ ਰਹੀ ਹੈ। ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿਸ ਵਿਚ ਰਿਸ਼ਵਤ ਵਰਗੀ ਬੁਰਾਈ ਨਾ ਪਾਈ ਜਾਂਦੀ ਹੋਵੇ ਅਤੇ ਸ਼ਾਇਦ ਹੀ ਕੋਈ ਅਜਿਹਾ ਕੰਮ ਹੋਵੇ ਜੋ ਰਿਸ਼ਵਤ ਤੋਂ ਬਿਨਾਂ ਹੁੰਦਾ ਹੋਵੇ। ਕਿਸੇ ਨੇ ਕੋਈ ਨੌਕਰੀ ਲੈਣੀ ਹੋਵੇ, ਕੋਈ ਸਰਕਾਰੀ ਸਹੂਲਤ ਦਾ ਲਾਭ ਲੈਣਾ ਹੋਵੇ ਜਾਂ ਫਿਰ ਕੋਈ ਹੋਰ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਕਰਵਾਉਣਾ ਹੋਵੇ ਤਾਂ ਉਹ ਰਿਸ਼ਵਤ ਤੋਂ ਬਿਨਾਂ ਕਰਵਾਉਣਾ ਜੇਕਰ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੁੰਦਾ ਹੈ। ਜੇਕਰ ਇਹ ਵੀ ਆਖ ਲਿਆ ਜਾਵੇ ਕਿ ਰਿਸ਼ਵਤ ਸਮਾਜ ਅੰਦਰ ਬਲੱਡ ਕੈਂਸਰ ਦਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਬਿਨਾਂ ਸ਼ੱਕ ਇਹ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਸੋ, ਲੋੜ ਹੈ, ਇਸ ਸੰਬੰਧੀ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਤਾਂ ਕਿ ਇਸ ਸਮਾਜਿਕ ਬੁਰਾਈ ਨੂੰ ਠੱਲ੍ਹ ਪਾਈ ਜਾ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਵੀ ਹੈ ਅਤੇ ਲੋੜ ਵੀ ਅਤੇ ਅਜਿਹਾ ਕਰਕੇ ਹੀ ਅਸੀਂ ਇਕ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਹਿਤ ਪਹਿਲਕਦਮੀ ਕਰ ਸਕਦੇ ਹਾਂ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।
ਵਧਦੀ ਆਬਾਦੀ ਵਿਕਾਸ ਲਈ ਰੁਕਾਵਟ
ਭਾਰਤ ਵਿਚ ਵਧਦੀ ਆਬਾਦੀ ਇਕ ਗੰਭੀਰ ਸਮਾਜਿਕ ਮਸਲਾ ਬਣ ਚੁੱਕੀ ਹੈ, ਜੋ ਦੇਸ਼ ਦੇ ਵਿਕਾਸ, ਆਰਥਿਕਤਾ ਅਤੇ ਵਾਤਾਵਰਨ ਤੱਕ ਨੂੰ ਪ੍ਰਭਾਵਿਤ ਕਰ ਰਹੀ ਹੈ। ਆਬਾਦੀ ਵਾਧੇ ਦੇ ਮੁੱਖ ਕਾਰਨਾਂ ਵਿਚ ਅਨਪੜ੍ਹਤਾ, ਪਰਿਵਾਰ ਨਿਯੋਜਨ ਦੀ ਘਾਟ, ਪੁੱਤਰ ਲਾਲਸਾ ਅਤੇ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਸ਼ਾਮਿਲ ਹਨ। ਇਸ ਦੇ ਨਤੀਜੇ ਵਜੋਂ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਰਿਹਾਇਸ਼ ਦੀ ਘਾਟ ਅਤੇ ਸਿਹਤ ਤੇ ਸਿੱਖਿਆ ਸੇਵਾਵਾਂ 'ਤੇ ਦਬਾਅ ਵਧ ਰਿਹਾ ਹੈ। ਵਣ ਨਾਸ਼, ਹਵਾ ਅਤੇ ਪਾਣੀ ਪ੍ਰਦੂਸ਼ਣ ਜਿਹੇ ਵਾਤਾਵਰਨ ਮੁੱਦੇ ਵੀ ਆਬਾਦੀ ਵਾਧੇ ਨਾਲ ਜੁੜੇ ਹੋਏ ਹਨ। ਜੇਕਰ ਇਸ ਨੂੰ ਨਿਯੰਤਰਿਤ ਨਾ ਕੀਤਾ ਗਿਆ ਤਾਂ ਭਵਿਖ ਵਿਚ ਸਮਾਜਿਕ ਸੰਤੁਲਨ ਵਿਗੜ ਸਕਦਾ ਹੈ। ਇਸ ਲਈ ਸਰਕਾਰ ਅਤੇ ਸਮਾਜ ਦੋਵਾਂ ਨੂੰ ਮਿਲ ਕੇ ਪਰਿਵਾਰ ਨਿਯੋਜਨ, ਸਿੱਖਿਆ ਅਤੇ ਜਾਗਰੂਕਤਾ ਰਾਹੀਂ ਇਸ ਸਮੱਸਿਆ ਦਾ ਸਮਾਧਾਨ ਲੱਭਣਾ ਹੋਵੇਗਾ।
-ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)