08-09-25
ਲੇਖ ਵਧੀਆ ਲੱਗਿਆ
ਸਨਿਚਰਵਾਰ ਅੰਕ ਦੇ ਸੰਪਾਦਕੀ ਪੰਨੇ ਦੇ ਕਾਲਮ 'ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ' ਉਪਰ ਪੂਰਨ ਚੰਦ ਸਰੀਨ ਦਾ ਲੇਖ 'ਬੁਢਾਪੇ ਵਿਚ ਬਿਹਤਰ ਜੀਵਨ ਕਿਵੇਂ ਗੁਜ਼ਾਰਿਆ ਜਾਵੇ?' ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਲੱਗਿਆ। ਬਹੁਤ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਹੜੀਆਂ ਬੁਢਾਪੇ ਵਿਚ ਆਪਣੇ ਵੱਸ ਨਹੀਂ ਹੁੰਦੀਆਂ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਜਾਂ ਅਪਣਾਉਣਾ ਅਸੰਭਵ ਵੀ ਹੋ ਜਾਂਦਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਉਨ੍ਹਾਂ ਗੱਲਾਂ ਨੂੰ ਜਾਂ ਤਾਂ ਚੰਗਾ ਨਹੀਂ ਸਮਝਦੀ ਜਾਂ ਫਿਰ ਉਨ੍ਹਾਂ ਨੂੰ ਫਜ਼ੂਲ ਲੱਗਦੀਆਂ ਹਨ। 'ਸਾਠਾ ਸੋ ਪਾਠਾ' ਤਾਂ ਠੀਕ ਹੈ ਪਰ ਸਾਰੇ ਬੰਧਨ ਤੋੜ ਕੇ ਆਪਣੇ ਨਿਯਮ ਬਣਾਉਣੇ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੇ।
-ਤੇਜਿੰਦਰ ਚੰਡਿਹੋਕ
ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ।
ਪੀਣ ਵਾਲਾ ਪਾਣੀ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਸਰਦਾਰਾਂ ਵਿਚ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਸੀ, ਜਿਸ ਕਰਕੇ 2 ਜਣਿਆਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਲੋਕ ਬਿਮਾਰ ਹੋ ਗਏ। ਜੋ ਇਲਾਜ ਲਈ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਹਨ। ਪ੍ਰਸ਼ਾਸਨ ਦੀ ਅਣਗਹਿਲੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਹੋਰ ਵੀ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਸੀਵਰੇਜ ਦੀ ਲੀਕਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸਾਰੇ ਪੰਜਾਬ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿਧਰੇ ਗੰਦੇ ਨਾਲਿਆਂ ਦੇ ਪਾਣੀਆਂ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ ਹਨ, ਕਿਧਰੇ ਸੀਵੇਰਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲ ਰਿਹਾ ਹੈ। ਕਿਧਰੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਵਿਚ ਸਾਰੀਆਂ ਪਾਰਟੀਆਂ ਆਪੋ-ਆਪਣਾ ਡਮਰੂ ਵਜਾਉਂਦੀਆਂ ਨਜ਼ਰ ਆ ਰਹੀਆਂ ਹਨ। ਜ਼ਮੀਨੀ ਪੱਧਰ 'ਤੇ ਕਿਸੇ ਦਾ ਵੀ ਧਿਆਨ ਲੋਕਾਂ ਦੀ ਸਮੱਸਿਆਵਾਂ ਵੱਲ ਨਹੀਂ ਹੈ। ਲੋਕਾਂ ਦੀ ਸਿਹਤ ਨਾਲ ਜੋ ਖਿਲਵਾੜ ਹੋ ਰਿਹਾ ਹੈ ਸਰਕਾਰ ਨੂੰ ਉਧਰ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ।
ਪੰਜਾਬੀ ਨੂੰ ਲਾਗੂ ਕਰਵਾਓ
ਮੁੱਖ ਮੰਤਰੀ ਸਾਹਿਬ! ਗੱਲੀ-ਬਾਤੀਂ ਪੰਜਾਬੀ ਭਾਸ਼ਾ ਲਾਗੂ ਨਹੀਂ ਹੋਣੀ। ਅਸੀਂ ਮੀਡੀਆ 'ਤੇ ਆਮ ਵੇਖਦੇ ਹਾਂ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਦੀਆਂ ਕੀਤੀਆਂ ਜਾ ਰਹੀਆਂ ਬਦਲੀਆਂ ਅਤੇ ਬਹੁਤੇ ਚਿੱਠੀ ਪੱਤਰ ਅੰਗਰੇਜ਼ੀ 'ਚ ਜਾਰੀ ਹੋ ਰਹੇ ਹਨ। ਜੋ ਇਹ ਦਰਸਾਉਂਦੇ ਹਨ ਕਿ ਪੰਜਾਬੀ ਭਾਸ਼ਾ ਨਾਲ ਆਪਣੇ ਪੰਜਾਬ 'ਚ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕੀ ਇਹ ਪੰਜਾਬੀ ਵਿਰੁੱਧ ਕੋਈ ਸਾਜਿਸ਼ ਤਾਂ ਨਹੀਂ? ਇਸ ਬਦਸਲੂਕੀ ਵਾਲੇ ਵਿਵਹਾਰ ਨੂੰ ਰੋਕਣਾ ਮੁੱਖ ਮੰਤਰੀ ਸਾਹਿਬ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਤੁਸੀਂ ਸੱਚਮੁੱਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸੁਹਿਰਦ ਹੋ ਤਾਂ ਸਖ਼ਤੀ ਨਾਲ ਲਿਖਤੀ ਹੁਕਮ ਜਾਰੀ ਕਰੋ ਕਿ ਜੋ ਅਧਿਕਾਰੀ ਜਾਂ ਕਰਮਚਾਰੀ ਪੰਜਾਬੀ ਦੀ ਜਗ੍ਹਾ ਦੂਜੀ ਭਾਸ਼ਾ 'ਚ ਕੋਈ ਪੱਤਰ ਵਿਹਾਰ ਕਰੇਗਾ ਤਾਂ ਉਸ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਤੁਸੀਂ ਪੰਜਾਬੀ ਨੂੰ ਜੁਰਅਤ ਨਾਲ ਲਾਗੂ ਕਰਵਾਓ। ਤਾਂ ਹੀ ਪੰਜਾਬੀ ਭਾਸ਼ਾ ਲਾਗੂ ਹੋਵੇਗੀ। ਨਹੀਂ ਤਾਂ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੋਈ ਫਾਇਦਾ ਨਹੀਂ ਹੈ।
-ਲੈਕਚਰਾਰ ਅਜੀਤ ਖੰਨਾ
ਐੱਮ.ਏ.ਐੱਮ.ਫਿਲ, ਐੱਮ.ਜੀ.ਐੱਮ.ਸੀ. ਬੀ.ਐੱਡ.
ਖੇਡਾਂ ਦਾ ਮਹੱਤਵ
ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ। ਖੇਡਾਂ ਖੇਡਣ ਨਾਲ ਤਣਾਅ ਘਟ ਹੁੰਦਾ ਹੈ। ਇਹ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਲਈ ਜ਼ਰੂਰੀ ਹਨ ਜੋ ਸਾਨੂੰ ਅਨੁਸ਼ਾਸ਼ਨ ਅਤੇ ਟੀਮ ਭਾਵਨਾ ਸਿਖਾਉਂਦੀਆਂ ਹਨ। ਖੇਡਾਂ ਸਾਡੇ ਦਿਮਾਗ ਨੂੰ ਤੇਜ਼ ਕਰਦੀਆਂ ਹਨ ਅਤੇ ਸਰੀਰ ਨੂੰ ਤੰਦਰੁਸਤ ਬਣਾਉਂਦੀਆਂ ਹਨ। ਖੇਡਾਂ ਮਨੋਰੰਜਨ ਦਾ ਵੀ ਇਕ ਵਧੀਆ ਸਾਧਨ ਹਨ। ਇਹ ਮਿੱਤਰਤਾ ਦੀ ਭਾਵਨਾ ਨੂੰ ਵਿਕਸਿਤ ਕਰਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿਚ ਖੂਨ ਦਾ ਦੌਰਾ ਤੇਜ਼ ਹੁੰਦਾ ਅਤੇ ਖੂਨ ਸਾਫ਼ ਹੁੰਦਾ ਹੈ। ਜੀਵਨ ਵਿਚ ਸਫ਼ਲਤਾ ਦੇ ਲਈ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਖੇਡਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
- ਮਹਿਕਪ੍ਰੀਤ ਕੌਰ, ਫ਼ਤਹਿਗੜ੍ਹ ਸਾਹਿਬ
ਵਧਦੀ ਆਬਾਦੀ ਚਿੰਤਾ ਦਾ ਵਿਸ਼ਾ
ਆਬਾਦੀ ਦਾ ਬੇਲਗਾਮ ਵਾਧਾ ਸਿਰਫ਼ ਮਨੁੱਖੀ ਗਿਣਤੀ ਵਿਚ ਵਾਧਾ ਨਹੀਂ ਹੁੰਦਾ, ਸਗੋਂ ਲੋਕਾਂ ਦੀਆਂ ਜ਼ਰੂਰਤਾਂ 'ਤੇ, ਸਰੋਤਾਂ 'ਤੇ ਵੀ ਭਾਰ ਵਧਾਉਂਦਾ ਹੈ। ਆਬਾਦੀ ਦੇ ਵਾਧੇ ਨਾਲ ਜਿੱਥੇ ਬੇਰੁਜ਼ਗਾਰੀ, ਭੁੱਖਮਰੀ, ਰਿਹਾਇਸ਼ ਦੀ ਘਾਟ ਤੇ ਸਿੱਖਿਆ ਅਤੇ ਸਿਹਤ ਦੀਆਂ ਸੁਵਿਧਾਵਾਂ 'ਤੇ ਦਬਾਅ ਵਧ ਰਿਹਾ ਹੈ, ਉੱਥੇ ਮਨੁੱਖਤਾ ਆਪਣੇ ਅਸਲ ਅਰਥ ਵੀ ਗੁਆ ਰਹੀ ਹੈ। ਹਰ ਵਿਅਕਤੀ ਦੇ ਹੱਕ ਦੀ ਰੋਟੀ, ਪਾਣੀ ਅਤੇ ਰੁਜ਼ਗਾਰ ਤੱਕ ਪਹੁੰਚ ਮੁਸ਼ਕਿਲ ਹੋ ਰਹੀ ਹੈ। ਆਬਾਦੀ ਵਾਧੇ ਦੇ ਚੱਲਦੇ ਵਾਤਾਵਰਨ ਵੀ ਤਬਾਹੀ ਵੱਲ ਵਧ ਰਿਹਾ ਹੈ। ਜੰਗਲਾਂ ਦੀ ਕਟਾਈ, ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਕਮੀ ਅਤੇ ਹਵਾ ਪਾਣੀ ਦਾ ਪ੍ਰਦੂਸ਼ਣ ਸਭ ਕੁਝ ਇਕ ਵੱਡੀ ਚਿਤਾਵਨੀ ਵਾਂਗ ਸਾਡੇ ਸਾਹਮਣੇ ਹਨ। ਇਹ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰ ਨਿਯੋਜਨ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਰਾਹੀਂ ਇਸ ਮੁੱਦੇ ਨੂੰ ਸਮਝੇ ਤੇ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਏ।
-ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)