JALANDHAR WEATHER

03-09-25

 ਮੁਆਫ਼ੀ ਉੱਚੀ ਸ਼ਖ਼ਸੀਅਤ ਦੀ ਨਿਸ਼ਾਨੀ

ਕੁਦਰਤ ਨੇ ਮਨੁੱਖ ਨੂੰ ਸਿਆਣਪ ਤੇ ਦਿਮਾਗੀ ਸ਼ਕਤੀ ਨਾਲ ਨਿਵਾਜਿਆ ਹੋਇਆ ਹੈ। ਅੱਜ ਵਿੱਦਿਆ ਦਾ ਪਸਾਰ ਬਹੁਤ ਹੋਇਆ ਹੈ। ਗਿਆਨ ਪ੍ਰਾਪਤੀ ਦੇ ਅਨੇਕਾਂ ਸੋਮੇ ਹਨ। ਫਿਰ ਵੀ ਮਨੁੱਖ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਿਹਾ ਹੈ। ਦੂਜਿਆਂ ਦੇ ਨੁਕਸ ਕੱਢਣੇ ਆਸਾਨ ਹਨ ਪਰ ਮਨੁੱਖ ਗਲਤੀਆਂ ਦਾ ਪੁਤਲਾ ਹੈ। ਚੇਤੇ ਕਰੀਏ ਕਿ ਜਦੋਂ ਕੋਈ ਇਨਸਾਨ ਕਿਸੇ ਵੱਲ ਉਂਗਲ ਕਰਦਾ ਹੈ ਤਾਂ ਹੱਥ ਦੀਆਂ ਤਿੰਨ ਉਂਗਲਾਂ ਉਸ ਦੇ ਆਪਣੇ ਆਪ ਵੱਲ ਇਸ਼ਾਰਾ ਕਰਦੀਆਂ ਹਨ।
ਜੋ ਇਨਸਾਨ ਆਪਣੀ ਸਵੈ-ਪੜਚੋਲ ਕਰਦੇ ਹਨ, ਉਹ ਦੂਜਿਆਂ ਵੱਲ ਕਦੇ ਵੀ ਉਂਗਲ ਨਹੀਂ ਉਠਾਉਂਦੇ। ਅਜਿਹਾ ਇਨਸਾਨ ਜਿਸ ਨੂੰ ਦੂਜਿਆਂ ਵਿਚ ਕੋਈ ਔਗੁਣ ਦਿਖਦਾ ਹੈ ਤਾਂ ਪਹਿਲਾਂ ਉਹ ਆਪਣੇ ਅੰਦਰ ਝਾਤੀ ਮਾਰਦਾ ਹੈ ਕਿ ਮੈਂ ਤਾਂ ਇਸ ਦੋਸ਼ ਤੋਂ ਮੁਕਤ ਹਾਂ। ਕਿਸੇ ਦੀ ਗਲਤੀ ਨੂੰ ਮੁਆਫ਼ ਕਰ ਦੇਣ ਵਾਲਾ ਉੱਚੀ ਸ਼ਖ਼ਸੀਅਤ ਦਾ ਪ੍ਰਮਾਣ ਹੈ। ਕਿਸੇ ਇਨਸਾਨ ਦਾ ਦੂਜੇ ਪ੍ਰਤੀ ਵਿਹਾਰ, ਬੋਲਚਾਲ, ਹਮਦਰਦੀ, ਸਤਿਕਾਰ ਹੀ ਉੱਚੀ ਸ਼ਖ਼ਸੀਅਤ ਦੀ ਨਿਸ਼ਾਨੀ ਹੁੰਦੀ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਜੰਕ ਫੂਡ ਤੋਂ ਪ੍ਰਹੇਜ਼ ਕਰੋ

ਅੱਜ ਦੇ ਸਮੇਂ ਵਿਚ ਜੰਕ ਫੂਡ ਬਹੁਤ ਹਰਮਨ ਪਿਆਰਾ ਹੋ ਗਿਆ ਹੈ, ਖ਼ਾਸ ਕਰਕੇ ਨੌਜਵਾਨ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਪਰ ਹਕੀਕਤ ਇਹ ਹੈ ਕਿ ਜੰਕ ਫੂਡ ਮਨੁੱਖ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਵਿਚ ਕਾਰਬੋਹਾਈਡਰੇਟ ਅਤੇ ਚਰਬੀ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਜਿਸ ਕਰਕੇ ਇਹ ਕਈ ਬਿਮਾਰੀਆਂ ਦੀ ਜੜ੍ਹ ਬਣਦਾ ਹੈ। ਜੰਕ ਫੂਡ ਨਾਲ ਮੋਟਾਪਾ, ਦਿਲ ਦੀਆਂ ਬਿਮਾਰੀਆਂ, ਉੱਚ ਰਕਤ ਦਬਾਅ ਅਤੇ ਖ਼ੂਨ ਸੰਘਣਾ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਠੰਢੇ ਪੀਣ ਵਾਲੇ ਪਦਾਰਥ ਜਿਵੇਂ ਕੋਕ, ਲਿਮਕਾ ਆਦਿ ਸਰੀਰ ਵਿਚ ਸ਼ੂਗਰ ਦੀ ਮਾਤਰਾ ਵਧਾਉਂਦੇ ਹਨ, ਹੱਡੀਆਂ ਕਮਜ਼ੋਰ ਕਰਦੇ ਹਨ ਅਤੇ ਗੁਰਦਿਆਂ 'ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਸ ਦੇ ਉਲਟ ਸੰਤੁਲਿਤ ਭੋਜਨ ਸਾਨੂੰ ਤੰਦਰੁਸਤ ਅਤੇ ਤਾਜ਼ਾ ਰੱਖਦਾ ਹੈ। ਦਹੀਂ, ਦੁੱਧ, ਮੱਖਣ, ਹਰੀਆਂ ਸਬਜ਼ੀਆਂ, ਫਲ, ਦਾਲਾਂ ਅਤੇ ਅਨਾਜ ਸਿਹਤ ਲਈ ਬਹੁਤ ਲਾਭਕਾਰੀ ਹਨ। ਸਿਹਤਮੰਦ ਜੀਵਨ ਜਿਉਣ ਲਈ ਜੰਕ ਫੂਡ ਤੋਂ ਬਚਣਾ ਅਤੇ ਕੁਦਰਤੀ ਪੋਸ਼ਟਿਕ ਭੋਜਨ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰਨਾ ਅਤਿ ਜ਼ਰੂਰੀ ਹੈ।

-ਮਹਿਕਪ੍ਰੀਤ ਕੌਰ
ਫ਼ਤਹਿਗੜ੍ਹ ਸਾਹਿਬ।

ਸੋਚ ਦਾ ਜੀਵਨ 'ਤੇ ਪ੍ਰਭਾਵ

ਜੋ ਵੀ ਅਸੀਂ ਸੋਚਦੇ ਹਾਂ, ਸਾਡੇ ਨਾਲ ਉਹੀ ਹੁੰਦਾ ਹੈ। ਇਸ ਸਿਧਾਂਤ ਦੇ ਅਨੁਸਾਰ ਤੁਹਾਡਾ ਵਿਸ਼ਵਾਸ ਤੇ ਸੋਚ ਹੀ ਅਸਲੀਅਤ ਦਾ ਰੂਪ ਲੈ ਲੈਂਦੇ ਹਨ। ਸਾਕਾਰਾਤਮਿਕ ਸੋਚ ਜ਼ਿੰਦਗੀ 'ਚ ਚੰਗਾ ਬਦਲਾਅ ਲਿਆ ਸਕਦੀ ਹੈ। ਸਾਡੀ ਸੋਚ ਦਾ ਸਾਡੀ ਮਾਨਸਿਕਤਾ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। 'ਮੈਂ ਕਦੇ ਬਿਹਤਰ ਨਹੀਂ ਹੋ ਸਕਾਂਗਾ' ਜਾਂ 'ਮੈਂ ਕਦੇ ਇਝ ਨਹੀਂ ਕਰ ਸਕਾਂਗਾ' ਇਸ ਕਿਸਮ ਦੀ ਸੋਚ ਸਾਨੂੰ ਨਕਾਰਾਤਮਿਕਤਾ ਵਾਲੇ ਪਾਸੇ ਲੈ ਜਾਂਦੀ ਹੈ, ਅਸੀਂ ਨਿਰਾਸ਼ਾ 'ਚ ਚਲੇ ਜਾਂਦੇ ਹਾਂ।
ਨਕਾਰਾਤਮਿਕ ਸੋਚ ਸਾਡੇ ਵਿਕਾਸ ਨੂੰ ਰੋਕਦੀ ਹੈ। ਬਿਹਤਰ ਸੋਚ ਰੱਖਣ ਨਾਲ ਜੀਵਨ 'ਚ ਸਾਕਾਰਾਤਮਿਕ ਊਰਜਾ ਆਉਂਦੀ ਹੈ। ਜਦੋਂ ਅਸੀਂ ਸੱਚੇ ਮਨ ਨਾਲ ਕੁਝ ਚਾਹੁੰਦੇ ਹਾਂ ਤਾਂ ਇੰਝ ਲੱਗਦਾ ਹੈ ਉਸ ਚੀਜ਼ ਨੂੰ ਪ੍ਰਾਪਤ ਕਰਨ 'ਚ ਜਿਵੇਂ ਕੋਈ ਸ਼ਕਤੀ ਸਾਡੀ ਮਦਦ ਕਰ ਰਹੀ ਹੋਵੇ ਤੇ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਲੈਂਦੇ ਹਾਂ। ਜਦੋਂ ਅਸੀਂ ਸਕਾਰਾਤਮਿਕ ਸੋਚ ਰੱਖਦੇ ਹਾਂ ਤਾਂ ਸਭ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਹਨ। ਇਸ ਲਈ ਖ਼ੁਸ਼ੀਆਂ ਭਰੀ ਜ਼ਿੰਦਗੀ ਜਿਊਣ ਲਈ ਸੋਚ ਨੂੰ ਸਕਾਰਾਤਮਿਕ ਰੱਖਣਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.।