04-09-25
ਹਥਿਆਰਾਂ ਤੋਂ ਸਾਵਧਾਨ
ਫਿਰੋਜ਼ਪੁਰ ਵਿਚ 14 ਸਾਲਾ ਬੱਚੇ ਦੀ ਰਿਵਾਲਵਰ ਨਾਲ ਖੇਡਦਿਆਂ ਸਿਰ ਵਿਚ ਗੋਲੀ ਮਾਰ ਲੈਣ ਦੀ ਘਟਨਾ ਜਿੱਥੇ ਦਿਨੋਂ-ਦਿਨ ਹਥਿਆਰਾਂ ਦੀ ਵਧ ਰਹੀ ਗਿਣਤੀ ਪ੍ਰਤੀ ਚਿੰਤਾ ਪੈਦਾ ਕਰਦੀ ਹੈ, ਉੱਥੇ ਖ਼ਤਰਨਾਕ ਹਥਿਆਰਾਂ ਤੱਕ ਬੱਚਿਆਂ ਦੀ ਪਹੁੰਚ ਹੋਣਾ ਮਾਪਿਆਂ ਦੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ। ਹਥਿਆਰਾਂ ਦੇ ਕਲਚਰ ਨੂੰ ਵਧਾਉਣ ਵਿਚ ਮੁੱਖ ਰੋਲ ਸੋਸ਼ਲ ਮੀਡੀਏ, ਆਧੁਨਿਕ ਫ਼ਿਲਮਾਂ ਅਤੇ ਗਾਣਿਆਂ ਨੇ ਨਿਭਾਇਆ। ਹਥਿਆਰ ਰੱਖਣਾ ਅਜੋਕੇ ਸਮੇਂ ਦਾ ਸਟੇਟਸ ਸਿੰਬਲ ਬਣ ਚੁੱਕਿਆ ਹੈ। ਹਥਿਆਰ ਚੁੱਕ ਕੇ ਸੋਸ਼ਲ ਮੀਡੀਏ 'ਤੇ ਫੋਟੋ ਪਾਉਣਾ ਫੈਸ਼ਨ ਬਣ ਚੁੱਕਿਆ ਹੈ ਜਦੋਂ ਘਰ ਵਿਚ ਹਥਿਆਰ ਹੋਵੇ ਤਾਂ ਅਣਹੋਣੀ ਹੋਣ ਦਾ ਡਰ ਵਧੇਰੇ ਰਹਿੰਦਾ ਹੈ। ਕਿਸੇ ਵਿਅਕਤੀ ਨੇ ਇਕ ਬਜ਼ੁਰਗ ਨੂੰ ਪੁੱਛਿਆ ਕਿ ਬਾਬਾ ਬੰਦੂਕ ਕਿਥੋਂ ਤੱਕ ਮਾਰ ਕਰਦੀ ਹੈ, ਬਜ਼ੁਰਗ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਕਾਕਾ ਅੱਗੇ ਤਾਂ ਦੋ ਕੋ ਮਰਲੇ ਪਰ ਪਿੱਛੇ ਪੰਜ ਸੱਤ ਮਰਲੇ ਕਰ ਜਾਂਦੀ ਆ। ਇਸ ਦਾ ਅਰਥ ਬੜਾ ਡੂੰਘਾ ਸੀ। ਹਥਿਆਰ ਹਮੇਸ਼ਾ ਨੁਕਸਾਨ ਕਰਦਾ ਹੈ। ਹਥਿਆਰ ਜੰਗ ਪੈਦਾ ਕਰਦੇ ਹਨ। ਹਥਿਆਰ ਕਲਚਰ ਦੀ ਨਕੇਲ ਕੱਸਣ ਦੇ ਨਾਲ-ਨਾਲ ਹਥਿਆਰਾਂ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਬਠਿੰਡਾ।
ਕਾਂਗਰਸ ਬੂਟੀ ਮਨੁੱਖੀ ਚਮੜੀ ਲਈ ਹਾਨੀਕਾਰਕ
ਸੜਕਾਂ, ਨਹਿਰਾਂ ਅਤੇ ਸੂਇਆਂ ਦੇ ਕਿਨਾਰਿਆਂ 'ਤੇ ਉੱਗੀ ਕਾਂਗਰਸ ਬੂਟੀ (ਗਾਜਰ ਘਾਹ) ਮਨੁੱਖੀ ਚਮੜੀ ਲਈ ਬੇਹੱਦ ਹਾਨੀਕਾਰਕ ਹੈ। ਇਸ ਪੌਦੇ ਨੂੰ 'ਪਾਰਟਹੈਨੀਅਮ ਹਾਈਸਟਰਫੋਰਸ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੌਦਾ ਗਰਮੀ ਦੇ ਮੌਸਮ 'ਚ ਬਹੁਤ ਜਲਦੀ ਨਾਲ ਫੈਲਦਾ ਹੈ ਤੇ ਹੋਰ ਫ਼ਸਲਾਂ 'ਤੇ ਹਾਵੀ ਹੋ ਜਾਂਦਾ ਹੈ। ਇਹ ਇਕ ਰਸਾਇਣ ਛੱਡਦਾ ਹੈ ਜੋ ਕਿ ਹੋਰ ਫ਼ਸਲਾਂ ਦੇ ਵਾਧੇ ਨੂੰ ਬੁਰੀ ਤਰ੍ਹਾਂ ਨਾਲ ਰੋਕ ਕੇ ਫ਼ਸਲਾਂ ਦੇ ਵਧਣ-ਫੁੱਲਣ ਅਤੇ ਝਾੜ ਦਾ ਬੇਹੱਦ ਨੁਕਸਾਨ ਕਰਦਾ ਹੈ। ਇਹ ਪੌਦਾ ਮਿੱਟੀ ਦੇ ਪੌਸ਼ਟਿਕ ਤੱਤਾਂ ਅਤੇ ਪਾਣੀ ਨੂੰ ਵੀ ਸੋਖਦਾ ਹੈ ਜਿਸ ਕਾਰਨ ਫ਼ਸਲਾਂ ਕਮਜ਼ੋਰ ਪੈ ਜਾਂਦੀਆਂ ਹਨ। ਮਨੁੱਖੀ ਜੀਵਨ 'ਤੇ ਇਸ ਦਾ ਅਸਰ ਐਲਰਜੀ, ਬੁਖਾਰ, ਦਾਣੇ, ਖਾਰਸ਼, ਦਮੇ ਦੀ ਬਿਮਾਰੀ ਅਤੇ ਚਮੜੀ ਨੂੰ ਖ਼ਰਾਬ ਕਰਨ ਦਾ ਪੈਂਦਾ ਹੈ। ਇਨ੍ਹਾਂ ਪੌਦਿਆਂ ਨੂੰ ਖ਼ਤਮ ਕਰਨ ਲਈ ਫੁੱਲ ਆਉਣ ਤੋਂ ਪਹਿਲਾਂ ਹੱਥਾਂ ਨਾਲ ਜੜ੍ਹ ਤੋਂ ਪੁੱਟਣਾ ਹੀ ਸਹੀ ਤਰੀਕਾ ਹੈ।
-ਅਮਨਦੀਪ ਕੋਟਕਪੂਰਾ।
ਸਾਡੀ ਸੰਸਕ੍ਰਿਤੀ ਦਇਆ ਸਿਖਾਉਂਦੀ ਹੈ ਪਰ...
ਲਾਵਾਰਸ ਕੁੱਤਿਆਂ ਦੇ ਵੱਢਣ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ, ਸੁਪਰੀਮ ਕੋਰਟ ਨੇ ਸਖ਼ਤ ਕਾਰਵਾਈ ਕਰਦੇ ਹੋਏ ਦਿੱਲੀ-ਐਨ.ਸੀ.ਆਰ. ਇਲਾਕਿਆਂ ਦੇ ਸਾਰੇ ਲਾਵਾਰਸ ਕੁੱਤਿਆਂ ਨੂੰ 8 ਹਫ਼ਤਿਆਂ ਦੇ ਅੰਦਰ ਸ਼ੈਲਟਰ ਹੋਮ (ਆਸਰਾ ਘਰਾਂ) 'ਚ ਭੇਜਣ ਦਾ ਹੁਕਮ ਦਿੱਤਾ ਸੀ। ਭਾਵੇਂ ਭਾਰਤੀ ਸੰਸਕ੍ਰਿਤੀ ਸਾਨੂੰ ਪੰਛੀਆਂ ਅਤੇ ਜਾਨਵਰਾਂ ਸਮੇਤ ਸਾਰੇ ਜੀਵਾਂ ਵਿਚ ਸਰਵਵਿਆਪੀ ਪਰਮਾਤਮਾ ਨੂੰ ਵੇਖਣਾ ਸਿਖਾਉਂਦੀ ਹੈ ਅਤੇ ਉਨ੍ਹਾਂ ਪ੍ਰਤੀ ਦਇਆ-ਭਾਵ ਦਾ ਸੰਦੇਸ਼ ਦਿੰਦੀ ਹੈ। ਪਰ ਜਦੋਂ ਕੁੱਤਿਆਂ ਵਰਗੇ ਜਾਨਵਰ ਮਨੁੱਖਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ ਤਾਂ ਇਹ ਦਇਆ-ਭਾਵ ਪਾਗਲਪਨ ਵਾਂਗ ਲੱਗਣ ਲੱਗਦਾ ਹੈ। ਸ਼ਾਇਦ, ਇਸੇ ਕਾਰਨ ਸੁਪਰੀਮ ਕੋਰਟ ਨੇ ਪਸ਼ੂ-ਪ੍ਰੇਮੀਆਂ ਦੀਆਂ ਦਖ਼ਲਅੰਦਾਜ਼ੀ ਪਟੀਸ਼ਨਾਂ 'ਤੇ ਵਿਚਾਰ ਕਰ ਕੇ ਇਨ੍ਹਾਂ ਦਾ ਟੀਕਾਕਰਨ ਕਰਕੇ ਇਨ੍ਹਾਂ ਨੂੰ ਦੁਬਾਰਾ ਛੱਡਣ ਦਾ ਹੁਕਮ ਜਾਰੀ ਕੀਤਾ ਹੈ।
-ਇੰ. ਕ੍ਰਿਸ਼ਨ ਕਾਂਤ ਸੂਦ ਨੰਗਲ।
ਮਹਿੰਗਾਈ ਇਕ ਗੰਭੀਰ ਸਮੱਸਿਆ
ਅੱਜ ਦੇ ਯੁੱਗ ਵਿਚ ਮਹਿੰਗਾਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਹਰ ਰੋਜ਼ ਵਸਤਾਂ ਦੇ ਭਾਅ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਵਿਅਕਤੀ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਖਾਣ-ਪੀਣ ਦੀਆਂ ਚੀਜ਼ਾਂ, ਈਂਧਨ, ਬਿਜਲੀ, ਦਵਾਈਆਂ ਅਤੇ ਸਿੱਖਿਆ ਸਭ ਮਹਿੰਗੀਆਂ ਹੋ ਰਹੀਆਂ ਹਨ, ਜਿਸ ਕਾਰਨ ਘਰ ਦਾ ਖ਼ਰਚਾ ਚਲਾਉਣਾ ਦਿਨੋ ਦਿਨ ਔਖਾ ਹੋ ਰਿਹਾ ਹੈ। ਮਹਿੰਗਾਈ ਇਕ ਅਜਿਹੀ ਸਮੱਸਿਆ ਹੈ, ਜੋ ਸਿਰਫ਼ ਆਰਥਿਕ ਪੱਖ ਹੀ ਨਹੀਂ, ਸਗੋਂ ਆਮ ਲੋਕਾਂ ਦੀ ਜੀਵਨ-ਸ਼ੈਲੀ 'ਤੇ ਵੀ ਡੂੰਘਾ ਅਸਰ ਛੱਡਦੀ ਹੈ। ਇਸ ਨੂੰ ਕਾਬੂ ਕਰਨ ਲਈ ਸਰਕਾਰ, ਵਪਾਰੀਆਂ ਅਤੇ ਆਮ ਜਨਤਾ ਤਿੰਨਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਹਰ ਵਿਅਕਤੀ ਆਪਣੀ ਜ਼ਿੰਦਗੀ ਆਸਾਨੀ ਨਾਲ ਬਿਤਾ ਸਕੇ।
-ਅਰਪਿਤਾ, ਖੇੜੀ ਨੌਧ ਸਿੰਘ।
ਸਮੇਂ ਦੀ ਕਦਰ
ਸਮਾਂ ਘੜੀ, ਪਲ, ਮਿੰਟ, ਘੰਟਿਆਂ ਅਤੇ ਦਿਨਾਂ ਦੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈ। ਜੋ ਸਮਾਂ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਪੱਲੇ ਰਹਿ ਜਾਂਦਾ ਹੈ ਪਛਤਾਵਾ। ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਹੀ ਕਾਮਯਾਬ ਹੁੰਦੇ ਹਨ। ਜੋ ਸਮੇਂ ਦੇ ਨਾਲ ਨਹੀਂ ਚਲਦੇ ਉਹ ਲੋਕ ਪਿਛੜ ਜਾਂਦੇ ਹਨ। ਚਾਣਕਯ ਦੇ ਵਿਚਾਰ ਅਨੁਸਾਰ ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ। ਪਰ ਆਪ ਸਥਿਰ ਰਹਿੰਦਾ ਹੈ ਤੇ ਸਭ ਨੂੰ ਛੱਡ ਜਾਂਦਾ ਹੈ, ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ। ਜਦ ਲੋਕ ਸੁੱਤੇ ਹੁੰਦੇ ਹਨ ਸਮਾਂ ਜਾਗਦਾ ਰਹਿੰਦਾ ਹੈ। ਹਰ ਵਿਅਕਤੀ ਤੁਰ ਜਾਣ ਤੋਂ ਬਾਅਦ ਵੀ ਆਪਣੀਆਂ ਯਾਦਾਂ ਛੱਡ ਜਾਂਦਾ ਹੈ। ਕੰਮ ਨੂੰ ਸਮੇਂ ਸਿਰ ਕਰਨਾ ਇਕ ਅਜਿਹੀ ਆਦਤ ਹੈ, ਜਿਸ ਦੀ ਕਦਰ ਹਰ ਕੋਈ ਕਰਦਾ ਹੈ। ਇਹ ਆਦਤ ਬਹੁਤ ਘੱਟ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ।
-ਮਹਿਕਪ੍ਰੀਤ ਕੌਰ
ਸਰਹਿੰਦ, ਫਤਹਿਗੜ੍ਹ ਸਾਹਿਬ।
ਔਰਤਾਂ ਦਾ ਸਨਮਾਨ ਜ਼ਰੂਰੀ
ਇਤਿਹਾਸ ਵਿਚ ਜਿਥੇ ਪੁਰਸ਼ਾਂ ਦੇ ਵੀਰਤਾ ਭਰੇ ਕਾਰਨਾਮੇ ਬੜੇ ਜੋਸ਼ ਨਾਲ ਦਰਸਾਏ ਗਏ ਹਨ, ਉਥੇ ਔਰਤ ਦੀ ਭੂਮਿਕਾ ਅਕਸਰ ਪਰਛਾਵੇਂ 'ਚ ਰਹਿ ਜਾਂਦੀ ਹੈ। ਪਰ ਸੱਚਾਈ ਇਹ ਹੈ ਕਿ ਹਰ ਮਹਾਨ ਸੂਰਮਾ, ਵਿਦਵਾਨ ਜਾਂ ਨੇਤਾ ਆਪਣੀ ਮਾਂ ਦੀ ਮਮਤਾ ਅਤੇ ਸੰਸਕਾਰਾਂ ਦੀ ਛਾਂ ਹੇਠ ਹੀ ਵੱਡਾ ਹੁੰਦਾ ਹੈ, ਜਿਸ ਅੰਦਰ ਹਿੰਮਤ, ਇਮਾਨਦਾਰੀ ਅਤੇ ਕੁਰਬਾਨੀ ਦਾ ਜਜ਼ਬਾ ਵੀ ਮਾਂ ਦੁਆਰਾ ਹੀ ਭਰਿਆ ਜਾਂਦਾ ਹੈ। ਘਰ ਦੀ ਚਾਰਦੀਵਾਰੀ ਵਿਚ ਰਹਿ ਕੇ ਔਰਤ ਨੇ ਉਹ ਮਜ਼ਬੂਤ ਬੂਨਿਆਦ ਤਿਆਰ ਕੀਤੀ, ਜਿਸ 'ਤੇ ਸਮਾਜ ਦੇ ਮਹਾਨ ਯੋਧੇ ਅਤੇ ਰਚਨਹਾਰੇ ਖੜ੍ਹੇ ਹੋਏ। ਇਸ ਲਈ ਔਰਤਾਂ ਦੀ ਸੋਚ ਅਤੇ ਉਨ੍ਹਾਂ ਦੇ ਜਜ਼ਬਾਤਾਂ ਤੇ ਫ਼ੈਸਲਿਆਂ ਦੀ ਕਦਰ ਕਰਨਾ ਸਾਡੇ ਸਮਾਜ ਦਾ ਫਰਜ਼ ਹੈ।
-ਸਨਪ੍ਰੀਤ
ਰਾਜਪੁਰਾ