11-09-25
ਵਧਦਾ ਪ੍ਰਦੂਸ਼ਣ, ਰੋਕਥਾਮ ਜ਼ਰੂਰੀ
ਅੱਜਕੱਲ੍ਹ ਸ਼ਹਿਰਾਂ ਅਤੇ ਪਿੰਡਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੋ ਗਈ ਹੈ। ਇਹ ਸਮੱਸਿਆ ਖ਼ਾਸ ਕਰਕੇ ਸ਼ਹਿਰਾਂ ਵਿਚ ਜ਼ਿਆਦਾ ਹੈ ਕਿਉਂਕਿ ਇੱਥੇ ਫੈਕਟਰੀਆਂ ਦਾ ਧੂੰਆਂ ਅਤੇ ਵਾਹਨਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀ ਗੈਸਾਂ ਪ੍ਰਦੂਸ਼ਣ ਨੂੰ ਵਧਾਉਂਦੀਆਂ ਹਨ। ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਨ ਵਿਚ ਆਕਸੀਜਨ ਦੀ ਮਾਤਰਾ ਘਟ ਰਹੀ ਹੈ, ਜਦਕਿ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਰਹੀ ਹੈ। ਇਸ ਕਰਕੇ ਮਨੁੱਖਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋਣ ਦੇ ਨਾਲ-ਨਾਲ ਕਈ ਖ਼ਤਰਨਾਕ ਬਿਮਾਰੀਆਂ ਵੀ ਘੇਰ ਰਹੀਆਂ ਹਨ। ਇਸ ਸਮੱਸਿਆ ਨੂੰ ਰੋਕਣ ਲਈ ਵਾਹਨਾਂ ਦੀ ਬੇਲੋੜੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ।
-ਪ੍ਰਿਅੰਕਾ,
ਅਲੌੜ।
ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰੇ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਆਉਣ ਕਰਕੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦਾ ਖੇਤੀਬਾੜੀ ਅਤੇ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਖ਼ਾਸ ਕਰਕੇ ਜੋ ਇਲਾਕਿਆਂ ਦਰਿਆਵਾਂ ਦੇ ਨੇੜੇ ਹਨ। ਉਨ੍ਹਾਂ ਲੋਕਾਂ ਕੋਲ ਆਪਣੇ ਲਈ ਅਤੇ ਆਪਣੇ ਪਸ਼ੂਆਂ ਲਈ ਖਾਣ ਪੀਣ ਲਈ ਕੁੱਝ ਵੀ ਨਹੀਂ ਬਚਿਆ। ਸਾਰੀਆਂ ਫਸਲਾਂ ਪਾਣੀ ਨਾਲ ਮਰ ਗਈਆਂ। ਘਰਾਂ ਵਿਚ ਪਾਣੀ ਵੜਨ ਕਰਕੇ ਕਾਫੀ ਨੁਕਸਾਨ ਹੋ ਚੁੱਕਾ ਹੈ। ਇਹ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ, ਇਸ ਨੂੰ ਕੁਦਰਤ ਦੀ ਕਰੋਪੀ ਹੀ ਕਹਿ ਸਕਦੇ ਹਾਂ।
ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਹੜ੍ਹ ਪੀੜਤ ਇਲਾਕਿਆਂ ਵਿਚ ਲੋਕਾਂ ਦੀ ਤੁਰੰਤ ਮਦਦ ਕੀਤੀ ਜਾਵੇ! ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ! ਖੇਤਾਂ 'ਚੋਂ ਪਾਣੀ ਨਿਕਲਣ ਤੋਂ ਤੁਰੰਤ ਬਾਅਦ ਗਿਰਦਾਵਰੀ ਕਰਵਾ ਕੇ ਲੋਕਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ! ਜਿਸ ਨਾਲ ਇਹ ਲੋਕ ਮੁੜ ਤੋਂ ਆਪਣੇ ਕੰਮ-ਕਾਰ ਚਲਾ ਸਕਣ!
-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।
ਅਨਮੋਲ ਹੀਰਾ ਸੀ ਜਸਵਿੰਦਰ ਭੱਲਾ
ਦੋਰਾਹਾ ਸ਼ਹਿਰ ਦੀ ਮਿੱਟੀ ਨੇ ਬਹੁਤ ਹੀਰੇ ਪੈਦਾ ਕੀਤੇ ਹਨ, ਪਰ ਜਸਵਿੰਦਰ ਸਿੰਘ ਭੱਲਾ ਵਰਗੇ ਹੀਰੇ ਬਹੁਤ ਵਿਰਲੇ ਹੁੰਦੇ ਹਨ। ਭੱਲਾ ਜੀ ਦੀ ਹਸਾਉਣ ਵਾਲੀ ਅਦਾਕਾਰੀ ਸਿਰਫ਼ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਹੀ ਨਹੀਂ ਲਿਆਉਂਦੀ ਸੀ, ਸਗੋਂ ਦਿਲਾਂ ਤੱਕ ਖੁਸ਼ੀਆਂ ਦੇ ਚਿਰਾਗ ਜਗਾਉਂਦੀ ਸੀ। ਉਹ ਸਾਦਗੀ ਦੇ ਪ੍ਰਤੀਕ ਸਨ ਕਿਉਂਕਿ ਇੰਨੀ ਸ਼ੁਹਰਤ ਮਿਲਣ ਦੇ ਬਾਵਜੂਦ ਵੀ ਉਹ ਜ਼ਮੀਨ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਆਪਣੇ ਲੋਕਾਂ ਨਾਲ ਆਪਣਾਪਨ ਕਾਇਮ ਰੱਖਿਆ। ਹਰ ਜਗ੍ਹਾ ਜਿੱਥੇ ਉਨ੍ਹਾਂ ਦਾ ਨਾਂਅ ਲਿਆ ਜਾਂਦਾ ਹੈ, ਉੱਥੇ ਦੋਰਾਹਾ ਦਾ ਵੀ ਮਾਣ ਵੱਧਦਾ ਹੈ। ਸੱਚਮੁੱਚ, ਜਸਵਿੰਦਰ ਭੱਲਾ ਲੋਕਾਂ ਦੇ ਦਿਲਾਂ ਦੀ ਧੜਕਣ ਸਨ ਅਤੇ ਉਹ ਹਮੇਸ਼ਾਂ ਸਾਡੇ ਦਿਲਾਂ ਵਿਚ ਵਸਦੇ-ਹਸਦੇ ਬਣੇ ਰਹਿਣਗੇ।
-ਜਸਦੀਪ ਕੌਰ
ਅੜੈਚਾਂ (ਦੋਰਾਹਾ)
ਨੌਜਵਾਨਾਂ ਦਾ ਨਸ਼ਿਆਂ ਵੱਲ ਰੁਝਾਨ
ਪੰਜਾਬ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਰਹੀ ਹੈ। ਨਸ਼ਿਆਂ ਦੇ ਗੰਭੀਰ ਪ੍ਰਭਾਵਾਂ ਵਿਚ ਸਰੀਰਕ ਸਿਹਤ ਦੀ ਹਾਨੀ, ਪਰਿਵਾਰਕ ਜੀਵਨ ਵਿਚ ਟੁੱਟ-ਭੱਜ ਅਤੇ ਸਮਾਜਿਕ ਨਿਗਰਾਨੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਸਮੱਸਿਆ ਨੂੰ ਰੋਕਣ ਲਈ ਸਾਡੀਆਂ ਸਰਕਾਰਾਂ ਨੇ ਵੀ ਕਈ ਉਪਰਾਲੇ ਕੀਤੇ ਹਨ ਜਿਵੇਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ, ਡੀ-ਅਡਿਕਸ਼ਨ ਸੈਂਟਰਾਂ ਦੀ ਸਥਾਪਨਾ, ਨੌਜਵਾਨਾਂ ਨੂੰ ਖੇਡਾਂ ਅਤੇ ਸਾਹਿਤ ਨਾਲ ਜੋੜਨਾ ਆਦਿ ਨਵੀਨ ਯੋਜਨਾਵਾਂ ਲਾਗੂ ਕਰਨਾ। ਇਹ ਉਪਰਾਲੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਅਤੇ ਉਨ੍ਹਾਂ ਦਾ ਭਵਿੱਖ ਸੁਨਹਿਰਾ ਬਣਾਉਣ ਵਲ ਮਹੱਤਵਪੂਰਨ ਕਦਮ ਸਾਬਤ ਹੋ ਸਕਦੇ ਹਨ।
- ਜਸਕਰਨਪ੍ਰੀਤ ਸਿੰਘ
ਫ਼ਤਹਿਗੜ੍ਹ ਸਾਹਿਬ
ਬੇਰੁਜ਼ਗਾਰੀ ਦੀ ਸਮੱਸਿਆ
ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ ਜੋ ਨੌਜਵਾਨ ਪੀੜ੍ਹੀ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ। ਜਦੋਂ ਕਿਸੇ ਵਿਅਕਤੀ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਜੀਵਨ ਵਿਚ ਨਿਰਾਸ਼ਾ ਅਤੇ ਦੁੱਖ ਦਾ ਅਹਿਸਾਸ ਕਰਦਾ ਹੈ। ਬੇਰੁਜ਼ਗਾਰੀ ਵਧਣ ਦੇ ਕਈ ਕਾਰਨ ਹਨ। ਮਸ਼ੀਨਾਂ ਦੇ ਆਉਣ ਨਾਲ ਹੱਥੀਂ ਕੰਮ ਘਟ ਗਿਆ ਹੈ। ਇਸ ਤੋਂ ਇਲਾਵਾ ਤੇਜ਼ੀ ਨਾਲ ਵਧਦੀ ਜਨਸੰਖਿਆ, ਸਿੱਖਿਆ ਪ੍ਰਣਾਲੀ ਵਿਚ ਖਾਮੀਆਂ ਅਤੇ ਰੁਜ਼ਗਾਰ ਦੇ ਸੀਮਤ ਮੌਕੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੇ ਹਨ।
ਇਸ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰ ਅਤੇ ਸਮਾਜ ਦੋਹਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਸਰਕਾਰਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ, ਤਕਨੀਕੀ ਸਿੱਖਿਆ ਦਾ ਪ੍ਰਸਾਰ ਕਰਨਾ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ।
-ਅਰਪਿਤਾ
ਖੇੜੀ ਨੌਧ ਸਿੰਘ