JALANDHAR WEATHER

05-09-25

 ਵਿਦਿਆਰਥੀ ਜੀਵਨ ਦੀ ਸਹੀ ਵਰਤੋਂ ਜ਼ਰੂਰੀ
ਵਿਦਿਆਰਥੀ ਜੀਵਨ ਇਨਸਾਨ ਦੇ ਜੀਵਨ ਦਾ ਮੁਢਲਾ ਅਤੇ ਮਹੱਤਵਪੂਰਨ ਪੜਾਅ ਹੁੰਦਾ ਹੈ। ਇਸ ਸਮੇਂ ਵਿਦਿਆਰਥੀ ਦਾ ਚਰਿੱਤਰ ਨਿਰਮਾਣ ਹੁੰਦਾ ਹੈ, ਜੀਵਨ ਦੇ ਮੁੱਲਾਂ ਦੀ ਸਮਝ ਪੈਦਾ ਹੁੰਦੀ ਹੈ ਅਤੇ ਭਵਿੱਖ ਦੀਆਂ ਮੰਜ਼ਿਲਾਂ ਵੱਲ ਕਦਮ ਵਧਦੇ ਹਨ। ਜੇਕਰ ਇਸ ਅਨਮੋਲ ਸਮੇਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਇਨਸਾਨ ਨੂੰ ਸਫ਼ਲਤਾ ਦੀਆਂ ਨਵੀਆਂ ਉਚਾਈਆਂ 'ਤੇ ਲਿਜਾ ਸਕਦਾ ਹੈ। ਸਮੇਂ ਦੀ ਸਹੀ ਵਰਤੋਂ ਦਾ ਮਤਲਬ ਹੈ ਪੜ੍ਹਾਈ ਵਿਚ ਮਨ ਲਗਾਉਣਾ, ਖੇਡਾਂ ਵਿਚ ਹਿੱਸਾ ਲੈਣਾ, ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਣਾ ਅਤੇ ਚੰਗੀ ਸੰਗਤ ਨਾਲ ਜੁੜਨਾ ਹੁੰਦਾ ਹੈ। ਵਿਦਿਆਰਥੀ ਜੀਵਨ ਦੀ ਸਹੀ ਵਰਤੋਂ ਹੀ ਵਿਦਿਆਰਥੀ ਦੇ ਭਵਿੱਖ ਨੂੰ ਰੌਸ਼ਨ ਬਣਾ ਸਕਦੀ ਹੈ।

-ਹਰਮਨਪ੍ਰੀਤ ਸਿੰਘ, ਫ਼ਤਹਿਗੜ੍ਹ ਸਾਹਿਬ।

ਸਫਲਤਾ ਲਈ ਮਿਹਨਤ ਜ਼ਰੂਰੀ

ਕੋਈ ਵੀ ਕੰਮ ਕਰਨ ਲਈ ਵਿਅਕਤੀ ਨੂੰ ਮਿਹਨਤ ਕਰਨੀ ਪੈਂਦੀ ਹੈ, ਕੋਈ ਵੀ ਕੰਮ ਮਿਹਨਤ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਜੇਕਰ ਕਿਸੇ ਵੀ ਕੰਮ ਵਿਚ ਸਫ਼ਲਤਾ ਚਾਹੀਦੀ ਹੈ ਤਾਂ ਮਿਹਨਤ ਕਰਨੀ ਹੀ ਪਵੇਗੀ, ਕਈ ਕੰਮ ਅਜਿਹੇ ਹੁੰਦੇ ਹਨ, ਜੋ ਬਹੁਤ ਔਖੇ ਲੱਗਦੇ ਹਨ ਤੇ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਇਹ ਕੰਮ ਨਹੀਂ ਕਰ ਸਕਦਾ, ਪਰ ਜੇਕਰ ਵਿਅਕਤੀ ਸਿਰੜ ਤੇ ਸੁਹਿਰਦ ਹੋ ਕੇ ਜ਼ਿਆਦਾ ਮਿਹਨਤ ਕਰੇਗਾ, ਤਾਂ ਉਸ ਕੰਮ ਵਿਚ ਸਫ਼ਲ ਹੋ ਜਾਵੇਗਾ। ਕਿਸੇ ਵੀ ਕੰਮ ਨੂੰ ਔਖਾ ਨਹੀਂ ਸਮਝਣਾ ਚਾਹੀਦਾ, ਹਰ ਸਫ਼ਲਤਾ ਮਿਹਨਤ ਕਰਨ ਨਾਲ ਹੀ ਮਿਲਦੀ ਹੈ।

-ਅਰਪਿਤਾ, ਖੇੜੀ ਨੌਧ ਸਿੰਘ

ਜਨਮ ਤੋਂ ਵੱਡੀ ਪਰਵਰਿਸ਼

ਐਤਵਾਰ ਮੈਗਜ਼ੀਨ ਪੰਨੇ 'ਤੇ ਡਾ. ਸਾਧੂ ਰਾਮ ਲੰਗੇਆਣਾ ਦੀ ਕਹਾਣੀ 'ਰਬੜ ਦੇ ਕਾਕੇ' ਪੜ੍ਹੀ। ਜਿਸ ਵਿਚ ਬੱਚਿਆਂ ਦੇ ਜਨਮ ਬਾਰੇ ਬਣੀ ਧਾਰਨਾ ਮਨ ਨੂੰ ਗਲਤ ਜਿਹੀ ਲੱਗੀ ਕਿ ਬੱਚਿਆਂ ਦੀ ਪੈਦਾਇਸ਼ ਦਾ ਅਸਰ ਉਨ੍ਹਾਂ ਦੇ ਸੰਸਕਾਰਾਂ 'ਤੇ ਪੈਂਦਾ ਹੈ। ਇਹੋ ਜਿਹੀਆਂ ਕਹਾਣੀਆਂ ਸਮਾਜ ਵਿਚ ਗਲਤ ਸੁਨੇਹਾ ਦੇਣ ਦੇ ਨਾਲ-ਨਾਲ ਭਰਮ ਵੀ ਪੈਦਾ ਕਰਦੀਆਂ ਹਨ। ਅਸਲ ਵਿਚ ਬੱਚਾ ਕਿਸੇ ਵੀ ਤਰੀਕੇ ਪੈਦਾ ਹੋਵੇ, ਉਸ ਦੀ ਪਹਿਚਾਣ ਖ਼ੂਨ ਨਾਲ ਨਹੀਂ ਹੁੰਦੀ, ਪਿਆਰ ਅਤੇ ਪਰਵਰਿਸ਼ ਨਾਲ ਹੁੰਦੀ ਹੈ, ਜੋ ਉਸ ਨੂੰ ਆਪਣੇ ਪਰਿਵਾਰ ਤੋਂ ਮਿਲਦਾ ਹੈ। ਸਾਨੂੰ ਸਮਾਜ ਵਿਚ ਅਜਿਹੇ ਪਰਿਵਾਰਾਂ ਦੀ ਹਿੰਮਤ ਵਧਾਉਣੀ ਚਾਹੀਦੀ ਹੈ, ਜੋ ਵਿਗਿਆਨਕ ਤਰੀਕਿਆਂ ਨਾਲ ਮਾਪੇ ਬਣਨ ਦਾ ਸੁੱਖ ਮਾਣਦੇ ਹਨ। ਉਨ੍ਹਾਂ ਬੱਚਿਆਂ ਨੂੰ ਸਮਾਜ ਵਿਚ ਸਵੀਕਾਰਤਾ ਦੇਣੀ ਚਾਹੀਦੀ ਹੈ।

-ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)

ਪੰਜਾਬ ਵਿਚ ਵਧਦਾ ਨਸ਼ਾ

ਪੰਜਾਬ ਵਿਚ ਨਸ਼ੇ ਦੇ ਆਸਾਨੀ ਨਾਲ ਉਪਲਬਧ ਹੋਣ ਨੇ ਨਸ਼ਿਆਂ ਦੇ ਵੱਡੇ ਪੱਧਰ 'ਤੇ ਫੈਲਣ ਵਿਚ ਅਹਿਮ ਯੋਗਦਾਨ ਪਾਇਆ ਹੈ। ਨਸ਼ੇ ਕਰਨ ਵਾਲਿਆਂ ਨੂੰ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ 'ਚ ਚਿੱਟਾ, ਸਮੈਕ, ਮੈਡੀਕਲ ਨਸ਼ਾ ਮਿਲ ਜਾਂਦਾ ਹੈ। ਪਿੰਡਾਂ 'ਚ ਕੁਝ ਕੈਮਿਸਟਾਂ ਤੋਂ ਮੈਡੀਕਲ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ, ਜਿਸ ਕਰਕੇ ਬੱਚੇ ਪਹਿਲਾਂ ਹਾਸੇ ਮਜ਼ਾਕ ਨਾਲ ਨਸ਼ਾ ਕਰਦੇ ਹਨ ਤੇ ਬਾਅਦ 'ਚ ਪੱਕੇ ਆਦੀ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਡਰੱਗ ਇੰਸਪੈਕਟਰ ਤੱਕ ਇਸ ਵਿਚ ਸ਼ਾਮਿਲ ਹੋ ਜਾਂਦੇ ਹਨ। ਨਸ਼ਿਆਂ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਇਸ ਦੀ ਆਸਾਨੀ ਨਾਲ ਉਪਲਬਧਤਾ ਖ਼ਤਮ ਕਰਨੀ ਹੋਵੇਗੀ। ਪਿੰਡ ਦੇ ਮੁਹਤਬਰਾਂ, ਬਜ਼ੁਰਗਾਂ, ਪੰਚਾਇਤਾਂ ਦਾ ਇਹ ਸਾਂਝਾ ਫਰਜ਼ ਹੈ ਕਿ ਜੋ ਇਸ ਦਲਦਲ ਵਿਚ ਫ਼ਸ ਗਏ ਹਨ, ਉਨ੍ਹਾਂ ਨੂੰ ਕੱਢਣ ਲਈ ਪਹਿਲ ਕੀਤੀ ਜਾਵੇ। ਨਵੀਂ ਪੀੜ੍ਹੀ ਨੂੰ ਇਸ ਦਲਦਲ ਵਿਚ ਨਾ ਫਸਣ ਲਈ ਸੁਚੇਤ ਕੀਤਾ ਜਾਵੇ।

-ਚਰਨਜੀਤ ਸਿੰਘ ਮੁਕਤਸਰ
ਮੁਕਤਸਰ ਸਾਹਿਬ।